(ਸਮਾਜ ਵੀਕਲੀ)
ਪੰਜਾਬੀ ਮਾਂ- ਬੋਲੀ ਹਫਤੇ ਤੇ ਵਿਸ਼ੇਸ਼
ਦੁਨੀਆਂ ਦੇ ਲੱਗਭਗ ਸਾਰੇ ਮਨੋਵਿਗਿਆਨੀ ਇਸ ਵਿਚਾਰ ਤੇ ਇੱਕਮੱਤ ਹਨ ਕਿ ਬੱਚੇ ਦੀ ਮੁੱਢਲੀ ਪੜ੍ਹਾਈ ਉਸ ਦੀ ਮਾਤ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ। ਮਾਤ ਭਾਸ਼ਾ/ਮਾਂ- ਬੋਲੀ ਦੇ ਮਾਧਿਅਮ ਰਾਹੀਂ ਕੀਤੀ ਗਈ ਪੜ੍ਹਾਈ ਬੱਚੇ ਦੀ ਸਮਝ ਨੂੰ ਡੂੰਘੇਰੀ/ਪਕੇਰੀ ਕਰਦੀ ਹੈ। ਪਰ ਸਮੇਂ ਦੇ ਗੇੜ ਤੇ ਵੱਖ -ਵੱਖ ਸਮੇਂ ਤੇ ਸਿੱਖਿਆ ਪ੍ਰਣਾਲੀ ਚ ਆਏ ਬਦਲਾਵਾਂ ਨੇ ਬੱਚੇ ਨੂੰ ਮਾਂ ਬੋਲੀ ਨਾਲੋਂ ਦੂਰ ਕੀਤਾ ਹੈ ਤੇ ਅੱਜ ਦੇ ਬੱਚੇ ਮਜਬੂਰੀ ਵੱਸ ਮਾਂ -ਬੋਲੀ ਤੋਂ ਟੁੱਟਦੇ ਜਾ ਰਹੇ ਹਨ। ਦੂਸਰੀਆਂ ਭਾਸ਼ਾਵਾਂ/ਬੋਲੀਆਂ ਸਿੱਖਣੀਆਂ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਮਾਤ- ਭਾਸ਼ਾ/ਮਾਂ-ਬੋਲੀ ਨੂੰ ਭੁੱਲਣਾ ਨਿਹਾਇਤ ਹੀ ਮਾੜੀ ਗੱਲ ਹੈ। ਮਾਂ- ਬੋਲੀ ਨੂੰ ਭੁਲਾਉਣ ਵਾਲੀਆਂ ਕੌਮਾਂ ਦਾ ਪਤਨ ਹੋਣਾ, ਕੰਧ ਤੇ ਲਿਖਿਆ ਪੜ੍ਹਨ ਵਾਲੀ ਗੱਲ ਹੁੰਦੀ ਹੈ।
ਅੱਜ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜੀ ਮਾਧਿਅਮ ਵੱਡੇ -ਵੱਡੇ ਸਕੂਲਾਂ ਵਿੱਚ ਦਾਖਲ ਕਰਵਾਉਣ ਨੂੰ ਆਪਣਾ ਪ੍ਰਤਿਸ਼ਠਾ ਪ੍ਰਤੀਕ (ਸਟੇਟਸ ਸਿੰਬਲ) ਬਣਾ ਲਿਆ ਹੈ ਤੇ ਉਸ ਤੋਂ ਵੀ ਜਿਆਦਾ ਅਸੀਂ ਖੁਦ ਪੰਜਾਬੀ ਮਾਂ- ਬੋਲੀ ਨੂੰ ਛੱਡ ਅੰਗਰੇਜੀ ਜਾਂ ਹਿੰਦੀ ਵਿੱਚ ਗੱਲਬਾਤ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ। ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਵੀ ਬੱਚਿਆਂ ਨੂੰ ਅੰਗਰੇਜੀ ਜਾਂ ਹਿੰਦੀ ਬੋਲਣ ਲਈ ਹੀ ਪ੍ਰੇਰਦੇ ਹਨ। ਆਮ ਸਮਾਜ ਵਿੱਚ ਵੀ (ਖਾਸਕਰ ਸ਼ਹਿਰੀ ਕਲਚਰ ਚ)ਪੰਜਾਬੀ ਵਿੱਚ ਗੱਲਬਾਤ ਕਰਨ ਵਾਲੇ ਨੂੰ ਘੱਟ ਪੜਿਆ-ਲਿਖਿਆ/ਅਨਪੜ੍ਹ ਗਵਾਰ ਹੀ ਸਮਝਿਆ ਜਾਂਦਾ ਹੈ ਤੇ ਉਸ ਤੋਂ ਵੀ ਅੱਗੇ ਠੇਠ ਪੰਜਾਬੀ ਤਾਂ ਅੱਜ ਦੇ ਬੱਚਿਆਂ ਦੇ ਸਮਝੋਂ ਹੀ ਬਾਹਰ ਹੈ। ਰੋਜਮਰਾ ਦੀ ਜਿੰਦਗੀ ਵਿੱਚ ਵਰਤੇ ਜਾਣ ਵਾਲੇ ਸ਼ਬਦ ਜਿਵੇਂ ‘ਸਤਿ ਸ਼੍ਰੀ ਅਕਾਲ’ ਨੂੰ ਹੈਲੋ ਨੇ, ‘ਤਾਏ-ਚਾਚੇ’ ਜਾਂ ‘ਤਾਈ- ਚਾਚੀ’ ਨੂੰ ਅੰਕਲ-ਆਂਟੀ ਨੇ, ਝੱਗਾ’ ਨੂੰ ਸ਼ਰਟ/ਕਮੀਜ ਨੇ,’ਪਜਾਮਾ’ ਨੂੰ ਲੋਅਰ ਨੇ, ‘ਕੁਰਸੀ’ ਨੂੰ ਚੇਅਰ ਨੇ , ‘ਮੇਜ’ ਨੂੰ ਟੇਬਲ ਨੇ ,’ਕਲਮ’ ਨੂੰ ਪੈੱਨ ਨੇ, ‘ਪੱਖੇ ‘ ਨੂੰ ਫੈਨ ਨੇ, ‘ਬੈਠਕ/ਕਮਰੇ’ ਨੂੰ ਰੂਮ, ‘ਗੁਸਲਖਾਨੇ’ ਨੂੰ ਬਾਥਰੂਮ ਵਰਗੇ ਸ਼ਬਦਾਂ ਨੇ ਖਾਤਮੇ ਦੇ ਕੰਢੇ ਲਿਆ ਖੜਾ ਕਰ ਦਿੱਤਾ ਹੈ।
ਇਹਨਾਂ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਦੇ ਸੇਵਕ ਕਹਾਉਣ ਵਾਲੇ ਬਹੁਤੇ ਪੰਜਾਬੀ ਗੀਤਕਾਰ/ਗਾਇਕ ਵੀ ਆਪਣੇ ਲਾਈਕ/ਵਿਊ ਵਧਾਉਣ ਦੇ ਚੱਕਰ ਵਿੱਚ ਪੰਜਾਬੀ ਗਾਣਿਆਂ ਚ ਸੈਡ, ਡਾਊਨ, ਹੇਟ, ਲਵ, ਰੈਨੋਡਾਈਜ, ਸੋਲੋ, ਕਰਾਊਡ, ਲਾਊਡ, ਹੁੱਡ, ਥੀਫ,ਨਿਊਜ, ਲੈਵਲ, ਹਾਈਟ,ਵੈਪਨ, ਲੁੱਕ , ਬੁੱਕ, ਲਿਮਿਟ,ਬੀਟ, ਕੋਚਿੰਗ, ਫੈਨ ,ਲਿਮਟਿਡ, ਕਰੀਜ, ਰੋਮਾਂਸ ,ਕਰੰਸੀ ਜਿਹੇ ਅੰਗਰੇਜੀ ਦੇ ਸ਼ਬਦ ਵਰਤਦੇ ਮਾਂ-ਬੋਲੀ ਨੂੰ ਲਹੂ-ਲੁਹਾਣ ਕਰਦੇ ਪ੍ਰਤੀਤ ਹੁੰਦੇ ਹਨ। ਪੇਂਡੂ ਰਹਿਣੀ-ਬਹਿਣੀ ਤੇ ਖੇਤੀਬਾੜੀ ਵਿੱਚ ਆਏ ਬਦਲਾਅ ਕਾਰਨ ਵੀ ਪੰਜਾਬੀ ਦੇ ਬਹੁਤੇ ਸ਼ਬਦ ਜਿਵੇਂ ਗਹੀਰਾ, ਪਿੜ, ਰੂੜੀ, ਪੰਜਾਲੀ, ਰੰਬਾ, ਹੋਲ਼ਾਂ, ਪੋਰ, ਗਹਾਈ, ਵੜੇਵੇਂ, ਕਮਾਦ,ਆਗ, ਨੀਰਾ,ਸਲੰਗ,ਸਬਾਤ, ਝਲਿਆਨੀ/ਝਲਾਨੀ,ਓਟਾ, ਗਾਗਰ/ ਵਲਟੋਹੀ, ਛਾਬਾ,ਕਾਹੜਨੀ,ਭੜੋਲੀ, ਹਾਰਾ/ਹਾਰੀ, ਝੋਕਾ, ਸੁਵੱਖਤੇ, ਸਾਝਰੇ,ਮਣ ,ਸੇਰ ਸਮੇਤ ਹੋਰ ਵੀ ਸ਼ਬਦ ਅਲੋਪ ਹੋਣ ਦੀ ਕਗਾਰ ਤੇ ਹਨ।
ਸੋ ਸਾਨੂੰ ਸਮੂਹ ਪੰਜਾਬੀਆਂ ਨੂੰ ਮਾਂ-ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ। ਨਵੰਬਰ ਮਹੀਨੇ ਨੂੰ ਪੰਜਾਬੀ ਲਈ ਵਿਸ਼ੇਸ਼ ਮਹੀਨੇ ਵਜੋਂ ਲਿਆ ਜਾਂਦਾ ਹੈ। ਇਸ ਮਹੀਨੇ ਸਕੂਲਾਂ ਵਿੱਚ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਜਾਂਦੇ ਹਨ। ਅਧਿਆਪਕ ਬੱਚਿਆਂ ਦੀ ਤਿਆਰੀ ਕਰਵਾ ਕੇ ਇਹਨਾਂ ਮੁਕਾਬਲਿਆਂ ਚ ਬੱਚਿਆਂ ਨੂੰ ਭਾਗ ਦਿਵਾਉਂਦੇ ਹਨ। ਇਹਨਾਂ ਵਿੱਚ ਸੁੰਦਰ ਲਿਖਾਈ, ਭਾਸ਼ਣ, ਕਵਿਤਾ ਗਾਇਨ, ਪੰਜਾਬੀ ਪੜਨ, ਬੋਲ ਲਿਖਤ ਆਦਿ ਮੁਕਾਬਲੇ ਹੁੰਦੇ ਹਨ, ਜੋ ਕਿ ਸਿੱਖਿਆ ਵਿਭਾਗ ਦਾ ਮਾਂ- ਬੋਲੀ ਨੂੰ ਪ੍ਰਫੁੱਲਿਤ ਕਰਨ ਦਾ ਵੱਡਾ ਉਪਰਾਲਾ ਹੈ। ਇਹੋ ਜਿਹੇ ਯਤਨ ਹਮੇਸ਼ਾ ਜਾਰੀ ਰਹਿਣੇ ਚਾਹੀਦੇ ਹਨ।ਕਾਫੀ ਲੰਮੇਂ ਸਮੇਂ ਤੋਂ ਖਾਲੀ ਪਈਆਂ ਜਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਅਸਾਮੀਆਂ ਵੀ ਹਾਲ ਹੀ ਵਿੱਚ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੁਆਰਾ ਭਰੀਆਂ ਗਈਆਂ ਹਨ ,ਜੋ ਆਪਣੇ ਆਪ ਵਿੱਚ ਸ਼ਲਾਘਾਯੋਗ ਕਦਮ ਹੈ।
ਹੁਣ ਇਹਨਾਂ ਭਾਸ਼ਾ ਅਫ਼ਸਰ ਸਹਿਬਾਨ ਨੂੰ ਵੀ ਪੰਜਾਬੀ ਭਾਸ਼ਾ/ਮਾਂ-ਬੋਲੀ ਨੂੰ ਪ੍ਰਫੁੱਲਿਤ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਲੇਖਕਾਂ ਦੀਆਂ ਬਣੀਆਂ ਹਜਾਰਾਂ ਸਭਾਵਾਂ ਵੱਲੋਂ ਵੀ ਸਕੂਲੀ ਬੱਚਿਆਂ ਨੂੰ ਮਾਂ-ਬੋਲੀ ਨਾਲ ਜੋੜਨ ਦੇ ਯਤਨ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ ਕਿਉਂਕਿ ਉਂਝ ਤਾਂ ਇਹ ਸਭਾਵਾਂ ਲੇਖਕਾਂ/ਪਾਠਕਾਂ ਦੀਆਂ ਇਕੱਤਰਤਾਵਾਂ/ਸੈਮੀਨਾਰ ਵਗੈਰਾ ਤਾਂ ਕਰਦੀਆਂ/ਕਰਵਾਉਂਦੀਆਂ ਰਹਿੰਦੀਆਂ ਹਨ ਪਰ ਸਕੂਲੀ ਬੱਚਿਆਂ ਤੱਕ ਬਹੁਤ ਘੱਟ ਪਹੁੰਚ ਕਰਦੀਆਂ ਹਨ ਜਦ ਕਿ ਅਸਲ ਸ਼ੁਰੂਆਤ ਸਕੂਲੀ ਪੱਧਰ ਤੋਂ ਹੀ ਹੁੰਦੀ ਹੈ। ਸੋ ਇਹਨਾਂ ਸਭਾਵਾਂ ਨੂੰ ਵੀ ਸਕੂਲੀ ਪੱਧਰ ਤੇ ਇਹੋ ਜਿਹੇ ਯਤਨ ਕਰਦੇ ਰਹਿਣਾ ਚਾਹੀਦਾ ਹੈ ।
ਕਿਸੇ ਸਮੇਂ ਪੰਜਾਬੀ ਦੇ ਪ੍ਰਸਿੱਧ ਕਵੀ ਫਿਰੋਜਦੀਨ ਸਰਫ਼ ਨੇ ਮਾਂ-ਬੋਲੀ ਤੋਂ ਪਰਾਂ ਜਾਣ ਵਾਲੇ ਪੰਜਬੀਆਂ ਨੂੰ ਆਪਣੇ ਬੋਲਾਂ ਰਾਹੀਂ ਹੀ ,ਮਾਂ-ਬੋਲੀ ਪੰਜਾਬੀ ਤੋਂ ਮਿਹਣਾ ਮਰਵਾਇਆ ਸੀ,
“ਮੁੱਠਾਂ ਮੀਚ ਕੇ ਨੁੱਕਰੇ ਹਾਂ ਬੈਠੀ
ਟੁੱਟੀ ਹੋਈ ਰਬਾਬ ਰਬਾਬੀਆਂ ਦੀ।
ਪੁੱਛੀ ਬਾਤ ਨਾਂ ਜਿਹਨਾਂ ਨੇ ਮੇਰੀ ਸਰਫ਼,
ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। “
ਸੋ ਸਾਨੂੰ ਮਾਂ-ਬੋਲੀ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਵੀ ਬਣਾਉਣਾ ਚਾਹੀਦਾ ਹੈ। ਜਿਸ ਤਰ੍ਹਾਂ ਸਾਰੀ ਉਮਰ ਬੰਦਾ ਆਪਣੀ ਮਾਂ ਦੇ ਕਰਜ ਨਹੀਂ ਉਤਾਰ ਸਕਦਾ ,ਉਸੇ ਤਰ੍ਹਾਂ ਮਾਂ -ਬੋਲੀ ਦੇ ਵੀ ਸਾਡੇ ਸਿਰ ਕਰਜ ਹਨ। ਆਓ ਇਹਨਾਂ ਕਰਜਾਂ ਨੂੰ ਉਤਾਰਨ ਦਾ ਯਤਨ ਕਰੀਏ।
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly