ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ) ਸਾਹਿਤ ਇਕ ਸੂਖਮ ਕਲਾ ਹੈ ਅਤੇ ਸਾਹਿਤਕਾਰ ਕੋਮਲ ਹਿਰਦੇ ਵਾਲਾ ਸੰਵੇਦਨਸ਼ੀਲ ਵਿਅਕਤੀ ਹੁੰਦਾ ਹੈ। ਉਹ ਸਾਹਿਤ ਦੀ ਭਾਵੇਂ ਕਿਸੇ ਵੀ ਵਿਧਾ ਕਹਾਣੀ, ਕਵਿਤਾ, ਗੀਤ, ਗ਼ਜ਼ਲ, ਨਾਵਲ ਜਾਂ ਨਾਟਕ ਆਦਿ ਵਿੱਚ ਲਿਖਦਾ ਹੋਵੇ। ਸਾਹਿਤਕਾਰ ਦਾ ਕੰਮ ਆਪਣੀ ਸਾਹਿਤਕ ਸਿਰਜਣਾ ਕਰਨਾ ਹੁੰਦਾ ਹੈ ਅਤੇ ਆਪਣੀ ਰਚਨਾਤਮਕਤਾ ਕਿਰਿਆ ਰਾਹੀਂ ਸਮਾਜ ਨੂੰ ਸੇਧ ਦੇਣਾ ਹੁੰਦਾ ਹੈ। ਭਾਵੇਂ ਅਜੋਕਾ ਯੁੱਗ ਸੋਸ਼ਲ ਮੀਡੀਆ ਦਾ ਹੈ ਅਤੇ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਵਿਚ ਰੁਝਾਨ ਕਰਕੇ ਸਾਹਿਤ ਤੋਂ ਦੂਰ ਜਾ ਰਹੀ ਹੈ ਪਰ ਕੁੱਝ ਕੁ ਨੌਜਵਾਨ ਅਜਿਹੇ ਵੀ ਹਨ ਜਿਹੜੇ ਸਾਹਿਤਕਾਰਾਂ ਦੀਆਂ ਸਾਹਿਤਕ ਰਚਨਾਵਾਂ ਨੂੰ ਪੜ੍ਹ ਕੇ, ਸੁਣ ਕੇ ਸਾਹਿਤ ਦੇ ਖੇਤਰ ਵਿੱਚ ਦਿਲਚਸਪੀ ਰੱਖਣ ਲੱਗ ਪੈਂਦੇ ਹਨ। ਕਹਿਣ ਦਾ ਭਾਵ ਕਿ ਉਹ ਪ੍ਰਸਿੱਧ ਸਾਹਿਤਕਾਰਾਂ ਦੀਆਂ ਰਚਨਾਵਾਂ ਤੋਂ ਪ੍ਰਭਾਵਿਤ ਹੋ ਕੇ ਸਾਹਿਤ ਨਾਲ ਜੁੜਨ ਦਾ ਯਤਨ ਕਰਦੇ ਹਨ ਅਤੇ ਆਪ ਉਹਨਾਂ ਸਾਹਿਤਕਾਰਾਂ ਵਾਂਗ ਆਪਣੇ ਆਪ ਨੂੰ ਸਥਾਪਿਤ ਕਰਨ ਬਾਰੇ ਸੋਚਦੇ ਹਨ।
ਜੇਕਰ ਅੱਜ ਦੇ ਕੁੱਝ ਕੂ ਸਾਹਿਤਕਾਰਾਂ ਬਾਰੇ ਮੁਤਾਲਿਆ ਕਰੀਏ ਤਾਂ ਉਹ ਆਪਣੇ ਨਾਮ ਨੂੰ ਰਚਨਾ ਤੋਂ ਵੱਧ ਤਰਜੀਹ ਦਿੰਦੇ ਜਾਪਦੇ ਹਨ। ਮੈ ਅਕਸਰ ਹੀ ਬਹੁਤ ਵਾਰ ਦੇਖਿਆ ਹੈ ਕਿ ਜਦੋਂ ਕੋਈ ਸਾਹਿਤਕ ਸਮਾਗਮ ਹੋਵੇ ਜਾਂ ਸਾਹਿਤਕ ਕਾਰਜ ਹੋਣ ਤਾਂ ਉਹਨਾਂ ਦੀ ਰਿਪੋਰਟ ਰੋਜ਼ਾਨਾ ਸਮਾਚਾਰ ਪੱਤਰਾਂ ਨੂੰ ਭੇਜੀ ਜਾਂਦੀ ਹੈ। ਜਦੋਂ ਖ਼ਬਰ ਛਪ ਕੇ ਆਉਂਦੀ ਹੈ ਤਾਂ ਕਈ ਸਾਹਿਤਕ ਦੋਸਤ ਗਿਲਾ ਕਰਦੇ ਹਨ ਕਿ ਖ਼ਬਰ ਵਿਚ ਤਾਂ ਉਹਨਾਂ ਦਾ ਨਾਮ ਹੀ ਨਹੀਂ ਆਇਆ। ਹਾਲਾਂਕਿ ਖ਼ਬਰ ਭੇਜਣ ਵਾਲਾ ਸਾਰੇ ਹਾਜਰ ਸਾਹਿਤਕਾਰਾਂ ਦੇ ਨਾਮ ਭੇਜਦਾ ਹੈ। ਕਈ ਅਖਬਾਰਾਂ ਦੀਆਂ ਮਜ਼ਬੂਰੀਆਂ ਹੁੰਦੀਆਂ ਹਨ ਜਿਵੇਂ ਥਾਂ ਦੀ ਘਾਟ ਆਦਿ ਪਰ ਸਾਡੇ ਲੇਖਕ ਜਨ ਇਹ ਮਜਬੂਰੀ ਨਹੀਂ ਸਮਝਦੇ ਉਹ ਚਾਹੁੰਦੇ ਹਨ ਕਿ ਖ਼ਬਰ ਵਿੱਚ ਉਹਨਾਂ ਦਾ ਨਾਮ ਜਰੂਰ ਹੋਣਾ ਚਾਹੀਦਾ ਹੈ।
ਇਥੋਂ ਤੱਕ ਕਿ ਕਈ ਲੇਖਕ ਇਸ ਗੱਲ ਦਾ ਵੀ ਗਿਲਾ ਕਰਦੇ ਹਨ ਕਿ ਮੈਂ ਸੀਨੀਅਰ ਹਾਂ ਮੇਰਾ ਨਾਮ ਪਿੱਛੇ ਕਿਊ ਲਿਖਿਆ ਹੈ, ਪਹਿਲਾਂ ਮੇਰਾ ਨਾਮ ਚਾਹੀਦਾ ਸੀ। ਇਹਨਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਸਾਹਿਤਕਾਰ ਨਾਰਾਜ਼ ਹੋ ਜਾਂਦੇ ਹਨ ਅਤੇ ਉਸ ਸਾਹਿਤਕ ਸਭਾ ਦਾ ਬਾਈਕਾਟ ਵੀ ਕਰਦੇ ਵੇਖੇ ਹਨ।
ਸਮਾਗਮਾਂ ਦੇ ਛਪਦੇ ਕਾਰਡਾਂ ਆਦਿ ਵਿੱਚ ਵੀ ਇਹੋ ਰੌਲਾ ਰਹਿੰਦਾ ਹੈ ਕਿ ਫਲਾਂ ਲੇਖਕ ਸੀਨੀਅਰ ਹੈ, ਉਹਦਾ ਨਾਮ ਪਹਿਲਾਂ ਲਿਖਣਾ ਚਾਹੀਦਾ ਹੈ ਜੂਨੀਅਰ ਦਾ ਕਿਊ ਅੱਗੇ ਲਿਖਿਆ ਹੈ। ਹਾਲਾਂ ਕਿ ਕਾਰਡਾਂ ਜਾਂ ਖਬਰਾਂ ਵਿੱਚ ਨਾਮ ਦਾ ਛਪਣਾ ਜਾਂ ਨਾ ਛਪਣਾ ਕੋਈ ਜਿਆਦਾ ਅਹਿਮੀਅਤ ਨਹੀਂ ਰੱਖਦਾ ਬਲਕਿ ਤੁਹਾਡੀ ਲਿਖਤ ਜਰੂਰ ਅਹਿਮੀਅਤ ਰੱਖਦੀ ਹੈ। ਸਭ ਤੋਂ ਜਿਆਦਾ ਤੁਹਾਡਾ ਨਾਮ ਲੋਕਾਂ ਦੇ ਦਿਲਾਂ ਵਿੱਚ ਹੋਣਾ ਚਾਹੀਦਾ ਹੈ। ਕਾਰਡਾਂ ਜਾਂ ਅਖ਼ਬਾਰਾਂ ਵਿੱਚ ਛਪੇ ਨਾਮ ਦੀ ਬੁਕਤ ਇਕ ਦਿਨ ਹੀ ਹੁੰਦੀ ਹੈ, ਦੂਜੇ ਦਿਨ ਸਭ ਭੁੱਲ ਜਾਂਦੇ ਹਨ ਕਿ ਕਿਸ ਦਾ ਨਾਮ ਛਪਿਆ ਕਿਸ ਦਾ ਨਹੀਂ। ਕਈ ਅਜਿਹੇ ਮਿੱਤਰ ਵੀ ਹਨ ਜਿਹੜੇ ਨਾਂਵਾਂ ਦੇ ਛਪਣ ਜਾਂ ਨਾਂਹ ਛਪਣ ਵੱਲ ਧਿਆਨ ਹੀ ਨਹੀਂ ਦਿੰਦੇ ਦੂਜੇ ਸ਼ਬਦਾਂ ਵਿੱਚ ਉਹ ਨਾਂਵਾਂ ਬਾਰੇ ਜਿਆਦਾ ਚਿੰਤਤ ਨਹੀਂ ਹੁੰਦੇ।
ਇਹ ਹੁਣ ਲੇਖਕਾਂ, ਸਾਹਿਤਕਾਰਾਂ ਦੇ ਹੱਥ ਹੈ ਕਿ ਉਹਨਾਂ ਨੇ ਖਬਰਾਂ, ਕਾਰਡਾਂ ਵਿਚ ਛਪੇ ਨਾਮ ਨੂੰ ਤਵਜੋਂ ਦੇਣੀ ਹੈ ਕਿ ਲੋਕਾਂ ਦੇ ਦਿਲਾਂ ਵਿਚ।
ਸਾਬਕਾ ਏ.ਐਸ. ਪੀ ਨੈਸ਼ਨਲ ਐਵਾਰਡੀ
ਸੰਪਰਕ ਨੰ : 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly