(ਸਮਾਜ ਵੀਕਲੀ)
ਦੀਵਾਲੀ ਨੂੰ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਕਿਹਾ ਜਾਂਦਾ ਹੈ। ਪੂਰੇ ਭਾਰਤ ਵਰਸ ਵਿੱਚ ਇਹ ਤਿਉਹਾਰ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਜਿੱਥੇ ਇਸ ਤਿਉਹਾਰ ਦਾ ਹਿੰਦੂ ਧਰਮ ਵਿੱਚ ਇਤਿਹਾਸਕ ਮਹੱਤਵ ,ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ 14 ਸਾਲ ਦੇ ਬਨਵਾਸ ਕੱਟ ਕੇ ਆਪਣੇ ਅਯੁੱਧਿਆ ਪਰਤਣ ਤੇ ਅਯੁੱਧਿਆ ਵਾਸੀਆਂ ਵੱਲੋਂ ਘਿਓ ਦੇ ਦੀਵੇ ਬਾਲ ਕੇ ਉਹਨਾਂ ਦੇ ਸਵਾਗਤ ਵਜੋਂ ਲਿਆ ਜਾਂਦਾ ਹੈ,ਉੱਥੇ ਸਿੱਖ ਧਰਮ ਵਿੱਚ ਵੀ ਦੀਵਾਲੀ ਦਾ ਇਤਿਹਾਸਕ ਮਹੱਤਵ ਹੈ। ਸਿੱਖ ਧਰਮ ਵਿੱਚ ਅੱਜ ਦੇ ਬੱਚਿਆਂ ਨੂੰ ਸਿਰਫ਼ ਇੰਨਾ ਕੁ ਤਾਂ ਪਤਾ ਹੋ ਸਕਦਾ ਹੈ ਕਿ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਦਿਨ ਗਵਾਲੀਅਰ ਦੇ ਕਿਲੇ ਚੋਂ ਤੇ ਮੁਗਲਾਂ ਦੀ ਕੈਦ ਚੋਂ 52 ਪਹਾੜੀ ਰਾਜਿਆਂ ਸਮੇਤ ਰਿਹਾਅ ਹੋ ਕੇ ਆਏ ਸਨ ਪਰ ਕਿਤੇ ਨਾਂ ਕਿਤੇ ਬੱਚਿਆਂ ਨੂੰ ਇਸ ਗੱਲ ਬਾਰੇ ਨੀ ਦੱਸਿਆ ਜਾਂਦਾ ਕਿ ਉਹਨਾਂ ਨੂੰ ਕੈਦ ਕਿਉਂ ਕੀਤਾ ਗਿਆ ਤੇ ਕੀ ਕਾਰਨ ਬਣੇ ਉਹਨਾਂ ਦੀ ਬੰਦੀ ਹੋਣ ਦੇ?
ਇਤਿਹਾਸਕ ਪੱਖ ਦੇਖਿਆ ਜਾਵੇ ਤਾਂ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਧਰਮ ਵਿੱਚ ਇੱਕ ਕ੍ਰਾਂਤੀਕਾਰੀ ਮੋੜ ਲਿਆਂਦਾ ਸੀ। ਉਹਨਾਂ ਦੀ ਸ਼ਹੀਦੀ ਤੋਂ ਇਹ ਸਪੱਸ਼ਟ ਹੋ ਚੁੱਕਾ ਸੀ ਕਿ ਜੁਲਮ ਦਾ ਟਾਕਰਾ ਕਰਨ ਲਈ ਹਥਿਆਰ ਵੀ ਚੁੱਕਣੇ ਪੈ ਸਕਦੇ ਹਨ। ਇਸ ਲਈ ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਪਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਅਨੁਸਾਰ ਬਦਲਿਆ ਤੇ ਗੁਰਿਆਈ ਧਾਰਨ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ। ਜਿੱਥੇ ਦੀਵਾਨ ਸਜਣ ਸਮੇਂ ਗੁਰਬਾਣੀ-ਕੀਰਤਨ ਦੇ ਨਾਲ- ਨਾਲ ਬੀਰਰਸੀ ਢਾਡੀ ਵਾਰਾਂ ਵੀ ਗਾਈਆਂ ਜਾਂਦੀਆਂ।
ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਚੰਗੀ ਨਸਲ ਦੇ ਘੋੜੇ ਤੇ ਸ਼ਾਸਤਰ ਭੇਟਾ ਵਿੱਚ ਲਿਆਉਣ ਦੀ ਤਾਕੀਦ ਕੀਤੀ ਗਈ। ਨੌਜਵਾਨ ਗੱਭਰੂਆਂ ਨੂੰ ਜੰਗੀ ਟ੍ਰੇਨਿੰਗ ਦਿੱਤੀ ਜਾਣ ਲੱਗੀ। ਲੋਹਗੜ੍ਹ ਦੇ ਕਿਲੇ ਦੀ ਸਥਾਪਨਾ ਨੇ ਤਾਂ ਹਕੂਮਤ ਵਿੱਚ ਤਰਥੱਲੀ ਮਚਾ ਦਿੱਤੀ।ਗੁਰੂ ਘਰ ਦੇ ਵਿਰੋਧੀਆਂ ਨੇ ਹੁਕਮਰਾਨ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ,ਜਿਸ ਦੇ ਸਿੱਟੇ ਵਜੋਂ ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਪੰਜਾਬ ਵਿੱਚ ਬਗਾਵਤ ਨੂੰ ਸਹਿ ਦੇਣ ਦੇ ਦੋਸ਼ ਹੇਠ ਬੰਦੀ ਬਣਾ ਲਿਆ ਗਿਆ ਸੀ। ਤੇ ਦੀਵਾਲੀ ਵਾਲੇ ਦਿਨ ਉਹਨਾਂ ਦੀ ਰਿਹਾਈ ਦੇ ਸਵਾਗਤ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਿੱਖਾਂ ਨੇ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਤੇ ਦੀਵਾਲੀ ਮਨਾਈ।
ਇਸ ਇਤਿਹਾਸਕ ਪੱਖ ਤੋਂ ਬਾਅਦ ਜੇ ਗੱਲ ਘਰਾਂ ਦੀਆਂ ਸਾਫ-ਸਫਾਈਆਂ ਕਰਨ ਤੇ ਦੀਵੇ ਬਾਲਣ ਤੋਂ ਅੱਗੇ ਤੋਰੀ ਜਾਵੇ ਤਾਂ ਸਾਨੂੰ ਇਸ ਤਿਉਹਾਰ ਤੋਂ ਬੜਾ ਕੁਝ ਸਿੱਖਣ ਦੀ ਜਰੂਰਤ ਹੈ। ਇਸ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀਆਂ ਸਾਫ-ਸਫਾਈਆਂ ਕਰਦੇ ਹਨ। ਹਰ ਪੱਖ ਤੋਂ ਘਰਾਂ ਨੂੰ ਸਜਾਇਆ ਜਾਂਦਾ ਹੈ। ਲੋਕ ਆਪਣੀ ਹੈਸੀਅਤ ਮੁਤਾਬਕ ਘਰਾਂ ਨੂੰ ਰੰਗ-ਰੋਗਨ ਵੀ ਕਰਵਾਉਂਦੇ ਹਨ। ਇੱਕ ਅਧਿਆਪਕ ਹੋਣ ਵਜੋਂ ਜਦੋਂ ਦੀਵਾਲੀ ਦੇ ਨੇੜਲੇ ਦਿਨਾਂ ਵਿੱਚ ਬੱਚਿਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਖੁਸ਼ੀ ਵੇਖਦਿਆਂ ਹੀ ਇਸ ਤਿਉਹਾਰ ਦੀਆਂ ਤਿਆਰੀਆਂ ਦਾ ਪਤਾ ਲੱਗਦਾ ਹੈ। ਅਮੀਰ ਕੀ ਤੇ ਗਰੀਬ ਕੀ ਹਰ ਇੱਕ ਨੂੰ ਇਸ ਤਿਉਹਾਰ ਦਾ ਚਾਅ ਹੁੰਦਾ ਹੈ। ਕਈ-ਕਈ ਦਿਨਾਂ ਦੀਆਂ ਤਿਆਰੀਆਂ ਤੋਂ ਬਾਅਦ ਜਦੋਂ ਦੀਵਾਲੀ ਦਾ ਦਿਨ ਆਉਂਦਾ ਹੈ ਤਾਂ ਲੋਕ ਘਰਾਂ ਵਿੱਚ ਦੀਵਿਆਂ/ਲੜੀਆਂ ਰਾਹੀਂ ਚਾਨਣ ਕਰ ਘਰਾਂ ਨੂੰ ਰੁਸ਼ਨਾਉਂਦੇ ਹਨ।
ਦੀਵੇ ਦਾ ਧਰਮ ਹਨੇਰੇ ਖਿਲਾਫ ਬਲਣਾ ਹੁੰਦਾ ਹੈ। ਅਜੋਕੇ ਸਮੇਂ ਵਿੱਚ ਸਾਨੂੰ ਅਨੇਕਾਂ ਹਨੇਰਿਆਂ ਖਿਲਾਫ ਦੀਵੇ ਬਾਲਣ ਦੀ ਜਰੂਰਤ ਹੈ। ਸੋ ਪਹਿਲਾ ਦੀਵਾ ਸਾਨੂੰ ਗਿਆਨ ਦਾ ਬਾਲਣ ਦੀ ਲੋੜ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਕਥਨ ਅਨੁਸਾਰ
ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ। ।
ਜੇਕਰ ਸਾਡੇ ਕੋਲ ਗਿਆਨ ਹੋਵੇਗਾ ਤਾਂ ਅਸੀਂ ਆਪਣੇ ਰਹਿਣ ਯੋਗ ਧਰਤੀ,ਹਵਾ ਤੇ ਪਾਣੀ ਦੀ ਰੱਖਿਆ ਕਰ ਸਕਦੇ ਹਾਂ,ਜੋ ਕਿ ਮਨੁੱਖੀ ਜਿੰਦਗੀ ਲਈ ਅਹਿਮ ਹਨ ਪਰ ਕਿਤੇ ਨਾਂ ਕਿਤੇ ਅਸੀਂ ਜਾਣਦੇ ਹੋਏ ਵੀ ਗਿਆਨ ਵਿਹੂਣੇ ਹੋ ਇਸ ਸਾਰੇ ਕੁਝ ਨੂੰ ਖਤਮ ਕਰਨ ਤੇ ਤੁਲੇ ਹੋਏ ਹਾਂ।ਜੇਕਰ ਮਨੁੱਖ ਦੀ ਹੋਂਦ ਰਹੇਗੀ ਤਾਂ ਹੀ ਵਿਕਾਸ ਸੰਭਵ ਹੈ। ਮਨੁੱਖੀ ਹੋਂਦ ਤੋਂ ਬਿਨਾਂ ਕੁਝ ਵੀ ਨਹੀਂ।
ਗਿਆਨ ਹੋਵੇਗਾ ਤਾਂ ਹੀ ਅਸੀਂ ਆਪਣੇ ਹੱਕਾਂ ਤੋਂ ਜਾਣੂ ਹੋ ਆਪਣੇ ਹੱਕਾਂ ਖਾਤਰ ਲੜ ਸਕਦੇ ਹਾਂ। ਗਿਆਨ ਵਿਹੂਣਾ ਮਨੁੱਖ ਕਦੇ ਵੀ ਆਪਣੀ ਜਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦਾ। ਗਿਆਨ ਦਾ ਦੀਵਾ ਬਾਲ ਅਸੀਂ ਇਸ ਧਰਤ ਨੂੰ ਸਵਰਗ ਬਣਾ ਸਕਦੇ ਹਾਂ।
ਗਿਆਨ ਪ੍ਰਾਪਤ ਕਰ ਸਾਨੂੰ ਦੂਜਾ ਦੀਵਾ ਅੰਧ-ਵਿਸ਼ਵਾਸਾਂ ਤੇ ਕਰਮਕਾਡਾਂ ਖਿਲਾਫ ਬਾਲਣ ਦੀ ਲੋੜ ਹੈ ਜੋ ਕਿ ਵਿਗਿਆਨ ਦੇ ਯੁੱਗ ਵਿੱਚ ਦਿਨੋਂ ਦਿਨ ਵਧ ਰਹੇ ਹਨ ।ਵਿਗਿਆਨ ਪੜ੍ਹਨ ਜਾ ਰਿਹਾ ਬੱਚਾ ਜਦੋਂ ਘਰੋਂ ਮਾੜਾ-ਚੰਗਾ ਸਮਾ ਦੇਖ ਨਿਕਲ ਰਿਹਾ ਹੈ ਜਾਂ ਨਿੱਛ ਵੱਜਣ ਤੇ ਬਿੱਲੀ ਦੇ ਰਾਹ ਕੱਟਣ ਨੂੰ ਵਿਗਿਆਨ ਤੋਂ ਉੱਪਰ ਸਮਝਦਾ ਹੈ ਤਾਂ ਉਹ ਅੰਧ-ਵਿਸ਼ਵਾਸ ਵੱਲ ਖਿੱਚਿਆ ਚਲਾ ਜਾਂਦਾ ਹੈ। ਸੋ ਸਾਨੂੰ ਇਹਨਾਂ ਖਿਲਾਫ ਦੀਵਾ ਬਾਲਣ ਦੀ ਲੋੜ ਹੈ।
ਤੀਜਾ ਦੀਵਾ ਸਾਨੂੰ ਪਿਆਰ-ਮੁਹੱਬਤ ਤੇ ਇਤਫ਼ਾਕ ਦਾ ਬਾਲਣ ਦੀ ਲੋੜ ਹੈ। ਪੈਸੇ ਦੇ ਯੁੱਗ ਨੇ ਨਫ਼ਰਤ (ਇਹ ਨਫ਼ਰਤ ਚਾਹੇ ਜਾਤ-ਪਾਤ ਤੇ ਊਚ-ਨੀਚ ਵਾਲੀ ਕਿਉਂ ਨਾਂ ਹੋਵੇ)ਵਧਾ ਭਾਈ ਨੂੰ ਭਾਈ ਤੇ ਮਨੁੱਖ ਨੂੰ ਮਨੁੱਖ ਤੋਂ ਦੂਰ ਕਰ ਦਿੱਤਾ ਹੈ। ਰੋਜ਼ਾਨਾ ਦੀਆਂ ਘਟਨਾਵਾਂ ਪੜ੍ਹ-ਸੁਣ ਕੇ ਇਉਂ ਲੱਗਦੈ ਜਿਵੇਂ ਧਰਤੀ ਤੋਂ ਮਨੁੱਖਤਾ ਖਤਮ ਹੋ ਗਈ ਹੋਵੇ। ਪੈਸੇ ਦੇ ਪੁੱਤ ਬਣ ਅਸੀਂ ਆਪਸੀ ਰਿਸ਼ਤੇ ਤੇ ਭਾਈਚਾਰਕ ਸਾਂਝਾਂ ਖਤਮ ਕਰਨ ਤੇ ਤੁਲੇ ਹੋਏ ਹਾਂ। ਜਿਹੜੇ ਇਤਫ਼ਾਕ ਦੀ ਗੱਲ ਸਾਡੇ ਬੰਦੀ ਛੋੜ ਪਾਤਸ਼ਾਹ ਨੇ ਹਕੂਮਤੀ ਨੀਤੀਆਂ ਖਿਲਾਫ ਇਕਜੁੱਟ ਹੋਣ ਦੀ ਕੀਤੀ ਸੀ,ਉਸ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਢੁਕਦੇ ਜਾਪਦੇ। ਇਤਫ਼ਾਕ ਸਾਡੇ ਚੋਂ ਮਨਫੀ ਹੋ ਚੁੱਕਾ ਹੈ। ਸੋ ਅੱਜ ਸਾਨੂੰ ਮਨਾਂ ਅੰਦਰ ਪਿਆਰ-ਮੁਹੱਬਤ ਤੇ ਇਤਫ਼ਾਕ ਦੇ ਦੀਵੇ ਵੀ ਬਾਲਣ ਦੀ ਲੋੜ ਹੈ। ਤਾਂ ਹੀ ਦੀਵਾਲੀ ਸਾਡੇ ਲਈ ਮੁਬਾਰਕ ਹੋ ਸਕੇਗੀ!
ਖੁਸ਼ੀਆਂ ਵੰਡਣ ਆਵੇ ਫਰਿਸ਼ਤਾ, ਹਰ ਬੂਹੇ ਤੇ ਢੁੱਕੇ,
ਤੇਲ ਮੁਹੱਬਤ ਵਾਲਾ , ਦਿਲ ਦੇ ਦੀਵਿਆਂ ਚੋਂ ਨਾ ਮੁੱਕੇ ।
ਆਮੀਨ!
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly