(ਸਮਾਜ ਵੀਕਲੀ)
ਤਰਸ ਦੱਯਾ ਖੁੱਲ੍ਹਦਿਲੀ ਦੇ ਵਿਸ਼ਾਲ ਹਿਰਦੇ ਦਿਖਾਉਣੇ,
ਉਹ ਸ਼ੀਸ਼ੇ ਹੁੰਦੇ ਨੇ ਦਿਲ ਦੇ ਧਨਵਾਨਾਂ ਦੇ।
ਨਰਕਾਂ ਵੱਲ ਧੱਕਦਿਆਂ ਲੋਕ ਔਂਝਲੇ ਰਾਹੇ ਪਾਉਣੇ,
ਉਹ ਸ਼ੀਸ਼ੇ ਹੁੰਦੇ ਨੇ ਵਿਹਲੇ ਮੀਸਣੇ ਭਗਵਾਨਾਂ ਦੇ।
ਲੋਕਾਈ ਦੇ ਦੁੱਖ ਆਪਣੀ ਸਮਝ ਵਿੱਚ ਲੈ ਆਉਣੇ,
ਉਹ ਸ਼ੀਸ਼ੇ ਹੁੰਦੇ ਨੇ ਵਿਸ਼ਾਲ ਮਘਦੇ ਅਰਮਾਨਾਂ ਦੇ।
ਮੋਹ ਮੁਹੱਬਤ ਦੀ ਛੋਹ ਲਈ ਕੁੱਲ ਸਨਮਾਨ ਪੁਗਾਉਣੇ,
ਉਹ ਸ਼ੀਸ਼ੇ ਹੁੰਦੇ ਨੇ ਸਬਰਾਂ ਭਰੇ ਬਲਵਾਨਾਂ ਦੇ ।
ਬੁਰਾਈ ਦੀ ਹਿੱਕ ਵੱਲ ਵਹਿੰਦਿਆਂ ਜੋ ਜੌਹਰ ਮਘਾਉਣੇ,
ਉਹ ਸ਼ੀਸ਼ੇ ਹੁੰਦੇ ਨੇ ਨੱਚਦੇ ਤੀਰ ਕਮਾਨਾਂ ਦੇ।
ਲੋਕਾਂ ‘ਚ ਨਿਰਸੁਆਰਥ ਰਹਿਣੇ,ਦਿਲ ਖੋਲ੍ਹ ਟਿਕਾਉਣੇ,
ਉਹ ਸ਼ੀਸ਼ੇ ਹੁੰਦੇ ਨੇ ਰੌਸ਼ਨੀ ਭਰੇ ਅਸਮਾਨਾਂ ਦੇ ।
ਬਾਜ਼ ਵਾਂਗੂੰ ਬੋਟ ‘ਸਮਾਨੋਂ ਸੁੱਟ ਉੱਡਾਰੀ ਲਾਉਣੇ,
ਉਹ ਸ਼ੀਸ਼ੇ ਹੁੰਦੇ ਨੇ ਸਫਲ ਰਹੀਆਂ ਜਾਂਬਾਜ਼ ਉਡਾਨਾਂ ਦੇ।
ਮਿਥਿਹਾਸਕ ਪੋਥੀਆਂ ਅਤੇ ਕੁਰੀਤਾਂ ਦੇ ਖੁਰੇਖੋਜ ਮਿਟਾਉਣੇ,
ਉਹ ਸ਼ੀਸ਼ੇ ਹੁੰਦੇ ਨੇ ਲਲਕਾਰੀ ਜ਼ੁਬਾਨਾਂ ਦੇ ।
ਕਲਮਾਂ ਨੇ ਗੱਜਦੇ ਯੁੱਧਾਂ ਲਈ ਸੂਹੇ ਸ਼ਬਦ ਵਿਛਾਉਣੇ,
ਉਹ ਸ਼ੀਸ਼ੇ ਹੁੰਦੇ ਨੇ ਵੱਡ-ਮਿਆਰੀ ਵਿਦਵਾਨਾਂ ਦੇ ।
ਰਾਜਨੀਤੀਕ ਐਸ਼ ਲਈ ਧੀਆਂ ਪੁੱਤ ਅੱਗੇ ਲਿਆਉਣੇ,
ਉਹ ਸ਼ੀਸ਼ੇ ਹੁੰਦੇ ਨੇ ਕੋਹੜੇ ਰਾਜਸੀ ਭਲਵਾਨਾਂ ਦੇ।
ਇਤਿਹਾਸਕ ਗਾਥਾਵਾਂ ਬਣਨ ਲਈ ਬੁਲੰਦ ਹੌਂਸਲੇ ਹੋਣੇ,
ਉਹ ਸ਼ੀਸ਼ੇ ਹੁੰਦੇ ਨੇ ਗਹਿਗੱਚ ਲੜੇ ਮੈਦਾਨਾਂ ਦੇ।
‘ ਧਰਮ ਵਿੱਚ ਧਰਮੀਆਂ ‘ ਦੇ ਸਿਰ ਭੇੜ ਭੇੜ ਫਸਾਉਣੇ,
ਉਹ ਸ਼ੀਸ਼ੇ ਹੁੰਦੇ ਨੇ ਗੋਲਕ-ਖੋਹਣੇ ਵਾਰ ਕਰਪਾਨਾਂ ਦੇ !
ਲਾਈਲੱਗ ਮੂਰਖ ਬਣੋ,ਧਰਮ ਬਦਲਣੇ,ਡੇਰੇ ਗਾਹੁਣੇ,
ਉਹ ਸ਼ੀਸ਼ੇ ਹੁੰਦੇ ਨੇ ਭੁੱਖੇ ਮਾਰਨ ਦੀਆਂ ਦੁਕਾਨਾਂ ਦੇ।
ਸੁਖਦੇਵ ਸਿੱਧੂ…
ਸੰਪਰਕ : 9888633481 .
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly