(ਸਮਾਜ ਵੀਕਲੀ)
ਭਰੀ ਮਹਿਫ਼ਲ ‘ਚ ਇਸ ਗੱਲ ਦੀ ਸ਼ਿਕਾਇਤ ਹੋ ਰਹੀ ਹੈ।
ਮੇਰੀ ਗੱਲਬਾਤ ਕਿਉਂ ਤੇਰੇ ਹੀ ਬਾਬਤ ਹੋ ਰਹੀ ਹੈ।
ਵਫ਼ਾ ਤੇਰੀ ਕਦੇ ਏਧਰ ਕਦੇ ਓਧਰ ਦਿਸੇ ਕਿਉਂ?
ਇਵੇਂ ਲਗਦੈ ਜਿਵੇਂ ਕੋਈ ਤਿਜਾਰਤ ਹੋ ਰਹੀ ਹੈ।
ਮੁਹੱਬਤ ਸੌਹਾਂ ਖਾ ਖਾ ਕੇ ਨਹੀਂ ਨਿਭਦੀ ਕਦੇ ਵੀ,
ਮੁਹੱਬਤ ਵਿੱਚ ਕਿਉਂ ਐਸੀ ਹਮਾਕਤ ਹੋ ਰਹੀ ਹੈ।
ਅਸੀਂ ਖੁਸ਼ਬੂ ਦੇ ਆਸ਼ਿਕ ਹਾਂ ਨਹੀਂ ਫੁੱਲਾਂ ਦੇ ਲੋਭੀ,
ਮੇਰੇ ਮੌਲਾ ਤੇਰੀ ਸਚਮੁੱਚ ਇਨਾਇਤ ਹੋ ਰਹੀ ਹੈ।
ਗ਼ਨੀਮਤ ਹੈ ਨਜ਼ਰ ਤੇਰੀ ‘ਚ ਵਸਦੇ ਹਾਂ ਅਸੀਂ ਹੀ,
ਤੇਰੀ ਰਹਿਮਤ ਦਾ ਸਦਕਾ ਹੈ ਕਿ ਰਹਿਮਤ ਹੋ ਰਹੀ ਹੈ।
ਤੇਰਾ ਵਾਸਾ ਹੈ ਪੱਥਰਾਂ ਵਿੱਚ ਵੀ ਦੇਖਾਂ ਜਿਧਰ ਵੀ,
ਇਸੇ ਕਰਕੇ ਹੀ ਦੁਨੀਆਂ ਖੂਬਸੂਰਤ ਹੋ ਰਹੀ ਹੈ।
ਮਨਾਂ ਬਰਸਾਤ ਦਾ ਮੌਸਮ ਸੁਹਾਨਾ ਕੀ ਕਰਾਂ ਮੈਂ ,
ਮੇਰੀ ਕੱਖਾਂ ਦੀ ਕੁੱਲੀ ਤੇ ਕਿਆਮਤ ਹੋ ਰਹੀ ਹੈ।
ਸੁਣਾਵੇ ਚੁਟਕਲੇ ਕੋਈ ਜਾਂ ਬੋਲੇ ਝੂਠ ਮਿਥ ਕੇ,
ਪਤਾ ਹੈ ਸਾਰਿਆਂ ਨੂੰ ਕਿ ਸਿਆਸਤ ਹੋ ਰਹੀ ਹੈ।
ਬੜੇ ‘ਮੱਖਣ’ ਨੂੰ ਮੱਖਣ ਲਾ ਕੇ ਅਕਸਰ ਸੋਚਦੇ ਨੇ,
ਕਿ ਸਾਡੇ ਹੱਥ ਵਿਚ ਉਸਦੀ ਲਿਆਕਤ ਹੋ ਰਹੀ ।
ਮੱਖਣ ਸੇਖੂਵਾਸ
9815284587
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly