
(ਸਮਾਜ ਵੀਕਲੀ) ਸਿੱਖਿਆ ਮਨੁੱਖ ਦੇ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੈ। ਇੱਕ ਚੰਗਾ ਸਕੂਲ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਬਣਾਉਂਦਾ ਹੈ। ਅੱਜ ਦੇ ਸਮੇਂ ਵਿੱਚ ਸਰਕਾਰੀ ਸਕੂਲ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਆਓ ਇੱਕ ਝਾਤ ਸਰਕਾਰੀ ਸਕੂਲਾਂ ਵੱਲ ਮਾਰੀਏ ਅਤੇ ਜਾਣੀਏ ਕਿ ਇਹ ਸਕੂਲ ਕਿਵੇਂ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਨੀਂਹ ਰੱਖ ਰਹੇ ਹਨ। ਸਾਨੂੰ ਸਰਕਾਰੀ ਸਕੂਲਾਂ ਬਾਰੇ ਪੁਰਾਣੀਆਂ ਧਾਰਨਾਵਾਂ ਨੂੰ ਛੱਡ ਕੇ ਅੱਜ ਲੋੜ ਹੈ, ਇਹਨਾਂ ਦੀਆਂ ਚੰਗੀਆਂ ਵਿਸ਼ੇਸ਼ਤਾਵਾਂ ਨੂੰ ਸਮਝਣ ਦੀ ਕਿ ਇਹਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ , ਯੂਨੀਫਾਰਮ , ਮਿਡ ਡੇ ਮੀਲ ਅਤੇ ਹੋਰ ਕਈ ਸਹੂਲਤਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ ਮੁਫ਼ਤ ਅਤੇ ਗੁਣਵੱਤਾ ਭਰਪੂਰ ਸਿੱਖਿਆ ਵੀ ਦਿੱਤੀ ਜਾਂਦੀ ਹੈ। ਅੱਜ ਕੱਲ੍ਹ ਸਰਕਾਰੀ ਸਕੂਲ ਆਧੁਨਿਕ ਸੁਵਿਧਾਵਾਂ ਨਾਲ ਲੈਸ ਹਨ। ਸਮਾਰਟ ਕਲਾਸ ਰੂਮ , ਵੱਖ-ਵੱਖ ਵਿਸ਼ਿਆ ਨਾਲ ਸਬੰਧਤ ਲੈਬ , ਖੇਡ ਮੈਦਾਨ ਅਤੇ ਲਾਈਬ੍ਰੇਰੀਆਂ ਬੱਚਿਆਂ ਦੀ ਪੜ੍ਹਾਈ ਨੂੰ ਹੋਰ ਵੀ ਦਿਲਚਸਪ ਬਣਾਉਂਦੀਆਂ ਹਨ। ਇਸ ਦੇ ਨਾਲ ਹੀ ਹਰ ਵਿਸ਼ੇ ਨਾਲ ਸੰਬੰਧਿਤ ਅਧਿਆਪਕ ਵੀ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਅ ਰਹੇ ਹਨ । ਅੱਜਕੱਲ੍ਹ ਬਹੁਤ ਸਾਰੇ ਸਰਕਾਰੀ ਸਕੂਲ ਨਿੱਜੀ ਸਕੂਲਾਂ ਨਾਲੋਂ ਵੀ ਵਧੀਆ ਨਤੀਜੇ ਦੇ ਰਹੇ ਹਨ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਉਹਨਾਂ ਦੇ ਭਵਿੱਖ ਨੂੰ ਮਜਬੂਤ ਬਣਾਉਣ।ਇਹਨਾਂ ਸਕੂਲਾਂ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡਾਂ, ਸੱਭਿਆਚਾਰਿਕ ਪ੍ਰੋਗਰਾਮ ,ਭਾਸ਼ਣ ਮੁਕਾਬਲਿਆਂ ਅਤੇ ਸਕੂਲ ,ਬਲਾਕ , ਜ਼ਿਲ੍ਹਾ ਪੱਧਰ ਤੇ ਰਚਨਾਤਮਿਕ ਗਤੀਵਿਧੀਆਂ ਉੱਤੇ ਵੀ ਧਿਆਨ ਦਿੱਤਾ ਜਾਂਦਾ ਹੈ। ਇਸ ਨਾਲ ਵਿਦਿਆਰਥੀਆਂ ਦਾ ਮਨੋਬਲ ਅਤੇ ਆਤਮ ਵਿਸ਼ਵਾਸ ਵੱਧਦਾ ਹੈ। ਅੱਜ ਸਰਕਾਰੀ ਸਕੂਲ ਸਿਰਫ਼ ਸਿੱਖਿਆ ਦੇ ਕੇਂਦਰ ਹੀ ਨਹੀਂ ਸਗੋਂ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਮਜਬੂਤ ਨੀਂਹ ਬਣ ਚੁੱਕੇ ਹਨ। ਇਸ ਲਈ ਸਾਨੂੰ ਸਰਕਾਰੀ ਸਕੂਲਾਂ ਦੀਆਂ ਉਪਲਬਧੀਆਂ ਨੂੰ ਸਵੀਕਾਰ ਕਰਦੇ ਹੋਏ, ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਆਓ ਅਸੀਂ ਸਭ ਮਿਲ ਕੇ ਇਹ ਸੰਦੇਸ਼ ਫੈਲਾਈਏ ਕਿ ਸਰਕਾਰੀ ਸਕੂਲ ਸਾਡੇ ਸਮਾਜ ਦੀ ਸ਼ਾਨ ਹਨ ਅਤੇ ਹਰ ਬੱਚੇ ਦੇ ਚੰਗੇ ਭਵਿੱਖ ਲਈ ਬਿਹਤਰੀਨ ਚੋਣ ਹਨ।



