(ਸਮਾਜ ਵੀਕਲੀ)-ਸਾਹਿਤ ਕਿਸੇ ਵੀ ਭਾਸ਼ਾ ਦਾ ਇੱਕ ਅਟੁੱਟ ਅੰਗ ਹੁੰਦਾ ਹੈ। ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਸਾਹਿਤ ਦਾ ਅਧਿਐਨ ਕਰਕੇ ਉਸ ਨੂੰ ਵਿਚਾਰਿਆ ਜਾਂਦਾ ਹੈ। ਜੋ ਰਚਨਾਵਾਂ ਲੇਖਕਾਂ ਦੁਆਰਾ ਲਿਖੀਆਂ ਜਾਂਦੀਆਂ ਹਨ ਉਹਨਾਂ ਨੂੰ ਪਾਠਕਾਂ ਵਿੱਚ ਲਿਆ ਕੇ ਵਿਚਾਰ ਚਰਚਾ ਕਰਕੇ ਉਸ ਨੂੰ ਵਿਦਵਾਨਾਂ ਦੁਆਰਾ ਵਧੀਆ ਜਾਂ ਘਟੀਆ ਹੋਣ ਦਾ ਠੱਪਾ ਲਾਇਆ ਜਾਂਦਾ ਹੈ। ਪੰਜਾਬੀ ਭਾਸ਼ਾ ਦਾ ਸਾਹਿਤ ਜਿੰਨ੍ਹਾਂ ਅਮੀਰ ਹੈ ਓਨਾ ਹੀ ਇਸ ਦੀਆਂ ਸਾਹਿਤ ਸਭਾਵਾਂ ਦਾ ਇਤਿਹਾਸ ਖੋਖਲਾ ਬਣ ਰਿਹਾ ਹੈ। ਜਿਵੇਂ ਜਿਵੇਂ ਸਾਹਿਤ ਸਭਾਵਾਂ ਦੀ ਪੜਤਾਲ ਕਰਕੇ ਜਾਣਨਾ ਸ਼ੁਰੂ ਕੀਤਾ ਹੈ ਓਨੀਆਂ ਹੀ ਇਸ ਦੀਆਂ ਜੜ੍ਹਾਂ ਉਪਰਲੀ ਪਰਤ ਵਿੱਚ ਵੱਧ ਨਜ਼ਰ ਆਉਣ ਲੱਗੀਆਂ। ਮੈਨੂੰ ਇੰਝ ਜਾਪਦਾ ਹੈ ਕਿ ਜਿਵੇਂ ਵੱਡੇ ਮਗਰਮੱਛ ਛੋਟੀਆਂ ਛੋਟੀਆਂ ਖੂਬਸੂਰਤ ਰੰਗ ਬਿਰੰਗੀਆਂ ਮੱਛੀਆਂ ਨੂੰ ਨਿਗਲ਼ ਰਹੇ ਹੋਣ।ਇਸ ਬਾਰੇ ਮੈਂ ਪਹਿਲਾਂ ਆਪਣੇ ਲੇਖਕ ਵੀਰ ਦਾ ਲਿਖਿਆ ਹੋਇਆ ਲੇਖ ਪੜ੍ਹਿਆ ਸੀ ਜੋ ਹੂ-ਬ-ਹੂ ਅਸਲੀਅਤ ਬਿਆਨ ਕਰਦਾ ਹੈ।
ਅਸਲ ਵਿੱਚ ਸਾਹਿਤ ਸਭਾ ਕੀ ਹੁੰਦੀ ਹੈਂ? ਰਚਨਾਵਾਂ ਲਿਖ਼ਣ ਵਾਲੇ ਇੱਕੱਠੇ ਹੋ ਕੇ ਇੱਕ ਸਭਾ ਬਣਾ ਲੈਂਦੇ ਹਨ ਜਿਸ ਵਿੱਚ ਸਾਰੇ ਜਣੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕਰਦੇ ਹਨ। ਕਿਸੇ ਨਾ ਕਿਸੇ ਨੂੰ ਸਨਮਾਨਿਤ ਕਰਦੇ ਹਨ। ਵਿਚਾਰਾਂ ਤਕਰਾਰਾਂ ਕਰਦੇ ਹਨ। ਉਹਨਾਂ ਵਿੱਚੋਂ ਹੀ ਪ੍ਰਧਾਨ, ਸਕੱਤਰ ਆਦਿ ਚੁਣ ਕੇ ਅਹੁਦੇ ਨਿਵਾਜੇ ਜਾਂਦੇ ਹਨ।ਆਧੁਨਿਕ ਅਰਥਾਂ ਵਿੱਚ ਇਹ ਇੱਕ ਅਜਿਹੀ ਸਭਾ ਨੂੰ ਕਿਹਾ ਜਾਂਦਾ ਹੈ ਜੋ ਸਾਹਿਤ ਦੇ ਕਿਸੇ ਵਿਸ਼ੇਸ਼ ਰੂਪਾਕਾਰ ਜਾਂ ਕਿਸੇ ਖਾਸ ਲੇਖਕ ਨੂੰ ਪਰਮੋਟ ਕਰਨ ਵਿੱਚ ਲੱਗੀ ਹੋਵੇ। ਆਧੁਨਿਕ ਸਾਹਿਤ ਸਭਾਵਾਂ ਕਿਸੇ ਖਾਸ ਰੂਪਾਕਾਰ ਜਾਂ ਲੇਖਕ ਬਾਰੇ ਖੋਜ ਪੱਤਰ ਛਪਵਾਉਂਦੇ ਹਨ ਅਤੇ ਸਮਾਗਮ ਆਯੋਜਿਤ ਕਰਦੇ ਹਨ। ਕੁਝ ਸਾਹਿਤ ਸਭਾਵਾਂ ਅਕਾਦਮਿਕ ਹੁੰਦੀਆਂ ਹਨ ਅਤੇ ਕੁਝ ਗੈਰ-ਪੇਸ਼ਾਵਰ ਕਲਾ ਪ੍ਰੇਮੀਆਂ ਦਾ ਇੱਕ ਸਮੂਹ ਹੁੰਦੀਆਂ ਹਨ। ਜਦੋਂ ਤੋਂ ਮੈਂ ਇਸ ਬਾਰੇ ਘੋਖਣਾ ਸ਼ੁਰੂ ਕੀਤਾ ਹੈ ਤਾਂ ਜਿੱਥੇ ਤੱਕ ਮੇਰੀ ਸਮਝ ਪਈ ਹੈ ਕਿਸੇ ਸਾਹਿਤ ਸਭਾ ਦੀ ਪ੍ਰਧਾਨਗੀ ਔਰਤ ਦੀ ਝੋਲੀ ਵਿੱਚ ਨਹੀਂ ਪੈਂਦੀ। ਇਹਨਾਂ ਸਭਾਵਾਂ ਵਿੱਚ ਵੀ ਪੂੰਜੀਵਾਦ ਭਾਰੂ ਹੁੰਦਾ ਹੈ।
ਮਾਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪੰਜਾਬੀ ਦੀਆਂ ਸਾਹਿਤ ਸਭਾਵਾਂ ਦਾ ਆਯੋਜਨ ਹੁੰਦਾ ਆਇਆ ਹੈ। ਪਰ ਸਮੇਂ ਸਮੇਂ ਤੇ ਇਹਨਾਂ ਉੱਤੇ ਰਾਜਸੀ, ਸਮਾਜਿਕ,ਆਰਥਿਕ ਅਤੇ ਧਾਰਮਿਕ ਫਲਸਫ਼ਾ ਵੀ ਭਾਰੂ ਰਿਹਾ ਹੈ। ਅੱਜ ਕੱਲ੍ਹ ਸਾਹਿਤ ਸਭਾਵਾਂ ਸੋਸ਼ਲ ਮੀਡੀਆ ਤੋਂ ਲੈਕੇ ਗਲ਼ੀਆਂ ਮੁਹੱਲਿਆਂ ਵਿੱਚੋਂ ਵੀ ਉਪਜਦੀਆਂ ਹਨ। ਕਿਸੇ ਨਾ ਕਿਸੇ ਪਬਲਿਸ਼ਰਜ ਨਾਲ ਸਬੰਧਤ ਹੋ ਕੇ ਛੋਟੇ ਮੋਟੇ ਲਿਖਾਰੀਆਂ ਦੀਆਂ ਕੁਝ ਰਚਨਾਵਾਂ ਪੈਸੇ ਸਮੇਤ ਵਸੂਲੀ ਕਰਕੇ ਕਿਤਾਬਾਂ ਧੜਾਧੜ ਛਪਦੀਆਂ ਹਨ। ਜਿਵੇਂ ਜਿਵੇਂ ਸੋਸ਼ਲ ਨੈੱਟਵਰਕਿੰਗ ਵਧ ਰਿਹਾ ਹੈ, ਤਿਵੇਂ ਤਿਵੇਂ ਲੇਖਕ ਵਧ ਰਹੇ ਹਨ, ਤੇ ਨਾਲ ਹੀ ਅਖੌਤੀ ਸਾਹਿਤ ਸਭਾਵਾਂ ਦਾ ਪਸਾਰਾ ਹੋ ਕੇ ਪੰਜਾਬੀ ਸਾਹਿਤ ਦਾ ਵਪਾਰੀਕਰਨ ਵਧ ਰਿਹਾ ਹੈ।ਇਸ ਵਿੱਚ ਪੁਰਾਣੇ ਲੇਖਕਾਂ ਵਾਂਗ ਉੱਘੇ ਅਤੇ ਖਾਸ ਸਨਮਾਨ ਪੱਤਰ ਹਾਸਲ ਕਰਨ ਵਾਲੇ ਲੇਖਕ ਘਟ ਰਹੇ ਹਨ। ਸਭ ਜਗ੍ਹਾ ਖੋਖਲੀਆਂ ਸਾਹਿਤ ਸਭਾਵਾਂ ਦੁਆਰਾ ਖੋਖਲੇ ਸਨਮਾਨ ਵੰਡੇ ਜਾਂਦੇ ਹਨ ਜੋ ਕਿਤੇ ਵੀ ਪ੍ਰਮਾਣਿਤ ਨਹੀਂ ਹੁੰਦੇ।
ਮੁੱਕਦੀ ਗੱਲ ਇਹ ਹੈ ਕਿ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਸਾਹਿਤ ਅਕਾਦਮੀ ਪੁਰਸਕਾਰ ਵਰਗੇ ਵੱਡੇ ਸਨਮਾਨਾਂ ਤੱਕ ਪਹੁੰਚਣ ਲਈ ਇਹੋ ਜਿਹੀਆਂ ਚੱਪੇ ਚੱਪੇ ਤੇ ਬਣੀਆਂ ਸਾਹਿਤ ਸਭਾਵਾਂ ਵੀ ਸਾਹਿਤ ਦੀਆਂ ਜੋਕਾਂ ਵਾਂਗ ਲੱਗ ਰਹੀਆਂ ਹਨ ਕਿਉਂਕਿ ਜੇ ਇੱਕ ਪਾਸੇ ਇਹ ਬਹੁਤੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕਰਦੀਆਂ ਹਨ ਤਾਂ ਬਹੁਤਾ ਕਰਕੇ ਇਹ ਚੰਗੇ ਲੇਖਕਾਂ ਨੂੰ ਅੱਗੇ ਵਧਣ ਤੋਂ ਰੋਕਦੀਆਂ ਵੀ ਹਨ।ਇਹ ਇਹਨਾਂ ਦੇ ਮੁਖੀਆਂ ਤੇ ਨਿਰਭਰ ਹੁੰਦਾ ਹੈ ਕਿ ਉਹ ਕਿਸੇ ਘਟੀਆ ਜਿਹੇ ਲੇਖ਼ਕ ਨੂੰ ਵੀ ਸਨਮਾਨਿਤ ਕਰਕੇ ਸਿਖ਼ਰ ਪਹੁੰਚਾ ਸਕਦੇ ਹਨ,ਜੇ ਉਹ ਚਾਹੁਣ ਤਾਂ ਵਧੀਆ ਤੋਂ ਵਧੀਆ ਲੇਖਕ ਦੀ ਪ੍ਰਤਿਭਾ ਤੇ ਉਂਗਲ ਚੁੱਕ ਕੇ ਉਸਨੂੰ ਨਿਰਾਸ਼ਾਜਨਕ ਹਾਲਾਤ ਵਿਚ ਪਾ ਸਕਦੀਆਂ ਹਨ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly