ਚੋਣਵੇਂ ਸਾਹਿਤਕਾਰਾਂ ਵੱਲੋਂ ਕਿਸਾਨ ਅੰਦੋਲਨ ਬਾਰੇ ਪੁਸਤਕ ‘ਜਨ ਅੰਦੋਲਨ’ ਹੋਈ ਲੋਕ ਅਰਪਣ
ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਸਿਟੀ ਪਾਰਕ ਸੰਗਰੂਰ ਵਿਖੇ ਹੋਈ ਵਿਸ਼ੇਸ਼ ਸਾਹਿਤਕ ਇਕੱਤਰਤਾ ਵਿੱਚ ਪੰਜਾਬੀ ਦੇ ਉੱਘੇ ਬਾਲ ਕਵੀ ਜਗਜੀਤ ਸਿੰਘ ਲੱਡਾ ਦੀ ਦਿੱਲੀ ਦੀਆਂ ਬਰੂਹਾਂ ’ਤੇ ਵਿੱਢੇ ਗਏ ਕਿਸਾਨ ਅੰਦੋਲਨ ਬਾਰੇ ਲਿਖੇ ਗਏ ਸ਼ਾਨਦਾਰ ਗੀਤਾਂ ਦੀ ਪੁਸਤਕ ‘ਜਨ ਅੰਦੋਲਨ’ ਸੰਗਰੂਰ ਦੇ ਚੋਣਵੇਂ ਸਾਹਿਤਕਾਰਾਂ ਵੱਲੋਂ ਲੋਕ ਅਰਪਣ ਕੀਤੀ ਗਈ। ਪੁਸਤਕ ਸਬੰਧੀ ਚਰਚਾ ਕਰਦਿਆਂ ਦਲਬਾਰ ਸਿੰਘ ਚੱਠੇ ਸੇਖਵਾਂ ਨੇ ਕਿਹਾ ਕਿ ਜਗਜੀਤ ਸਿੰਘ ਲੱਡਾ ਨੇ ਕਿਸਾਨ ਅੰਦੋਲਨ ਦੇ ਆਰੰਭ ਤੋਂ ਲੈ ਕੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਤੱਕ ਸੰਘਰਸ਼ ਦੇ ਸਾਰੇ ਬਿਰਤਾਂਤ ਨੂੰ ਬੜੀ ਖ਼ੂਬਸੂਰਤੀ ਨਾਲ ਪ੍ਰੋਇਆ ਹੈ।
ਪ੍ਰੋ. ਨਰਿੰਦਰ ਸਿੰਘ ਨੇ ਕਿਹਾ ਕਿ ਲੱਡਾ ਸਾਹਿਬ ਦੀ ਕਿਸਾਨ ਅੰਦੋਲਨ ਬਾਰੇ ਲਿਖੀ ਗਈ ਇਹ ਪੁਸਤਕ ਆਪਣੀ ਕਿਸਮ ਦੀ ਪਹਿਲੀ ਪੁਸਤਕ ਹੈ, ਜਿਸ ਨੇ ਜਿੱਥੇ ਜਿੱਤ ਦਾ ਜੇਰਾ ਰੱਖਣ ਵਾਲੇ ਕਿਸਾਨ ਅੰਦੋਲਨ ਦਾ ਸੰਪੂਰਨ ਚਿੱਤਰਣ ਕੀਤਾ ਹੈ, ਉੱਥੇ ਕਿਸਾਨ ਆਗੂਆਂ ਦਾ ਬਹੁਤ ਵਧੀਆ ਜੀਵਨ ਚਿੱਤਰਣ ਵੀ ਕੀਤਾ ਹੈ। ਕਲਵੰਤ ਕਸਕ ਨੇ ਕਿਹਾ ਕਿ ਜਗਜੀਤ ਸਿੰਘ ਲੱਡਾ ਦੀ ਸੰਵੇਦਨਾ ਇਸ ਗੱਲ ਤੋਂ ਜ਼ਾਹਿਰ ਹੁੰਦੀ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਸਭ ਤੋਂ ਵੱਡੇ ਮਸਲੇ ਦੇ ਸਾਰੇ ਚੰਗੇ ਅਤੇ ਮਾੜੇ ਪੱਖਾਂ ਦਾ ਮੁਲਾਂਕਣ ਬੜੇ ਸੁਚੱਜੇ ਢੰਗ ਨਾਲ ਕੀਤਾ ਹੈ। ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਜਗਜੀਤ ਸਿੰਘ ਲੱਡਾ ਨੇ ਸੰਘਰਸ਼ ਨਾਲ ਜੁੜੇ ਕੁੱਝ ਖ਼ੁਦਗਰਜ਼ ਲੋਕਾਂ ਨੂੰ ਅਣਗੌਲਿਆ ਕਰਦਿਆਂ ਖੇਤੀਬਾੜੀ ਨਾਲ ਸਬੰਧਿਤ ਤਿੰਨੇ ਕਾਲੇ ਕਾਨੂੰਨਾਂ ਨੂੰ ਕੇਂਦਰ ਵਿੱਚ ਰੱਖ ਕੇ ਸੰਘਰਸ਼ ਦੇ ਬਿਰਤਾਂਤ ਨੂੰ ਸਿਰਜਿਆ ਹੈ।
ਪੁਸਤਕ ਦੇ ਲੇਖਕ ਜਗਜੀਤ ਸਿੰਘ ਲੱਡਾ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਵਿਸਥਾਰਪੂਰਬਕ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਾਂ ’ਤੇ ਇੱਕ ਇੰਚ ਵੀ ਜ਼ਮੀਨ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਕੀਤੇ ਜਾ ਰਹੇ ਛੜਯੰਤਰ ਦੇ ਖ਼ਿਲਾਫ਼ ਆਵਾਜ਼ ਉਠਾਈ ਹੈ ਕਿਉਂਕਿ ਕਿਸਾਨ ਅੰਦੋਲਨ ਹੁਣ ਸਿਰਫ਼ ਕਿਸਾਨਾਂ ਦਾ ਅੰਦੋਲਨ ਹੀ ਨਹੀਂ ਰਿਹਾ ਬਲਕਿ ਪੰਜਾਬ ਦੇ ਸਾਰੇ ਭਾਈਚਾਰਿਆਂ ਦਾ ਜਨ ਅੰਦੋਲਨ ਬਣ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਹਿਤਕਾਰਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਕਿਸਾਨੀ ਅੰਦੋਲਨ ਨਾਲ ਆਪਣੀ ਪ੍ਰਤੀਬੱਧਤਾ ਨੂੰ ਯਕੀਨੀ ਬਣਾਉਣ ਕਿਉਂਕਿ ਲੋਕ ਲਹਿਰਾਂ ਨਾਲ ਇੱਕਸੁਰ ਹੋਇਆ ਸਾਹਿਤ ਹੀ ਲੋਕਾਂ ਦਾ ਸਾਹਿਤ ਹੁੰਦਾ ਹੈ। ਉਨ੍ਹਾਂ ਨੇ ਪੁਸਤਕ ਵਿੱਚ ਪ੍ਰਕਾਸ਼ਿਤ ਆਪਣੇ ਕੁੱਝ ਚੋਣਵੇਂ ਗੀਤ ਵੀ ਪੜ੍ਹ ਕੇ ਸੁਣਾਏ।
ਇਸ ਮੌਕੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਪ੍ਰਫ਼ੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਕਿਸਾਨ ਅੰਦੋਲਨ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਹਰਜੀਤ ਕੌਰ, ਰਜਿੰਦਰ ਸਿੰਘ ਰਾਜਨ, ਧਰਮਵੀਰ ਸਿੰਘ, ਜਗਸੀਰ ਜੋਗੀ, ਭੁਪਿੰਦਰ ਨਾਗਪਾਲ, ਸੁਰਜੀਤ ਸਿੰਘ ਮੌਜੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਇਕੱਤਰਤਾ ਦੀ ਕਾਰਵਾਈ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਚਲਾਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly