ਜ਼ਿਲ੍ਹਾ ਸੰਗਰੂਰ ਦੇ ਸਾਹਿਤਕਾਰਾਂ ਨੇ ਵਿੱਢੀ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦੀ ਮੁਹਿੰਮ         ਯਾਦਗਾਰੀ ਹੋ ਨਿੱਬੜਿਆ ‘ਕਿੰਜ ਨਸ਼ਾ ਮੁਕਤ ਹੋਵੇ ਪੰਜਾਬ’ ਦਾ ਗੋਸ਼ਟੀ ਸਮਾਗਮ

ਸੰਗਰੂਰ, 25 ਸਤੰਬਰ (ਰਮੇਸ਼ਵਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਹਰਮਨ ਹੋਟਲ ਸੰਗਰੂਰ ਵਿਖੇ ਉੱਘੇ ਸਮਾਜਸੇਵੀ ਸਵਾਮੀ ਰਵਿੰਦਰ ਗੁਪਤਾ ਦੀ ਮਿੱਠੀ ਯਾਦ ਵਿੱਚ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਿਰਮੌਰ ਪੰਜਾਬੀ ਸਾਹਿਤਕਾਰ ਮੋਹਨ ਸ਼ਰਮਾ ਦੇ ਲੇਖ-ਸੰਗ੍ਰਹਿ ‘ਕਿੰਜ ਨਸ਼ਾ ਮੁਕਤ ਹੋਵੇ ਪੰਜਾਬ’ ’ਤੇ ਗੋਸ਼ਟੀ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਭੀਮਇੰਦਰ ਸਿੰਘ ਨਿਰਦੇਸ਼ਕ ਵਿਸ਼ਵ ਪੰਜਾਬੀ ਸੈਂਟਰ ਪਟਿਆਲਾ ਨੇ ਕੀਤੀ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸੰਚਾਲਕ ਮਿੱਤਰ ਸੈਨ ਮੀਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਮੀਤ ਪ੍ਰਧਾਨ ਸ੍ਰੀ ਮੂਲ ਚੰਦ ਸ਼ਰਮਾ ਅਤੇ ਸਕੱਤਰ ਰਜਿੰਦਰ ਸਿੰਘ ਰਾਜਨ ਨੇ ਉਚੇਚੇ ਤੌਰ ’ਤੇ ਹਿੱਸਾ ਲਿਆ। ਪੁਸਤਕ ਸਬੰਧੀ ਪੜ੍ਹੇ ਗਏ ਭਾਵਪੂਰਨ ਪਰਚੇ ਵਿੱਚ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਮੋਹਨ ਸ਼ਰਮਾ ਦੀ ਪੁਸਤਕ ਅਜਿਹੀ ਸਿੱਖਿਆ ਅਤੇ ਸੰਸਕਾਰ ਦੇਣ ਲਈ ਜਾਗਰੂਕ ਕਰਦੀ ਹੈ, ਤਾਂ ਕਿ ਕੋਈ ਨੌਜਵਾਨ ਨਸ਼ੇੜੀ ਹੀ ਨਾ ਬਣੇ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਨਸ਼ਿਆਂ ਦੀ ਲਪੇਟ ਤੋਂ ਬਚਾਉਣਾ ਮਾਪਿਆਂ, ਸਕੂਲਾਂ ਅਤੇ ਸਮਾਜ ਨੂੰ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਮਿੱਤਰ ਸੈਨ ਮੀਤ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਰੋਕਣ ਲਈ ਸਰਕਾਰਾਂ ਨੂੰ ਸੁਹਿਰਦਤਾ ਨਾਲ ਕੰਮ ਕਰਨਾ ਚਾਹੀਦਾ ਹੈ।
ਸਪਤਰਿਸ਼ੀ ਪ੍ਰਕਾਸ਼ਨ ਦੇ ਸੰਚਾਲਕ ਡਾ. ਬਲਦੇਵ ਸਿੰਘ ਨੇ ਕਿਹਾ ਮੋਹਨ ਸ਼ਰਮਾ ਵੱਲੋਂ ਲਿਖੀ ਪੁਸਤਕ ਨਸ਼ਿਆਂ ਦੀ ਰੋਕਥਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਪਾਲਾ ਮੱਲ ਸਿੰਗਲਾ ਨੇ ਪੁਸਤਕ ਨੂੰ ਸਕੂਲਾਂ-ਕਾਲਜਾਂ ਦੇ ਸਿਲੇਬਸ ਵਿੱਚ ਲਾਉਣ ਦੀ ਪੁਰਜ਼ੋਰ ਮੰਗ ਕੀਤੀ। ਦਲਬਾਰ ਸਿੰਘ ਚੱਠੇ ਸੇਖਵਾਂ ਨੇ ਕਿਹਾ ਕਿ ਚਿੱਟੇ ਅਤੇ ਹੈਰੋਇਨ ਵਰਗੇ ਮਾਰੂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਰਵਾਇਤੀ ਨਸ਼ਿਆਂ ਤੋਂ ਪਾਬੰਦੀ ਹਟਾਉਣੀ ਬੇਹੱਦ ਜ਼ਰੂਰੀ ਹੈ।
ਪੁਸਤਕ ਦੇ ਲੇਖਕ ਮੋਹਨ ਸ਼ਰਮਾ ਨੇ ਆਪਣੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਡਾਇਰੈਕਟਰ ਵਜੋਂ ਸੇਵਾ ਨਿਭਾਉਂਦਿਆਂ ਹੋਏ ਤਜ਼ਰਬਿਆਂ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਸ਼ਿਕਾਰ ਹੋਏ ਨੌਜਵਾਨਾਂ ਨੂੰ ਮੁਜਰਿਮ ਨਹੀਂ ਬਲਕਿ ਪੀੜਤ ਮੰਨ ਕੇ ਇਲਾਜ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਏ ਬਹੁਤ ਸਾਰੇ ਨੌਜਵਾਨਾਂ ਵੱਲੋਂ ਨਸ਼ੇ ਤਿਆਗ ਕੇ ਚੰਗਾ ਜੀਵਨ ਜਿਊਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ। ਵਿਚਾਰ-ਚਰਚਾ ਵਿੱਚ ਡਾ. ਨਰਿੰਦਰਪਾਲ ਸਿੰਘ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਏ. ਪੀ. ਸਿੰਘ ਬਾਬਾ, ਪ੍ਰੋ. ਸੰਤੋਖ ਕੌਰ, ਬਲਜੀਤ ਸ਼ਰਮਾ, ਅਮਰ ਗਰਗ ਕਲਮਦਾਨ, ਰਾਜ ਕੁਮਾਰ ਅਰੋੜਾ, ਕੇ. ਕੇ. ਬਾਂਸਲ, ਸੁਖਵਿੰਦਰ ਸਿੰਘ ਫੁੱਲ ਅਤੇ ਅਮਨ ਜੱਖਲਾਂ ਆਦਿ ਸਾਹਿਤਕਾਰਾਂ ਨੇ ਵੀ ਹਿੱਸਾ ਲਿਆ।
ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਰਣਜੀਤ ਆਜ਼ਾਦ ਕਾਂਝਲਾ, ਧਰਮਵੀਰ ਸਿੰਘ, ਧਰਮੀ ਤੁੰਗਾਂ, ਹਰਮਨਪ੍ਰੀਤ ਸਿੰਘ, ਜਗਜੀਤ ਸਿੰਘ ਲੱਡਾ, ਸੁਰਜੀਤ ਸਿੰਘ ਮੌਜੀ, ਦੇਵਿੰਦਰ ਪਾਲ, ਰਾਜਦੀਪ ਸਿੰਘ, ਖੁਸ਼ਪ੍ਰੀਤ ਕੌਰ, ਗੁਰਪ੍ਰੀਤ ਕੌਰ, ਮਹਿੰਦਰਜੀਤ ਸਿੰਘ ਧੂਰੀ, ਪੇਂਟਰ ਸੁਖਦੇਵ ਧੂਰੀ, ਭੁਪਿੰਦਰ ਨਾਗਪਾਲ, ਜੰਗੀਰ ਸਿੰਘ ਰਤਨ, ਬਲਵਿੰਦਰ ਸਿੰਘ ਸੁਨਾਮ, ਗੋਬਿੰਦ ਸਿੰਘ ਤੂਰਬਨਜਾਰਾ, ਜਰਨੈਲ ਸਿੰਘ ਸੱਗੂ, ਬਲਵੰਤ ਕੌਰ ਘਨੌਰੀ, ਖੁਸ਼ਪ੍ਰੀਤ ਕੌਰ ਘਨੌਰੀ, ਜੀਤ ਹਰਜੀਤ, ਗੁਰਸੇਵਕ ਸਿੰਘ ਅਤੇ ਜਸਪਾਲ ਸਿੰਘ ਆਦਿ ਕਵੀਆਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਵਾਈ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ।
 
 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

                

 
Previous articleGermany sees uptick in far-right extremism, Holocaust memorial sites defaced: Report
Next articleਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ 2 ਅਕਤੂਬਰ ਨੂੰ ਫਿਲੌਰ ਵਿੱਚ ਸਿਹਤ ਸਹੂਲਤਾਂ ਬਚਾਉਣ ਲਈ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੀ ਤਿਆਰੀ ਸਬੰਧੀ ਮੀਟਿੰਗ।