(ਸਮਾਜ ਵੀਕਲੀ)
ਤੇਜ਼ ਜਿਹੀ ਧੁੱਪ ਨਿਕਲੀ ਬੈਠਾ ਵੇਹੜੇ ਵਿੱਚ ਮੰਜਾਂ ਡਾਹ ਕੇ
ਪੰਜ ਸੱਤ ਪਿਆਰੇ ਬੱਚੇ ਆਗੇ ਗੀਤ ਲੋਹੜੀ ਦੇ ਗਾ ਕੇ
ਇਕ ਆਖਦਾ ਬਾਬਾ ਕੋਠੇ ਥੋਡੇ ਦੇ ਉੱਪਰ ਹੈ ਬਤਾਂਊ
ਮੈਂ ਤਾਂ ਅੱਜ ਲੈ ਕੇ ਲੋਹੜੀ ਥੋਡੇ ਘਰ ਤੋਂ ਹੀ ਜਾਊਂ
ਦੂਜਾ ਆਖਣ ਲੱਗਾ ਥੋਡਾ ਮੁੰਡਾ ਅੰਮ੍ਰਿਤ ਬੜਾ ਹੈ ਸ਼ੌਕੀਨ
ਉਹ ਤੇ ਓਹਦੀ ਮੰਮੀ ਲਾਉਂਦੇ ਪੋਡਰ ਤੇ ਕਰੀਮ
ਇੱਕ ਬੋਲਿਆ ਤੋਤਲੀ ਜਿਹੀ ਆਵਾਜ਼ ‘ਚ ਅੰਕਲ ਹੈਪੀ ਲੋਹੜੀ
ਤਦ ਹੀ ਦੂਜਾ ਉਪਰ ਝਾਕ ਕੇ ਕਹਿੰਦਾ ਥੋਡੇ ਕੋਠੇ ਉੱਤੇ ਘੋੜੀ
ਉਹ ਸੀ ਮੇਰੇ ਨਾਲ ਹਾਲੇ ਗੱਲਾਂ ਕਰਦੇ ਦੂਜੀ ਟੋਲੀ ਆਈ
ਉੱਚੀ ਉੱਚੀ ਆਖਣ ਲੱਗੇ ਲੋਹੜੀ ਦੀ ਵਧਾਈ ਜੀ ਵਧਾਈ
ਤੱਕ ਕੇ ਉਹਨਾਂ ਨੂੰ ਮੈਨੂੰ ਮੇਰਾ ਬਚਪਨ ਚੇਤੇ ਆਇਆ
ਕਿਵੇਂ ਹਾਣੀਆਂ ਨਾਲ ਲੋਹੜੀ ਨੂੰ ਮੰਗ ਮੰਗ ਸੀ ਮਨਾਇਆ
ਉਸ ਵੇਲੇ ਅੱਜ ਵਾਂਗ ਛੋਟੇ ਨਹੀਂ, ਵੱਡੇ ਵੀ ਸੀ ਲੋਹੜੀ ਮੰਗਦੇ
ਪਾਉਂਦੇ ਸੀ ਉਹ ਖੌਰੂ ਪੂਰਾ ਨਾ ਸੀ ਭੋਰਾ ਕਦੇ ਸੰਗਦੇ
ਪਿੰਡ ਤੱਖਰਾਂ ਤੋਂ ਬਾਅਦ ਖੋਖਰਾਂ ਵੀ ਲੋਹੜੀ ਮੰਗਣ ਜਾਣਾ
ਜਾ ਕੇ ਖੇਤਾਂ ਵਿੱਚ ਕੋਠੀ ਵਾਲਿਆਂ ਦਾ ਦਰ ਖੜਕਾਣਾ
ਬੇਬੇ ਉਹਨਾਂ ਦੀ ਗੀਤ ਸੁਣਦੀ ਬਣ ਜਾਂਦੇ ਅਸੀਂ ਗਵੱਈਏ
ਖੁਸ਼ ਹੋ ਜਾਂਦੇ ਸੀ ਜਦ ਮਿਲਦੇ ਇੱਕ ਦੋ ਰੁਪਈਏ
ਵੱਡੇ ਵੱਡੇ ਝੋਲ਼ੇ ਥੈਲੇ ਭਰ ਭਰ ਸਭ ਨੇ ਕਣਕ ਦੇ ਲਿਆਉਣੇ
ਕਰ ਲੈ ਬਚਪਨ ਚੇਤੇ ਬੱਬੀਆ ਮੁੜ ਉਹ ਦਿਨ ਨਾ ਆਉਣੇ
ਬਲਬੀਰ ਸਿੰਘ ਬੱਬੀ