ਰਾਜਸਥਾਨ, ਯੂਪੀ ਤੇ ਮੱਧ ਪ੍ਰਦੇਸ਼ ’ਚ ਅਸਮਾਨੀ ਬਿਜਲੀ ਡਿੱਗਣ ਨਾਲ 74 ਹਲਾਕ

ਧਰਮਸ਼ਾਲਾ/ਸ਼ਿਮਲਾ/ਜੈਪੁਰ/ਲਖਨਊ/ਭੋਪਾਲ, (ਸਮਾਜ ਵੀਕਲੀ): ਰਾਜਸਥਾਨ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ 74 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਜੈਪੁਰ ਦਾ 12ਵੀਂ ਸਦੀ ਦਾ ਇਤਿਹਾਸਕ ਆਮੇਰ ਕਿਲ੍ਹਾ ਵੇਖਣ ਆਏ 12 ਸੈਲਾਨੀ ਵੀ ਸ਼ਾਮਲ ਹਨ, ਜੋ ਵਾਚਟਾਵਰ ’ਤੇ ਸੈਲਫੀਆਂ ਲੈਂਦੇ ਅਸਮਾਨੀ ਬਿਜਲੀ ਦੀ ਜ਼ੱਦ ਵਿੱਚ ਆ ਗਏ। ਮ੍ਰਿਤਕਾਂ ਵਿੱਚੋਂ ਬਹੁਤੇ ਨੌਜਵਾਨ ਸਨ ਤੇ ਇਨ੍ਹਾਂ ਵਿੱਚ ਪੰਜਾਬ ਨਾਲ ਸਬੰਧਤ ਭੈਣ-ਭਰਾ ਵੀ ਸ਼ਾਮਲ ਹਨ। ਰਾਜਸਥਾਨ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਕੁਝ ਹੋਰਨਾਂ ਜ਼ਿਲ੍ਹਿਆਂ ’ਚ 10 ਮੌਤਾਂ ਹੋਣ ਦੀਆਂ ਰਿਪੋਰਟਾਂ ਹਨ। 41 ਦੇ ਅੰਕੜੇ ਨਾਲ ਸਭ ਤੋਂ ਵੱਧ ਮੌਤਾਂ ਯੂਪੀ ਦੇ 16 ਜ਼ਿਲ੍ਹਿਆਂ ਤੋਂ ਰਿਪੋਰਟ ਹੋਈਆਂ ਹਨ। ਉਧਰ ਮੱਧ ਪ੍ਰਦੇਸ਼ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਰ ਨਾਬਾਲਗਾਂ ਸਮੇਤ 11 ਲੋਕ ਮਾਰੇ ਗਏ ਹਨ।

ਉੱਧਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਵਿੱਚ ਅੱਜ ਬੱਦਲ ਫਟਣ ਕਰਕੇ ਨਦੀ ਨਾਲਿਆਂ ’ਚ ਸੈਲਾਬ ਆ ਗਿਆ। ਪਾਣੀ ਦਾ ਪੱਧਰ ਯੱਕਦਮ ਵਧਣ ਕਰਕੇ ਮੈਕਲੋਡਗੰਜ ਨੇੜੇ ਭਾਗਸੂਨਾਗ ਵਿੱਚ ਕਾਫ਼ੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ। ਮੌਸਮ ਵਿਭਾਗ ਨੇ 13 ਜੁਲਾਈ ਤੋਂ ਅਗਲੇ ਚਾਰ ਦਿਨ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਹੜ੍ਹਾਂ ਕਰਕੇ ਧਰਮਸ਼ਾਲਾ ਦੇ ਹਵਾਈ ਅੱਡੇ ਤੇ ਮੰਡੀ-ਪਠਾਨਕੋਟ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਸੇ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਉਕਤ ਮੌਤਾਂ ਉੱਤੇ ਦੁੱਖ ਦਾ ਇਜ਼ਹਾਰ ਕਰਦਿਆਂ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਣੀ ਦੇ ਮਾਮਲੇ ’ਤੇ ਦਿੱਲੀ ਸਰਕਾਰ ਸੁਪਰੀਮ ਕੋਰਟ ਪੁੱਜੀ
Next articleਬੇਅਦਬੀ ਮਾਮਲਾ: ਸਿੱਧੂ ਨੇ ਬਾਦਲਾਂ ’ਤੇ ਸਵਾਲ ਉਠਾਏ