(ਸਮਾਜ ਵੀਕਲੀ)
ਸੰਸਾਰ ਦੀ ਨਾਸ਼ਵਾਨਤਾ ਬਾਰੇ ਅਸੀਂ ਸਭ ਜਾਣਦੇ ਹਾਂ। ਇਤਿਹਾਸ ਗਵਾਹ ਹੈ ਕਿ ਇਸ ਸੰਸਾਰ ਵਿਚ ਕੁਝ ਵੀ ਚਿਰ-ਸਥਾਈ ਨਹੀਂ ਹੈ। ਜੋ ਉਪਜਿਆ ਹੈ ਉਸ ਨੇ ਇਕ ਨਾ ਇਕ ਦਿਨ ਬਿਨਸਨਾ ਹੀ ਹੁੰਦਾ ਹੈ। ਅਨੇਕਾਂ ਰਾਜੇ-ਮਹਾਰਾਜੇ, ਸਾਧੂ, ਸੰਤ, ਮਹਾਤਮਾ ਇਸ ਦੁਨੀਆਂ ਤੇ ਆਏ ਤੇ ਆਪਣੀ ਦਿੱਤੀ ਉਮਰ ਭੋਗ ਕੇ ਚਲੇ ਗਏ। ਜਿਹੜੇ ਲੋਕ ਜ਼ਿੰਦਗੀ ਦਾ ਮਕਸਦ ਜਾਣ ਜਾਂਦੇ ਹਨ ਉਹੀ ਇਸ ਦਾ ਅਨੰਦ ਲੈ ਕੇ ਜਾਂਦੇ ਹਨ, ਬਾਕੀ ਤਾਂ ਬਸ ਕੱਟਦੇ ਹੀ ਹਨ। ਉਹ ਨਾ ਤਾਂ ਆਪ ਸੁੱਖ ਮਾਣਦੇ ਹਨ ਅਤੇ ਨਾ ਹੀ ਆਪਣੇ ਨਾਲ਼ ਜੁੜੇ ਲੋਕਾਂ ਨੂੰ ਸੁੱਖ ਮਾਨਣ ਦਿੰਦੇ ਹਨ। ਇਹ ਲੋਕ ਅਕਸਰ ਹੀ ਸੁਆਰਥੀ, ਮਤਲਬੀ ਅਤੇ ਲਾਈਲੱਗ ਹੁੰਦੇ ਹਨ। ਇਹਨਾਂ ਸਾਰਿਆਂ ਦੇ ਗੁਣ ਲਗਭਗ ਇਕੋ ਜਿਹੇ ਹੁੰਦੇ ਹਨ ਪਰ ਲਾਈਲੱਗ ਸਾਰਿਆਂ ਤੋਂ ਵੱਧ ਵਿਸ਼ੇਸ਼ ਹੁੰਦਾ ਹੈ, ਕਿਉਂਕਿ ਉਸ ਨਾਲ਼ ਜੁੜੇ ਜੀਅ ਤਾ-ਉਮਰ ਦੁਖੀ ਹੀ ਰਹਿੰਦੇ ਹਨ।
ਜੋ ਵਿਅਕਤੀ ਆਪਣੇ ਭਵਿੱਖ ਦਾ ਖਿਆਲ ਕੀਤੇ ਬਿਨਾਂ ਝੂਠੀ ਪ੍ਰਸੰਸਾ ਲਈ ਆਪਣੇ ਦਿਮਾਗ ਦੀ ਬਜਾਏ ਦੂਸਰਿਆਂ ਦੇ ਕਹੇ ਅਨੁਸਾਰ ਚੱਲੇ, ਲਾਈਲੱਗ ਕਹਾਉੰਦਾ ਹੈ। ਦੂਸਰੇ ਸ਼ਬਦਾਂ ਵਿਚ ਜਿੱਥੇ ਉਸਦੀ ਸੋਚ ਮੁੱਕਦੀ ਹੈ ਪਿੱਛੇ ਲਾਉਣ ਵਾਲੇ ਦੀ ਉੱਥੋਂ ਸ਼ੁਰੂ ਹੁੰਦੀ ਹੈ। ਉਹ ਹਮੇਸ਼ਾਂ ਇਹ ਹੀ ਮਹਿਸੂਸ ਕਰਦਾ ਰਹਿੰਦਾ ਹੈ ਕਿ ਉਹ ਇਕ ਵਿਸ਼ੇਸ਼ ਸੋਚ ਅਤੇ ਕਿਰਦਾਰ ਦਾ ਮਾਲਕ ਹੈ। ਪਰ ਅਸਲ ਵਿਚ ਅਜਿਹਾ ਕੁਝ ਨਹੀਂ ਹੁੰਦਾ। ਉਹ ਇਸ ਗੱਲ ਤੋਂ ਪੂਰੀ ਤਰ੍ਹਾਂ ਅਭਿੱਜ ਅਤੇ ਅਣਜਾਣ ਹੁੰਦਾ ਹੈ ਕਿ ਉਸ ਦਾ ਇਸਤੇਮਾਲ ਹੋ ਰਿਹਾ ਹੈ ਨਾ ਕਿ ਕੋਈ ਉਸ ਦਾ ਸਾਥ ਦੇ ਰਿਹਾ ਹੈ।
ਲਾਈਲੱਗ ਵਿਅਕਤੀ ਬੇਸ਼ੱਕ ਚੰਗੇ ਦਿਮਾਗ ਦਾ ਮਾਲਕ ਹੋਵੇ ਪਰ ਉਹ ਆਪਣੀ ਦਿਮਾਗੀ ਸ਼ਕਤੀ ਦੂਸਰਿਆਂ ਦੇ ਕਹੇ ਅਨੁਸਾਰ ਵਰਤਦਾ ਹੈ ਨਾ ਕਿ ਆਪਣੇ ਵਿਵੇਕ ਦੀ ਤਾਕਤ ਨਾਲ਼। ਅਸਲ ਵਿਚ ਉਸਦਾ ਭਾਵਨਾਤਮਕ ਸ਼ੋਸ਼ਣ ਹੋ ਰਿਹਾ ਹੁੰਦਾ ਹੈ, ਜੋ ਕਿ ਨਾ ਵੇਖਣ, ਸੁਣਨ ਜਾਂ ਛੋਹਣ ਕਰਕੇ ਉਸਨੂੰ ਸਪੱਸ਼ਟ ਨਹੀਂ ਹੁੰਦਾ। ਲਾਈਲੱਗ ਵਿਅਕਤੀ ਆਪਣੇ ਆਪ ਵਿਚ ਹੀ ਮਹਾਨਤਾ ਦੀ ਫੀਲਿੰਗ ਲੈ ਕੇ ਮਾਣ ਮਹਿਸੂਸ ਕਰਦਾ ਰਹਿੰਦਾ ਹੈ। ਉਸ ਦੀ ਇਸ ਫੀਲਿੰਗ ਨਾਲ਼ ਪਿੱਛੇ ਲਾਉਣ ਵਾਲਾ ਖੁਸ਼ ਹੁੰਦਾ ਰਹਿੰਦਾ ਹੈ। ਪਿੱਛੇ ਲਾਉਣ ਵਾਲੇ ਨੂੰ ਖੁਸ਼ ਹੁੰਦਾ ਵੇਖ ਕੇ ਲਾਈਲੱਗ ਵਿਅਕਤੀ ਹੋਰ ਮਾਣ ਮਹਿਸੂਸ ਕਰਦਾ ਹੈ ਕਿ ਉਸ ਕਰਕੇ ਕੋਈ ਕਿੰਨ੍ਹਾਂ ਖੁਸ਼ ਹੈ। ਇਹ ਗੱਲ ਵੱਖਰੀ ਹੈ ਕਿ ਉਸ ਦੀ ਇਸ ਹਰਕਤ ਕਰਕੇ ਉਸ ਦੇ ਆਪਣੇ ਦੁਖੀ ਰਹਿੰਦੇ ਹਨ। ਲਾਈਲੱਗ ਸੋਚਦਾ ਹੈ ਕਿ ਕੋਈ ਗੱਲ ਨਹੀਂ ਘਰਦਿਆਂ ਨੇ ਕਿਹੜਾ ਕਿਤੇ ਚਲੇ ਜਾਣਾ ਜਾਂ ਛੱਡ ਦੇਣਾ, ਪਰ ਬਾਹਰ ਤਾਂ ਉਸ ਦੀ ਵਿਸ਼ੇਸ਼ਤਾ ਬਣੀ ਹੋਈ ਹੈ। ਵਾਹ ਵਾਹ ਤਾਂ ਬਾਹਰੋ ਹੀ ਖੱਟਣੀ ਹੈ, ਘਰੋਂ ਕਿਹੜਾ ਕੋਈ ਲਾਭ ਹੋਣਾ।
ਆਓ ਜਾਣੀਏ ਕਿ ਲਾਈਲੱਗ ਵਿਅਕਤੀ ਵਿਚ ਕੀ ਲੱਛਣ ਪਾਏ ਜਾਂਦੇ ਹਨ। ਉਹ ਅਕਸਰ ਗੁੱਸੇਖੋਰ ਹੁੰਦਾ ਹੈ। ਉਹ ਆਪਣੇ ਪਰਿਵਾਰ ਦਿਆਂ ਜੀਆਂ ਨੂੰ ਵੱਢ ਖਾਣ ਨੂੰ ਪੈਂਦਾ ਹੈ। ਚੌਵੀਂ ਘੰਟੇ ਚੜ੍ਹੇ ਘੋੜੇ ਸਵਾਰ ਰਹਿੰਦਾ ਹੈ। ਹਮੇਸ਼ਾ ਦੂਸਰਿਆਂ ਦੀਆਂ ਗਲਤੀਆਂ ਕੱਢਦਾ ਰਹਿੰਦਾ ਹੈ। ਦੂਸਰਿਆਂ ਨੂੰ ਕੋਲਾ ਅਤੇ ਖੁਦ ਨੂੰ ਕੁੰਦਨ ਸਮਝਦਾ ਹੈ। ਆਪਣੀਆਂ ਗਲਤੀਆਂ ਉਸ ਨੂੰ ਕਦੀ ਨਜ਼ਰ ਨਹੀਂ ਆਉਂਦੀਆਂ। ਜਿਸ ਤਰ੍ਹਾਂ ਸ਼ਰਾਬੀ ਨੂੰ ਛੱਡ ਕੇ ਸਭ ਨੂੰ ਪਤਾ ਹੁੰਦਾ ਹੈ ਕਿ ਉਹ ਨਸ਼ੇ ਵਿਚ ਹੈ, ਠੀਕ ਉਸੇ ਤਰ੍ਹਾਂ ਲਾਈਲੱਗ ਨੂੰ ਛੱਡ ਕੇ ਸਭ ਨੂੰ ਪਤਾ ਹੁੰਦਾ ਹੈ ਕਿ ਉਹ ਕਿੱਡੀ ਵੱਡੀ ਮੂਰਖਤਾ ਕਰ ਰਿਹਾ ਹੈ।
ਪਿੱਛੇ ਲੱਗਣ ਵਾਲਾ ਵਿਅਕਤੀ ਸਦਾ ਫਤੂਰ ਵਿਚ ਰਹਿੰਦਾ ਹੈ। ਉਹ ਸਦਾ ਭਰਮਾਂ ਦਾ ਸ਼ਿਕਾਰ ਹੁੰਦਾ ਹੈ। ਉਸ ਵਿਚ ਆਤਮ-ਵਿਸ਼ਵਾਸ ਦੀ ਘਾਟ ਹੁੰਦੀ ਹੈ। ਘਰਦਿਆਂ ਨਾਲ਼ ਉੱਚੀ ਬੋਲਣ ਨੂੰ ਸ਼ੇਰ ਹੁੰਦਾ ਹੈ, ਪਰ ਸਭਾ ਸੁਸਾਇਟੀਆਂ ਵਿਚ ਉਸਦੀ ਆਵਾਜ਼ ਨਹੀਂ ਨਿਕਲਦੀ। ਉਸ ਦੇ ਮਨ ਤੇ ਆਪਣੀ ਅਸਲੀਅਤ ਖੁੱਲਣ ਦਾ ਡਰ ਬਣਿਆ ਰਹਿੰਦਾ ਹੈ। ਉਹ ਅਕਸਰ ਝੂਠ ਬੋਲਦਾ ਹੈ। ਗੱਲਾਂ ਲੁਕਾ ਕੇ ਰੱਖਦਾ ਹੈ।
ਆਪਣੀਆਂ ਘਰੇਲੂ ਸਾਂਝੀਆਂ ਚੀਜ਼ਾਂ ਦੀ ਜੇਕਰ ਕੋਈ ਉਸ ਤੋਂ ਪਹਿਲਾਂ ਵਰਤੋਂ ਕਰ ਲਵੇ ਤਾਂ ਉਸਦਾ ਵੱਸ ਨਹੀਂ ਚੱਲਦਾ, ਨਹੀਂ ਤਾਂ ਬੰਦੇ ਨੂੰ ਮਾਰ ਦੇਵੇ ਜਾਂ ਘਰੋਂ ਬਾਹਰ ਕੱਢ ਦੇਵੇ। ਦੂਸਰਿਆਂ ਦਾ ਅਪਮਾਨ ਕਰਕੇ ਉਹ ਆਪਣੀ ਹਉਮੈ ਨੂੰ ਪੱਠੇ ਪਾਉਂਦਾ ਰਹਿੰਦਾ ਹੈ। ਜੇਕਰ ਉਹ ਪਤੀ ਹੈ ਤਾਂ ਪਤਨੀ ਨੂੰ ਟਿੱਚ ਸਮਝਦਾ ਅਤੇ ਜੇਕਰ ਉਹ ਪਤਨੀ ਹੈ ਤਾਂ ਪਤੀ ਨੂੰ ਟਿੱਚ ਸਮਝਦੀ ਹੈ। ਇਹੋ ਜਿਹੇ ਵਿਅਕਤੀ ਦੀ ਔਲਾਦ ਕਦੀ ਸੰਸਾਰਿਕ ਸੁੱਖ ਨਹੀਂ ਭੋਗਣੀ ਬਲਕਿ ਪੈਸੇ ਧੇਲ਼ੇ ਵਾਲੀ ਬਦਕਿਸਮਤ ਗ਼ਰੀਬ ਔਲਾਦ ਹੁੰਦੀ ਹੈ।
ਪਰਿਵਾਰ ਦੇ ਜੀਆਂ ਨੂੰ ਉਹ ਸਦਾ ਸ਼ੱਕ ਨਾਲ਼ ਹੀ ਵੇਖਦਾ ਹੈ। ਇੱਧਰ ਦੀਆਂ ਉੱਧਰ ਅਤੇ ਉੱਧਰ ਦੀਆਂ ਇੱਧਰ ਲਾਉਣਾ ਉਹਦਾ ਸੁਭਾਅ ਬਣ ਜਾਂਦਾ ਹੈ। ਸਾਰੀ ਉਮਰ ਉਹ ਆਪਣੇ ਵੱਡਿਆਂ ਦੀ ਪਰਵਾਹ ਨਹੀਂ ਕਰਦਾ ਅਤੇ ਆਪਣੇ ਤੋਂ ਛੋਟਿਆਂ ਦਾ ਜਿਊਣਾ ਦੁੱਭਰ ਕਰ ਦਿੰਦਾ ਹੈ। ਪਾੜੋ ਤੇ ਰਾਜ ਕਰੋ ਦੀ ਨੀਤੀ ਉਸ ਦੀ ਕੂਟਨੀਤੀ ਹੁੰਦੀ ਹੈ। ਆਪਣੀ ਤੁੱਛ ਬੁੱਧੀ ਨਾਲ਼ ਕਈਆਂ ਦੇ ਤਲਵੇ ਚੱਟਣ ‘ਚ ਵੀ ਉਸ ਨੂੰ ਬਹੁਤ ਅਨੰਦ ਪ੍ਰਾਪਤ ਹੁੰਦਾ ਹੈ ਤੇ ਜੋ ਉਹਨੂੰ ਹੱਥੀਂ ਛਾਂਵਾਂ ਕਰਦੇ ਹਨ ਉਹਨਾਂ ਦੇ ਹੱਥ ਤੋੜਨ ਤੱਕ ਜਾਂਦਾ। ਸ਼ਾਤਰ ਦਿਮਾਗ ਅਕਸਰ ਇਹੋ ਜਿਹੇ ਲਾਈਲੱਗਾਂ ਦਾ ਫ਼ਾਇਦਾ ਚੁੱਕਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਇਸ਼ਾਰਿਆਂ ‘ਤੇ ਨਚਾਉਂਦੇ ਹਨ। ਇਹ ਵੀ ਨੱਚ ਨੱਚ ਦੂਹਰੇ-ਤੀਹਰੇ ਹੁੰਦੇ ਨਹੀਂ ਥੱਕਦੇ।
ਸਮਝ ਨਹੀਂ ਆਉਂਦੀ ਕਿ ਪ੍ਰਮਾਤਮਾ ਇਹੋ ਜਿਹੇ ਵਿਅਕਤੀਆਂ ਦੀ ਰਚਨਾ ਕਰਕੇ ਸ਼ਿਕਾਰ ਹੋਏ ਲੋਕਾਂ ਦੇ ਕਿਹੜੇ ਜਨਮਾਂ ਅਤੇ ਕਰਮਾਂ ਦਾ ਭੁਗਤਾਨ ਕਰਵਾ ਰਿਹਾ ਹੁੰਦਾ ਹੈ। ਅਜਿਹੇ ਲਾਈਲੱਗਾਂ ਦੇ ਵਿਸ਼ਵਾਸ ਪਾਤਰ ਉਹਨਾਂ ਦੇ ਸ਼ੋਸ਼ਣ-ਕਰਤਾ ਹੀ ਹੁੰਦੇ ਹਨ। ਪਰਿਵਾਰ ਦੇ ਜੀਅ ਤਾਂ ਉਸ ਦੇ ਸ਼ੱਕ ਦੇ ਘੇਰੇ ਵਿੱਚੋਂ ਕਦੀ ਬਾਹਰ ਹੀ ਨਹੀਂ ਨਿਕਲ ਪਾਉਂਦੇ।
ਇਹ ਵੀ ਅਕਸਰ ਵੇਖਣ ਵਿਚ ਆਉਂਦਾ ਹੈ ਕਿ ਅਜਿਹੇ ਵਿਅਕਤੀ ਲੰਮੀ ਅਤੇ ਤੰਦਰੁਸਤ ਉਮਰ ਭੋਗਦੇ ਹਨ। ਕਈ ਵਾਰ ਤਾਂ ਉਹਨਾਂ ਨਾਲ਼ ਜੁੜੇ ਵਿਅਕਤੀ ਚੰਗੇ ਸਮੇਂ ਦਾ ਇੰਤਜ਼ਾਰ ਕਰਦਿਆਂ ਹੀ ਜਹਾਨੋਂ ਕੂਚ ਕਰ ਜਾਂਦੇ ਹਨ। ਉਸ ਮੌਕੇ ਵੀ ਲਾਈਲੱਗਾਂ ਦੇ ਡਰਾਮੇ ਦੀ ਜਨਤਾ ਸਾਹਮਣੇ ਪੇਸ਼ਕਾਰੀ ਬਾਕਮਾਲ ਹੁੰਦੀ ਹੈ। ਇਕ ਵਾਰ ਤਾਂ ਭੁਲੇਖਾ ਜਿਹਾ ਪੈ ਜਾਂਦਾ ਹੈ ਕਿ ਸ਼ਾਇਦ ਇਹ ਸੁਧਰ ਗਏ ਪਰ ਵਹਿਮ ਦਾ ਕੋਈ ਇਲਾਜ ਨਹੀਂ ਹੈ ਜੀ। ਰੀਤੀ ਰਿਵਾਜ ਮੁੱਕਣ ਤੇ ਇਹਨਾਂ ਦੀਆਂ ਕਰੂੰਬਲਾਂ ਫਿਰ ਫੁੱਟ ਆਉਂਦੀਆਂ ਹਨ।
ਰੱਬ ਹੀ ਇਹਨਾਂ ਨੂੰ ਸੁਮੱਤ ਬਖਸ਼ੇ ਤਾਂ ਬਖਸ਼ੇ !ਨਹੀਂ ਤਾਂ ਕਿਸੇ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਸਿਆਣਿਆਂ ਸੱਚ ਕਿਹਾ ਹੈ ਕਿ ਮੱਛੀ ਪੱਥਰ ਚੱਟ ਕੇ ਹੀ ਮੁੜਦੀ। ਮੇਰੀ ਜਾਚੇ ਜੇਕਰ ਲਾਈਲੱਗ ਮੱਛੀ ਵਾਂਗ ਪੱਥਰ ਚੱਟ ਕੇ ਵੀ ਮੁੜ ਆਏ ਤਾਂ ਵੀ ਬੜੀ ਬਹਾਦਰੀ ਹੋਵੇਗੀ। ਰੱਬ ਇਹਨਾਂ ਦੇ ਪਰਿਵਾਰਕ ਜੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ !
ਵੀਨਾ ਬਟਾਲਵੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly