ਬਿਨ -ਸਰਨਾਵਿਓਂ -ਚਿੱਠੀਆਂ

ਬੀਨਾ ਬਾਵਾ
(ਸਮਾਜ ਵੀਕਲੀ)   ਜਦੋਂ ਦਾ ਹਰਚੰਦ ਕੌਰ ਦਾ ਇਕਲੌਤਾ ਜਵਾਨ ਪੁੱਤ ਜੰਗ ਵਿੱਚ ਸ਼ਹੀਦ ਹੋ ਗਿਆ ਸੀ ਤਾਂ ਉਹ ਮਾਨੋਂ ਜਿਉਂਦੀ ਲਾਸ਼ ਬਣ ਗਈ ਸੀ,ਬਲਦੇਵ ਸਿੰਘ,ਉਹਦਾ ਪਤੀ ਭਾਵੇਂ ਆਪ ਵੀ ਪੁੱਤ ਦੀ ਬੇਵਕਤੀ ਮੌਤ ਸਦਕਾ ਅੰਦਰੋਂ ਚੂਰ ਚੂਰ ਹੋ ਚੁੱਕਾ ਸੀ,ਪਰ ਆਪਣੀ ਪਤਨੀ ਨੂੰ ਹੌਂਸਲਾ ਦਿੰਦਾ ਕਹਿੰਦਾ ,”ਚੱਲ ਭਗਵਾਨੇ,ਰੱਬ ਡਾਢੇ ਅੱਗੇ ਕੀਹਦਾ ਜ਼ੋਰ,ਸਬਰ ਰੱਖਣਾ ਈ ਸਾਡੀ ਮਜਬੂਰੀ ਆ,ਹੁਣ ਪ੍ਰਭਜੀਤ ਨੇਂ ਤਾਂ ਮੁੜ ਨੀਂ ਆਉਣਾ…|” ਕਹਿ ਉਹ ਆਪ ਅੱਖਾਂ ਪੂੰਝਣ ਲੱਗਾ ਤੇ ਉਹਦੇ ਕੰਨੀ ਸ਼ਰੀਕਾਂ ਦੇ ਬੋਲ ਗੂੰਜਣ ਲੱਗੇ | ਹਰਚੰਦ ਕੌਰ ਪਹਿਲਾਂ ਵੀ ਕਦੇ ਕਦੇ, ਆਪਣੇ ਮਰ-ਮੁੱਕ ਚੁੱਕੇ ਪੁੱਤ ਨੂੰ ਚਿੱਠੀਆਂ ਲਿਖਦੀ ਹੀ ਰਹਿੰਦੀ ਸੀ |ਪਰ ਸਦਾ ਹੀ ਇਹ ਚਿੱਠੀਆਂ ਬਿਨ- ਸਰਨਾਵਿਓਂ ਹੋਣ ਕਰਕੇ ਕਾਪੀ ਤੇ ਹੀ ਰਹਿ ਜਾਂਦੀਆਂ |ਅੱਜ ਵੀ ਉਸਨੇ ਉਸੇ ਕਾਪੀ ਤੇ ਲਿਖਣਾ ਸ਼ੁਰੂ ਕੀਤਾ,”ਪੁੱਤ ਪ੍ਰਭਜੀਤ,ਅੱਜ ਤੈਨੂੰ ਤੋਰਿਆਂ ਪੂਰੇ ਪੰਜ ਸਾਲ ਹੋ ਗੇ,ਤੇਰੇ ਬਾਪੂ ਜੀ ਦੀਆਂ ਬੁੱਢੀਆਂ ਅੱਖਾਂ ਹੁਣ ਆਸਹੀਣ ਹੋ ਗਈਆਂ ਨੇਂ…ਸ਼ਰੀਕ ਤੇਰੀ ਜ਼ਮੀਨ ਨੂੰ ਹੜ੍ਹੱਪਣ ਨੂੰ ਤਿਆਰ ਬਰ ਤਿਆਰ ਨੇਂ,ਕਹਿੰਦੇ ਨੇਂ ਕਿ ਹੁਣ ਕਿਹੜਾ ਪੁੱਤ ਨੇਂ ਮੁੜ ਆਉਣਾ ਮੜ੍ਹੀਆਂ ‘ਚੋਂ…” ਲਿਖਦਿਆਂ ਲਿਖਦਿਆਂ ਉਸ ਦੇ ਹੱਥੋਂ ਕਾਪੀ ਥੱਲੇ ਗਿਰ ਗਈ ਤੇ ਫੇਰ…ਉਹ ਕਾਪੀ ਉਸਦੇ ਹੱਥਾਂ ਨੂੰ ਕਿਸੇ ਫੜ੍ਹਾਈ ਤਾਂ ਹਰਚੰਦ ਕੌਰ ਨੂੰ ਪੁੱਤ ਪ੍ਰਭ ਦੀ ਛੋਹ ਦਾ ਅਹਿਸਾਸ ਹੋਇਆ…ਫੇਰ ਉਹਦੇ ਕੰਨੀ ਸ਼ੁੱਭ ਦੇ ਬੋਲ ਗੂੰਜੇ..ਘਬਰਾ ਨਾਂ ਮਾਂ…ਤੇਰਾ ਪੁੱਤ ਇੱਕ ਵਾਰੀ ਫੇਰ ਤੇਰੀ ਹੀ ਕੁੱਖੋਂ ਜਨਮ ਲਏਗਾ..ਤੇ ਸਾਰੇ ਸ਼ਰੀਕਾਂ…ਸਾਰੇਂ ਦੁਸ਼ਮਣਾਂ ਦੀ ਭਾਜੀ ਵੀ ਮੋੜੂਗਾ.…|”  ਹਰਚੰਦ ਕੌਰ ਨੂੰ ਲੱਗਿਆ ਜਿਵੇੰ ਉਹਦੀਆਂ ਲਿਖੀਆਂ ਸਾਰੀਆਂ ਬਿਨ -ਸਰਨਾਵੇਂ ਵਾਲੀਆਂ ਚਿੱਠੀਆਂ ਉਸ ਦੇ ਪੁੱਤ ਕੋਲ ਕਿਸੇ ਵੱਖਰੀ ਦੁਨੀਆਂ ਵਿੱਚ ਵੀ ਪਹੁੰਚ ਗਈਆਂ ਹੋਣ | ਕੁੱਝ ਮਹੀਨਿਆਂ ਬਾਦ ਹਰਚੰਦ ਕੌਰ ਨੂੰ ਪਤਾ ਲੱਗਿਆ ਕਿ ਉਹ ਸੱਚਮੁੱਚ ਹੀ ਗਰਭਵਤੀ ਹੈ ਤੇ ਉਸਦਾ ਪ੍ਰਭ ਪੁੱਤ ਹੀ ਉਸਦੀ ਲਿਖੀ ਚਿੱਠੀ ਦਾ ਜੁਆਬ ਭੇਜ ਰਿਹਾ ਹੈ |
     ਬੀਨਾ ਬਾਵਾ,ਲੁਧਿਆਣਾ |
(ਐੱਮ ਏ ਆਨਰਜ਼, ਐੱਮ ਫ਼ਿਲ, ਪੰਜਾਬੀ )
Previous articleਬੰਦੇ ਮਾੜੇ
Next articleਬੁੱਧ ਬਾਣ