(ਸਮਾਜ ਵੀਕਲੀ)
ਜ਼ਿੰਦਗੀ ਜਿਊਣ ਅਤੇ ਜ਼ਿੰਦਗੀ ਕੱਟਣ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ।ਜ਼ਿੰਦਗੀ ਕਦੇ ਵੀ ਇੱਕੋ ਜਿਹੀ ਨਹੀਂ ਹੁੰਦੀ।ਇਸ ਵਿੱਚ ਸਮੁੰਦਰ ਦੀਆਂ ਲਹਿਰਾਂ ਵਾਂਗ ਉਤਾਰ ਚੜਾਅ ਆਉਂਦਾ ਹੀ ਰਹਿੰਦਾ ਹੈ।ਨਾ ਕਦੇ ਚੰਗਾ ਵਕਤ ਰੁੱਕਦਾ ਹੈ ਅਤੇ ਨਾ ਮਾੜਾ।ਰਾਤ ਤੋਂ ਬਾਅਦ ਹਮੇਸ਼ਾਂ ਦਿਨ ਚੜ੍ਹਦਾ ਹੈ ਅਤੇ ਦਿਨ ਤੋਂ ਬਾਅਦ ਰਾਤ ਦਾ ਆਉਣਾ ਵੀ ਪੱਕਾ ਹੈ।ਚੰਗੇ ਵਕਤ ਵਿੱਚ ਇੰਨਾ ਵੀ ਹਵਾ ਵਿੱਚ ਨਾ ਉੜੋ ਕਿ ਧਰਤੀ ਤੋਂ ਪੈਰ ਉਖੜ ਜਾਣ।ਜ਼ਿੰਦਗੀ ਨੂੰ ਖੁਸ਼ਹਾਲ ਅਤੇ ਖਿੜਿਆ ਰੱਖਣ ਲਈ ਜ਼ਰੂਰੀ ਹੈ ਕਿ ਆਪਣਿਆਂ ਨਾਲ ਜੁੜੇ ਰਹੀਏ।ਕਦੇ ਵਿਚਾਰ ਕਰਨਾ,ਪੱਤੇ ਉਦੋਂ ਤੱਕ ਜਿਉਂਦੇ ਹਨ ਜਦੋਂ ਤੱਕ ਟਾਹਣੀ ਨਾਲ ਜੁੜੇ ਹੁੰਦੇ ਹਨ।ਟਾਹਣੀ ਉਦੋਂ ਤੱਕ ਜਿੰਦਾ ਹੈ ਜਦੋਂ ਤੱਕ ਦਰੱਖਤ ਨਾਲ ਜੁੜੀ ਹੋਈ ਹੈ।ਦਰੱਖਤ ਉਸ ਵਕਤ ਤੱਕ ਹਰਿਆ ਭਰਿਆ ਹੈ ਜਦੋਂ ਤੱਕ ਜੜ੍ਹ ਨਾਲ ਹੈ।
ਜੜ੍ਹ ਉਦੋਂ ਤੱਕ ਜਿਉਂਦੀ ਹੈ ਜਦੋਂ ਤੱਕ ਧਰਤੀ ਦੇ ਨਾਲ ਜੁੜੀ ਹੋਈ ਹੈ।ਇਸਦਾ ਮਤਲਬ ਹੈ ਕਿ ਅਸੀਂ ਤਾਂ ਹੀ ਜਿਉਂਦੇ ਰਹਿ ਸਕਦੇ ਹਾਂ ਜਦੋਂ ਤੱਕ ਪਰਿਵਾਰ, ਸਕੇ ਸੰਬੰਧੀਆਂ,ਸਮਾਜ,ਦੇਸ਼ ਅਤੇ ਖਾਸ ਕਰਕੇ ਆਪਣੇ ਮਾਪਿਆਂ ਨਾਲ ਜੁੜੇ ਰਹਿੰਦੇ ਹਾਂ। ਜ਼ਿੰਦਗੀ ਰੋਸਿਆਂ ਭਰੀ, ਨੁਕਤਾਚੀਨੀ ਕਰਨ, ਲੋਕਾਂ ਦੀਆਂ ਚੁਗਲੀਆਂ ਅਤੇ ਭੰਡਣ ਲਈ ਨਹੀਂ ਹੈ।ਮੈਥਿਊ ਅਰਨੋਲਡ ਅਨੁਸਾਰ, “ਜ਼ਿੰਦਗੀ ਨੂੰ ਸਹਿਜ ਰੂਪ ਅਤੇ ਸਮੁੱਚਤਾ ਵਿੱਚ ਵੇਖੋ।”ਹਰ ਵੇਲੇ ਘੋੜੇ ਤੇ ਸਵਾਰ ਰਹਿਣਾ ਮਤਲਬ ਆਪਣੇ ਆਪਨੂੰ ਅਤੇ ਦੂਸਰਿਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਹੀ ਹੈ।ਤੁਹਾਡੇ ਸੁਭਾਅ ਅਤੇ ਤੁਹਾਡੀ ਮਰਜ਼ੀ ਨਾਲ ਸਭ ਕੁੱਝ ਕਦੇ ਵੀ ਨਹੀਂ ਚੱਲ ਸਕਦਾ।ਸੁਣਨਾ ਅਤੇ ਦੂਸਰਿਆਂ ਦੀ ਗੱਲ ਮੰਨਣਾ ਵੀ ਜ਼ਿੰਦਗੀ ਜਿਊਣ ਦੀ ਬਿਹਤਰੀਨ ਕਲਾ ਹੈ।
ਜ਼ਿੰਦਗੀ ਵਿੱਚ ਜਿੰਨਾ ਵਿਖਾਵਾ ਅਤੇ ਬਨਾਵਟੀਪਨ ਹੋਏਗਾ,ਜ਼ਿੰਦਗੀ ਉਨੀ ਹੀ ਔਖੀ ਹੁੰਦੀ ਜਾਵੇਗੀ।ਬਹੁਤ ਵਾਰ ਘਰ ਨੂੰ ਸਜਾਉਣਾ ਅਤੇ ਸਾਫ ਸੁਥਰਾ ਰੱਖਣ ਦਾ ਫਰਕ ਹੀ ਸਮਝ ਨਹੀਂ ਆਉਂਦਾ। ਅਸੀਂ ਘਰ ਨੂੰ ਸਜਾਉਣਾ ਅਤੇ ਲੋਕਾਂ ਨੂੰ ਵਿਖਾਉਣ ਦੇ ਚੱਕਰ ਵਿੱਚ ਸਾਰਾ ਮਾਹੌਲ ਖਰਾਬ ਕਰ ਲੈਂਦੇ ਹਾਂ। ਘਰ ਰਹਿਣ ਲਈ ਹੁੰਦਾ ਹੈ ਨਾ ਕਿ ਦੂਸਰਿਆਂ ਨੂੰ ਵਿਖਾਉਣ ਲਈ।ਜੇਕਰ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਦੂਸਰਿਆਂ ਨੂੰ ਖੁਸ਼ੀਆਂ ਦੇਵੋ।ਜਿੰਨਾ ਦੇ ਸੁਭਾਅ ਵਿੱਚ ਦੂਸਰਿਆਂ ਵਿੱਚ ਕਮੀਆਂ ਕੱਢਣਾ ਹੋਵੇ,ਉਹ ਨਾ ਖੁਸ਼ ਰਹਿ ਸਕਦੇ ਹਨ ਅਤੇ ਨਾ ਰਹਿਣ ਦਿੰਦੇ ਹਨ।ਇਹ ਤਾਂ ਪੱਕਾ ਹੈ ਕਿ ਤੁਹਾਡੇ ਵਿੱਚ ਇਹ ਸਭ ਤੋਂ ਵੱਡਾ ਨੁਕਸ ਹੈ।ਅਰਸੇ ਨੇ ਲਿਖਿਆ ਹੈ,”ਖੁਸ਼ੀ ਹੀ ਜ਼ਿੰਦਗੀ ਨੂੰ ਅਰਥ ਦਿੰਦੀ ਹੈ ਤੇ ਖੁਸ਼ੀ ਹੀ ਜ਼ਿੰਦਗੀ ਦਾ ਉਦੇਸ਼ ਹੁੰਦਾ ਹੈ।ਖੁਸ਼ੀ ਹੀ ਮਨੁੱਖੀ ਜ਼ਿੰਦਗੀ ਦਾ ਆਦਿ ਅਤੇ ਅੰਤ ਹੁੰਦਾ ਹੈ।”ਜ਼ਿੰਦਗੀ ਜਿਊਣ ਵਾਸਤੇ ਵਾਧੇ ਘਾਟੇ ਸਹਿਣੇ ਪੈਂਦੇ ਹਨ ਅਤੇ ਸਹਿਮ ਚਾਹੀਦੇ ਹਨ।
ਘਰ,ਪਰਿਵਾਰ ਹੋਵੇ ਜਾਂ ਕੰਮ ਕਰਨ ਵਾਲੀ ਥਾਂ,ਜੇਕਰ ਖੁੱਲੇ ਦਿਲ ਦਿਮਾਗ ਨਾਲ ਵਿਚਰੋਗੇ ਤਾਂ ਇਹ ਵੀ ਉਵੇਂ ਹੀ ਤੁਹਾਡਾ ਸਵਾਗਤ ਕਰਨਗੇ।ਕੁਦਰਤ ਨੇ ਤਾਂ ਸਾਡੇ ਲਈ ਹਰ ਪਲ ਬਿਹਤਰ ਹੀ ਬਣਾਇਆ ਹੁੰਦਾ ਹੈ। ਇਹ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਵਿੱਚੋਂ ਕੀ ਅਤੇ ਕਿਵੇਂ ਸਿੱਖਣਾ ਹੈ।ਹਾਰ ਵੀ ਬਹੁਤ ਕੁੱਝ ਸਿਖਾਉਂਦੀ ਹੈ।ਹਰ ਪਲ ਜ਼ਿੰਦਗੀ ਵਿੱਚੋਂ ਮਿਲ ਰਿਹਾ ਤੋਹਫਾ ਹੁੰਦਾ ਹੈ।ਘਰਦੇ ਬਜ਼ੁਰਗਾਂ ਦੇ ਤਜਰਬਿਆਂ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਜ਼ਿੰਦਗੀ ਜਿਊਣ ਦੀ ਸਮਝ ਹੋਵੇਗੀ ਇਸ ਕਰਕੇ ਹੀ ਉਹ ਕੁੱਝ ਕਹਿੰਦੇ ਅਤੇ ਸਮਝਾਉਂਦੇ ਹਨ ਜੋ ਨੌਜਵਾਨ ਪੀੜ੍ਹੀ ਨੂੰ ਰੋਕ ਟੋਕ ਲੱਗਦੀ ਹੈ।ਬਜ਼ੁਰਗ ਹਮੇਸ਼ਾਂ ਕਹਿਣਗੇ ਪੈਸੇ ਦੀ ਘਾਟ ਲੱਗਦੀ ਹੈ ਤਾਂ ਵਧਾਉਣ ਦੇ ਦੋ ਹੀ ਢੰਗ ਹਨ।ਪਹਿਲਾ ਖਰਚਾ ਘੱਟ ਕਰੋ ਅਤੇ ਦੂਜਾ ਮਿਹਨਤ ਵਧਾਉ।ਇਹ ਵੀ ਕਲਾ ਹੀ ਹੈ ਕਿ ਤੁਸੀਂ ਬਿਹਤਰ ਤਰੀਕਾ ਕਿਹੜਾ ਚੁਣਦੇ ਹੋ।
ਪਹਿਲਾਂ ਸਾਂਝੇ ਪਰਿਵਾਰ ਸਨ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਸੀ।ਪਰ ਹੁਣ ਉਹ ਯੂਨੀਵਰਸਿਟੀ ਖਤਮ ਹੋ ਗਈ ਹੈ।ਸਾਂਝੇ ਪਰਿਵਾਰਾਂ ਵਿੱਚ ਸਹਿਣਸ਼ੀਲਤਾ, ਠਰਮਾਂ,ਇਕ ਦੂਸਰੇ ਦੀ ਗੱਲ ਸੁਣਨੀ , ਵੱਡਿਆਂ ਦੀ ਇੱਜ਼ਤ ਕਰਨੀ ਅਤੇ ਜ਼ਿੰਦਗੀ ਦੇ ਬਹੁਤ ਸਾਰੇ ਪਾਠ ਸਿੱਖਣ ਨੂੰ ਮਿਲਦਾ ਜਾਂਦੇ ਸਨ।ਜਦੋਂ ਜ਼ਿੰਦਗੀ ਮੇਰੇ ਅਤੇ ਮੈਂ ਤੇ ਆ ਜਾਏ ਤਾਂ ਬਹੁਤ ਕੁੱਝ ਖੁੱਸ ਜਾਂਦਾ ਹੈ।ਮਾਪੇ ਆਪਣੀ ਔਲਾਦ ਦਾ ਕਦੇ ਬੁਰਾ ਨਹੀਂ ਸੋਚ ਸਕਦੇ,ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ।ਨੌਜਵਾਨ ਪੀੜ੍ਹੀ ਕੋਲ ਡਿਗਰੀ ਵਿਦਿਆ ਦੀ ਹੈ ਤਾਂ ਮਾਪਿਆਂ ਕੋਲ ਜ਼ਿੰਦਗੀ ਦੇ ਤਜਰਬੇ ਦੀ ਪੀ ਐਚ ਡੀ ਹੈ।ਜ਼ਿੰਦਗੀ ਕੱਚੀ ਮਿੱਟੀ ਹੁੰਦੀ ਹੈ। ਜਿਵੇਂ ਘਮਿਆਰ ਆਪਣੀ ਸੂਝਬੂਝ ਨਾਲ ਮਿੱਟੀ ਨੂੰ ਵਧੀਆ ਆਕਾਰ ਦਿੰਦਾ ਹੈ ਉਵੇਂ ਹੀ ਜ਼ਿੰਦਗੀ ਨੂੰ ਵੀ ਸੂਝਬੂਝ ਨਾਲ ਵਧੀਆ ਬਣਾਇਆ ਜਾ ਸਕਦਾ ਹੈ।ਮਿੱਟੀ ਚੋਂ ਬਰਤਨ ਬਣਾਉਣੇ ਵੀ ਕਲਾ ਹੈ ਅਤੇ ਜ਼ਿੰਦਗੀ ਜਿਊਣਾ ਵੀ ਉਵੇਂ ਹੀ ਕਲਾ ਹੈ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ ਮੋਬਾਈਲ ਨੰਬਰ 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly