
(ਸਮਾਜ ਵੀਕਲੀ) ਸ਼ਬਦ ਮਨੁੱਖੀ ਜੀਵਨ ਦਾ ਸਦੀਵੀਂ ਗਵਾਹ ਹੁੰਦਾ ਹੈ ਜੋ ਮਨੁੱਖ ਦੀ ਸ਼ਖ਼ਸੀਅਤ ਨੂੰ ਸਮਾਜ ਵਿੱਚ ਬਿਆਨਦਾ ਰਹਿੰਦਾ ਹੈ। ਇਨ੍ਹਾਂ ਵਿਚੋਂ ਇੱਕ ਹਨ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ,। ਜਿਨ੍ਹਾਂ ਬਾਰੇ ਹੁਣ ਤੀਕ ਪਤਾ ਨਹੀਂ ਕਿੰਨੀਆਂ ਕੁ ਕਲਮਾ ਨੇ ਆਪਣੇ ਵਿਚਾਰ ਪ੍ਰਗਟ ਕਰਕੇ ਉਨ੍ਹਾਂ ਦੇ ਜੀਵਨ ਬਿਊਰੋ ਨੂੰ ਸਾਂਭਿਆ ਹੈ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਪੰਜਾਬੀ ਸਾਹਿਤ, ਸਿਆਸਤ, ਆਜ਼ਾਦੀ ਘੁਲਾਟੀਏ ਅਤੇ ਧਰਮਿਕ ਖੇਤਰ ਨਾਲ ਸਬੰਧਤ ਵੰਨਗੀ ਦੇ ਸੁਮੇਲ ਹਨ। ਉਨ੍ਹਾਂ ਨੇ ਹਰ ਪੱਖੋਂ ਤੋਂ ਆਪਣੀ ਬਹੁਪੱਖੀ ਦੂਰ ਦ੍ਰਿਸ਼ਟੀ ਨਾਲ ਕਾਰਜ ਕਰਦਿਆਂ ਆਪਣੇ ਜੀਵਨ ਨੂੰ ਉਭਾਰਿਆ ਹੈ।ਪੰਜਾਬੀ ਸਾਹਿਤ, ਸਿਆਸਤ ਅਤੇ ਧਾਰਮਿਕ ਖੇਤਰ ਵਿੱਚ ਉੱਘਾ ਸਥਾਨ ਰੱਖਣ ਵਾਲੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਦਾ ਜਨਮ ਕੈਂਬਲਪੁਰ(ਹੁਣ ਪਾਕਿਸਤਾਨ) ਅੱਧਵਾਲ ਨਾਂ ਦੇ ਕਸਬੇ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਸ੍ਰ.ਸੁਜਾਨ ਸਿੰਘ ਜੀ ਖੇਤੀਬਾੜੀ ਦੇ ਕਿੱਤੇ ਨਾਲ ਸਬੰਧ ਰੱਖਦੇ ਸਨ।ਪਿੰਡ ਦੇ ਸਕੂਲ ਤੋਂ ਹੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਨੇ ਮੁੱਢਲੀ ਪੜ੍ਹਾਈ ਕੀਤੀ ।ਮਿਡਲ ਸਿੱਖਿਆ ਦੀ ਪ੍ਰਾਪਤੀ ਲਈ ਇਨ੍ਹਾਂ ਨੂੰ ਰਾਵਲਪਿੰਡੀ ਜਾਣਾ ਪਿਆ।ਜੇ.ਵੀ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕਹੂਟਾ ਤਹਿਸੀਲ ਦੇ ਕਾਲਰ ਕਸਬੇ ਦੇ ਖਾਲਸਾ ਹਾਈ ਸਕੂਲ ਵਿੱਚ ਅਧਿਆਪਕ ਲੱਗੇ। ਇੱਥੇ ਹੀ ਇਨ੍ਹਾਂ ਨੂੰ ਮੁਸਾਫਿਰ ਨਾਂ ਦੀ ਪਛਾਣ ਮਿਲੀ।ਜਲ੍ਹਿਆਂ ਵਾਲੇ ਬਾਗ ਅਤੇ ਨਨਕਾਣਾ ਸਾਹਿਬ ਦੇ ਖੂਨੀ ਸਾਕਿਆਂ ਨੇ ਗਿਆਨੀ ਗੁਰਮੁਖ ਸਿੰਘ ਜੀ ਦੇ ਚੰਚਲ ਮਨ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਗਿਆਨੀ ਜੀ ਨੇ ਅਧਿਆਪਕ ਪਦ ਤੋਂ ਅਸਤੀਫਾ ਦੇ ਕੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਸ਼ਮੂਲੀਅਤ ਕੀਤੀ। ਇਸ ਕਾਰਜ ਵਿੱਚ ਗੁਰਮੁਖ ਸਿੰਘ ਮੁਸਾਫ਼ਿਰ ਜੀ ਨੇ ਧਰਮ ਅਤੇ ਮਾਨਵਤਾ ਦੇ ਹੱਕਾਂ ਲਈ ਡੱਕ ਕੇ ਸੰਘਰਸ਼/ਅੰਦੋਲਨ ਕੀਤੇ ਗੁਰੂ ਕੇ ਬਾਗ਼ 1922 ਨੂੰ ਗ੍ਰਿਫਤਾਰੀ ਵੀ ਦਿੱਤੀਆਂ ਤੇ ਜੇਲ ਯਾਤਰਾ ਵੀ ਕਰਨੀ ਪਈ।ਇਨ੍ਹਾਂ ਦੀ ਲੰਮੀ ਘਾਲਣਾ ਤੇ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਚੋਣ ਕੀਤੀ ਗਈ। ਗਿਆਨੀ ਜੀ ਨੇ ਆਪਣੇ ਅਤੀਤ ਸਮੇਂ ਸਿੱਖ ਧਰਮ ਵਿੱਚ ਸਰਵ ਉੱਚ ਅਦਾਲਤ ਮੰਨੇਂ ਜਾਂਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਵੀ ਸੇਵਾ ਨਿਭਾਈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਵੀ ਅਹੁੱਦਾ ਸੰਭਾਲਿਆ।ਉਨ੍ਹਾਂ ਨੂੰ ਸਾਲ 1952 ਤੋਂ ਲੈਕੇ 1976 ਤੱਕ ਵੱਖ -ਵੱਖ ਸਮਿਆਂ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਵਜੋਂ ਵੀ ਚੁਣਿਆ ਗਿਆ। ਪੰਜਾਬੀ ਸੂਬੇ ਬਣਨ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਵੀ ਬਿਜਾਰਮਾਨ ਹੋਏ । ਸਾਹਿਤ ਦੀ ਸਿਰਜਣਾ ਕਰਦਿਆਂ ਉਨ੍ਹਾਂ ਆਪਣੇ ਨਾਂ ਪਿੱਛੇ ‘ਮੁਸਾਫ਼ਿਰ’ ਸ਼ਬਦ ਦੇ ਤਖ਼ੱਲਸ ਵਰਤਿਆ।ਸਿਆਸਤ ਨਾਲੋਂ ਵੱਧ ਸਾਹਿਤ ਵਿੱਚ ਰੁਚੀ ਰੱਖਣ ਵਾਲੇ ਗੁਰਮੁਖ ਸਿੰਘ ਮੁਸਾਫ਼ਿਰ ਜੀ ਨੂੰ ਕਾਵਿ ਰਚਨਾ ਕਰਨ ਦਾ ਸ਼ੌਕ ਬਚਪਨ ਤੋਂ ਹੀ ਸੀ। ਇੱਕ ਵਾਰ ਨਿੱਕੇ ਹੁੰਦਿਆਂ ਬਚਪਨ ਵਿੱਚ ਕਹਿੰਦੇ ਪੁਲਿਸ ਵਾਲਿਆਂ ਵੱਲੋਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਗਿਆਨੀ ਜੀ ਇੱਕ ਕਵਿਤਾ ਲਿਖੀ। ਗਿਆਨੀ ਜੀ ਆਪਣੀਆਂ ਲਿਖਤਾਂ ਦੇ ਰਾਹੀਂ ਸਮਾਜਿਕ ਅਤੇ ਦੇਸ਼ ਭਗਤੀ ਦਾ ਸੁਨੇਹਾ ਦਿੰਦੇ ਰਹੇ ਜਿਵੇਂ ਕਿ:-ਸਬਰ ਦਾ ਬਾਣ,ਆਨੰਦਪੁਰੀ,ਬਚਪਨ,ਸਤਾਈ ਮਈ,
ਪ੍ਰੇਮ ਬਾਣੀ, ਪਿਤਾ ਦੀ ਯਾਦ, ਅੱਜ ਅੱਠ ਮਾਰਚ, ਇਨਸਾਨ ਬਣ ,ਜੀਵਨ-ਪੰਧ,ਮੁਸਾਫ਼ਰੀਆਂ,ਟੁੱਟੇ ਖੰਭ,
ਕਾਵਿ-ਸੁਨੇਹੇ, ਸਹਿਜ ਸੇਤੀ,ਵਖਰਾ ਵਖਰਾ ਕਤਰਾ ਕਤਰਾ ਦੂਰ ਨੇੜੇ,ਅਤੇ ਰਾਖਾ ਆਪ ਅਕਾਲ ਅਕਾਲੀਆਂ ਦਾ। ਕਵਿਤਾਵਾਂ ਤੋਂ ਇਲਾਵਾ ਗਿਆਨੀ ਜੀ ਕਹਾਣੀਆਂ ਵੀ ਲਿਖਦੇ ਰਹੇ ਜਿਨ੍ਹਾਂ ਵਿੱਚ: ਸੰਜਮ,ਸੰਕੋਚ,
ਰਵਾਨੀ,ਵੱਖਰੀ ਦੁਨੀਆ,ਕੰਧਾਂ ਬੋਲ ਪਈਆਂ,ਆਲ੍ਹਣੇ ਦੇ ਬੋਟ,’ਸਸਤਾ ਅਤੇ ਰਸ ਵਰਗੀਆਂ ਹੋਰ।ਗਿਆਨੀ ਜੀ ਦੀ ਰੂਹ ਚੋਂ ਲਿਖੀ ਗਈ ਲਿਖਤ ਸੱਚਾਈ ਸਾਦਗੀ ਤੇ ਦਿਆਨਤਦਾਰੀ ਦੇ ਰੰਗ ਵਿੱਚ ਰੰਗੀ ਮਿਲਦੀ ਹੈ।ਗਿਆਨੀ ਗੁਰਮੁਖ ਮੁਸਾਫ਼ਿਰ ਜੀ ਜਿੱਥੇ ਇੱਕ ਪੰਜਾਬੀ ਕਵੀ, ਕਹਾਣੀਕਾਰ ਦੇ ਤੌਰ ਤੇ ਸਾਹਿਤ ਦੇ ਖੇਤਰ ਵਿੱਚ ਉੱਚੇ ਲਿਖਾਰੀਆਂ ਵਿੱਚ ਗਿਣੇ ਜਾਂਦੇ ਹਨ ਉੱਥੇ ਹੀ ਉਹ ਆਜ਼ਾਦੀ ਘੁਲਾਟੀਆ ਦੇ ਨਾਲ ਨਾਲ ਰਾਜਸੀ ਨੇਤਾਵਾਂ ਦੇ ਵੱਡੇ ਨਾਵਾਂ ਦੀ ਸੂਚੀ ਵਿੱਚ ਦਰਜ ਹਨ। ਜਿੱਥੇ ਉਨ੍ਹਾਂ ਇੱਕ ਸਿਆਸਤਦਾਨ ਹੋਣ ਦੇ ਨਾਤੇ ਅਨੇਕਾਂ ਮਾਣ-ਸਨਮਾਨ ਤੇ ਪਦਵੀਆ ਪ੍ਰਾਪਤ ਹੋਈਆਂ ਉੱਥੇ ਹੀ ਉਨ੍ਹਾਂ ਸਾਹਿਤ ਦੇ ਖੇਤਰ ਵਿਚ ਵੀ ਉੱਚ ਪੱਧਰੀ ਸਨਮਾਨ ਪ੍ਰਾਪਤ ਕੀਤੇ ।ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਸਹਿਣਸ਼ੀਲਤਾ, ਨਿਰਮਰਤਾ, ਖੁਸ਼ਮਿਜ਼ਾਜ਼ੀ ਅਤੇ ਸਿਆਣਪ ਦੇ ਧਾਰਨੀ ਸਨ। ਸ਼ੋਹਰਤ ਨੂੰ ਛੂਹਣ ਵਾਲੇ ਗੁਰਮੁਖ ਮੁਸਾਫ਼ਿਰ ਜੀ ਜ਼ਮੀਨ ਨਾਲ ਜੁੜੇ ਹੋਏ ਬਹੁ-ਪੱਖੀ ਸਾਹਿਤਕਾਰ ਤੇ ਸਿਆਸਤਦਾਨ ਸਨ। ਜੇ ਉਨ੍ਹਾਂ ਨੂੰ ਸਾਹਿਤ, ਧਰਮ ਤੇ ਰਾਜਨੀਤੀ ਦੀ ਤ੍ਰਿਵੈਣੀ ਕਹਿ ਦੇਈਏ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਨੇ ਸਾਹਿਤ ,ਧਰਮ ਅਤੇ ਸਿਆਸਤ ਵਿੱਚ ਵਿਲੱਖਣ ਸਦੀਵੀਂ ਪੈੜਾਂ ਪਾਈਆਂ ਹਨ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਨੇ ਆਪਣੇ ਸਾਹਿਤਕ ਸਫ਼ਰ ਦੌਰਾਨ ਕਾਵਿ ਸੰਗ੍ਰਹਿ, ਕਹਾਣੀ,ਅਨੁਵਾਦਿਤ, ਸਫ਼ਰਨਾਮਾ ਅਤੇ ਜੀਵਨੀਆਂ ਦੀਆਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ।ਗਿਆਨੀ ਗੁਰਮੁੱਖ਼ ਸਿੰਘ ਮੁਸਾਫ਼ਿਰ ਜੀ ਫੁੱਲਵਾੜੀ’ ਅਤੇ ਅਕਾਲੀ ਪੱਤ੍ਰਿਕਾ ਦੇ ਵੀ ਲੰਮੇ ਸਮੇਂ ਤੱਕ ਮੁੱਖ ਸੰਪਾਦਕ ਰਹੇ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਪੰਜਾਬ ਦੇ ਇੱਕ ਅਜਿਹੇ ਸਿਆਸਤਦਾਨ, ਸੁਤੰਤਰਤਾ ਸੰਗਰਾਮੀ ਤੇ ਸਾਹਿਤਕ ਖੇਤਰ ਦੇ ਪ੍ਰਸਿੱਧ ਕਵੀ ਤੇ ਕਹਾਣੀਕਾਰ ਸਨ ਜਿਨ੍ਹਾਂ ਨੇ ਤ੍ਰਿਵੈਣੀ ਸੰਗਮ ਵਿੱਚ ਆਪਣੀ ਦੂਰਅੰਦੇਸ਼ੀ ਸੋਚ ਦਾ ਵਡਮੁੱਲਾ ਯੋਗਦਾਨ ਪਾਇਆ। ਅਜਿਹੀ ਮਾਣਮੱਤੀ ਸ਼ਖ਼ਸੀਅਤ ਨੂੰ ਅਭਿਨੰਦਨ ਗ੍ਰੰਥ,ਭਾਰਤ ਸਰਕਾਰ ਵੱਲੋਂ ਪਦਮ ਵਿਭੂਸ਼ਣ,ਭਾਰਤੀ ਸਾਹਿਤ ਅਕਾਦਮੀ ਇਨਾਮ ਦੇ ਸਨਮਾਨ ਦੇ ਨਾਲ ਨਾਲ ਇਨ੍ਹਾਂ ਦੇ ਨਾਂ ਦੀ ਡਾਕ-ਟਿਕਟ ਵੀ ਜਾਰੀ ਕੀਤੀ। ਜੋ ਪੰਜਾਬੀਅਤ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ।ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦੇ ਜੀਵਨ ਬਿਊਰੋ ਵਿਚੋਂ ਦੇਸ਼-ਭਗਤੀ, ਮਨੁੱਖੀ ਹਮਦਰਦੀ ਅਤੇ ਸਮਾਜਿਕ ਸੁਧਾਰ ਦੀ ਝਲਕਦੀ ਹੈ।ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸਾਹਿਤ, ਸਿਆਸਤ ਅਤੇ ਧਰਮਪੱਖੀ ਇਹ ਉੱਘੀ ਸ਼ਖ਼ਸੀਅਤ ਆਪਣੇ ਜੀਵਨ ਸਫ਼ਰ ਦੀ ਅਖ਼ੀਰੀ ਪਾਂਧੀ ਬਣ 18 ਜਨਵਰੀ 1976 ਨੂੰ ਸਿਆਸਤ, ਸਾਹਿਤ ਅਤੇ ਧਾਰਮਿਕ ਤ੍ਰਿਵੈਣੀ ਦੇ ਸੰਗਮ ਦੀ ਦੁਨੀਆ ਨੂੰ ਦਿੱਲੀ ਵਿਖੇ ਸਦਾ ਲਈ ਅਲਵਿਦਾ ਕਹਿ ਗਿਆ ਤੇ ਪਿੱਛੇ ਛੱਡ ਗਿਆ ਆਪਣੇ ਜੀਵਨ ਦਾ ਨਿਰੋਲ ਇਤਿਹਾਸ। ਸ਼ਾਹੀ ਸ਼ਹਿਰ ਪਟਿਆਲਾ ਵਿਖੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਸੈਂਟਰਲ ਸਟੇਟ ਲਾਇਬਰੇਰੀ ਨਾਂ ਤੇ ਬਣਿਆ ਸਾਹਿਤਕ ਮੱਕਾ। ਜੋ ਸਾਹਿਤ ਦੇ ਮਹਾਂਰਥੀਆਂ ਦਾ ਭਾਰੀ ਖਜ਼ਾਨਾ ਨੂੰ ਸਾਂਭੀ ਬੈਠਾ ਹੈ। ਪਿੱਛੇ ਜਿਹੇ ਇਸ ਸਥਾਨ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦੀ ਧੀ ਜੋਗਿੰਦਰ ਕੌਰ ਸੰਤ ਜੀ ਵਲੋਂ ਮੂਰਤੀ/ਬੁੱਤ ਸਥਾਪਤ ਕੀਤਾ ਗਿਆ ਜੋ ਇੱਥੇ ਆਉਣ ਵਾਲੇ ਸਾਹਿਤਕ ਪ੍ਰੇਮੀ ਤੇ ਹੋਰ ਸ਼ਖ਼ਸੀਅਤਾਂ ਨੂੰ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਦੇ ਜੀਵਨ ਤੋਂ ਜਾਣੂ ਕਰਵਾਉਂਦਾ ਹੈ ਉੱਥੇ ਹੀ ਇਹ ਇਸ ਸਥਾਨ ਦੀ ਸੋਭਾ ਨੂੰ ਬੜਾਵਾ ਦੇ ਰਿਹਾ ਹੈ।
ਸਰੂਪ ਸਿੰਘ ਚੌਧਰੀ ਮਾਜਰਾ (ਨਾਭਾ)
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



