(ਸਮਾਜ ਵੀਕਲੀ)
ਧੀਆਂ ਦੀ ਆਓ ਪਾਈਏ ਲੋਹੜੀ,
ਖੁਸ਼ੀਆਂ ਨਾਲ ਮਨਾਈਏ ਲੋਹੜੀ।
ਆਓ ਜਗ ਦੀ,ਸੋਚ ਬਦਲਾਈਏ,
ਬਦਲੀ ਵੀ ਹੈ, ਉਂਝ ਥੋੜੀ-ਥੋੜੀ।
ਵਿਆਹੀ ਨੂੰਹ ਨੂੰ ਧੀ ਬਣਾਈਏ
ਸ਼ਗਨਾਂ ਸੰਗ ਮਨਾਈਏ ਲੋਹੜੀ।
ਪੁੱਤ ਜਨਮੇਂ ਵਾਂਗ ਵੰਡੀਏ ਲੱਡੂ,
ਧੀ-ਪੁੱਤ ਮਿਲਣ ਨਾ ਲੱਖ-ਕਰੋੜੀ।
ਆਓ ਸੱਥ ਵਿੱਚ ਭੇਲੀ ਵੰਡੀਏ,
ਮੂੰਗਫਲੀ,ਗੁੜ੍ਹ ਤੇ ਤਿਲ੍ਹ ਰੋੜ੍ਹੀ।
ਜਗ ਜਨਣੀ ਤੇ ਧੀ ਸਰਾਹੀਏ,
ਸੋਚ ਕਦੇ ਨਾ ਰੱਖੀਏ, ਸੋਹੜ੍ਹੀ।
ਧੂਣੀਆਂ ਵਿੱਚ, ਬੁਰੀ ਸੋਚ ਨੂੰ ਸਾੜੋ,
ਨੇਕੀਆਂ ਦੀ ਨਿੱਘ ਘਟੇ ਨਾ ਭੋਰੀ।
ਪੁੱਤ ਜਨਮੇਂ ਵਾਂਗ ਜਸ਼ਨ ਮਨਾਈਏ,
ਸੋਚ ਨੂੰ ਨਾ ਹੁਣ ਰੱਖੀਏ ਕੋਹੜੀ ।
ਇਹ ਵੀ ਪੜ੍ਹ ਲਿਖ ਅਫ਼ਸਰ ਲੱਗਣ,
ਬਾਪੂ ਮੁੱਛ ਨੂੰ ਦਏ ਮਰੋੜੀ।
ਵੀਰਿਆਂ ਦਾ ਇਹ ਸ਼ਗਨ ਮਨਾਵਣ,
ਹੱਸ ਹੱਸ ਕੇ ਜਦ ਗਾਵਣ ਘੋੜੀ।
ਜ਼ਮੀਨ ਦੀ ਥਾਂ ਇਹ ਦੁੱਖ ਵੰਡਾਵਣ,
ਦੋ-ਦੋ ਘਰ ਇਹ ਫਿਰਦੀਆਂ ਤੋਰੀ।
ਮਾਪਿਆਂ ਦੀ ਇਹ ਖੈਰ ਮਨਾਵਣ,
ਕਹੀ ਉਹਨਾਂ ਦੀ ਕਦੇ ਨਾ ਮੋੜੀ।
ਵਿੱਚ ਪੜ੍ਹਾਈ ਮੱਲਾਂ ਮਾਰਨ,
ਮੁੰਡਿਆਂ ਨਾਲੋਂ, ਹੁੰਦੀਆਂ ਮੋਹਰੀ।
ਮਿਹਨਤਾਂ ਦੇ ਨਾਲ ਉੱਚੀਆਂ ਉੱਡਣ,
ਖੰਭ ਨਾ ਕੀਤੇ ਕਿਸੇ ਦੇ ਚੋਰੀ।
ਐਸਾ ਇਹਨਾਂ ਨਾਮ ਕਮਾਇਆ,
ਤਾਂ ਹੀ ਤਾ ਜੱਗ ਵੰਡਦਾ ਲੋਹੜੀ।
“ਸੰਦੀਪ” ਧੀਆਂ ਨਾਲ਼ ਰੌਣਕ ਜੱਗ ਤੇ,
ਜਗ ਤੇ ਵਸਣ ਇਹ ਲੱਖ ਕਰੋੜੀ ।
ਧੀਆਂ ਦੀ ਆਓ ਪਾਈਏ ਲੋਹੜੀ,
ਖੁਸ਼ੀਆਂ ਨਾਲ ਮਨਾਈਏ ਲੋਹੜੀ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly