(ਸਮਾਜ ਵੀਕਲੀ)
ਇੱਕ ਬਾਗ਼ ਤੇ ਸੈਂਕੜੇ ਫੁੱਲ
ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ। ਜਟਕਾ ਭਾਵ–ਅਰਥ – ਮਨੁੱਖ ਇੱਕ ਸਮਾਜੀ ਜੀਵ ਹੈ, ਇਸ ਲਈ ਉਸ ਨੂੰ ਜੀਵਨ ਬਤੀਤ ਕਰਨ ਲਈ ਸਦਾ ਹੀ ਦੂਸਰੇ ਮਨੁੱਖਾਂ ਅਤੇ ਸਾਧਨਾਂ ਦੇ ਸਹਿਯੋਗ ਦੀ ਲੋੜ ਰਹਿੰਦੀ ਹੈ। ਸਹਿਯੋਗ ਤੋਂ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ, ਆਪਸੀ ਸਹਿਯੋਗ ਤੋਂ ਬਿਨਾਂ ਵਿਕਾਸ ਨਹੀਂ ਕੀਤਾ ਜਾ ਸਕਦਾ। ਮਨੁੱਖ ਸਿਰਜਤ ਭਾਸ਼ਾ/ਬੋਲੀ ਵੀ ਇਕੱਲਿਆਂ ਨਹੀਂ ਵਿਚਰ ਸਕਦੀ, ਵਿਕਾਸ ਨਹੀਂ ਕਰ ਸਕਦੀ, ਆਪਣੇ ਆਪ ਵਿੱਚ ਵਾਧਾ ਨਹੀਂ ਕਰ ਸਕਦੀ, ਪ੍ਰਸਾਰ ਨਹੀਂ ਕਰ ਸਕਦੀ ਅਤੇ ਨਾ ਹੀ ਆਪਣੇ ਸ਼ਬਦ–ਭੰਡਾਰ ਨੂੰ ਸਮਰਿੱਧ ਕਰ ਸਕਦੀ ਹੈ। ਕਿਸੇ ਵੀ ਭਾਸ਼ਾ ਨੂੰ ਜੰਮਣ, ਪਨਪਣ, ਵਿਗਸਣ, ਮੌਲਣ ਲਈ ਹੋਰਨਾਂ ਭਾਸ਼ਾਵਾਂ–ਬੋਲੀਆਂ ਦਾ ਸਾਥ ਲਾਜ਼ਮੀ ਲੋੜੀਂਦਾ ਹੁੰਦਾ ਹੈ।
ਅਸੀਂ ਜੇ ਪੰਜਾਬੀ ਭਾਸ਼ਾ/ਬੋਲੀ ਦੇ ਸੁਹਿਰਦ ਰਾਖੇ, ਪਹਿਰੇਦਾਰ, ਅਲੰਬਰਦਾਰ, ਸੇਵਕ, ਪੁੱਤ ਹੋਣ ਦਾ ਦਾਅਵਾ ਕਰਦੇ ਹਾਂ ਤਾਂ ਸਾਨੂੰ ਪੰਜਾਬੀ ਨੂੰ ਹਰਮਨ ਪਿਆਰਾ ਬਣਾਉਣ ਲਈ, ਇਸਦਾ ਪ੍ਰਸਾਰ ਪ੍ਰਚਾਰ ਕਰਨ ਹਿੱਤ ਇਹ ਗੱਲ ਸਵੀਕਾਰ ਕਰਨੀ ਪਵੇਗੀ ਕਿ ਹੋਰਨਾਂ ਭਾਸ਼ਾਵਾਂ/ਬੋਲੀਆਂ ਦੇ ਭਰਪੂਰ ਸਹਿਯੋਗ ਨਾਲ਼ ਹੀ ਪੰਜਾਬੀ ਅੱਜ ਇਸ ਮੁਕਾਮ ਉੱਤੇ ਅੱਪੜੀ ਹੈ। ਦੂਸਰੀਆਂ ਹੋਰ ਭਾਸ਼ਾਵਾਂ/ਬੋਲੀਆਂ ਨੂੰ ਨੀਵਾਂ ਦਿਖਾ ਕੇ, ਉਨ੍ਹਾਂ ਦੀ ਯੋਗਤਾ ਤੇ ਉਪਯੋਗਤਾ ਨੂੰ ਅੱਖੋਂ ਓਹਲੇ ਕਰ ਕੇ, ਹੋਰਨਾਂ ਭਾਸ਼ਾਵਾਂ/ਬੋਲੀ ਪ੍ਰਤੀ ਨਫ਼ਰਤੀ ਰਵੱਈਆ ਅਪਣਾ ਕੇ, ਇਕੱਲਿਆਂ ਪੰਜਾਬੀ ਨੂੰ ਵਿਕਸਿਤ ਨਹੀਂ ਕੀਤਾ ਜਾ ਸਕਦਾ। ਭਾਸ਼ਾ/ਬੋਲੀ ਵਿੱਚ ਕੁਝ ਵੀ ਥੋਪਿਆ ਨਹੀਂ ਜਾ ਸਕਦਾ। ਸੋ ਅਸੀਂ ਦੂਸਰੀਆਂ ਹੋਰਨਾਂ ਭਾਸ਼ਾਵਾਂ/ਬੋਲੀਆਂ (ਸੰਸਕ੍ਰਿਤ, ਹਿੰਦੀ, ਅਰਬੀ–ਫ਼ਾਰਬੀ, ਉਰਦੂ ਆਦਿ) ਨੂੰ ਛੁਟਿਆ ਕੇ, ਪੰਜਾਬੀ ਭਾਸ਼ਾ/ਬੋਲੀ ਨੂੰ ਨਹੀਂ ਬਚਾ ਸਕਦੇ।
ਪੰਜਾਬੀ ਭਾਸ਼ਾ/ਬੋਲੀ ਵਿੱਚ ਜਿਹੜੇ ਵੀ ਹੋਰਨਾਂ ਭਾਸ਼ਾਵਾਂ/ਬੋਲੀਆਂ ਦੇ ਸ਼ਬਦ ਰੂੜ੍ਹ ਹੋ ਚੁੱਕੇ ਹਨ, ਜਿਨ੍ਹਾਂ ਨੂੰ ਲੋਕ–ਮਨ ਅਪਣਾ ਚੁੱਕਾ ਹੈ, ਜਿਹੜੇ ਪੰਜਾਬੀ ਜ਼ੁਬਾਨ ‘ਤੇ ਚੜ੍ਹ ਗਏ ਹਨ, ਉਨ੍ਹਾਂ ਸ਼ਬਦਾਂ ਨੂੰ ਪੰਜਾਬੀ ਨਾਲ਼ੋਂ ਨਿਖੇੜਨ ਦੀ ਵਕਾਲਤ ਨਹੀਂ ਕਰਨੀ ਚਾਹੀਦੀ।
ਅਸੀਂ ਜੇ ਪੰਜਾਬੀ ਬੋਲੀ ਦੇ ਜਨਮ ਸਬੰਧੀ ਗੱਲ ਕਰੀਏ ਤਾਂ ਇਹ ਗੱਲ ਉੱਘੜ ਕੇ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਭਾਸ਼ਾ ਕੋਈ ਹਵਾ ਵਿੱਚੋਂ ਪੈਦਾ ਨਹੀਂ ਹੋਈ ਤੇ ਨਾ ਹੀ ਕੁਝ ਇੱਕ ਸਾਲਾਂ ਵਿੱਚ ਵਿਕਾਸ ਕਰ ਕੇ ਆਪਣੇ ਅਜੋਕੇ ਸਰੂਪ ਵਿੱਚ ਪਹੁੰਚੀ ਹੈ। ਇਸ ਦੇ ਜਨਮ, ਵਧਣ–ਫੁਲਣ, ਸਮਰਿੱਧ ਹੋਣ ਵਿੱਚ ਅਨੇਕ ਹੋਰਨਾਂ ਭਾਸ਼ਾਵਾਂ ਦਾ ਦਾ ਸਹਿਯੋਗ ਰਿਹਾ ਹੈ ਤਾਂ ਕਿ ਜਾ ਕੇ ਪੰਜਾਬੀ ਨੇ ਆਪਣੀ ਅਜੋਕਾ ਰੂਪ ਇਖ਼ਤਯਾਰ/ਅਖ਼ਤਿਆਰ ਕੀਤਾ ਹੈ।
* ਪੰਜਾਬੀ ਭਾਸ਼ਾ ਦਾ ਵਰਤਮਾਨ ਰੂਪ 1000 ਸਾਲ ਪੁਰਾਣਾ ਹੈ।
** ਬਹੁਤ ਸਾਰੇ ਭਾਸ਼ਾ ਵਿਗਿਆਨੀਆਂ ਤੇ ਖੋਜੀਆਂ ਦਾ ਮੱਤ ਹੈ ਕਿ ਅਜੋਕੀ ਪੰਜਾਬੀ ਦਾ ਜਨਮ ਵੱਖ–ਵੱਖ ਸਰੋਤਾਂ ਵਿੱਚੋਂ/ਤੋਂ ਹੋਇਆ ਹੈ।
*** ਪੁਰਾਤਨ ਸਮੇਂ ਵੈਦਿਕ ਭਾਸ਼ਾ ਦੀ ਸੋਧ–ਸੁਧਾਈ ਕਰ ਕੇ, ਇਸ ਨੂੰ ਨਿਅਮਾਵਲੀ ਅਧੀਨ ਲਿਆਂਦਿਆਂ ਇਸਨੂੰ ਸੰਸਕ੍ਰਿਤ ਭਾਸ਼ਾ ਵਜੋਂ ਸਥਾਪਿਤ ਕੀਤਾ, ਫੇਰ ਇਹ ਸਾਹਿਤਕ ਕ੍ਰਿਤਾਂ, ਲਿਖਤਾਂ, ਗਰੰਥ ਆਦਿ ਲਿਖਣ ਵਿੱਚ ਸਹਾਇਕ ਬਣੀ। ਬੋਲਚਾਲ ਅਤੇ ਆਮ ਵਿਹਾਰ ਦੀ ਭਾਸ਼ਾ ਪ੍ਰਾਕ੍ਰਿਤ ਬਣਦੀ ਚਲੀ ਗਈ। ਪ੍ਰਾਕ੍ਰਿਤ ਦੇ 3 ਰੂਪ – 1. ਮਾਗਧੀ ਮਗਧ (ਮਗਧ ਅਤੇ ਬਿਹਾਰ ਦੀ ਬੋਲੀ) 2. ਸ਼ੌਰਸ਼ੈਨੀ (ਮਥਰਾ ਤੇ ਨਾਲ਼ ਲਗਦੇ ਇਲਾਕਿਆਂ ਦੀ ਬੋਲੀ) 3. ਮਹਾਰਾਸ਼ਟਰੀ (ਮਹਾਰਾਸ਼ਟਰ ਦੇ ਇਲਾਕੇ ਦੀ ਬੋਲੀ) ਪ੍ਰਚਲਤ ਹੋਏ। ਮਾਗਧੀ ਅਤੇ ਸ਼ੌਰਸੈਨੀ ਦੇ ਮੇਲ ਨਾਲ਼ ”ਅਰਧ–ਮਾਗਧੀ ਪ੍ਰਾਕ੍ਰਿਤ” ਹੋਂਦ ਵਿੱਚ ਆਈ, ਜਿਸ ਵਿੱਚ ਜੈਨ ਧਰਮ ਦੇ ਕੁਝ ਗਰੰਥ ਲਿਖੇ ਹੋਏ ਮਿਲਦੇ ਹਨ। ਇਨ੍ਹਾਂ ਪ੍ਰਾਕ੍ਰਿਤਾਂ ਵਿੱਚ ਲੋਕ–ਸਾਹਿਤ ਵੀ ਰਚਿਆ ਜਾਣ ਲੱਗਾ ਅਤੇ ਇਸ ਵਿੱਚ ਆਮ ਲੋਕਾਂ ਦੀ ਬੋਲੀ ਦੇ ਰਲ਼ਾ ਨਾਲ਼ ਇਹ ਬੋਲੀ ‘ਅਪਭ੍ਰੰਸ਼ ਜਾਂ ਭਿੱਟੀ ਹੋਈ ਭਾਸ਼ਾ’ ਆਖਿਆ ਗਿਆ। ਬਾਰ੍ਹਵੀਂ ਕੁ ਸਦੀ ਤੱਕ ਇਹ ਅਪਭ੍ਰੰਸ਼ ਵੀ ਸਾਹਿਤਕ ਭਾਸ਼ਾ ਦਾ ਦਰਜਾ ਪ੍ਰਾਪਤ ਕਰ ਗਈ।
** ਕਈ ਵਿਦਵਾਨ (ਪ੍ਰਮੁੱਖਤ ਡਾ. ਪ੍ਰੇਮ ਪ੍ਰਕਾਸ਼ ਸਿੰਘ) ਇਹ ਮੰਨਦੇ ਹਨ ਕਿ ਪੰਜਾਬੀ ਦਾ ਮੁਢਲਾ ਸਾਹਿਤ ਲਹਿੰਦੀ ਭਾਸ਼ਾ (ਲਹਿੰਦੀ ਦੇ ਕਈ ਨਾਮ ਹਨ ਜਿਵੇਂ ਕਿ ਪੱਛਮੀ ਪੰਜਾਬੀ, ਹਿੰਦਕੀ, ਜਟਕੀ, ਪੋਠੋਹਾਰੀ, ਮੁਲਤਾਨੀ ਆਦਿ) ਵਿੱਚ ਹੈ ਅਤੇ ਇਸ ਲਹਿੰਦੀ ਦਾ ਜਨਮ ”ਕੈਕੇਈ ਪ੍ਰਕ੍ਰਿਤ” ਵਿੱਚੋਂ ਹੋਇਆ, ਜਿਹੜੀ ਕਿ ”ਪੈਸ਼ਾਚੀ/ਦਾਰਦਿਕ, ਟੱਕੀ, ਢੱਕੀ, ਅਵਹੱਟ” ਆਦਿ ਨਾਵਾਂ ਨਾਲ਼ ਵੀ ਜਾਣੀ ਜਾਂਦੀ ਸੀ। ਇਸ ਤਰ੍ਹਾਂ ਪੰਜਾਬੀ ਨਾਲ਼ ਪ੍ਰਾਕ੍ਰਿਤ ਕੈਕਈ ਦਾ ਰਿਸ਼ਤਾ ਮਾਂ–ਧੀ ਵਾਲ਼ਾ।
* ਪੰਜਾਬੀ ਭਾਸ਼ਾ ਬਹੁਤ ਦੇਰ ਤੱਕ ”ਹਿੰਦਵੀ” ਨਾਮ ਨਾਲ਼ ਵੀ ਜਾਣੀ ਜਾਂਦੀ ਰਹੀ। ਅਲਬਰੂਨੀ ਨੇ ਇਲਾਕਿਆਂ ਦੇ ਨਾਮ ਅਨੁਸਾਰ ਇਸ ਭਾਸ਼ਾ ਨੂੰ ਲਾਹੌਰੀ ਤੇ ਮੁਲਤਾਨੀ ਕਿਹਾ। 1635 ਈ. ਵਿੱਚ ਲਿਖੀ ਜਨਮਸਾਖੀ ਵਿੱਚ ਪਹਿਲੀ ਵਾਰ ”ਪੰਜਾਬ” ਸ਼ਬਦ ਲਿਖਿਆ ਮਿਲਦਾ ਹੈ। ”ਪੰਜਾਬੀ” ਸ਼ਬਦ ਦੀ ਵਰਤੋਂ ਪਹਿਲੀ ਵਾਰ ਅਕਬਰ ਦੇ ਸਮੇਂ ਰਾਜਸਥਾਨ ਦੇ ਕਵੀ ਸੁੰਦਰ ਦਾਸ ਨੇ ਆਪਣੀ ਰਚਨਾ ਵਿੱਚ ਕੀਤੀ। ਇਸ ਪਿੱਛੋਂ ਔਰੰਗਜ਼ੇਬ ਦੇ ਸਮਕਾਲੀ ਕਵੀ ਹਾਫ਼ਿਜ਼ ਬਰਖੁਰਦਾਰ (1675 ਈ.) ਨੇ ਆਪਣੇ ਕਾਵਿ ਵਿੱਚ ”ਪੰਜਾਬੀ” ਸ਼ਬਦ ਦੀ ਵਰਤੋਂ ਕੀਤੀ।
** ਪੂਰਵ–ਨਾਨਕ ਕਾਲ ਜਾਂ ਮੁਗਲ ਕਾਲ ਵਿੱਚ ਰਚੇ ਗਏ ਸਾਹਿਤ ਵਿੱਚੋਂ ਪੰਜਾਬੀ ਭਾਸ਼ਾ ਸਾਡੇ ਸਾਹਮਣੇ 3 ਤਰ੍ਹਾਂ ਦੀ ਰੰਗਤ ਨਾਲ਼ ਨੁਮਾਇਆ ਹੁੰਦੀ ਹੈ। (1) ਸੰਤ ਭਾਸ਼ਾ – ਉੱਤਰ ਭਾਰਤ ਵਿੱਚ ਪ੍ਰਚਲਿਤ ਰਹੀ, ਨਾਥ–ਜੋਗੀਆਂ, ਭਗਤਾਂ–ਫਕੀਰਾਂ ਆਦਿ ਨੇ ਇਸ ਰੰਗਤ ਵਾਲ਼ੀ ਪੰਜਾਬੀ ਵਿੱਚ ਰਚਨਾ ਕੀਤੀ। (2) ਲਹਿੰਦੀ ਜਾਂ ਮੁਲਤਾਨੀ – ਬਾਬਾ ਫ਼ਰੀਦ ਦੇ ਸ਼ਲੋਕ। (3.) ਤੀਜਾ ਰੂਪ ਲਾਹੌਰੀ ਜਾਂ ਕੇਂਦਰੀ ਪੰਜਾਬੀ – ਇਸ ਵਿੱਚ ਲੋਕ ਬੁਝਾਰਤਾਂ, ਅਖਾਣ ਤੇ ਵਾਰਾਂ ਆਦਿ ਰਚੇ ਮਿਲਦੇ ਹਨ।
***ਪੰਜਾਬ ਉੱਤੇ ਅਨੇਕ ਹੱਲੇ ਹੁੰਦੇ ਰਹੇ ਅਤੇ ਯੂਨਾਨੀ, ਪਾਰਸੀ, ਚੀਨੀ, ਕੁਸ਼ਾਨ, ਹੂਨ, ਗੁੱਜਰ, ਜੱਟ ਆਦਿ ਜਾਤੀਆਂ ਥੋੜ੍ਹੇ–ਬਹੁਤੇ ਭਾਗ ਉੱਤੇ ਆਪਣਾ ਪ੍ਰਭਾਵ ਸਥਾਪਿਤ ਕਰਦੀਆਂ ਰਹੀਆਂ। ਮਹਿਮੂਦ ਗਜ਼ਨਵੀ ਸਮੇਤ ਪੰਜਾਬ ਗ਼ੁਲਾਮਾਂ, ਸੱਯਦਾਂ, ਲੋਧੀਆਂ ਤੇ ਸ਼ੇਰ ਸ਼ਾਹ ਸੂਰੀ ਅਧੀਨ ਰਿਹਾ। ਦਰਾਵੜ, ਖੱਟੜ, ਸੱਖੜ, ਖੋਖਰ, ਆਰੀਏ, ਯੂਨਾਨੀ, ਪਾਰਸੀ, ਸਿਥੀਅਨ, ਹੂਨ, ਈਰਾਨੀ, ਮਿਸਰੀ, ਅਰਬੀ, ਤੁਰਕੀ, ਪਠਾਨ ਸਮੇਤ ਹੋਰ ਸੈਂਕੜੇ ਨਿੱਕੀਆਂ–ਵੱਡੀਆਂ ਕੌਮਾਂ, ਜਾਤੀਆਂ, ਕਬੀਲੇ ਪੰਜਾਬ ਵਿੱਚ ਆਏ। ਪੰਜਾਬੀ ਸੱਭਿਆਚਾਰ ਵਿੱਚ ਇਨ੍ਹਾਂ ਸੈਂਕੜੇ ਸੰਸਕ੍ਰਿਤੀਆਂ ਦੇ ਅੰਸ਼ ਰਲ਼ਦੇ ਚਲਦੇ ਗਏ। ਸਹਿਜ ਸੁਭਾ ਹੀ ਇਨ੍ਹਾਂ ਉਪਰੋਕਤ ਸਾਰੀਆਂ ਕੌਮਾਂ, ਜਾਤੀਆਂ ਕਬੀਲਿਆਂ ਦੀ ਭਾਸ਼ਾ ਵਿੱਚੋਂ ਸੈਂਕੜੇ ਸ਼ਬਦ ਤਤਸਮ ਜਾਂ ਤਦਭਵ ਰੂਪ ਵਿੱਚ ਪੰਜਾਬੀ ਭਾਸ਼ਾ/ਬੋਲੀ ਵਿੱਚ ਰਚਦੇ–ਮਿਚਦੇ ਗਏ।
ਇਸ ਲਈ 1000 ਸਾਲ ਦੇ ਇਸ ਭਾਸ਼ਾਈ ਪਰਿਵਰਤਨ ਨੂੰ ਸਾਨੂੰ ਸਹਿਜੇ ਹੀ ਸਵੀਕਾਰ ਕਰਨਾ ਚਾਹੀਦਾ ਹੈ।
ਡਾ. ਸਵਾਮੀ ਸਰਬਜੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly