ਪ੍ਰੈੱਸ ਕਲੱਬ ਦੇ ਬਾਹਰੋਂ ਲੰਘਦੇ ਭਗਵੰਤਪਾਲ ਭੱਗੂ ਨੂੰ ਓਹਦੇ ਕੁਲੀਗ ਨੇ ‘ਵਾਜ ਮਾਰੀ! “ਕੋਈ ਨਾ ਲੰਘੀ ਜਾਓ, ਇਹ ਨਈ ਕਿ ਕਾਰ ਖੜ੍ਹਾ ਕੇ ਮਿਲ ਈ ਲੈਂਦਾ ਬੰਦਾ..!!”
(ਸਮਾਜਵੀਕਲੀ) – ਇਹ ਆਵਾਜ਼ ਕਰਨੈਲ ਦੀ ਸੀ। ਕਰਨੈਲ ਜਿਹੜੀ ਅਖਬਾਰ ਵਿਚ ਖਬਰਾਂ ਦੀ ਸੁਧਾਈ ਦਾ ਕੰਮ ਕਰਦਾ ਸੀ, ਓਥੇ ਭਗਵੰਤਪਾਲ ਭੱਗੂ ਇਸ਼ਤਿਹਾਰਾਂ ਦੇ ਅਨੁਵਾਦ ਕਰਦਿਆਂ 25-26 ਸਾਲ ਲਾ ਚੁੱਕਿਆ ਸੀ। ਸਿਰੇ ਦਾ ਜੁਗਾੜੀ ਹੋਣ ਦੀ ਵਜ੍ਹਾ ਨਾਲ ਭੱਗੂ ਨੇ ਪਹਿਲਾਂ, ਇਸ਼ਤਿਹਾਰ ਤਰਜਮਾ ਮਹਿਕਮੇ ਤੋਂ ਨਿਊਜ਼ ਡੈਸਕ ਉੱਤੇ ਆਪਣੀ ਬਦਲੀ ਕਰਵਾਈ। ਫੇਰ, ਸਾਰੇ ਅਨੁਭਵੀ ਤੇ ਵਿਦਵਾਨ ਐਡੀਟਰਾਂ ਨੂੰ ਮਾਤ ਦੇ ਕੇ ਐਡੀਟਰ ਇੰਚਾਰਜ ਦਾ ਰੁਤਬਾ ਖੋਹ ਕੇ ਲੈ ਗਿਆ ਸੀ। ਅਖ਼ਬਾਰ ਦੇ ਮਾਲਕ ਦਾ ਕਾਕਾ, ਜਿਹਨੂੰ ਧਾਰਮਕ ਪਖੰਡੀ ਹੋਣ ਕਾਰਨ ਸਾਰੇ ਲੋਕ “ਵੀਰ ਜੀ” ਕਹਿੰਦੇ ਨੇ, ਓਹ ਭਗਵੰਤਪਾਲ ਭੱਗੂ ਉੱਤੇ ਖ਼ਾਸਾ ਮੇਹਰਬਾਨ ਸੀ। “ਵੀਰ ਜੀ” ਦੇ ਫ਼ੈਸਲੇ ਪਿੱਛੋਂ ਮੀਡੀਆ ਜਗਤ ਵੀ ਹੈਰਾਨ ਰਹਿ ਗਿਆ ਸੀ..!
ਕਰਨੈਲ ਨੇ ਭੱਗੂ ਦਾ ਹਾਲ ਚਾਲ ਪੁੱਛਿਆ ਤਾਂ ਭੱਗੂ ਦਾ ਰੋਸ ਫੁੱਟ ਗਿਆ। “ਕੀ ਦੱਸਾਂ ਯਾਰ, ਮੈਂ ਤਾਂ ਸੇਵਾ ਮੁਕਤ ਹੋ ਗਿਆ ਸਾਂ, ਇਕ ਹੋਰ ਅਖ਼ਬਾਰ ਵਿਚ ਨੌਕਰੀ ਤਾਂ ਮਿਲ ਗਈ ਸੀ ਪਰ ਉਨ੍ਹਾਂ ਨੇ ਅਹੁਦਾ ਘਟਾਅ ਕੇ ਮੈਨੂੰ ਰੱਖਿਆ। ਡੇਲੀ ਵੇਜ ਉੱਤੇ ਸਾਂ। ਓਥੇ ਮੁੱਖ ਸੰਪਾਦਕ ਦੀ ਲੋੜ ਸੀ, ਮੈਂ ਅਰਜ਼ੀ ਲਾ ਦਿੱਤੀ ਪਰ ਉਨ੍ਹਾਂ ਰੀਜੈਕਟ ਕਰ ‘ਤੀ ਕਿ ਇਨਹਾਊਸ ਪ੍ਰਮੋਸ਼ਨ ਨਹੀਂ ਦੇ ਸਕਦੇ ਹਾਂ। ਕੀ ਕਰਾਂ? ਹੁਣ, ਉਹਨਾਂ ਵੀ ਕੱਢ ਦਿੱਤੈ..!!!
ਭੱਗੂ ਦੀ ਗੱਲ ਸੁਣ ਕੇ, ਕਰਨੈਲ ਦੇ ਮਨ ਵਿਚ ਭੁਚਾਲ ਆ ਗਿਆ ਤੇ ਓਹਨੇ ਸੱਚੀਆਂ ਸੁਣਾਅ ਦਿੱਤੀਆਂ। ਓਸ ਆਖਿਆ, “ਭੱਗੂ ਜੀਓ, ਕ਼ਸੂਰ ਤੁਹਾਡਾ ਵੀ ਏ। ਜਿਵੇਂ ਤੁਸੀਂ ਇਸ਼ਤਿਹਾਰਾਂ ਦੇ ਸਧਾਰਨ ਜਿਹੇ ਅਨੁਵਾਦਕ ਰਹੇ ਹੋ। ਫੇਰ ਵੀ, “ਵੀਰਜੀ” ਤੁਹਾਨੂੰ ਨਿਊਜ਼ ਡੈਸਕ ਉੱਤੇ ਲੈ ਆਇਆ ਸੀ।
ਏਸ ਮਹਾਂ-ਪ੍ਰਾਪਤੀ ਪਿੱਛੋਂ ਕੀ ਤੁਸੀਂ ਕਦੇ ਕੋਈ ਸਾਹਿਤਕ ਕਿਤਾਬ ਪੜ੍ਹੀ? ਪੰਜਾਬ ਦੇ ਇਤਿਹਾਸ, ਪਿਛੋਕੜ ਬਾਰੇ ਕੋਈ ਰਸਾਲਾ ਖ਼ਰੀਦ ਕੇ ਪੜ੍ਹਿਆ ਕਦੇ? ਤੁਸੀਂ ਅੱਧੀ ਜ਼ਿੰਦਗੀ ਅਖਬਾਰਾਂ ਵਿਚ ਗਾਲ਼ ਦਿੱਤੀ ਸੀ ਪਰ ਜਦੋਂ ਵੀ ਕੋਈ ਬੰਦਾ ਅਧਿਐਨ ਜਾਂ ਵਿਦਵਤਾ ਦੀ ਕੋਈ ਗੱਲ ਕਰਦਾ ਤਾਂ ਤੁਸੀਂ ਚਾਰੇ ਖੁਰ ਚੱਕ ਕੇ ਪੈ ਜਾਂਦੇ ਸੀ। ਜਦੋਂ ਅਸੀਂ ਤੁਹਾਡੇ ਕੋਲੋਂ ਕਿਸੇ ਲੋਕ ਲਹਿਰ ਜਾਂ ਕਿਸੇ ਸੰਘਰਸ਼ੀ ਲਹਿਰ ਦੇ ਨਾਇਕ ਬਾਰੇ ਪੁੱਛਦੇ ਸਾਂ ਤਾਂ ਤੁਸੀਂ ਆਖ ਦਿੰਦੇ ਸੀ, ਯਾਰ ਕੋਈ ਹਲਕੀ ਫੁਲਕੀ ਗੱਲ ਕਰੋ..! ਗੰਭੀਰ ਗੱਲ ਨ੍ਹੀ ਕਰਨੀ. !!
ਦੇਖੋ, ਕਿਸੇ ਨੂੰ ਪਤਾ ਨਹੀਂ ਲੱਗਣਾ ਸੀ ਕਿ ਤੁਸੀਂ ਨਾਲਾਇਕ ਇਸ਼ਤਿਹਾਰ ਅਨੁਵਾਦਕ ਰਹੇ ਓ, ਜੇ… ਤੁਸੀਂ… ਦਿਖਾਵੇ ਲਈ ਹੀ ਸਾਹਿਤ ਪੜ੍ਹਦੇ ਹੁੰਦੇ।
“ਵੀਰਜੀ” ਨੇ ਤੁਹਾਨੂੰ ਐਡੀਟਰ ਇੰਚਾਰਜ ਲਾ ਦਿੱਤਾ ਸੀ, ਤੁਸੀਂ, ਸੇਵਾ ਮੁਕਤੀ ਮਗਰੋਂ ਨੀਝ ਲਾ ਕੇ ਸਾਹਿਤ ਪੜ੍ਹ ਲੈਂਦੇ।
ਜੇ ਕੁਛ ਪੜ੍ਹਿਆ ਹੁੰਦਾ ਤਾਂ ਇਕ ਦੋ ਕਤਾਬਾਂ ਛਪਵਾ ਸਕਦੇ ਸੀ…। ਤੁਹਾਡਾ ਪ੍ਰੋਫ਼ਾਈਲ ਅਸਰਦਾਰ ਹੁੰਦਾ ਤਾਂ ਕਿਸੇ ਨਾ ਕਿਸੇ ਮੀਡੀਆ ਜਾਂ ਪ੍ਰਕਾਸ਼ਨ ਅਦਾਰੇ ਨੇ ਮੁੱਲ ਪਾ ਦੇਣਾ ਸੀ…। …ਪਰ, ਨਹੀਂ … ਤੁਸੀਂ ਤਾਂ ਜਿਵੇਂ ਘਟੀਆ ਗੱਲਾਂ ਕਰਨ ਦੀ ਹੀ ਸਹੁੰ ਪਾਈ ਫਿਰਦੇ ਸੀ।
ਏਸ ਲਈ ਅੱਜ ਜਗਤ ਤੁਹਾਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ, ਅੰਕਲ ਜੀ।
ਕਰਨੈਲ ਦੀਆਂ ਗੱਲਾਂ ਸੁਣ ਕੇ ਭਗਵੰਤਪਾਲ ਭੱਗੂ ਓਹਦੇ ਨਾਲ ਲੜ ਕੇ ਘਰ ਪਰਤ ਆਇਆ। ਘਰ ਆਇਆ ਤਾਂ ਓਹਦੀ ਪਤਨੀ ਸੋਮਾ ਦੇਈ ਉਰਫ਼ ਪ੍ਰਧਾਨੋ ਆਪਣੇ ਪੁੱਤਰ ਛਿੰਦਰਪਾਲ ਛਿੰਦੇ ਨਾਲ ਲੜਦੀ ਕੰਨੀਂ ਪਈ, ਅਖੇ, ਵੇ, ਛਿੰਦਿਆ ਆਹ ਕੀ ਕਤਾਬਾਂ ਪੜ੍ਹਨ ਲਈ ਲਾਇਬ੍ਰੇਰੀ ਜਾਣਾ, ਲਾਇਬ੍ਰੇਰੀ ਜਾਣਾ ਆਖਦਾ ਰਹਿੰਦੈ ਵੇ। ਅਖੇ, ਵੇ, ਮਰਜਾਣਿਆਂ, ਕੋਈ ਕਮਾਈ ਵਾਲਾ ਧੰਦਾ ਕਰ, ਚਾਰ ਪੈਸੇ ਕਮਾਅ ਪੁੱਤ, ਕੱਲ੍ਹ ਨੂੰ ਤੇਰਾ ਵਿਆਹ ਵੀ ਕਰਨਾ ਆ।
ਪ੍ਰਧਾਨੋ ਬੀਵੀ ਦੀ ਤਾਕੀਦ ਸੁਣ ਕੇ ਭਗਵੰਤਪਾਲ ਭੱਗੂ ਬੋਲ ਪਿਆ, “ਨਾ, ਪ੍ਰਧਾਨੋ, ਨਾ ਰੋਕ ਮੁੰਡੇ ਨੂੰ ਲਾਇਬ੍ਰੇਰੀ ਜਾਣੋ. !!! ਤੂੰ ਪ੍ਰਧਾਨੋ 25 ਸਾਲ ਵੱਖ ਵੱਖ ਸਿਆਸੀ ਪਾਰਟੀਆਂ ਦੇ ਚਵਲ ਅਹੁਦੇਦਾਰਾਂ ਨਾਲ ਘੁੰਮ ਕੇ ਬਰਬਾਦ ਕਰ ‘ਤੇ। ਮੈਂ ਇਸ਼ਤਿਹਾਰਾਂ ਦਾ ਨਲਾਇਕ ਜਿਹਾ ਅਨੁਵਾਦਕ ਬਣ ਕੇ ਰਹਿ ਗਿਆ। ਪੱਲੇ ਤੇਰੇ ਵੀ ਸਿਆਣਪ ਹੈਨੀ…, ਪੱਲੇ ਮੇਰੇ ਵੀ ਕੱਖ ਨਹੀਂ ਹੈ..। ਜੇ ਛਿੰਦੂ ਕਤਾਬਾਂ ਪੜ੍ਹਨ ਵੱਲ ਅਹੁਲ ਰਿਹੈ, ਤਾਂ ਪ੍ਰਧਾਨੋ, ਨੰਨਾ ਨਾ ਪਾ। ਇਹ ਕਤਾਬਾਂ ਪੜ੍ਹ ਕੇ ਈ ਫਰਸ਼ੀ ਦੁਨੀਆ ਉੱਤੇ ਅਰਸ਼ੀ ਹੁਲਾਰੇ ਮਿਲ ਸਕਦੇ ਹੁੰਦੇ ਆ।
ਭੱਗੂ, ਇਹ ਗੱਲ… ਸਾਹਿਤਕ ਅੰਦਾਜ਼ ਵਿਚ… ਕਹਿ ਗਿਆ ਤਾਂ ਸੋਮਾ ਦੇਈ ਪ੍ਰਧਾਨੋ ਭੱਗੂ ਵੱਲ ਤੇ ਭੱਗੂ ਪ੍ਰਧਾਨੋ ਵੱਲ ਵੇਖ ਕੇ ਇਕ ਦੂਜੇ ਦਾ ਮੁਲਾਂਕਣ ਕਰਦੇ ਨਜ਼ਰੀਂ ਪਏ।
ਓਧਰ, ਕਤਾਬਾਂ ਦਾ ਮੁਰੀਦ ਛਿੰਦਾ ਖੁਸ਼ ਸੀ ਕਿ ਹੁਣ ਓਹ ਸੁਤੰਤਰ ਭਾਵਨਾ ਨਾਲ ਅਧਿਐਨ ਕਰ ਕੇ ਸੋਝੀ ਕਮਾਉਣ ਦੇ ਰਾਹ ਪੈ ਸਕੇਗਾ!!!
ਰਾਬਤਾ : ਸਰੂਪ ਨਗਰ, ਰਾਓਵਾਲੀ।
+916284336773 9465329617
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly