ਜੀਅ ਲਿਆ ਕਰੋ ਦੋਸਤੋ.

(ਸਮਾਜ ਵੀਕਲੀ)

ਜ਼ਿੰਦਗੀ ਨੂੰ ਜੀਅ ਲਿਆ ਕਰੋ ਦੋਸਤੋ! ਕਦੀਂ-ਕਦੀਂ ਮਨ ਦੀ ਮਰਜ਼ੀ ਕਰਨੀ ਚੰਗੀ ਹੁੰਦੀ ਹੈ। ਖੁੱਲ੍ਹ ਕੇ ਅਕਾਸ਼ ਵਿੱਚ ਉਡਾਰੀਆਂ ਭਰ ਲਿਆ ਕਰੋ ਦੋਸਤੋ! ਇਸ ਖੂਬਸੂਰਤ ਦੁਨੀਆਂ ਦਾ ਆਨੰਦ ਮਾਣ ਲੈਣਾ ਚਾਹੀਦਾ ਹੈ। ਘਰੋਂ ਬਾਹਰ ਨਿਕਲ ਕੇ ਬਾਹਰੀ ਦੁਨੀਆਂ ਨੂੰ ਮਾਨਣਾ ਚਾਹੀਦਾ ਹੈ। ਦੂਰ ਨਹੀਂ ਤਾਂ ਨੇੜੇ ਹੀ ਘੁੰਮ ਫਿਰ ਲਿਆ ਕਰੋ। ਆਪਣੀ ਮਰਜ਼ੀ ਦਾ ਖਾ-ਪੀ ਲਿਆ ਕਰੋ। ਆਪੇ ਲਾਈਆਂ ਬਹੁਤੀਆਂ ਬੰਦਸ਼ਾਂ ਤੋਂ ਥੋੜ੍ਹਾ ਬਾਹਰ ਨਿਕਲ ਕੇ ਖੁੱਲ੍ਹਦਿਲੀ ਨਾਲ ਆਪ ਵੀ ਜੀਉ ਅਤੇ ਹੋਰਾਂ ਨੂੰ ਵੀ ਜੀਅ ਲੈਣ ਦਿਆਂ ਕਰੋ। ਸੋਚ ਨੂੰ ਸਕਾਰਾਤਮਕ ਰੱਖਦੇ ਹੋਏ ਅੱਗੇ ਵੱਧਦੇ ਜਾਉ।

ਬਚਪਨ ਨੂੰ ਮਾਣ ਲਿਆ ਕਰੋ। ਕੋਲ਼ ਖੇਡਦੇ ਬੱਚਿਆਂ ਨਾਲ ਬੱਚੇ ਬਣ ਕੇ ਆਪਣਾ ਬਚਪਨ ਜੀਅ ਲਿਆ ਕਰੋ। ਜ਼ਿੰਦਗੀ ਨਾਲ ਸਾਂਝ ਪਾ ਲਿਆ ਕਰੋ। ਜਵਾਨਾਂ ਕੋਲ਼ ਬੈਠ ਕੇ ਉਹਨਾਂ ਦੇ ਦਿਲ ਦੀਆਂ ਗੱਲਾਂ ਸੁਣ ਲਿਆ ਕਰੋ। ਉਹਨਾਂ ਦੀਆਂ ਹਿੰਮਤ ਵਾਲੀਆਂ ਗੱਲਾਂ ਵਿੱਚ ਤਜਰਬੇ ਦਾ ਦਮ ਭਰ ਦਿਆਂ ਕਰੋ। ਤੁਹਾਡੀਆਂ ਦਿੱਤੀਆਂ ਧਾਪੀਆਂ ਉਹਨਾਂ ਦੇ ਹੌਸਲੇ ਬੁਲੰਦ ਕਰ ਦੇਣਗੀਆਂ। ਉਹ ਜ਼ਿੰਦਗੀ ਵਿੱਚ ਨਿਰਾਸ਼ ਨਾ ਹੋ ਕੇ ਕੋਸ਼ਿਸ਼ਾਂ ਕਰਨਗੇ ਅਤੇ ਇਹਨਾਂ ਕੋਸ਼ਿਸ਼ਾਂ ਸਦਕਾ ਉਹ ਅੱਗੇ ਵੱਧਣਗੇ। ਪਿਆਰ,ਸਲੂਕ ਇਤਫ਼ਾਕ ਅਤੇ ਸਾਂਝਾਂ ਦੇ ਬੀਜ ਬੀਜੋ। ਜ਼ਿੰਦਗੀ ਨੂੰ ਆਪ ਵੀ ਮਾਣੋ ਅਤੇ ਦੂਸਰਿਆਂ ਨੂੰ ਵੀ ਮਾਨਣ ਦਿਉ।

ਬਜ਼ੁਰਗਾਂ ਦੀਆਂ ਕਹਾਣੀਆਂ ਸੁਣ ਲਿਆ ਕਰੋ। ਉਹਨਾਂ ਦੇ ਇਕਲਾਪੇ ਵਿੱਚ ਸਾਥੀ ਬਣੋ। ਬੇਜਾਨ ਹੋ ਰਹੇ ਸਰੀਰ ਵਿੱਚ ਜ਼ਿੰਦਾਦਿਲੀ ਨਾਲ ਜੀਣ ਦੀ ਚਾਹ ਭਰੋ। ਜਿਹੜੇ ਵੀ ਦਿਨ ਹਨ ਖੁਸ਼ੀ ਅਤੇ ਹੁਲਾਸ ਵਿੱਚ ਕੱਟਣ ਲਈ ਪ੍ਰੇਰਿਤ ਕਰੋ। ਇਹਨਾਂ ਝਿਊਰੜੀਆਂ ਵਿਚਲੇ ਤਜਰਬੇ ਸੁਣ ਕੇ ਕੁਝ ਆਪਣੇ ਵਿਚਾਰ ਜੋੜ ਕੇ ਕੁਝ ਨਵਾਂ ਤੇ ਵੱਖਰਾ ਕਰਦੇ ਰਹੋ।

ਰਾਹ ਜਾਂਦਿਆਂ ਕਦੀ-ਕਦੀ ਰੇਹੜੀ ਤੇ ਖਲੋ ਕੇ ਗੋਲ ਗੱਪਿਆਂ ਅਤੇ ਚਾਟ ਦਾ ਲੁਤਫ਼ ਉਠਾ ਲਿਆ ਕਰੋ। ਮਨ ਪਸੰਦ ਅਤੇ ਸਲੀਕੇ ਵਾਲੇ ਕੱਪੜੇ ਪਹਿਨ ਲਿਆ ਕਰੋ। ਇਕੱਲੇ ਜਾਂ ਦੋਸਤ, ਮਿਤਰ, ਸਹੇਲੀ ਨਾਲ ਘੁੰਮ ਲਿਆ ਕਰੋ। ਕਦੀ ਕੁਝ ਲਿਖ ਕੇ, ਕੁਝ ਗੁਣਗੁਣਾ ਕੇ ਮਨ ਨੂੰ ਹਲਕਾ ਕਰ ਲਿਆ ਕਰੋ।

ਖੁਸ਼ੀਆਂ ਨੂੰ ਆਪ ਲੱਭ ਹੈ ਖੁਸ਼ ਹੋਇਆ ਕਰੋ ਅਤੇ ਦੂਸਰਿਆਂ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੋ ਕੇ ਦੁਗਣੀਆਂ ਕਰਨ ਦੀ ਹਿੰਮਤ ਕਰ ਲਿਆ ਕਰੋ। ਗ਼ਮਾਂ ਅਤੇ ਦੁੱਖਾਂ ਵਿੱਚ ਸਾਂਝ ਬਣਾ ਕੇ ਦੂਸਰਿਆਂ ਦੇ ਦੱਖ ਦਰਦ ਵੰਡਾ ਲਿਆ ਕਰੋ। ਆਪਣੇ ਅੰਦਰ ਆਪ ਹੀ ਜ਼ਿੰਦਗੀ ਜੀਣ ਅਤੇ ਮਾਨਣ ਦੀ ਚਾਹ ਭਰਦੇ ਰਿਹਾ ਕਰੋ।

ਦੂਸਰਿਆਂ ਕੋਲੋਂ ਪਿਆਰ ਦੀ ਆਸ ਲਗਾਉਣ ਦੀ ਥਾਂ ਆਪਣੇ ਆਪ ਨੂੰ ਆਪ ਪਿਆਰ ਕਰਿਆ ਕਰੋ। ਕੁਦਰਤ ਦੇ ਸੁੰਦਰ ਨਜ਼ਾਰਿਆਂ ਨੂੰ ਅੱਖਾਂ ਨਾਲ ਮਾਣਦੇ ਹੋਏ ਰੂਹ ਤੱਕ ਲੈ ਜਾਇਆ ਕਰੋ। ਦਿਨ ਨੂੰ ਮਾਣ ਕੇ ਰਾਤ ਨੂੰ ਆਸ਼ਾਵਾਦੀ ਸੁਪਨੇ ਵੇਖ ਕੇ ਚਮਕਦੇ ਦਿਨ ਦਾ ਦਿਲੋਂ ਸਵਾਗਤ ਕਰਦਿਆਂ ਕਰੋ। ਲਾਜਵਾਬ ਕੁਦਰਤ ਨੂੰ ਰੱਜ ਕੇ ਮਾਣੋ। ਘਰ ਵਿੱਚ ਫੁੱਲ ਲਗਾ ਕੇ ਉਹਨਾਂ ਨੂੰ ਪਾਲ ਕੇ ਵਾਤਾਵਰਨ ਪ੍ਰਤੀ ਬਣਦਾ ਫਰਜ਼ ਨਿਭਾ ਲਿਆ ਕਰੋ। ਕੁਦਰਤ ਦਾ ਅਨੰਦ ਮਾਣਦੇ ਹੋਏ ਰਿਸ਼ਤਿਆਂ ਵਿੱਚ ਨਿੱਘ ਭਰਦੇ ਹੋਏ, ਚਿਹਰੇ ‘ਤੇ ਖੂਬਸੂਰਤ ਮੁਸਕੁਰਾਹਟ ਫੈਲਾ ਕੇ, ਜ਼ਿੰਦਗੀ ਵਿੱਚ ਆਖ਼ਰੀ ਸਾਹ ਤੱਕ ਵਿਚਰਦੇ ਰਹੋ। ਹੱਸਦੇ-ਵੱਸਦੇ ਰਹੋ ਪਿਆਰਿਉ!!! ਰੱਬ ਦੀ ਤੁਹਾਡੇ ‘ਤੇ ਸਦਾ ਬਖਸ਼ਿਸ਼ ਰਹੇ। ਸਭ ਨੂੰ ਬਹੁਤ ਪਿਆਰ ਅਤੇ ਦੁਆਵਾਂ!!!

ਪਰਵੀਨ ਕੌਰ ਸਿੱਧੂ
8146536200

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਲਾਕ ਲੂੰਬੜੀ
Next articleਸੁਪਨਿਆਂ ਦੀ ਦੁਨੀਆਂ