ਮੌਂਟਰੀਅਲ, (ਰਮੇਸ਼ਵਰ ਸਿੰਘ) 24 ਮਾਰਚ ਨੂੰ ਸਥਾਨਕ ਸਾਹਿਤਕ ਸੰਸਥਾ ‘ਪੰਜਾਬੀ ਕਲਮ ਕੇਂਦਰ ਮੌਂਟਰੀਅਲ ਵੱਲੋਂ ‘ਕਵਿਤਾ ਦੀ ਇਕ ਸ਼ਾਮ’ ਕਾਵਿ ਸਮਾਗਮ ਭਾਰਤ ਤੋਂ ਆਏ ਨਾਮਵਰ ਸ਼ਾਇਰ ਅਮਰਜੀਤ ਸਿੰਘ ਜੀਤ ਦੇ ਮਾਣ ਵਿਚ ਆਯੋਜਿਤ ਕੀਤਾ ਗਿਆ।ਇਸ ਸਮਾਗਮ ਦਾ ਆਗਾਜ਼ ਮਾਤਾ ਮਹਿੰਦਰ ਕੌਰ ਚਾਨਾ , ਮਹਿਮਾਨ ਕਵੀ ਅਤੇ ਪ੍ਰਬੰਧਕਾਂ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ। ਆਏ ਹੋਏ ਕਵੀਆਂ ਨੂੰ ਖੁਸ਼ਆਮਦੀਦ ਸੁਖਵਿੰਦਰ ਜੁਤਲਾ ਅਤੇ ਕੁਲਵੰਤ ਜੁਤਲਾ ਨੇ ਸਾਂਝੇ ਤੌਰ ਤੇ ਕਿਹਾ, ਇਸ ਦੇ ਨਾਲ਼ ਹੀ ਸੁਖਵਿੰਦਰ ਜੁਤਲਾ ਹੁਰਾਂ ਨੇ ਸਰੋਤਿਆਂ ਦੇ ਸਤਿਕਾਰ ਵਿੱਚ ਆਪਣੀ ਕਵਿਤਾ ‘ਗੁਲਦਸਤਾ’ ਦਾ ਪਾਠ ਕਰਕੇ ਭਰਪੂਰ ਦਾਦ ਖੱਟੀ ਤੇ ਕਵਿਤਾ ਦਾ ਸਾਹਿਤਕ ਦੌਰ ਕੈਨੇਡਾ ਦੇ ਜੰਪਪਲ ਬੱਚਿਆਂ ਦੀਆਂ ਅੰਗਰੇਜ਼ੀ ਕਵਿਤਾਵਾਂ ਨਾਲ਼ ਹੋਇਆ ਉਸ ਤੋਂ ਬਾਦ ਮੰਚ ਸੰਚਾਲਕ ਮੋਹਣਪ੍ਰੀਤ ਪੱਤੜ ਨੇ ਕੌਰਨਵਾਲ ਤੋਂ ਆਏ ਸ਼ਾਇਰ ਸ਼ੋਇਬ ਸਾਦਿਕ ਨੂੰ ਮੰਚ ਤੇ ਬੁਲਾਇਆ ਜਿਨ੍ਹਾਂ ਨਵੇਂ ਵਿਆਹੇ ਸ਼ਾਇਰ ਅਮਨਦੀਪ ਤੇ ਉਸਦੀ ਜੀਵਨ ਸਾਥਣ ਨੂੰ ਸਮੁੱਚੀ ਸੰਸਥਾ ਵੱਲੋਂ ਮੁਬਾਰਕਬਾਦ ਦੇਣ ਉਪਰੰਤ ਆਪਣੀ ਉਰਦੂ ਕਵਿਤਾ ਦਾ ਪੰਜਾਬੀ ਅਨੁਵਾਦ ਪੇਸ਼ ਕਰਕੇ ਵਾਹ ਵਾਹ ਖੱਟੀ।ਉਭਰਦੇ ਸ਼ਾਇਰ ਹਰਜਿੰਦਰ ਪੁਰਬਾ ਨੇ ਆਪਣੀ ਦੋ ਰਚਨਾਵਾਂ ਨਾਲ ਹਾਜਰੀ ਲਵਾਈ,ਸੁਰਿੰਦਰਪਾਲ ਸਿੰਘ ਨੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਵਿਤਾ ਤਰਨੰਮ ‘ਚ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।
ਸੁਰਜੀਤ ਸਿੰਘ ਪਾਹਵਾ ਹੁਰਾਂ ਨੇ ਆਪਣੀ ਕਾਵਿ-ਕਿਰਤ ‘ਠਹਿਰਾਉ ‘ ਚੋਂ ਕਵਿਤਾਵਾਂ ,ਗੁਰਿੰਦਰ ਜੀਤ ਨੇ ਵਿਰਸੇ ਨਾਲ਼ ਜੁੜੀ ਰਚਨਾ ‘ਪਜਾਮਾ’ ਕਹਿ ਕੇ ਜਿੰਦਗੀ ਦੀ ਹਕੀਕਤ ਬਿਆਨ ਕੀਤੀ,ਅੰਬਿਕਾ ਸ਼ਰਮਾ ਨੇ ਹਿੰਦੀ ਕਵਿਤਾਵਾਂ ਨਾਲ਼ ਸਮਾਂ ਬੰਨ੍ਹ ਲਿਆ,ਸਮਾਗਮ ਦੇ ਰੂਹ-ਏ-ਰਵਾਂ ਹਰਜਿੰਦਰ ਪੱਤੜ ਹੁਰਾਂ ਆਪਣੀ ‘ਪੈਂਡਾ’ ਕਾਵਿ-ਕਿਰਤ ਚੋਂ ਤੇ ਨਵੀਆਂ ਰਚਨਾਵਾਂ ਨਾਲ਼ ਮਹਿਫਲ ਨੂੰ ਸਿਖਰ ਤੇ ਪਹੁੰਚ ਦਿੱਤਾ।ਸਭ ਤੋਂ ਸੋਹਣੇ ਪਲ ਓਦੋਂ ਜਾਪੇ ਜਦੋਂ ਅਮਨਦੀਪ ਆਪਣੀ ਦੁਲਹਨ ਸਾਂਵ੍ਹੇ ਬੇਬਾਕ ਕਵਿਤਾ ਦੇ ਅੰਗ ਸੰਗ ਹੋਇਆ।
ਸਰੋਤਿਆਂ ਨੇ ਭਰਪੂਰ ਤਾੜੀਆਂ ਨਾਲ ਅਮਨਦੀਪ ਰਾਹੀਂ ਨਵੀਂ ਜੋੜੀ ਨੂੰ ਬੇਹੱਦ ਪਿਆਰ ਨਾਲ ਨਿਵਾਜਿਆ, ਉੱਘੇ ਚਿੱਤਰਕਾਰ ਤੇ ਸ਼ਾਇਰ ਮਨਜੀਤ ਚਾਤ੍ਰਿਕ ਹੁਰੀਂ ਆਪਣੀ ਸ਼ਾਇਰੀ ਦੇ ਦਿਲ ਛੂਹਣ ਵਾਲੇ ਅੰਦਾਜ ਨਾਲ਼ ਸਰੋਤਿਆਂ ਦੇ ਰੂ-ਬ-ਰੂ ਹੋਏ, ਮੰਚ ਸੰਚਾਲਕ ਮੋਹਨਪ੍ਰੀਤ ਪੱਤੜ ਨੇ ਆਪਣੇ ਸ਼ਿਅਰਾਂ ਨਾਲ਼ ਮੰਚ ਨੂੰ ਬੇਹੱਦ ਮਨੋਰੰਜਕ ਤੇ ਰਸੀਲਾ ਬਣਾਈ ਰੱਖਿਆ ਅੰਤ ਚ ਮਹਿਮਾਨ ਸ਼ਾਇਰ ਅਮਰਜੀਤ ਸਿੰਘ ਜੀਤ ਦੀ ਸ਼ਾਇਰੀ ਨਾਲ਼ ਸਰੋਤਿਆਂ ਦੀ ਸਾਂਝ ਪਵਾਈ ,ਜਿਨ੍ਹਾਂ ਆਪਣੀਆਂ ਗ਼ਜ਼ਲਾਂ ਤਰੰਨਮ ਵਿਚ ਗਾ ਕੇ ਐਸੀ ਛਹਿਬਰ ਲਾਈ ਕਿ ਸਰੋਤੇ ਮੰਤਰ ਮੁਗਧ ਹੋ ਕੇ ਕਾਵਿ ਰਸ ਵਿਚ ਗੜੁੱਚ ਹੋ ਗਏ। ਇਸ ਮੌਕੇ ਮਹਿਮਾਨ ਸ਼ਾਇਰ ਨੂੰ ਗੁਲਦਸਤੇ ਅਤੇ ਪਿਆਰੇ ਸ਼ਾਲ ਨਾਲ ਸਨਮਾਨਿਤ ਕੀਤਾ। ‘ਕਵਿਤਾ ਦੀ ਇਕ ਸ਼ਾਮ ‘ ਯਾਦਗਾਰੀ, ਸ਼ਾਮ ਹੋ ਨਿਬੜੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly