(ਸਮਾਜ ਵੀਕਲੀ) ਚਾਰੇ ਪਾਸੇ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ,ਰੋਣਾ ਕੁਰਲਾਣਾ ਚੱਲ ਰਿਹਾ ਸੀ, ਸ਼ਾਮ ਲਾਲ ਦਾ ਪਰਿਵਾਰ ਬੁਰੀ ਤਰਹਾਂ ਉਸਦੇ ਜਾਣ ਮਗਰੋਂ ਰੋ ਰਿਹਾ ਸੀ। ਸ਼ਾਮ ਲਾਲ ਜੋ ਕਿ ਇੱਕ ਵਪਾਰੀ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ ।ਜਿਸ ਕਰਕੇ ਉਸ ਦਾ ਪਰਿਵਾਰ ਉਸਦੇ ਵਿਛੋੜੇ ਨੂੰ ਸਹਿ ਨਹੀਂ ਪਾ ਰਿਹਾ ਸੀ। ਪਰ ਉਸ ਦੀ ਮੌਤ ਹੋਣ ਦੀ ਕੋਈ ਸਹੀ ਉਮਰ ਵੀ ਨਹੀਂ ਸੀ। ਕਿਉਂਕਿ ਇਹ ਮੌਤ ਉਹ ਆਪ ਲਿਆਇਆ ਸੀ ,ਉਸ ਨੇ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਸੀ। ਉਸ ਦੀ ਉਮਰ ਕੋਈ 45 ਵਰਿਆਂ ਦੀ ਹੋਏਗੀ। ਉਸ ਦੇ ਪਰਿਵਾਰ ਵਿੱਚ ਉਸਦੀ ਬਜ਼ੁਰਗ ਮਾਂ ,ਪਤਨੀ ਅਤੇ ਦੋ ਬੇਟੇ ਸਨ। ਲੋਕੀ ਆਪਸ ਵਿੱਚ ਗੱਲਾਂ ਕਰ ਰਿਹਾ ਸੀ ਕਿ, ਇਸ ਨੇ ਬਹੁਤ ਲੋਕਾਂ ਦਾ ਕਰਜ਼ਾ ਦੇਣਾ ਸੀ ,ਕਰਜ਼ੇ ਤੋਂ ਤੰਗ ਆ ਕੇ ਇਸ ਨੇ ਆਤਮ ਹੱਤਿਆ ਕਰ ਲਈ, ਅਤੇ ਇਸ ਦਾ ਵਪਾਰ ਵਿੱਚ ਵੀ ਘਾਟਾ ਚੱਲ ਰਿਹਾ ਸੀ ,ਜਿਸ ਕਰਕੇ ਇਹ ਲੋਕਾਂ ਦਾ ਕਰਜ਼ਾ ਨਹੀਂ ਉਤਾਰ ਪਾ ਰਿਹਾ ਸੀ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਜਿਸ ਦੇ ਚਲਦੇ ਇਸ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਹੈ। ਪਰ ਜੋ ਵੀ ਹੋਇਆ ਸੀ ਉਹ ਬਹੁਤ ਮਾੜਾ ਹੋਇਆ, ਸਾਰੇ ਲੋਕ ਇਹੀ ਕਹਿ ਰਹੇ ਸੀ। ਕਈ ਲੋਕ ਤਾਂ ਇਹ ਵੀ ਕਹਿ ਰਹੇ ਸੀ ਕਿ ਇਸ ਦੀ ਪਤਨੀ ਨੇ ਇਹ ਵਪਾਰ ਛੱਡ ਕੇ ਕੋਈ ਹੋਰ ਛੋਟਾ ਮੋਟਾ ਕੰਮ ਕਰਨ ਦੀ ਵੀ ਸਲਾਹ ਦਿੱਤੀ ਸੀ, ਪਰ ਕੋਈ ਹੋਰ ਛੋਟਾ ਕੰਮ ਕਰਨਾ ਉਸ ਨੂੰ ਆਪਣੀ ਸ਼ਾਨ ਦੇ ਖਿਲਾਫ ਲੱਗਦਾ ਸੀ। ਇੱਥੇ ਸ਼ਾਮ ਲਾਲ ਦਾ ਸੰਸਕਾਰ ਕਰ ਦਿੱਤਾ ਗਿਆ ਅਤੇ ਸ਼ਾਮ ਲਾਲ ਪਰਲੋਕ ਵਿੱਚ ਪਹੁੰਚ ਗਿਆ, ਜਿੱਥੇ ਪਹੁੰਚ ਕੇ ਉਹ ਇਹ ਕਹਿਣ ਲੱਗ ਪਿਆ ਕਿ ਹੁਣ ਤਾਂ ਉਹ ਦੁਨੀਆਂ ਦਾਰੀ ਦੇ ਕੰਮਾਂ ਤੋਂ ਮੁਕਤ ਹੋ ਗਿਆ ਹੈ ਅਤੇ ਇੱਥੇ ਉਸ ਨੂੰ ਕੋਈ ਕਰਜੇ ਵਾਲਾ ਵੀ ਪਰੇਸ਼ਾਨ ਨਹੀਂ ਕਰੇਗਾ ਤਾਂ ਉਹ ਇੱਥੇ ਉਹ ਸੁੱਖ ਦੀ ਸਾਹ ਲੈ ਸਕੇਗਾ ਅਤੇ ਐਸ਼ ਨਾਲ ਰਹਿ ਪਾਏਗਾ। ਪਰ ਅਚਾਨਕ ਉਹ ਦੇਖਦਾ ਹੈ ਕਿ ਉਸ ਦੇ ਸਰੀਰ ਦੇ ਸਾਰੇ ਕੱਪੜੇ ਉਤਰ ਚੁੱਕੇ ਹਨ ਅਤੇ ਉਸਦੇ ਆਲੇ ਦੁਆਲੇ ਦੋ ਰਾਖਸ਼ਸ ਖੜੇ ਹਨ, ਉਹ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਹੀ ਰਿਹਾ ਹੁੰਦਾ ਹੈ ਕਿ ਇੰਨੀ ਦੇਰ ਚ ਯਮਲੋਕ ਦੇ ਮਹਾਰਾਜ ਉਸ ਦੇ ਸਾਹਮਣੇ ਪ੍ਰਗਟ ਹੋ ਜਾਂਦੇ ਹਨ। ਸ਼ਾਮ ਲਾਲ ਨੂੰ ਦੇਖਦੇ ਹੀ ਯਮ ਮਹਾਰਾਜ ਕਹਿੰਦੇ ਹਨ। ਹਾਂਜੀ ਭਾਈ ,ਆ ਗਿਆ ਤੂੰ ਤੇਰਾ ਹੀ ਇੰਤਜ਼ਾਰ ਸੀ। ਆ ,ਤਾ ਗਿਆ ਭਈ ਹੁਣ ਤੂੰ ਆਪਣੇ ਕੰਮ ਉੱਤੇ ਲੱਗ ਜਾ। ਸ਼ਾਮ ਲਾਲ ਹੈਰਾਨ ਹੋਏ ਪੁੱਛਦਾ ਹੈ ਕਿ ਕੰਮ ਕਿਹੜਾ ਕੰਮ?ਇੰਨਾ ਕਹਿੰਦੇ ਹੀ ਸ਼ਾਮ ਲਾਲ ਦੇ ਸਾਹਮਣੇ ਇੱਕ ਵੱਡੀ ਸਾਰੀ ਚੱਕੀ ਪ੍ਰਗਟ ਹੋ ਜਾਂਦੀ ਹੈ। ਯਮ ਉਸਨੂੰ ਸਮਝਾਉਂਦੇ ਹੈ ਕਿ ਉਸ ਨੂੰ 20 ਸਾਲ ਤੱਕ ਇਹ ਚੱਕੀ ਚਲਾਉਣੀ ਪੈਣੀ ਹੈ ਅਤੇ ਹਰ ਦਿਨ 20 ਘੰਟੇ ਇਹ ਚੱਕੀ ਉਸਨੂੰ ਚਲਾਉਣੀ ਪੈਣੀ ਹੈ ਬਿਨਾਂ ਰੁਕੇ, ਤੇ ਹੋਰ ਛੋਟੇ ਮੋਟੇ ਕੰਮ ਕਰਨੇ ਪੈਣਗੇ ਜਿਸ ਦੇ ਬਦਲੇ ਉਸਨੂੰ ਦੱਸ ਸਿੱਕੇ ਮਿਲਣਗੇ। ਜੇਕਰ ਉਹ ਪੂਰੇ ਦਿਨ ਵਿੱਚ ਦਸ ਸਿੱਕੇ ਕਮਾ ਲੈਂਦਾ ਹੈ ਤਾਂ ਉਸ ਨੂੰ ਰੋਟੀ ਅਤੇ ਪਾਣੀ ਦਿੱਤਾ ਜਾਵੇਗਾ ਨਹੀਂ ਤਾਂ ਉਸਨੂੰ 100 ਕੋੜੇ ਪੈਣਗੇ। ਇਹ ਸੁਣ ਕੇ ਸ਼ਾਮ ਲਾਲ ਡਰ ਜਾਂਦਾ ਹੈ ਅਤੇ ਬੋਲਣ ਲੱਗਦਾ ਹੈ ਕਿ ਇਹੋ ਜਿਹਾ ਮੈਂ ਕਿਹੜਾ ਪਾਪ ਕੀਤਾ ਹੈ ਜਿਹੜੀ ਮੈਨੂੰ ਇੰਨੀ ਵੱਡੀ ਸਜ਼ਾ ਦਿੱਤੀ ਜਾ ਰਹੀ ਹੈ। ਪਾਪ ਦਾ ਤਾ ਪਤਾ ਨਹੀਂ ਭਾਈ ਤੂੰ ਆਪਣਾ ਕਰਜ਼ਾ ਉਤਾਰਨਾ ਹੈ ਧਰਤੀ ਦਾ ਅਤੇ ਯਮਲੋਕ ਦਾ ਕਰਜ਼ਾ ।ਇਹ ਕਰਜ਼ਾ ਉਤਾਰ ਕੇ ਹੀ ਤੈਨੂੰ ਅੱਗੇ ਭੇਜਿਆ ਜਾਵੇਗਾ। ਪਰ ਧਰਤੀ ਤੋਂ ਤਾਂ ਮੈਂ ਆ ਚੁੱਕਿਆ ਹਾਂ, ਉੱਥੇ ਹੁਣ ਮੇਰਾ ਕਿਹੜਾ ਕਰਜ਼ਾ ਰਹਿ ਗਿਆ। ਇਹ ਗੱਲ ਭੁੱਲ ਜਾ ਸ਼ਾਮ ਲਾਲ ਕੀ ਤੂੰ ਬਿਨਾਂ ਕਰਜਾ ਉਤਾਰੇ ਕਿਤੇ ਵੀ ਸੁੱਖ ਦੀ ਸਾਹ ਲੈ ਲਵੇਗਾ। ਕਿਉਂਕਿ ਇਹ ਕਰਜ਼ਾ ਤੇਰਾ ਤੇਰੇ ਨਾਲ ਹੀ ਆਵੇਗਾ ਅਤੇ ਤੂੰ ਇਸ ਦੇ ਨਾਲ ਹੀ ਆਪਣੇ ਆਪ ਨੂੰ ਖਤਮ ਕਰਕੇ ਇੱਕ ਹੋਰ ਕਰਜ਼ਾ ਆਪਣੇ ਸਿਰ ਚੜਾ ਲਿਆ ਹੈ। ਆਪਣੇ ਆਪ ਨੂੰ ਖਤਮ ਕਰਨ ਨਾਲ ਕਿਹੜਾ ਕਰਜ਼ਾ ਸਿਰ ਚੜਦਾ ਹੈ ?ਸ਼ਾਮ ਲਾਲ ਨੇ ਯਮ ਕੋਲੋਂ ਪੁੱਛਿਆ, ਆਪਣੇ ਆਪ ਨੂੰ ਖਤਮ ਕਰਨਾ ਸਭ ਤੋਂ ਵੱਡਾ ਪਾਪ ਹੈ ਅਤੇ ਸਭ ਤੋਂ ਵੱਡਾ ਕਰਜ਼ਾ ਹੈ ਜਿਸ ਨੂੰ ਲਾਉਣ ਲਈ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ, ਤੇ ਇਹ ਯਮਲੋਕ ਦਾ ਕਰਜ਼ਾ ਹੁੰਦਾ ਹੈ।ਜਿਹੜਾ ਉਤਾਰੇ ਬਿਨਾਂ ਤੂੰ ਅੱਗੇ ਨਹੀਂ ਜਾ ਸਕਦਾ। ਹੁਣ ਜ਼ਿਆਦਾ ਸਮਾਂ ਨਾ ਖਰਾਬ ਕਰ ਅਤੇ ਆਪਣੇ ਕੰਮ ਤੇ ਲੱਗ ਜਾ ਨਹੀਂ ਤਾਂ ਤੇਰਾ ਸਮਾਂ ਲੰਘੀ ਜਾਂਦਾ ਹੈ ਜਿਸ ਨਾਲ ਤੈਨੂੰ 100 ਕੌੜੇ ਪੈ ਸਕਦੇ ਹਨ। ਸ਼ਾਮ ਲਾਲ ਡਰ ਨਾਲ ਬੁਰੀ ਤਰ੍ਹਾਂ ਕੰਬਲ ਲੱਗ ਪਿਆ ਅਤੇ ਉਸ ਨੇ ਚੱਕੀ ਚਲਾਉਣੀ ਸ਼ੁਰੂ ਕਰ ਦਿੱਤੀ, ਪਰ ਉਹ ਵੀਹ ਘੰਟੇ ਤੱਕ ਚੱਕੀ ਨਹੀਂ ਚਲਾ ਸਕਿਆ। ਜਿਸ ਕਰਕੇ ਉਸਨੂੰ 100 ਕੋੜੇ ਵੀ ਖਾਣੇ ਪਏ ਅਤੇ ਰੋਟੀ ਵੀ ਨਹੀਂ ਮਿਲੀ, ਆਪਣੇ ਨਾਲ ਇਸ ਤਰ੍ਹਾਂ ਹੁੰਦਿਆਂ ਦੇਖ ਕੇ ਉਹ ਬੁਰੀ ਤਰ੍ਹਾਂ ਰੋਣ ਲੱਗ ਪਿਆ, ਅਤੇ ਉੱਚੀ ਉੱਚੀ ਕਹਿਣ ਲੱਗ ਗਿਆ। ਮੈਨੂੰ ਬਚਾ ਲਓ, ਮੈਨੂੰ ਬਚਾ ਲਓ। ਇੰਨੀ ਦੇਰ ਚ ਉਸਦੀ ਪਤਨੀ ਦੀ ਆਵਾਜ਼ ਆਉਂਦੀ ਹੈ ਅਤੇ ਉਸ ਨੂੰ ਹਿਲਾਉਂਦੇ ਹੋਏ ਕਹਿੰਦੀ ਹੈ, ਜੀ ਕੀ ਹੋਇਆ? ਤੁਹਾਨੂੰ ਕੀ ਹੋਇਆ? ਸ਼ਾਮ ਲਾਲ ਡਰ ਦੇ ਨਾਲ ਅੱਖਾਂ ਖੋਲਦਾ ਹੈ ਅਤੇ ਦੇਖਦਾ ਹੈ ਕਿ ਉਸ ਦੇ ਸਾਹਮਣੇ ਉਸ ਦੀ ਪਤਨੀ ਖੜੀ ਹੈ ਅਤੇ ਉਹ ਆਪਣੇ ਕਮਰੇ ਵਿੱਚ ਸੋ ਰਿਹਾ ਸੀ। ਉੱਠਦੇ ਸਾਰ ਹੀ ਉਹ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦਾ ਹੈ, ਅਤੇ ਦੁਬਾਰਾ ਆਤਮ ਹੱਤਿਆ ਕਰਨ ਬਾਰੇ ਤੋਂ ਵੀ ਤੌਬਾ ਕਰਨ ਲੱਗ ਪੈਂਦਾ ਹੈ। ਉਸ ਦਿਨ ਤੋਂ ਬਾਅਦ ਸ਼ਾਮ ਲਾਲ ਨੇ ਹਰ ਛੋਟਾ ਮੋਟਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਜਿਸ ਤਰ੍ਹਾਂ ਉਸ ਦਾ ਹੌਲੀ ਹੌਲੀ ਕਰਜ਼ਾ ਉਤਰਨਾ ਸ਼ੁਰੂ ਹੋ ਗਿਆ ਅਤੇ ਉਹ ਖੁਸ਼ਹਾਲ ਜ਼ਿੰਦਗੀ ਜਿਉਣ ਲੱਗ ਪਿਆ।
ਨੀਤੂ ਰਾਣੀ
ਗਣਿਤ ਅਧਿਆਪਿਕਾ
ਲਹਿਰਾ ਗਾਗਾ (ਸੰਗਰੂਰ)