(ਸਮਾਜ ਵੀਕਲੀ)
ਅੱਜ ਠੰਢ ਬਹੁਤ ਹੋ ਗਈ ਹੈ ਅਤੇ ਸ਼ਾਮ ਜਾਂ ਰਾਤ ਨੂੰ ਜਗ੍ਹਾ ਜਗ੍ਹਾ ਤੇ ਲੋਹੜੀ ਦੀਆਂ ਧੂਣੀਆਂ ਬਲਣਗੀਆਂ ਅਤੇ ਉਹਨਾਂ ਵਿੱਚ ਤਿਲਾਂ-ਫੁੱਲਾਂ ਦੀਆਂ ਆਹੂਤੀਆਂ ਪਾਉਂਦਿਆਂ ” ਈਸ਼ਰ ਆਇ, ਦਰਿੱਦਰ ਜਾਇ” ਦਾ ਜਾਪ ਹੋਵੇਗਾ। ਛੋਟੇ ਹੁੰਦਿਆਂ ਤੋਂ ਹੀ ਅਸੀਂ ਇਹ ਸੁਣਦੇ ਆਏ ਹਾਂ। ਪਰ ਰਿਉੜੀਆਂ ਮੂੰਗਫਲੀਆਂ ਦੇ ਚਾਅ ਵਿੱਚ ਇਹ ਜਾਣਨ ਦੀ ਕਦੇ ਖੇਚਲ਼ ਹੀ ਨਹੀਂ ਕੀਤੀ ਕਿ ਇਸ ਦਾ ਮਤਲਬ ਕੀ ਹੈ। ਕਦੇ ਜੇ ਨ੍ਹਾਉਣ ਵਿੱਚ ਢਿੱਲ ਕਰਨੀ ਤਾਂ ਮਾਂ ਨੇ ਕਹਿਣਾ,
“ਵੇ ਤੂੰ ਨ੍ਹਾ ਲੈ ਭੈੜਿਆ, ਐਵੇਂ ਦਲਿੱਦਰੀ ਜਿਹਾ ਬਣਿਆ ਫਿਰਦੈਂ।”
ਇਸ ਨਾਲ ਐਨਾ ਕੁ ਅੰਦਾਜ਼ਾ ਤਾਂ ਹੋ ਜਾਂਦਾ ਕਿ ਦਲਿੱਦਰ ਸੁਸਤੀ ਨੂੰ ਕਹਿੰਦੇ ਹਨ। ਪਰ ਲੋਹੜੀ ਦੀ ਦੁਆ ਦਾ ਇਸ ਅਰਥ ਨਾਲ ਕੋਈ ਤਾਲਮੇਲ ਨਾ ਬੈਠਦਾ ਕਿਉਂਕਿ ਈਸ਼ਰ ਯਾਨੀ ਰੱਬ ਦੇ ਆਉਣ ਦਾ ਸੁਸਤੀ ਦੇ ਜਾਣ ਨਾਲ ਕੀ ਸਬੰਧ ਭਲਾਂ?
ਪਰ ਵੱਡੇ ਹੋ ਕੇ ਹਿੰਦੀ ਦੀ ਐਮ. ਏ. ਵਿੱਚ ਮਜਬੂਰਨ ਪੜ੍ਹੇ ਭਾਸ਼ਾ ਵਿਗਿਆਨ ਦੇ ਵਿਸ਼ੇ ਦੇ ਆਧਾਰ ਤੇ ਲੱਖਣ ਜਿਹਾ ਲਾਇਆ ਕਿ “ਈਸ਼ਰ” ਸ਼ਬਦ ਹਿੰਦੀ ਦੇ “ऐश्र्वर्य ” ਸ਼ਬਦ ਦਾ ਘਸਿਆ ਅਤੇ ਘਸ ਘਸ ਕੇ ਮੁਲਾਇਮ ਹੋਇਆ ਰੂਪ ਹੋਵੇਗਾ ਅਤੇ “ਦਲਿੱਦਰ” ਹਿੰਦੀ ਦੇ ਹੀ ਸ਼ਬਦ “दारिद्रय” ਦਾ ਹੀ ਪੰਜਾਬੀ ਅਵਤਾਰ ਬਣ ਕੇ ਪਰਗਟ ਹੋਇਆ ਹੋਣਾ। ਜਿਸ ਤੋਂ ਫਿਰ ਸਾਡੀ ਆਰਥਕਤਾ ‘ਚੋਂ ਨਿੱਕਲੀ ਇਸ ਦੁਆ ਦਾ ਅਰਥ ਇਹ ਨਿੱਕਲਿਆ ਕਿ ਹੇ ਅਗਨੀ ਦੇਵਤਾ! ਸਾਡੀ ਜ਼ਿੰਦਗੀ ਵਿੱਚ ਅਮੀਰੀ ਆਵੇ ਤੇ ਗ਼ਰੀਬੀ ਵਿਦਾ ਹੋਵੇ।
ਜਿਹਾ ਕਿ ਪਹਿਲਾਂ ਹੀ ਅਰਜ਼ ਕੀਤੈ ਕਿ ਹੈ ਇਹ ਜਟਕਾ ਲੱਖਣ ਹੀ, ਫੇਸਬੁੱਕ ਦੇ ਮੇਰੇ ਸ਼ਰੀਕੇ ਕਬੀਲੇ ਵਿੱਚੋਂ ਕਿਸੇ ਹੋਰ ਕੋਲ ਇਸ ਬਾਰੇ ਵੱਖਰੀ ਜਾਣਕਾਰੀ ਹੋਵੇ ਤਾਂ ਭਾਈ ਜੀਉ ਆਇਆਂ ਨੂੰ।
ਪ੍ਰਵੇਸ਼ ਸ਼ਰਮਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly