(ਸਮਾਜ ਵੀਕਲੀ)
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਸਿਆਣਿਆਂ ਨੇ ਆਖਿਆ ਹੈ ,
ਵੰਡੀਏ ਖੁਸ਼ੀ ਤਾਂ ਹੋਵੇ ਦੂਣੀ,
ਵੰਡੀਏ ਗਮੀ ਤਾਂ ਹੋਵੇ ਊਣੀ।
ਖਾਣੇ ਨੂੰ ਅੱਧਾ ਕਰ, ਪਾਣੀ ਨੂੰ ਦੁਗਣਾ,
ਤਿੰਨ ਗੁਣਾ ਕਸਰਤ ਹਾਸੇ ਨੂੰ ਚੌਗੁਣਾ।
ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਆਦਮੀ ਨੂੰ ਹੱਸਣਾ ਦੀ ਵਿਹਲ ਨਹੀਂ ਮਿਲਦੀ। ਪਰ ਨਾ ਹੱਸਣਾ ਵੀ ਪਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ।ਕਈ ਲੋਕ ਇੱਕ ਦੂਜੇ ਕੋਲੇ ਦੁੱਖਾਂ ਦਾ ਜ਼ਿਕਰ ਕਰਨ ਲੱਗ ਜਾਂਦੇ ਹਨ। ਡਾਕਟਰਾਂ ਅਨੁਸਾਰ ਹੱਸਣਾ ਸਿਹਤ ਲਈ ਬਹੁਤ ਜ਼ਰੂਰੀ ਹੈ, ਅਤੇ ਇੱਕ ਚੰਗੇ ਟੋਨਿਕ ਦਾ ਕੰਮ ਕਰਦਾ ਹੈ। ਮੈਰੀਲੈਂਡ ਯੂਨੀਵਰਸਿਟੀ ਦੇ ਡਾਕਟਰ ‘ਜੂਡੀ’ ਹੱਸਣ ਨਾਲ ਦਿਲ ਦੇ ਰੋਗਾਂ ਦੇ ਇਲਾਜ਼ ਕਰਨ ਲਈ ਮਸ਼ਹੂਰ ਸਨ। ਉਨਾਂ ਅਨੁਸਾਰ ਹੱਸਣ ਨਾਲ ਦਿਲ, ਫੇਫੜਿਆਂ, ਜ਼ਿਗਰ ਦੀ ਕਸਰਤ ਹੋ ਜਾਂਦੀ ਹੈ । ਹੱਸਣ ਦਾ ਕੋਈ ਪੈਸਾ ਨਹੀਂ ਲੱਗਦਾ। ਪਰ ਲਾਭ ਬਹੁਤ ਹਨ। ਹੱਸਣ ਨਾਲ ਸਾਡੇ ਦਿਮਾਗ ਵਿੱਚ ਖੁਸ਼ੀ ਦੇ ਹਾਰਮੋਨ ਪੈਦਾ ਹੁੰਦੇ ਹਨ। ਜੋ ਸਿਹਤ ਲਈ ਫਾਇਦੇਮੰਦ ਹਨ ਜਿਵੇਂ ਸਿਰਾਟਿਨ, ਐਂਡੋਰਫਿਨ ਹਾਰਮੋਨ ਆਦਿ । ਇਹ ਹਾਰਮੋਨ ਸਾਡੇ ਦਿਮਾਗ ਵਿੱਚ ਬਣਦੇ ਰਹਿੰਦੇ ਹਨ । ਪਰ ਹੱਸਣ ਨਾਲ ਇਹ ਜ਼ਿਆਦਾ ਮਾਤਰਾ ਵਿੱਚ ਬਣਦੇ ਹਨ। ਜ਼ਿਆਦਾ ਖੁੱਲ ਕੇ ਹੱਸਣ ਨਾਲ ਸਾਡੇ ਸਰੀਰ ਵਿੱਚ ਲਹੂ ਦੇ ਸੰਚਾਰ ਦੀ ਗਤੀ ਵੱਧ ਜਾਂਦੀ ਹੈ ਅਤੇ ਪਾਚਨ -ਕਿਰਿਆ ਠੀਕ ਕੰਮ ਕਰਦੀ ਹੈ। ਹੱਸਣ ਨਾਲ ਸਾਡੇ ਸਰੀਰ ਵਿੱਚ ਆਕਸੀਜਨ ਜ਼ਿਆਦਾ ਤੇਜ਼ੀ ਨਾਲ ਪਹੁੰਚਦੀ ਹੈ ,ਅਤੇ ਕਾਰਬਨ ਡਾਈਆਕਸਾਈਡ ਜ਼ਿਆਦਾ ਮਾਤਰਾ ਵਿੱਚ ਬਾਹਰ ਨਿਕਲਦੀ ਹੈ । ਖੁੱਲ ਕੇ ਹੱਸਣ ਨਾਲ ਪਾਚਨ ਕਿਰਿਆ ਵੀ ਠੀਕ ਹੁੰਦੀ ਹੈ। ਹੱਸਣ ਨਾਲ ਪੇਟ ਦੀ ਮਾਲਿਸ਼ ਆਪਣੇ ਆਪ ਹੋ ਜਾਂਦੀ ਹੈ। ਖੁੱਲ ਕੇ ਹੱਸਣ ਨਾਲ ਸਾਡੇ ਸਰੀਰ ਵਿੱਚ ਊਰਜ਼ਾ ਦਾ ਸੰਚਾਰ ਹੁੰਦਾ ਹੈ। ਸਾਡੀ ਸਰੀਰਕ ਸ਼ਕਤੀ ਵਧਦੀ ਹੈ ਅਤੇ ਪੱਠਿਆਂ ਦਾ ਖਿਚਾਅ, ਸਟ੍ਰੈੱਸ ਹਾਰਮੋਨਸ, ਬੀ ਪੀ, ਦਿਲ ਦੇ ਰੋਗਾਂ ਦਾ ਖ਼ਤਰਾ ਘਟਦਾ ਹੈ। ਸਿਗਮੰਡ ਫਰਾਇਡ ਦੱਸਦਾ ਹੈ ਕਿ ਹੱਸਣਾ ਤਣਾਅ ਨੂੰ ਘਟਾਉਂਦਾ ਹੈ ਤੇ ਮਾਨਸਿਕ ਰੋਗਾਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦਾ ਹੈ । ਹੱਸਣਾ ਸਾਡੇ ਲਈ ਬਹੁਤ ਲਾਹੇਵੰਦ ਖ਼ੁਰਾਕ ਹੈ ।ਵਿਗਿਆਨੀਆਂ ਖੋਜ ਅਨੁਸਾਰ ਰੋਜ਼ਾਨਾ 10-15 ਮਿੰਟ ਹੱਸਣ ਨਾਲ 20 ਤੋਂ 40 ਕੈਲੋਰੀਜ਼ ਦੀ ਖ਼ਪਤ ਹੁੰਦੀ ਹੈ ,ਅਤੇ 400 ਮਾਸਪੇਸ਼ੀਆਂ ਹਰਕਤ ਵਿੱਚ ਆਉਂਦੀਆਂ ਹਨ। ਜਿਸ ਨਾਲ ਪਸੀਨਾ ਜ਼ਿਆਦਾ ਆਉਂਦਾ ਹੈ ਅਤੇ ਚਮੜੀ ਦੇ ਮੁਸਾਮਾਂ ਖੋਲਦੇ ਹਨ। ਜਿਸ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲ ਜਾਂਦੀ ਹੈ । ਉੱਚੀ -ਉੱਚੀ ਹੱਸਣ ਨਾਲ ਢਿੱਡ ਦੇ ਅੰਗ ਠੀਕ ਤਰ੍ਹਾਂ ਕੰਮ ਕਰਦੇ ਹਨ। ਜਿਵੇਂ ਦਿਲ, ਫੇਫੜੇ ,ਛਾਤੀ ਪੇਟ ਵੀ ਠੀਕ ਢੰਗ ਨਾਲ ਕੰਮ ਕਰਦੇ ਹਨ। ਹੱਸਣ ਨਾਲ ਸਰੀਰ ਦੀ ਅੰਦਰਲੀ ਤੇ ਬਾਹਰੀ ਕਸਰਤ ਹੁੰਦੀ ਹੈ। ਚੁਸਤੀ -ਫੁਰਤੀ ਬਣੀ ਰਹਿੰਦੀ ਹੈ। ਵਿਕਸਿਤ ਦੇਸ਼ਾਂ ਵਿੱਚ ਮਰੀਜ਼ਾਂ ਨੂੰ ਜਲਦੀ ਠੀਕ ਕਰਨ ਲਈ ਲਾਫਿੰਗ -ਥਰੈਪੀ ਦੀ ਵਰਤੋਂ ਕੀਤੀ ਜਾਂਦੀ ਹੈ । ਹੱਸਣ ਨਾਲ ਨਾਲ ਸਾਡੇ ਦਿਲ ਦੀ ਸੁਰੱਖਿਆ ਪ੍ਰਣਾਲੀ ਮਜਬੂਤ ਹੁੰਦੀ ਹੈ। ਇਸ ਨਾਲ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਵੱਧਦੀ ਹੈ । ਹੱਸਣ ਨਾਲ ਚਿੰਤਾ ਤੇ ਗੁੱਸਾ ਸ਼ਾਂਤ ਹੁੰਦਾ ਹੈ । ਮਨੁੱਖ ਲੰਮੀ ਉਮਰ ਭੋਗਦਾ ਹੈ। ਖੁਸ਼ ਰਹਿਣ ਵਾਲੇ ਲੋਕਾਂ ਨੂੰ ਸਾਰੇ ਪਸੰਦ ਕਰਦੇ ਹਨ । ਹੱਸਣਾ ਸਾਨੂੰ ਉਦਾਸੀ ਦੀ ਦਲ -ਦਲ ਵਿੱਚੋਂ ਬਾਹਰ ਕੱਢਦਾ ਹੈ, ਅਤੇ ਖੁਸ਼ੀ ਦੇ ਰਸਤੇ ਤੇ ਤੋਰਦਾ ਹੈ । ਖੁਸ਼ੀ ਤੇ ਹਾਸਾ ਮਨੁੱਖ ਨੂੰ ਹਰ ਤਰ੍ਹਾਂ ਪ੍ਰਭਾਵਿਤ ਕਰਦਾ ਹੈ । ਖੁਸ਼ ਰਹਿਣ ਵਾਲੇ ਮਨੁੱਖ ਦੀ ਸਾਰੇ ਸੰਗਤ ਮਾਨਣਾ ਪਸੰਦ ਕਰਦੇ ਹਨ । ਤੁਸੀਂ ਜ਼ਿੰਨਾ ਹੱਸਦੇ ਖੇਡਦੇ ਰਹੋਗੇ ਜਿੰਦਗੀ ਜਿਉਣ ਦੀ ਤਮੰਨਾ ਉਹਨੀਂ ਹੀ ਵਧੇਗੀ। ਹਾਸੇ ਦਾ ਸਬੰਧ ਦਿਆ ਨਾਲ ਹੈ ਨਾ ਕਿ ਊਲ -ਜਲੂਲ ਹਰਕਤਾਂ ਨਾਲ । ਹਲਕੇ ਚੁਟਕਲਿਆਂ ਨੂੰ ਹਾਸ -ਰਸ ਨਹੀਂ ਕਿਹਾ ਜਾ ਸਕਦਾ। ਹਾਸਾ ਦਿਮਾਗੀ ਪ੍ਰਕਿਰਿਆ ਨਾਲ ਸਬੰਧ ਰੱਖਦਾ ਹੈ। ਹਾਸਾ ਉਦੋਂ ਆਉਂਦਾ ਹੈ, ਜਦੋਂ ਸਾਡਾ ਮੂਡ ਤਣਾਅ ਰਹਿਤ ਹੋਵੇ । ਹਾਸੇ ਦੀਆਂ ਕਈ ਕਿਸਮਾਂ ਹਨ, ਨਿਰਛਲ ਹਾਸਾ, ਮਸੂਮ ਹਾਸਾ, ਗੁਝਾ ਹਾਸਾ, ਮੁਸਕੜੀਏਂ ਹੱਸਣਾ, ਖਿੜ -ਖਿੜਾ ਕੇ ਹੱਸਣਾ, ਠਹਾਕੇ ਮਾਰ ਕੇ ਹੱਸਣਾ। ਹਾਸਾ ਸਮੇਂ ਅਨੁਸਾਰ ਹੋਣਾ ਚਾਹੀਦਾ ਹੈ। ਕਿਸੇ ਦੇ ਘਰ ਅਫ਼ਸੋਸ ਕਰਨ ਜਾਣ ਸਮੇਂ ਸਾਨੂੰ ਹੱਸਣਾ ਨਹੀਂ। ਅਸਲ ਹਾਸਾ ਉਹ ਹੈ ਜੋ ਸੁਭਾਵਿਕ ਹੋਏ ਦਿਖਾਵੇ ਦਾ ਨਹੀਂ। ਗੰਦੇ ਮਜ਼ਾਕ ਕਰਕੇ ਹੱਸਣਾ ਮਾੜਾ ਹੈ । ਅਜਿਹਾ ਹਾਸਾ ਕਈ ਵਾਰੀ ਹਾਸੇ ਦਾ ਤਮਾਸ਼ਾ ਬਣ ਜਾਂਦਾ ਹੈ। ਇਸ ਨਾਲ ਲੜਾਈ ਦਾ ਸਬੱਬ ਬਣ ਜਾਂਦਾ ਹੈ।ਹਾਸਾ ਖੁਸ਼ੀ ਦੇਣ ਵਾਲਾ ਹੋਵੇ ।ਮਹਾਤਮਾ ਗਾਂਧੀ ਜੀ ਚੁੱਪ ਕੀਤੇ ਸਨ ,ਪਰ ਉਹਨਾਂ ਵਿੱਚੋਂ ਹਾਸੇ ਦੀ ਭਾਵਨਾ ਝਲਕਦੀ ਸੀ । ਦੂਜੇ ਪਾਸੇ ਜਰਮਨੀ ਦਾ ਤਾਨਾਸ਼ਾਹ ਹਿਟਲਰ ਨਾ ਆਪ ਹੱਸਦਾ ਸੀ ਤੇ ਨਾ ਹੱਸਣ ਦਿੰਦਾ ਸੀ । ਹਾਸਾ ਮਨੁੱਖ ਦੇ ਆਪਣੇ ਸੁਭਾਅ ‘ਤੇ ਨਿਰਭਰ ਕਰਦਾ ਹੈ। ਕਿਹਾ ਜਾਂਦਾ ਹੈ ਕਿ ਹਾਸੇ ਤੇ ਖੁਸ਼ ਰਹਿਣ ਦੀ ਭਾਵਨਾ 50 ਪ੍ਰਤੀਸ਼ਤ ਬੱਚਿਆਂ ਨੂੰ ਮਾਪਿਆਂ ਤੋਂ ਵਿਰਾਸਤ ਵਿੱਚ ਮਿਲਦੀ ਹੈ। 10 ਪ੍ਰਤੀਸ਼ਤ ਅਤੇ ਸੁਹੱਪਣ ,ਅਮੀਰੀ, ਸ਼ਾਨੋ ਸ਼ੌਕਤ ਤੋਂ ਮਿਲਦੀ ਹੈ। 40% ਕੁਦਰਤੀ ਸੋਮੇ ਵਾਂਗੂ ਮਨੁੱਖ ਦੇ ਅੰਦਰੋਂ ਪੈਦਾ ਹੁੰਦੀ ਹੈ। ਇਸ ਲਈ ਸਾਨੂੰ ਖੁੱਲ ਕੇ ਹੱਸਣਾ ਚਾਹੀਦਾ ਤੇ ਤਣਾਅ ਮੁਕਤ ਜਿੰਦਗੀ ਜਿਉਣੀ ਚਾਹੀਦੀ ਹੈ। ਤਾਹੀਓ ਤਾਂ ਕਹਿੰਦੇ ਨੇ ਸੱਜਣ ਜੀ ਹੱਸਦਿਆਂ ਦੇ ਘਰ ਵੱਸਦੇ।
ਆਪ ਜੀ ਦਾ ਸ਼ੁਭਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly