ਕੈਨੇਡਾ ਰਹਿ ਕੇ ਖੂਬਸੂਰਤ ਗੀਤਾਂ ਰਾਹੀਂ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਐਮ. ਸਾਬ

ਤਲਵਿੰਦਰ ਨਿੱਝਰ ਸਾਉਂਕੇ

(ਸਮਾਜ ਵੀਕਲੀ)

ਸਮੇਂ ਸਮੇਂ ਤੇ ਪੰਜਾਬੀ ਸੰਗੀਤ ਜਗਤ ਵਿੱਚ ਵੱਖ ਵੱਖ ਕਲਾਕਾਰਾਂ ਨੇ ਆਵਦੇ ਮਿਆਰੀ ਗੀਤਾਂ ਰਾਂਹੀ ਸਰੋਤਿਆਂ ਦੇ ਦਿਲਾਂ ਉੱਤੇ ਰਾਜ ਕੀਤਾ ਹੈ। ਐਂਵੇ ਦਾ ਹੀ ਇੱਕ ਉੱਭਰ ਰਿਹਾ ਫਨਕਾਰ ਹੈ ਐਮ. ਸਾਬ ਜੋ ਕੇਨੈਡਾ ਦੀ ਧਰਤੀ ਤੇ ਰਹਿੰਦਾ ਹੋਇਆ ਵੀ ਆਵਦੀ ਗਾਇਕੀ ਦੇ ਜਰੀਏ ਮਾਂ ਬੋਲੀ ਪੰਜਾਬੀ ਦੀ ਸੇਵਾ ਬਾਖੂਬੀ ਕਰ ਰਿਹਾ ਹੈ। ਪੰਜ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਐਮ. ਸਾਬ ਦਾ ਜਨਮ ਪੰਜਾਬ ਦੇ ਜਿਲਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਮਲੋਟ ਦੇ ਇੱਕ ਛੋਟੇ ਜਿਹੇ ਪਿੰਡ ਸਾਉਂਕੇ ਵਿਖੇ ਪਿਤਾ ਜਰਨੈਲ ਸਿੰਘ ਨੰਬਰਦਾਰ ਅਤੇ ਮਾਤਾ ਸਵਰਨ ਕੌਰ ਦੇ ਘਰ ਹੋਇਆ। ਐਮ.ਸਾਬ ਨੇ ਪੰਜਾਬ ਵਿੱਚ ਰਹਿੰਦੇ ਹੋਏ ਆਰਮੀ ਸਕੂਲ ਫਿਰੋਜਪੁਰ ਵਿਖੇ ਗਣਿਤ ਦੇ ਅਧਿਆਪਕ ਵਜੋਂ ਸੇਵਾ ਨਿਭਾਈ। ਅੱਜਕੱਲ ਐਮ.ਸਾਬ ਕੇਨੈਡਾ ਵਿੱਚ ਰਹਿੰਦੇ ਹੋਏ ਗਾਇਕੀ ਦੇ ਨਾਲ ਨਾਲ ਉੱਥੇ ਸਰਕਾਰੀ ਅਧਿਆਪਕ ਵਜੋਂ ਸੇਵਾ ਨਿਭਾ ਰਿਹਾ ਹੈ।

ਐਮ.ਸਾਬ ਨੂੰ ਬਚਪਨ ਵਿੱਚ ਹੀ ਗਾਇਕੀ ਦਾ ਬਹੁਤ ਸ਼ੌਂਕ ਸੀ। ਉਸਨੇ ਪਹਿਲਾਂ ਸਕੂਲ ਤੇ ਫਿਰ ਕਾਲਜ ਪੱਧਰ ਤੇ ਅਨੇਕਾਂ ਸਾਹਿਤਕ ਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲਿਆ। ਐਮ. ਸਾਬ ਨੇ ਕੇਨੈਡਾ ਵਿੱਚ ਜਾ ਕੇ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਵਿੱਚ ਬਹੁਤ ਯੋਗਦਾਨ ਪਾਇਆ ਹੈ । ਐਮ.ਸਾਬ ਕੇਨੈਡਾ ਵਿੱਚ ਨਵੀਂ ਪੀੜ੍ਹੀ ਨੂੰ ਪੰਜਾਬੀ ਪੜਾਉਣ ਦਾ ਕੰਮ ਕਰ ਰਹੇ ਹਨ! ਉਹ ਆਪਣੀ ਪਤਨੀ ਨਾਲ ਮਿਲ ਕੇ ਆਉਣ ਵਾਲੀ ਨਵੀਂ ਪਨੀਰੀ ਨੂੰ ਮਾਂ ਬੋਲੀ ਪੰਜਾਬੀ ਪੜਾ ਰਹੇ ਹਨ ! ਇਸ ਸਮੇਂ ਜਦੋਂ ਕਿਸਾਨਾਂ ਦਾ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਵਿੱਚ ਸੰਘਰਸ਼ ਜਾਰੀ ਹੈ ਤਾਂ ਐਮ.ਸਾਬ ਵੱਲੋਂ ਕਿਸਾਨਾਂ ਦੀ ਹੌਂਸਲਾ ਅਫਜਾਈ ਲਈ ” ਕਾਇਮ ਮਿਸਾਲ ਕਰੋ ” ਅਤੇ ” ਤੇਜ ਮੋਰਚਾ ਕਰਤਾ ” ਰਲੀਜ਼ ਕੀਤੇ ਗਏ ।

2012 ਵਿੱਚ ਆਨੰਦ ਮਿਊਜ਼ਿਕ ਕੰਪਨੀ ਵੱਲੋਂ ਐਮ.ਸਾਬ ਦੀ ਐਲਬਮ ” ਹਾਂ ਕਰਦੇ ” ਰਲੀਜ਼ ਕੀਤੀ ਗਈ ਜਿਸ ਦੇ ਬਾਬੁਲ ਗੀਤ ਨੂੰ ਬਹੁਤ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਜੋ ਕਿ ਪ੍ਰੀਤ ਮਹਿੰਦਰ ਤਿਵਾੜੀ ਵੱਲੋਂ ਕਲਮਬੱਧ ਕੀਤਾ ਗਿਆ ਸੀ। ਇਸੇ ਐਲਬਮ ਦੇ ਟਾਈਟਲ ਗੀਤ ਹਾਂ ਕਰਦੇ ਅਤੇ ਉਡੀਕਾਂ ਨੂੰ ਵੀ ਭਰਵਾਂ ਹੁੰਗਾਰਾ ਸਰੋਤਿਆਂ ਵੱਲੋਂ ਦਿੱਤਾ ਗਿਆ ਜਿਸ ਨੂੰ ਨਿਰਮਲ ਦਿਉਲ ਵੱਲੋਂ ਲਿਖਿਆ ਗਿਆ। ਇਸ ਤੋਂ ਬਾਅਦ 2015 ਵਿੱਚ ਟੋਰਾਂਟੋ ਦੇ ਦੇਸੀ ਬੀਟ ਰਿਕਾਰਡਜ਼ ਦੀ ਪ੍ਰੋਡਕਸ਼ਨ ਅਤੇ ਪ੍ਰੀਤ ਭਾਗੀ ਕੇ ਦੇ ਲਿਖੇ ਤੇ ਮਨਪ੍ਰੀਤ ਅਖ਼ਤਰ ਨਾਲ ਗਾਏ ਦੋਗਾਣੇ ” ਸੱਚੋ ਸੱਚ ਦੱਸਿਉ ਪਰਦੇਸੀਉ ਪੰਜਾਬ ਚੇਤੇ ਆਉਂਦਾ ਏ ਕੇ ਨਹੀਂ ” ਰਾਹੀਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੇ ਦਿਲ ਜਿੱਤ ਲਏ।

ਐਮ.ਸਾਬ 2017 ਤੋਂ ਆਪਣੀ ਮਿਊਜ਼ਿਕ ਕੰਪਨੀ ” ਸੂਪਰ ਕੂਲ ਸਾਊਂਡ ” ਵਿੱਚ ਹੀ ਗਾਣੇ ਰਲੀਜ਼ ਕਰ ਰਹੇ ਹਨ ਜਿਸ ਵਿੱਚ ਸਭ ਤੋਂ ਪਲੇਠਾ ਗੀਤ ” ਬਾਬੇ ਬਖਤੌਰੇ ” ਆਇਆ ਜਿਸ ਵਿੱਚ ਪਿੰਡ ਦੇ ਬਜੁਰਗਾਂ ਦੀ ਜਿੰਦਗੀ ਤੇ ਪਰਿਵਾਰ ਵਿੱਚ ਉਹਨਾਂ ਦੀ ਅਹਿਮੀਅਤ ਨੂੰ ਬਾਖੂਬੀ ਫਿਲਮਾਇਆ ਗਿਆ । ਇਸੇ ਦੌਰਾਨ ਹੀ ਐਮ.ਸਾਬ ਦਾ ਸੁਦੇਸ਼ ਕੁਮਾਰੀ ਨਾਲ ” ਸ਼ਕੀਨ ਜੱਟ ” ਦੋਗਾਣਾ ਆਇਆ ਜਿਸਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ! ਸਾਲ 2019 ਦੇ ਵਿੱਚ ਲਾਈਵ ਗੀਤਾਂ ਦਾ ਗੁਲਦਸਤਾ ਰਲੀਜ਼ ਕੀਤਾ ਗਿਆ ਜਿਸ ਵਿੱਚ ਸੇ਼ਅਰੋ ਸ਼ਾਇਰੀ ਅਤੇ ਪਰਿਵਾਰਕ ਗੀਤ ਸਰੋਤਿਆਂ ਦੀ ਝੋਲੀ ਪਾਏ ਗਏ ਜਿਸ ਵਿੱਚ ” ਨੰਬਰ ਤੇਤੀ ਕਰੇਗਾ ਖੇਤੀ ਹੋਰ ਕੀ ਡੀ.ਸੀ. ਲੱਗਣਾ ਤੂੰ ” ਤੇ ” ਮਾਹੀ ਵੀਕ ਵੀਕ ਘਰ ਨਾ ਵੜੇ ” ਕਾਫ਼ੀ ਚਰਚਾ ਵਿੱਚ ਰਹੇ।

ਇਸ ਤਰ੍ਹਾ ਐਮ.ਸਾਬ ਦੇ ਸਾਰੇ ਹੀ ਗੀਤ ਪਰਿਵਾਰਕ ਤੇ ਸੱਭਿਆਚਾਰ ਦੀ ਕਸੌਟੀ ਉੱਤੇ ਖਰੇ ਉਤਰਦੇ ਹਨ। ਕੇਨੈਡਾ ਰਹਿ ਕੇ ਵੀ ਪੰਜਾਬ ਦੀ ਧਰਤੀ ਨਾਲ ਜੁੜੇ ਇਸ ਗਾਇਕ ਨੇ ਹਾਲ ਹੀ ਵਿੱਚ ਕਰਤਾਰ ਸਿੰਘ ਸ਼ਮਸ਼ੇਰ ਵੱਲੋਂ ਤਕਰੀਬਨ 80 ਸਾਲ ਪਹਿਲਾਂ ਲਿਖੇ ਗੀਤ ” ਰੱਬ ਜੀ ” ਨੂੰ ਕੇਨੈਡਾ ਦੀਆਂ ਵੱਖ ਵੱਖ ਖੂਬਸੂਰਤ ਲੋਕੇਸ਼ਨਾਂ ਤੇ ਸ਼ੂਟ ਕਰਕੇ ਸਰੋਤਿਆਂ ਦੀ ਝੋਲੀ ਪਾਇਆ ਹੈ ਜਿਸ ਨੂੰ ਕਿ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਆਸ ਕਰਦੇ ਹਾਂ ਕਿ ਐਮ. ਸਾਬ ਭਵਿੱਖ ਵਿੱਚ ਵੀ ਅਜਿਹੇ ਮਿਆਰੀ ਗੀਤ ਲੋਕ ਕਚਿਹਰੀ ਵਿੱਚ ਅਰਪਨ ਕਰਦੇ ਰਹਿਣਗੇ।

ਤਲਵਿੰਦਰ ਨਿੱਝਰ ਸਾਉਂਕੇ
ਸੰਪਰਕ : 94173-86547

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleओ बी सी रेलवे एम्प्लाइज एसोसिएशन द्वारा बिंदेश्वरी प्रसाद मंडल की 103वीं जन्म जयन्ती मनायी गई
Next articleਕਵਿਤਾ