(ਸਮਾਜ ਵੀਕਲੀ)
ਹਰ ਗੱਲ, ਹਰ ਗੱਲ ਚੰਨਾਂ ਤੇਰੀ ਮੰਨਾਂ ਵੇ
ਮੇਰੀ ਵੀ ਗੱਲ ਸੁਣ, ਗੱਲ ਸੁਣ ਚੰਨਾਂ ਵੇ
ਬੰਨ੍ਹ ਸੂਹੀ ਪੱਗ ਪੀ ਲੱਸੀ ਵਾਲਾ ਛੰਨਾ ਵੇ
ਤੂੰ ਨਾਲ ਚੱਲ ਮੇਰੇ, ਚੱਲ ਮੇਰੇ ਚੰਨਾਂ ਵੇ
ਮੇਰੀ ਵੀ ਗੱਲ ਸੁਣ, ਗੱਲ ਸੁਣ ਚੰਨਾਂ ਵੇ
ਆਇਆ ਸਾਵਣ ਪੇਕੇ ਫੇਰਾ ਪਾਉਣਾ ਮੈਂ
ਕੁਝ ਦਿਨ ਬਾਬਲ ਘਰ ਡੇਰਾ ਲਾਉਣਾ ਮੈਂ
ਜਵਾਕਾਂ ਤੋਂ ਭੂਆ-ਭੂਆ ਹੈ ਕਹਾਉਣਾ ਮੈਂ
ਹਾੜਾ ਲੈ ਚੱਲ ਮੈਨੂੰ ਆਖੀਂ ਨਾ ਨੱਨਾ ਵੇ
ਮੇਰੀ ਵੀ ਗੱਲ ਸੁਣ, ਗੱਲ ਸੁਣ ਚੰਨਾਂ ਵੇ
ਜੁਗ-ਜੁਗ ਜੀਵੇ ਵੀਰਾ ਅੰਮੜੀ ਜਾਇਆ
ਸਦ ਸੁਹਾਗਣ ਭਾਬੋ ਮੱਥੇ ਵੱਟ ਨਾ ਪਾਇਆ
ਸੁਖੀ ਵਸੇ ਚਾਚਾ, ਸੁਖੀ ਵਸੇ ਮੇਰਾ ਤਾਇਆ
ਮਿਲਾ ਲਿਆ ਉਹਨਾਂ ਨੂੰ ਹੱਥ ਤੇਰੇ ਬੰਨ੍ਹਾਂ ਵੇ
ਮੇਰੀ ਵੀ ਗੱਲ ਸੁਣ ਗੱਲ ਸੁਣ ਚੰਨਾਂ ਵੇ
ਅੰਮੜੀ ਵਾਲਾ ਸੰਧੂਰੀ ਸੂਟ ਮੈਂ ਪਾਉਣਾ ਏ
ਸੱਸੜੀ ਵਾਲਾ ਹਾਰ ਗਲ਼ ‘ਚ ਸਜਾਉਣਾ ਏ
ਸੁਖੀ ਵਸਦੀ ਲਾਡੋ ਬਾਪੂ ਨੂੰ ਜਤਾਉਣਾ ਏ
ਜੋ ਲਗਾਵੇ ਨਜ਼ਰ ਡੇਲੇ ਉਹਦੇ ਮੈਂ ਭੰਨਾਂ ਵੇ
ਮੇਰੀ ਵੀ ਗੱਲ ਸੁਣ, ਗੱਲ ਸੁਣ ਚੰਨਾਂ ਵੇ
ਚੰਨਾਂ! ਕਦੀ ਸਹੇਲੀਆਂ ਕੋਲ ਮੈਂ ਵਸਦੀ ਸਾਂ
ਚੰਨਾਂ! ਆਪਣੀ ਮੰਗਣੀ ਦੀ ਗੱਲ ਦੱਸਦੀ ਸਾਂ
ਚੰਨਾਂ! ਵਿੱਚ ਸਖੀਆਂ ਸੰਗਦੀ ਤੇ ਹੱਸਦੀ ਸਾਂ
ਚੰਨਾਂ! ਲੈ ਆਇਓਂ ਮੈਨੂੰ ਬਣ ਮੇਰਾ ਬੰਨਾ ਵੇ
ਮੇਰੀ ਵੀ ਗੱਲ ਸੁਣ, ਗੱਲ ਸੁਣ ਚੰਨਾਂ ਵੇ
ਰਾਂਝੇ ਨਾਲ ਬੈਠ ਗਈ ਵੇਖੋ ਹੀਰ, ਅਸ਼ਕੇ!
ਨਿੱਕਲੀ ਗੱਡੀ ਜਿਉਂ ਕਮਾਨੋਂ ਤੀਰ, ਅਸ਼ਕੇ!
ਬੁੱਲਾਂ ‘ਤੇ ਹਾਸਾ ਅੱਖੀਆਂ ‘ਚ ਨੀਰ, ਅਸ਼ਕੇ!
ਪੇਕੇ ਲੈ ਜਾਵਣ ਮਾਹੀ ਖੁਸ਼ ਹੋਵਣ ਰੰਨਾਂ ਵੇ
ਮੇਰੀ ਵੀ ਗੱਲ ਸੁਣ ਗੱਲ ਸੁਣ ਚੰਨਾਂ ਵੇ
(ਮਨਜੀਤ ਸਿੰਘ ਬੱਧਣ)



