ਜਲੰਧਰ (ਰਮੇਸ਼ਵਰ ਸਿੰਘ)ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.) ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਸਹਿਯੋਗ ਨਾਲ਼ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪ੍ਰਭਾਵਸ਼ਾਲੀ ਸਾਹਤਿਕ ਪ੍ਰੋਗਰਾਮ ਦੌਰਾਨ ਸਮਾਜਿਕ ਰਾਜਨੀਤਿਕ ‘ਤੇ ਧਾਰਮਿਕ ਹਾਲਾਤ ‘ਤੇ ਸੰਜੀਦਾ ਕਵਿਤਾ ਰਚਣ ਵਾਲ਼ੀ ਨਾਮਵਰ ਕਵਿੱਤਰੀ ਸਵਿੰਦਰ ਸੰਧੂ ਦੀ ਛੇਵੀਂ ਪੁਸਤਕ ਕਾਵਿ ਸੰਗ੍ਰਹਿ ‘ਸਮੇਂ ਦੀ ਕੈਨਵਸ ‘ਤੇ’ ਲੋਕ ਅਰਪਣ ਕੀਤੀ ਗਈ।
ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਪ੍ਰੋ.ਸੰਧੂ ਵਰਿਆਣਵੀ (ਮੁੱਖ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ), ਡਾ.ਬਲਦੇਵ ਬੱਦਨ (ਸਾਬਕਾ ਨਿਰਦੇਸ਼ਕ ਨੈਸ਼ਨਲ ਬੁੱਕ ਟਰੱਸਟ), ਹਰਜਿੰਦਰ ਸਿੰਘ ਅਟਵਾਲ (ਸੀਨੀ.ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ) ਅਤੇ ਅਰਤਿੰਦਰ ਸੰਧੂ ਸੰਪਾਦਕ ਏਕਮ ਆਦਿ ਨੇ ਸਵਿੰਦਰ ਸੰਧੂ ਦੀ ਕਵਿਤਾ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਬਹੁਤ ਘੱਟ ਸਮੇਂ ਵਿੱਚ ਆਪਣੀ ਪ੍ਰਭਾਵਸ਼ਾਲੀ ਕਵਿਤਾ ਨਾਲ਼ ਅਪਣਾ ਨਾਮ ਸਿਰਮੌਰ ਕਵਿੱਤਰੀਆਂ ਵਿਚ ਸ਼ਾਮਿਲ ਕਰਵਾ ਲਿਆ ਹੈ ਅਤੇ ਉਨ੍ਹਾਂ ਦੀ ਕਵਿਤਾ ‘ਤੇ ਖ਼ਾਸੀ ਪਕੜ ਹੈ।
ਮੰਚ ਦੇ ਮੁੱਖ ਸਕੱਤਰ ਪ੍ਰਸਿੱਧ ਸ਼ਾਇਰ ਜਗਦੀਸ਼ ਰਾਣਾ ਅਤੇ ਪ੍ਰੋ.ਗੋਪਾਲ ਬੁੱਟਰ ਨੇ ਕਿਹਾ ਕਿ ਸਵਿੰਦਰ ਸੰਧੂ ਦੀਆਂ ਕਵਿਤਾਵਾਂ ਆਮ ਮਨੁੱਖ ਦੇ ਸਰੋਕਾਰਾਂ ਦੀ ਬਾਤ ਪਾਉਂਦੀਆਂ ਹਨ ‘ਤੇ ਲੋਕ ਮਸਲਿਆਂ ਨੂੰ ਵੱਡੇ ਪੱਧਰ ‘ਤੇ ਉਜਾਗਰ ਕਰਦਿਆਂ ਆਮ ਮਨੁੱਖ ਨੂੰ ਆਪਣੇ ਹੱਕਾਂ ਪ੍ਰਤੀ ਜਾਗਣ ਲਈ,ਸੁਚੇਤ ਹੋਣ ਲਈ ਪ੍ਰੇਰਿਤ ਕਰਦੀਆਂ ਹਨ।
ਸਵਿੰਦਰ ਸੰਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਹਰ ਪੁਸਤਕ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਹੀ ਲੋਕ ਅਰਪਣ ਕੀਤੀ ਗਈ ਹੈ ਅਤੇ
ਉਹ ਆਪਣੀ ਕਵਿਤਾ ਰਾਹੀਂ ਗੂੰਗਿਆਂ ਲਈ ਜ਼ੁਬਾਨ,ਅੰਨ੍ਹਿਆਂ ਲਈ ਅੱਖਾਂ ਬਣਨ ਦਾ ਯਤਨ ਕਰਦਿਆਂ ਹਮੇਸ਼ਾਂ ਹੀ ਗ਼ਰੀਬ ਗੁਰਬੇ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ।
ਇਸ ਮੌਕੇ ਜਿੱਥੇ ਸੰਧੂ ਪਰਿਵਾਰ ਵਲੋਂ ਪ੍ਰਧਾਨਗੀ ਮੰਡਲ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ ਓਥੇ ਹੀ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਸਵਿੰਦਰ ਸੰਧੂ ਨੂੰ ਸਨਮਾਨ ਪੱਤਰ ਅਤੇ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਦੌਰਾਨ ਹੋਏ ਸ਼ਾਨਦਾਰ ਕਵੀ ਦਰਬਾਰ ਵਿਚ ਉਸਤਾਦ ਸ਼ਾਇਰ ਹਰਬੰਸ ਸਿੰਘ ਅਕਸ, ਗੁਰਦੀਪ ਸਿੰਘ ਔਲਖ, ਜਸਵਿੰਦਰ ਜੱਸੀ,ਗੁਰਦੀਪ ਸੈਣੀ, ਇੰਦਰਪਾਲ ਸਿੰਘ, ਜਰਨੈਲ ਸਾਖ਼ੀ,ਆਸ਼ੀ ਈਸਪੁਰੀ, ਕੀਮਤੀ ਕੈਸਰ,
ਜਗਦੀਸ਼ ਰਾਣਾ ,ਦਲਜੀਤ ਮਹਿਮੀ, ਸੀਰਤ ਸਿਖਿਆਰਥੀ, ਰੂਪ ਲਾਲ ਰੂਪ,ਵਿਜੇਤਾ ਭਾਰਦਵਾਜ਼, ਹਰਦਿਆਲ ਹੁਸ਼ਿਆਰਪੁਰੀ, ਜਸਪਾਲ ਸਿੰਘ ਜ਼ੀਰਵੀ,ਸੋਹਣ ਸਹਿਜਲ, ਸੁਰਿੰਦਰ ਢੰਡਾ,ਮਨੋਜ ਫ਼ਗਵਾੜਵੀ, ਸਾਹਿਬਾ ਜਟਿਨ ਕੌਰ,ਰੁਪਿੰਦਰ ਕੌਰ ਸਹੋਤਾ, ਗੁਰਨਾਮ ਬਾਵਾ,ਮਨੋਜ ਖੈਰਾ,ਨਵਜੋਤ ਕੌਰ ਸੈਣੀ, ਡਾ.ਬਲਦੇਵ ਬੱਦਨ, ਪ੍ਰੋ.ਸੰਧੂ ਵਰਿਆਣਵੀ, ਅਰਤਿੰਦਰ ਸੰਧੂ,ਹਰਭਜਨ ਨਾਹਲ,ਸੋਢੀ ਸੱਤੋਵਾਲ,ਮਦਨ ਬੋਲੀਨਾ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ।ਇਸ ਮੌਕੇ ਸ਼ਾਇਰਾਂ ਡਾ.ਕੰਵਲ ਭੱਲਾ, ਪ੍ਰੋ.ਅਕਵੀਰ ਕੌਰ,ਤਜਿੰਦਰ ਮਨਚੰਦਾ ਪਰਦੇਸੀ,ਪ੍ਰੋ.ਮੋਹਨ ਸਪਰਾ,ਗੁਰਦੀਪ ਭਾਟੀਆ ਵਲੋਂ ਵੀ ਸਵਿੰਦਰ ਸੰਧੂ ਨੂੰ ਵਧਾਈ ਸੰਦੇਸ਼ ਭੇਜੇ ਗਏ।
ਇਸ ਮੌਕੇ ਸਵਿੰਦਰ ਸੰਧੂ ਦੇ ਜੀਵਨ ਸਾਥੀ ਕਰਨਲ ਜਗਬੀਰ ਸਿੰਘ ਸੰਧੂ (ਰਿਟਾਇਰਡ), ਬੇਟੀ ਨਵਦੀਪ ਕੌਰ,ਜਵਾਈ ਸ਼ਮਿੰਦਰ ਸਿੰਘ,
ਹਰਿੰਦਰ ਕੌਰ, ਰੁਪਿੰਦਰ ਕੌਰ, ਸੀਤਲ ਸਿੰਘ ਸੰਘਾ, ਡੀ.ਆਰ. ਵੰਦਨਾ ਅਤੇ ਮੇਹਰ ਮਲਿਕ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ।
ਹਾਜ਼ਿਰ ਲੇਖਕਾਂ ਵਲੋਂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਈ ਜਲੰਧਰ ਤੋਂ ਨਾਮਵਰ ਕਵਿੱਤਰੀ ਸੋਨੀਆ ਭਾਰਤੀ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly