ਜਿੰਦਗੀ ਜ਼ਿੰਦਾਬਾਦ ਵੀ ਹੈ

(ਸਮਾਜ ਵੀਕਲੀ)

” ਜ਼ਿੰਦਗੀ ਬਾਰੇ ਲੋਕਾਂ ਦੀ ਅਲੱਗ ਅਲੱਗ ਸੋਚ ਹੋ ਸਕਦੀ ਹੈ ਇਹ ਸੋਚ ਉਨ੍ਹਾਂ ਦੇ ਰਹਿਣ ਸਹਿਣ, ਅਮੀਰੀ ਗਰੀਬੀ, ਦੇਸ਼ ਅਤੇ ਵਿਚਾਰਧਾਰਾ ਤੇ ਨਿਰਭਰ ਕਰਦੀ ਹੈ ਜਿਵੇਂ ਕਿ ਬੱਚਿਆਂ ਲਈ ਜ਼ਿੰਦਗੀ ਇਕ ਖੇਡ ਹੈ, ਨੌਜਵਾਨਾਂ ਲਈ ਜ਼ਿੰਦਗੀ ਇਕ ਗੀਤ ਵੀ ਹੈ ਇਸੇ ਤਰ੍ਹਾਂ ਕੋਈ ਜਿੰਦਗੀ ਨੂੰ ਕਲਾ ਦੱਸਦਾ ਹੈ ,ਕੋਈ ਤਪੱਸਿਆ ,ਕੋਈ ਜਿੰਦਗੀ ਨੂੰ ਜੱਦੋ- ਜਹਿਦ ਦੱਸਦਾ ਹੈ ਅਤੇ ਕੋਈ ਸਫਰ ਦਾ ਨਾਂ ਦਿੰਦਾ ਹੈ । ਕੋਈ ਜਿੰਦਗੀ ਨੂੰ ਗੱਲ ਪਏ ਢੋਲ ਨੂੰ ਵਜਾਉਣਾ ਕਹਿੰਦਾ ਹੈ , ਕੋਈ ਇਸਨੂੰ ਜਿੰਦਾਦਿਲੀ ਵੱਜੋਂ ਸਣਮਾਣਦਾ ਹੈ । ਕੋਈ ਕਰਮਾ ਦਾ ਫਲ, ਕੋਈ ਕੰਡਿਆਂ ਦੀ ਸੇਜ । ਗੱਲ ਕੀ, ਅਣਗਿਣਤ ਧਾਰਨਾਵਾਂ ਹਨ, ਜਿੰਦਗੀ ਦੇ ਸੰਬੰਧ ਵਿੱਚ । ਫਿਰ ਵੀ ਮਨੁੱਖ ਦੇ ਜਨਮ ਤੋਂ ਲੈ ਕੇ ਮਾਰਨ ਦੇ ਵਿਚਕਾਰ , ਬਚਪਨ ਤੋਂ ਜਵਾਨੀ , ਜਵਾਨੀ ਤੋਂ ਬੁਢਾਪਾ ਆਦਿ ਤੱਕ ਦਾ ਸਫ਼ਰ ਤੈਅ ਕਰਦਿਆਂ ਜਿਹੜਾ ਸਮਾਂ ਆ ਜਾਂਦਾ ਹੈ , ਓਹੀ ਜਿੰਦਗੀ ਹੈ ।

ਜਿੰਦਗੀ ਇਕ ਛੋਟਾ ਜਿਹਾ ਸ਼ਬਦ ਆਪਣੇ ਆਪ ਵਿੱਚ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ । ਜਿੰਦਗੀ ਨਾਂ ਹੈ ਦੁੱਖਾਂ ਅਤੇ ਸੁੱਖਾਂ ਦਾ , ਪਿਆਰ ਅਤੇ ਟਕਰਾਰ ਦਾ , ਦੋਸਤੀ ਅਤੇ ਚਾਹਤ ਦਾ , ਖੁਸ਼ੀਆਂ ਅਤੇ ਗ਼ਮੀਆਂ ਦਾ ਪਾਉਣ ਅਤੇ ਗਵਾਉਣ ਦਾ , ਰੁੱਸਣ ਅਤੇ ਮਨਾਉਣ ਦਾ , ਆਸ਼ਾ ਅਤੇ ਨਿਰਾਸ਼ਾ ਦਾ ਇਕ ਸੰਗਮ ਹੈ।

ਵੱਖ ਵੱਖ ਵਿਦਵਾਨਾਂ ਦੇ ਜਿੰਦਗੀ ਦੇ ਬਾਰੇ ਵੱਖਰੇ ਵੱਖਰੇ ਮੱਤ ਹਨ ।
– ਅੰਗਰੇਜ਼ੀ ਕਵੀ ਵਿਲੀਅਮ ਸ਼ੇਕਸਪੀਅਰ ਅਨੁਸਾਰ ,” ਜਿੰਦਗੀ ਇੱਕ ਰੰਗਮੰਚ ਹੈ ਜਿੱਥੇ ਹਰ ਕੋਈ ਆਪਣਾ ਰੋਲ ਨਿਭਾ ਕੇ ਚਲਾ ਜਾਂਦਾ ਹੈ । ”
– ਨਿਊ ਰਿਟੀਅਸ ਅਨੁਸਾਰ ਜਿੰਦਗੀ ਹਨੇਰੇ ਵਿੱਚ ਜੱਦੋ-ਜਹਿਦ ਹੈ ।
– ਗੋਰਕੀ ਅਨੁਸਾਰ ਜੀਵਨ ਚਾਬਕ ਮਾਰਕੇ ਚਲਾਉਣ ਵਾਲਾ ਘੋੜਾ ਨਹੀਂ ਹੈ ।
– ਜੇਏਲਰ ਅਨੁਸਾਰ ਜੀਵਨ ਇੱਕ ਬਾਜੀ ਵਾਂਗ ਹੈ ਹਾਰ ਜਿੱਤ ਤਾਂ ਸਾਡੇ ਹੱਥ ਵਿੱਚ ਨਹੀਂ ਪਰ ਬਾਜੀ ਖੇਡਣਾ ਤਾਂ ਸਾਡੇ ਹੱਥ ਵਿੱਚ ਹੈ ।
– ਡਾਕਟਰ ਰਾਧਾ ਕ੍ਰਿਸ਼ਨਨ ਨੇ ਇੱਕ ਥਾਂ ਲਿਖਿਆ ਹੈ ਕਿ ਜਿੰਦਗੀ ਤਾਸ਼ ਦੇ ਪੱਤਿਆਂ ਦੀ ਵੰਡ ਵਾਂਙ ਹੈ । ਕਿਸੇ ਨੂੰ ਯੱਕੇ, ਬੇਗੀਆਂ ਅਤੇ

ਬਾਦਸ਼ਾਹ ਵਰਗੇ ਭਾਰੀ ਪੱਤੇ ਆ ਜਾਂਦੇ ਹਨ ਅਤੇ ਕਿਸੇ ਨੂੰ ਕੇਵਲ ਦੁੱਕੀਆਂ ਤਿੱਕੀਆਂ ਹੀ ਆਉਂਦੀਆਂ ਹਨ । ਖੇਡਾਂ ਵਾਲੇ ਨੇ ਆਪਣੇ ਪੱਤਿਆਂ ਨਾਲ ਖੇਡਣਾ ਹੁੰਦਾ ਹੈ । ਵਧੀਆ ਖਿਡਾਰੀ ਓਹੀ ਗਿਣਿਆ ਜਾਂਦਾ ਹੈ ਜੋ , ਜਿਹੜੇ ਵੀ ਪੱਤੇ ਉਸਦੇ ਹਿੱਸੇ ਆਏ ਹਨ , ਓਹਨਾ ਨੂੰ ਸਿਆਣਪ ਨਾਲ ਖੇਡੇ । ਕਈ ਵਾਰ ਬਾਦਸ਼ਾਹ ਨੂੰ ਵੀ ਦੁੱਕੀਆਂ ਦੀ ਈਨ ਮੰਨਣੀ ਪੈਂਦੀ ਹੈ ।

ਮਨੋਵਿਗਿਆਨੀਆਂ ਨੇ ਵੀ ਵਿਗਿਆਨਿਕ ਆਧਾਰ ਤੇ ਤਜਰਬੇ ਕਰਕੇ ਵਾਰ ਵਾਰ ਸਿੱਧ ਕੀਤਾ ਹੈ ਸਕਾਰਾਤਮਕ ਸੋਚ, ਮਿਹਨਤ, ਪ੍ਰਤੀਬੱਧਤਾ, ਲਗਨ, ਦ੍ਰਿੜ੍ਹ ਵਿਸ਼ਵਾਸ ਦੇ ਸਾਮ੍ਹਣੇ ਸਭ ਮੁਸੀਬਤਾਂ ਸਿਰ ਝੁਕਾ ਦਿੰਦੀਆ ਹਨ ਅਤੇ ਅਜਿਹੇ ਮਨੁੱਖ ਦਾ ਕੁਦਰਤ ਵੀ ਸਾਥ ਦੇਣ ਲੱਗਦੀ ਹੈ ।
ਕਿਸੇ ਸ਼ਾਇਰ ਨੇ ਕਿੰਨਾ ਖੂਬ ਲਿਖਿਆ ਹੈ :
ਖੁਦੀ ਕੋ ਕਰ ਬੁਲੰਦ ਇਤਨਾ,
ਕਿ ਹਰ ਤਕਦੀਰ ਲਿਖਣੇ ਸੇ ਪਹਿਲੇ
ਖੁਦਾ ਬੰਦੇ ਸੇ ਪੁਛੇ

ਬਤਾ ਤੇਰੀ ਰਜਾ ਕਿਆ ਹੈ ।ਜਿੰਦਗੀ ਜਿਉਣਾ ਵੀ ਇਕ ਕਲਾ ਹੈ , ਕਲਾ ਹੀ ਨਹੀਂ ਸਗੋਂ ਇਕ ਤਪੱਸਿਆ ਹੈ । ਜੀਵਨ ਅੱਗੇ ਵਧਣ ਦਾ ਸਿਧਾਂਤ ਹੈ , ਸਥਿਰ ਰਹਿਣ ਦਾ ਨਹੀਂ । ਜਿੰਦਗੀ ਜਿਉਣਾ ਹੋਰ ਗੱਲ ਹੈ ਅਤੇ ਭੋਗਣਾ ਹੋਰ । ਜਿੰਦਗੀ ਜਿਊਣ ਵਾਲੇ ਬੰਦੇ ਉਹ ਹੁੰਦੇ ਹਨ ਜੋ ਆਪਣੀ ਜਿੰਦਗੀ ਦੇ ਮਾਲਕ ਆਪ ਹੁੰਦੇ ਹਨ । ਆਪ ਇਸਨੂੰ ਸੇਧ ਦਿੰਦੇ ਹਨ , ਮਕਸਦ ਦਿੰਦੇ ਹਨ ਇਸਦੇ ਵਿਚ ਰੰਗ ਭਰਦੇ ਹਨ । ਜਿੰਦਗੀ ਭੋਗਣ ਜਾ ਕੱਟਣ ਵਾਲੇ ਉਹ ਇਨਸਾਨ ਹੁੰਦੇ ਹਨ ਜਿਹਨਾਂ ਨੂੰ ਜਿੰਦਗੀ ਆਪ ਚਲਾਉਂਦੀ ਹੈ । ਕਦੇ ਰੁਆਉਂਦੀ , ਕਦੇ ਹੱਸਾਉਂਦੀ ਹੈ। ਉਹ ਜਿੰਦਗੀ ਦੇ ਗੁਲਾਮ ਬਣੇ ਰਹਿੰਦੇ ਹਨ । ਆਪਣੀ ਮੰਦਹਾਲੀ ਲਈ ਕਰਮਾਂ ਨੂੰ ਜਾ ਰੱਬ ਨੂੰ ਬੁਰਾ ਭਲ਼ਾ ਕਹਿੰਦੇ ਰਹਿੰਦੇ ਹਨ।
ਜਿੰਦਗੀ ਵਿੱਚ ਦੁੱਖ ਸੁਖ ਨਾਲ ਨਾਲ ਚਲਦੇ ਹਨ । ਦੁੱਖਾਂ ਵਿਚ ਸਾਨੂੰ ਘਬਰਾਉਣਾ ਨਹੀਂ ਚਾਹੀਦਾ । ਸਗੋਂ ਹਿੰਮਤ ਅਤੇ ਦਲੇਰੀ ਨਾਲ ਜਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।

ਇੱਕ ਵਾਰ ਕਿਸੇ ਬੰਦੇ ਨੇ ਇੱਕ ਸਾਧੂ ਨੂੰ ਸਵਾਲ ਕੀਤਾ ਕਿ ਕੋਈ ਅਜਿਹਾ ਵਚਨ ਕਰੋ ਜਿਸ ਨਾਲ ਆਤਮ ਵਿਸ਼ਵਾਸ ਮਜਬੂਤ ਹੋਵੇ ਤਾਂ ਉਸ ਸਿੱਧ ਪੁਰਖ ਨੇ ਜਵਾਬ ਦਿੱਤਾ,
”ਇਹ ਸਮਾਂ ਵੀ ਗੁਜਰ ਜਾਏਗਾ ।”

ਸੱਚਮੁੱਚ ਉਸ ਭਲੇ ਪੁਰਖ ਦਾ ਜਵਾਬ ਬਹੁਤ ਕਮਾਲ ਦਾ ਸੀ।ਸੁੱਖ ਵਿੱਚ ਵਿਅਕਤੀ ਨੂੰ ਆਪਣੇ ਪੈਰ ਨਹੀਂ ਛੱਡਣੇ ਚਾਹੀਦੇ ਅਤੇ ਦੁੱਖ ਵਿੱਚ ਹਿੰਮਤ । ਚੰਗਾ ਅਤੇ ਮਾੜਾ ਸਮਾਂ ਨਾਲ ਨਾਲ ਚਲਦਾ ਹੈ। ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ” ਦੁਖ ਸੁਖ ਦੋਹਿ ਦਰ ਕੱਪੜੇ ਪਹਿਰੇ ਜਾਏਂ ਮਨੁੱਖ” ਫੂਲਾਂ ਦੀ ਹੋਂਦ ਵੀ ਕੰਡਿਆਂ ਕਰਕੇ ਹੀ ਹੁੰਦੀ ਹੈ ।

ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਆਪਣੇ ਜੀਵਨ ਨੂੰ ਲੰਮਾ ਕਰਨਾ ਤਾਂ ਚਾਹੁੰਦੇ ਹਨ ,ਪਰ ਸੁਧਾਰਨਾ ਨਹੀਂ । ਇਥੇ ਸਵਾਲ ਇਹ ਨਹੀਂ ਕਿ ਅਸੀਂ ਕਿੰਨਾ ਚਿਰ ਜਿਉਂਦੇ ਹਾਂ। ਸਵਾਲ ਇਹ ਹੈ ਕਿ ਅਸੀਂ ਕਿਵੇਂ ਜਿਉਂਦੇ ਹਾਂ । ਜਿੰਦਗੀ ਭਾਵੇਂ ਥੋੜੀ ਹੀ ਕਿਉਂ ਨਾ ਹੋਵੇ , ਪਰ ਚੰਗੀ ਹੋਣੀ ਚਾਹੀਦੀ ਹੈ । ਅਖੇ
ਦੋ ਪੈਰ ਘੱਟ ਤੁਰਨਾ ,
ਪਰ ਤੁਰਨਾ ਮੜਕ ਦੇ ਨਾਲ ।
ਦੋ ਦਿਨ ਘੱਟ ਜੀਵਣਾ,
ਪਰ ਜੀਵਣਾ ਮੜਕ ਦੇ ਨਾਲ ।

ਜਿੰਦਗੀ ਜਿੰਦਾਦਿਲੀ ਦਾ ਨਾਮ ਹੈ । ਦੁੱਖ ਅਤੇ ਸੁੱਖ ਜਿੰਦਗੀ ਵਿਚ ਨਾਲ ਨਾਲ ਚਲਦੇ ਹਨ। ਪਰ ਜਿੰਦਗੀ ਨੂੰ ਵੱਡਾ ਘਟੀਆ ਬਣਾਉਣਾ ਮਨੁੱਖ ਦੇ ਆਪਣੇ ਹੱਥ ਹੁੰਦਾ ਹੈ । ਕਈ ਲੋਕ ਛੋਟੀਆਂ ਛੋਟੀਆਂ ਗੱਲਾਂ ਵਿਚ ਵੀ ਵੱਡੀਆਂ ਖੁਸ਼ੀਆਂ ਦੀ ਤਲਾਸ਼ ਕਰ ਲੈਂਦੇ ਹਨ ਅਤੇ ਕਈ ਵੱਡੀਆਂ ਖੁਸ਼ੀਆਂ ਨੂੰ ਵੀ ਅਜਾਈਂ ਗਵਾ ਦਿੰਦੇ ਹਨ । ਜੋ ਕੁਝ ਕੋਲ ਮੌਜੂਦ ਹੈ ਉਸਨੂੰ ਮਾਨਣ ਦੀ ਥਾਂ , ਜੋ ਕੋਲ ਨਹੀਂ ਦਾ ਰੋਣਾ ਰੋਂਦੇ ਰਹਿੰਦੇ ਹਨ । ਵਕਤ ਅਤੇ ਕਿਸਮਤ ਨੂੰ ਕੋਸਦੇ ਰਹਿੰਦੇ ਹਨ ।

ਗੌਰਤਲਬ ਹੈ ਕਿ ਹਰ ਇਨਸਾਨ ਆਪਣੀ ਜਿੰਦਗੀ ਵਿੱਚ ਸਫਲ ਹੋਣ ਦੀ ਲੋਚਾ ਰੱਖਦਾ ਹੈ ।ਕੋਈ ਬੰਦਾ ਅਸਫਲ ਨਹੀਂ ਹੋਣਾ ਚਾਹੁੰਦਾ । ਕਈ ਲੋਕ ਜਿੰਦਗੀ ਵਿੱਚ ਸਫਲਤਾ ਦੀਆਂ ਕਹਾਣੀਆਂ ਸਿਰਜ ਜਾਂਦੇ ਹਨ ਅਤੇ ਕਈ ਹੱਥ ਮਲਦੇ ਰਹਿ ਜਾਂਦੇ ਹਨ । ਕਈਆਂ ਦੇ ਦਰਵਾਜੇ ਤੇ ਸਫਲਤਾ ਵਾਰ ਵਾਰ ਦਸਤਕ ਦਿੰਦੀ ਹੈ ਅਤੇ ਕਈਆਂ ਕੋਲੋਂ ਸਫਲਤਾ ਮੂੰਹ ਮੋੜ ਕੇ ਲੰਘ ਜਾਂਦੀ ਹੈ । ਕਈ ਲੋਕ ਨਾਲ ਸਫਲਤਾ ਪਰਛਾਵਾਂ ਬਣ ਕੇ ਚਲਦੀ ਹੈ ਅਤੇ ਕਈਆਂ ਨੂੰ ਸਫਲਤਾ ਖੁਆਬਾਂ ਵਿੱਚ ਵੀ ਨਸੀਬ ਨਹੀਂ ਹੁੰਦੀ । ਅਜਿਹੀ ਸਥਿਤੀ ਵਿੱਚ ਮਨੁੱਖ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ।

ਜੇਕਰ ਅਸੀਂ ਅਸਫਲ ਵੀ ਹੁੰਦੇ ਹਾਂ ਤਾਂ ਸਾਨੂੰ ਇਸਨੂੰ ਵੀ ਸਕਾਰਾਤਮਕ ਪੱਖ ਤੋਂ ਕਬੂਲਣਾ ਚਾਹੀਦਾ ਹੈ । ਅਸਫਲਤਾ ਤੋਂ ਨਿਰਾਸ਼ ਹੋ ਕੇ ਯਤਨ ਨਹੀਂ ਛੱਡਣੇ ਚਾਹੀਦੇ । ਜੇਕਰ ਅਸੀਂ ਅਸਫਲ ਵੀ ਰਹਿੰਦੇ ਹਾਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਵੀ ਪ੍ਰਾਪਤ ਨਹੀਂ ਕੀਤਾ । ਇਸ ਤੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਅਸੀਂ ਮੰਜਿਲ ਪ੍ਰਾਪਤੀ ਤੋਂ ਕਿੰਨੀ ਦੂਰ ਹਾਂ । ਜਿੰਨੇ ਕਦਮ ਅਸੀਂ ਸਫਲਤਾ ਵਾਲ ਜਾਣ ਨੂੰ ਪੁੱਟੇ ਹਨ , ਉਹ ਆਉਣ ਵਾਲੇ ਸਮੇਂ ਵਿੱਚ ਸਾਡੀ ਬਣਨ ਵਾਲੀ ਸਫਲਤਾ ਦੀਆਂ ਨੀਹਾਂ ਵਿੱਚ ਇੱਟਾਂ ਦਾ ਕੰਮ ਕਰਨਗੇ । ਇਸ ਲਈ ਹਿੰਮਤ ਦਾ ਪੱਲਾ ਕਦੇ ਨਾ ਛੱਡੋ ।
ਹਾਸ਼ਮ ਫਤਿਹ ਨਸੀਬ ਓਹਨਾ ,
ਜਿਨ੍ਹਾਂ ਹਿੰਮਤ ਯਾਰ ਬਣਾਈ ।

ਜਿੰਦਗੀ ਇੱਕ ਅਮਲੀ ਜਾਮਾ ਹੈ । ਇਕ ਰੰਗਮੰਚ ਹੈ । ਹਰ ਇਨਸਾਨ ਇਸ ਦੁਨੀਆ ਰੂਪੀ ਰੰਗਮੰਚ ਉੱਤੇ ਆਪਣਾ ਰੋਲ ਅਦਾ ਕਰਨ ਲਈ ਆਉਂਦਾ ਹੈ ਅਤੇ ਚਲਾ ਜਾਂਦਾ ਹੈ । ਇਸ ਲਈ ਸਾਨੂੰ ਹਰ ਰੋਲ ਬਾਖੂਬੀ ਨਿਭਾਉਣਾ ਚਾਹੀਦਾ ਹੈ । ਇੰਨੀ ਸ਼ਿੱਦਤ ਨਾਲ ਨਿਭਾਓ ਜਿੰਦਗੀ ਦਾ ਕਿਰਦਾਰ , ਕਿ ਪਰਦਾ ਡਿੱਗਣ ਤੋਂ ਬਾਅਦ ਵੀ ਵਜਦੀਆਂ ਰਹਿਣ ਤਾੜੀਆਂ ।

ਪੈਸੇ ਨਾਲ ਕਦੇ ਵੀ ਜ਼ਿਦਗੀ ਦੀਆਂ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ। ਮੈਂ ਬਹੁਤ ਵਾਰੀ ਬਿਨਾਂ ਛੱਤ ਤੋਂ ਅਤੇ ਰਾਤ ਨੂੰ ਭੁੱਖਾ ਸੌਣ ਵਾਲਿਆਂ ਨੂੰ “ਜ਼ਿੰਦਗੀ ਜ਼ਿੰਦਾਬਾਦ” ਕਹਿੰਦੇ ਸੁਣਿਆ ਹੈ। ਆਉ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਕੇ ਜੀਵਨ ਬਤੀਤ ਕਰੀਏ ਤਾਂ ਕਿ ਅਸੀਂ ਵੀ ਕਹਿ ਸਕੀਏ “ਜ਼ਿੰਦਗੀ ਜ਼ਿੰਦਾਬਾਦ ਵੀ ਹੈ ।

ਕੁਲਦੀਪ ਸਿੰਘ ਰਾਮਨਗਰ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleHaryana, Sikkim states top in economic, political, social justice indicators: PAC study
Next articleCongress ultimatum to Kerala MLA on the run after rape charge