(ਸਮਾਜ ਵੀਕਲੀ)
ਉਸ ਨੂੰ ਹਰ ਪਲ ਢੂੰਡਦੀ ਹੀ ਰਹਿ ਗਈ
ਨਜ਼ਰ ਮੇਰੀ ਭਟਕਦੀ ਹੀ ਰਹਿ ਗਈ ।।
ਦਿਲ ਵਿਹੂਣੇ ਪੱਥਰਾਂ ਦੇ ਸ਼ਹਿਰ ਵਿੱਚ
ਬੱਦਲੀ ਇੱਕ ਬਰਸਦੀ ਹੀ ਰਹਿ ਗਈ ।।
ਸੁਪਨਿਆਂ ਦਾ ਪਾਕ ਝਰਨਾ ਸੁੱਕ ਗਿਆ
ਪਲਕਾਂ ਉੱਤੇ ਬਸ ਨਮੀ ਹੀ ਰਹਿ ਗਈ ।।
ਹੱਥੀਂ ਲਾਏ ਬਾਗ਼ ਸਾਰੇ ਸੁੱਕ ਗਏ
ਮੈਂ ਨਸੀਬਾਂ ਨੂੰ ਕੋਸਦੀ ਹੀ ਰਹਿ ਗਈ ।।
ਹਮਦਮਾਂ ਨੂੰ ਤਲਖੀਆਂ ਦੀ ਦਾਸਤਾਂ
ਮੈਂ ਕਹਾਂ ਕਿ ਨਾ ਕਹਾਂ ਸੋਚਦੀ ਹੀ ਰਹਿ ਗਈ
ਫੁੱਲ, ਕਲੀਆਂ ਵੀ ਸਖ਼ਾਵਤ ਭੁੱਲ ਗਏ
ਹੱਥਾਂ ਦੇ ਵਿੱਚ ਹੁਣ ਛੁਰੀ ਹੀ ਰਹਿ ਗਈ ।।
ਉਹ ਨਾਂ ਮੁੜਿਆ, ਮੁੜ ਕੇ ਸਾਵਣ ਆ ਗਿਆ
ਰਾਹਾਂ ਨੂੰ ਮੈਂ ਵੇਖਦੀ ਹੀ ਰਹਿ ਗਈ ।।
‘ਫ਼ਲਕ’ ਜਦ ਸੀ ਤੁਰ ਪਈ ਕਹਿ ਕੇ ਗ਼ਜ਼ਲ
ਵਾਹ ਵਾਹ ਮਹਫ਼ਿਲ ‘ਚ ਗੂੰਜਦੀ ਹੀ ਰਹਿ ਗਈ ।।
ਜਸਪ੍ਰੀਤ ਕੌਰ ਫ਼ਲਕ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly