(ਸਮਾਜ ਵੀਕਲੀ)
ਭਾਸ਼ਾ ਦੇ ਨਾਂ ‘ਤੇ ਹੁੰਦੀ ਸਿਆਸਤ ਤੋਂ ਬਚੋ
ਮੈਂ ਫੇਸਬੁੱਕ ਉੱਤੇ ਲੜੀ ਸ਼ੁਰੂ ਕੀਤੀ ”ਆਓ ਸ਼ੁੱਧ ਪੰਜਾਬੀ ਲਿਖਣਾ ਸਿੱਖੀਏ..।” ਇਹ ਪੋਸਟਾਂ ਕਈ ਥਾਏਂ ਘੁੰਮੀਆਂ, ਪਾਠਕਾਂ ਦੇ ਵੱਖ–ਵੱਖ ਤਰ੍ਹਾਂ ਦੇ ਪ੍ਰਤੀਕਰਮ ਆਏ। ਕੁਝ ਇੱਕ ਪ੍ਰਤੀਕਰਮ ਅਜਿਹੇ ਆਏ ਜਿਨ੍ਹਾਂ ਨੂੰ ਪੜ੍ਹ ਕੇ ਮੈਂ ਸੋਚਿਆ ਕਿ ”ਮੈਂ ਇਹ ਕਾਰਜ ਕਾਫ਼ੀ ਅੱਗੋਂ ਸ਼ੁਰੂ ਕਰ ਲਿਆ…. ਚਾਹੀਦਾ ਤਾਂ ਇਹ ਸੀ ਕਿ ਇਹਨੂੰ ਮੁੱਢ ਤੋਂ ਸ਼ੁਰੂ ਕੀਤਾ ਜਾਵੇ।”
ਮੁੱਢ ਤੋਂ ਸ਼ੁਰੂ ਕਰਨ ਪਿੱਛੇ ਮੇਰੀ ਦਲੀਲ ਇਹ ਹੈ ਕਿ ਬਹੁਤ ਲੋਕ ਪੰਜਾਬੀ ਭਾਸ਼ਾ/ਬੋਲੀ ਨੂੰ ਲੈ ਕੇ ਕੱਟੜ, ਉਪਭਾਵੁਕ, ਤਰਲ ਮਾਨਸਿਕਤਾ ਵਾਲ਼ੇ ਹਨ। ਉਨ੍ਹਾਂ ਅੰਦਰ ਪੰਜਾਬੀ ਭਾਸ਼ਾ/ਬੋਲੀ ਨੂੰ ਲੈ ਕੇ ਕੱਟੜਤਾ/ਉਪਭਾਵੁਕਤਾ ਦਾ ਪੱਧਰ ਉਹੀ ਹੈ ਜਿਹੜਾ ਪੱਧਰ ਕਿਸੇ ਧਾਰਮਿਕ ਜਾਂ ਕਿਸੇ ਹਸਤੀ ਵਿਸ਼ੇਸ਼ ਪਿੱਛੇ ਲੱਗੇ ਲੋਕਾਂ ਦਾ ਹੁੰਦਾ ਹੈ। ਪੰਜਾਬੀ ਭਾਸ਼ਾ/ਬੋਲੀ ਪ੍ਰਤੀ ਕੱਟੜ ਜਾਂ ਉਪਭਾਵੁਕ ਹੋਣ ਦੀ ਲੋੜ ਨਹੀਂ, ਲੋੜ ਹੈ ਦ੍ਰਿੜ ਹੋਣ ਦੀ। ਇਹ ਦ੍ਰਿੜਤਾ ਸਾਡੇ ਅੰਦਰ ਤਾਂ ਹੀ ਆ ਸਕੇਗੀ ਜਦੋਂ ਅਸੀਂ ਪੰਜਾਬੀ ਭਾਸ਼ਾ/ਬੋਲੀ ਪ੍ਰਤੀ ਸੁਚੇਤ ਹੋਵਾਂਗੇ, ਇਸ ਦੇ ਅਸਲੇ ਬਾਰੇ ਜਾਣਾਂਗੇ, ਭਾਸ਼ਾ/ਬੋਲੀ ਦੀ ਤਾਕਤ, ਪ੍ਰਕਾਰਜ, ਧਰਮ ਨੂੰ ਸਮਝਾਂਗੇ, ਜਦੋਂ ਅਸੀਂ ਭਾਸ਼ਾਈ ਪ੍ਰਪੰਚ ਦੇ ਗੁੰਝਲ਼ਦਾਰ ਵਰਤਾਰਿਆਂ ਨਾਲ਼ ਰੂ–ਬ–ਰੂ ਹੋਵਾਂਗੇ।
ਉਪਭਾਵੁਕੀ ਵਿਚਾਰ ਪੰਜਾਬੀ ਭਾਸ਼ਾ/ਬੋਲੀ ਨੂੰ ”ਮਾਂ ਬੋਲੀ” ਅਤੇ ਬਾਕੀ ਭਾਸ਼ਾਵਾਂ ਨੂੰ ”ਮਾਸੀ ਬੋਲੀ, ਆਂਟੀ ਬੋਲੀ, ਬੇਗਾਨੀ ਬੋਲੀ” ਆਦਿ ਤਸ਼ਬੀਹਾਂ ਦੇ ਕੇ ਵਿਆਖਿਆਇਆ ਤੇ ਵਖਰਿਆਇਆ ਜਾ ਰਿਹਾ ਹੈ। ਇੱਕ ਗੱਲ ਯਾਦ ਰੱਖਣਾ ਇਸ ਮੁਲਕ ਵਿੱਚ ਜਿਹਦੇ ਨਾਲ਼ ਵੀ ਮਾਂ ਸ਼ਬਦ ਜੁੜਿਆ ਹੈ (ਭਾਵੇਂ ਉਹ ਸਗੀ ਮਾਂ ਹੈ, ਭਾਵੇਂ ਧਰਤੀ ਮਾਂ, ਭਾਵੇਂ ਗਊ ਮਾਤਾ ਤੇ ਭਾਵੇਂ ਮਾਂ ਬੋਲੀ) ਉਨ੍ਹਾਂ ਦਾ ਹਸ਼ਰ ਬੁਰਾ ਹੀ ਹੋ ਰਿਹਾ ਹੈ ਕਿਉਂਕਿ ਲੋਕ ਸਿਰਫ ”ਮਾਵਾਂ” ਦੀ ਪੂਜਾ ਕਰ ਕੇ, ਫਾਹਾ ਵੱਢਣ ਵਾਲ਼ੀ ਸੋਚ ਤੇ ਪਹੁੰਚ ਰਖਦੇ ਹਨ। ਸੋ ਸਭ ਤੋਂ ਪਹਿਲਾਂ ਤਾਂ ਇਹ ਵਖਰੇਵੇਂ ਖ਼ਤਮ ਕਰਨੇ ਪੈਣਗੇ।
ਬਹੁਤ ਪਾਠਕ ਕਹਿ ਰਹੇ ਹਨ ਕਿ ਪੰਜਾਬੀਆਂ ਨੂੰ ਪੰਜਾਬੀ ਹੀ ਬੋਲਣੀ ਚਾਹੀਦੀ ਹੈ, ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਵਿੱਚ ਘੁਸਪੈਠ ਕਰ ਰਹੇ ਹੋਰਨਾਂ ਭਾਸ਼ਾਵਾਂ (ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਅਰਬੀ–ਫ਼ਾਰਸੀ, ਉਰਦੂ ਆਦਿ) ਦੇ ਸ਼ਬਦਾਂ ਨੁੰ ਚੁਣ ਚੁਣ ਕੇ ਬਾਹਰ ਕੱਢ ਦੇਣਾ ਚਾਹੀਦਾ ਹੈ। ਤਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹ ਅਧਿਕਾਰ ਤੁਹਾਡੇ ਹੱਥ–ਵਸ ਨਹੀਂ ਹੈ। ਪੰਜਾਬੀ ਭਾਸ਼ਾ ਤਾਂ ਹੋਰਨਾਂ ਭਾਸ਼ਾਵਾਂ ਨਾਲ਼ ਸੰਵਾਦ ਰਚਾ ਕੇ ਹੀ ਅਮੀਰ ਹੋਈ ਹੈ। (ਵੈਸੇ ਸਾਰੀਆਂ ਭਾਸ਼ਾਵਾਂ ਇੰਝ ਹੀ ਆਪਣੇ ਸਰਮਾਏ ਵਿੱਚ ਵਾਧਾ ਕਰਦੀਆਂ ਹਨ।) ਅਜੋਕੇ ਸਮੇਂ ਪੰਜਾਬੀ ਵਿੱਚ ਹਜ਼ਾਰਾਂ ਸ਼ਬਦ ਅਜਿਹੇ ਹਨ ਜਿਹੜੇ ਕਿ ਆਪਾਂ ਰੋਜ਼ ਵਰਤਦੇ ਹਾਂ, ਬੋਲਦੇ ਹਾਂ, ਲਿਖਦੇ ਹਾਂ, ਪੜ੍ਹਦੇ ਹਾਂ ਪਰ ਸਾਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ ਕਿ ਉਹ ਸ਼ਬਦ ਗ਼ੈਰ–ਪੰਜਾਬੀ ਹਨ।
ਇਸ ਦੇ ਨਾਲ਼ ਹੀ ਉਨ੍ਹਾਂ ਦੀ ਜ਼ਿਦ ਹੈ ਕਿ ਉਹ ਤਾਂ ਸ਼ੁੱਧ ਪੰਜਾਬੀ ਹੀ ਬੋਲਣਗੇ, ਲਿਖਣਗੇ, ਪੜ੍ਹਨਗੇ, ਵਰਤਣਗੇ…. ਜਿਹੜਾ ਕਿ ਸੰਭਵ ਹੀ ਨਹੀਂ, ਨਾਮੁਮਕਿਨ ਹੈ। ਤੁਸੀਂ ਪੰਜਾਬੀ ਭਾਸ਼ਾ ਵਿੱਚ ਸਮੋ ਗਏ ਹਜ਼ਾਰਾਂ ਉਨ੍ਹਾਂ ਸ਼ਬਦਾਂ ਨੂੰ ਕਿਵੇਂ ਤਿਲਾਂਜਲੀ ਦੇ ਸਕਦੇ ਹੋ ਜਿਹੜੇ ਕਿ ਸਦੀਆਂ ਤੋਂ ਪੰਜਾਬੀ ਭਾਸ਼ਾ ਵਿੱਚ ਰਚਦੇ–ਮਿਚਦੇ ਆ ਰਹੇ ਹਨ। ਇਹ ਤਾਂ ਇੰਝ ਹੈ ਜਿਵੇਂ ਤੁਸੀਂ ”ਢੋਲ” ਵਿੱਚੋਂ ਢੋਲ ਨੂੰ ਤਲਾਸ਼ਣ ਲਈ ਢੋਲ ਦੇ ਧਾਮੇ ਪਾੜ ਕੇ ਅੱਡ ਕਰ ਦਿਓ, ਡੋਰੀਆਂ ਧੂਹ ਕੇ ਅੱਡ ਸੁੱਟ ਦਿਓ, ਛੱਲੇ, ਲੱਕੜ ਨੂੰ ਅੱਡ ਕਰ ਦਿਓ… ਇਸ ਤਰ੍ਹਾਂ ਤਾਂ ਢੋਲ ਤੁਹਾਡੇ ਪੱਲੇ ਨਹੀਂ ਪਵੇਗਾ। ਅਸਲ ਵਿੱਚ ਢੋਲ ਉਨ੍ਹਾਂ ਸਾਰੀਆਂ ਚੀਜਾਂ ਦਾ ਸਮੁੱਚ ਹੈ ਜਿਨ੍ਹਾਂ ਨੂੰ ਤੁਸੀਂ ਵੱਖ ਕਰ ਦਿੱਤਾ ਹੈ। ਇਸੇ ਤਰ੍ਹਾਂ ਕਿਸੇ ਭਾਸ਼ਾ ਵਿੱਚੋਂ ਜੇ ਹੋਰਨਾਂ ਭਾਸ਼ਾਵਾਂ ਦੀ ਸ਼ਬਦਾਵਲੀ ਨੂੰ ਹਟਾ ਦਿਓਗੇ ਤਾਂ ਤੁਹਾਡੇ ਪੱਲੇ ਕੁਝ ਵੀ ਨਹੀਂ ਬਚਣਾ।
ਤੁਸੀਂ ਸ਼ਬਦ ਸੁਣਿਆ ਹੋਵੇਗਾ ”ਸਾਮਾਨਰਥੀ” ਜਿਸ ਦਾ ਭਾਵ ਹੈ ਉਹ ਸ਼ਬਦ, ਜਿਨ੍ਹਾਂ ਦਾ ਅਰਥ ਇੱਕੋ ਜਿਹਾ ਹੈ (ਹਾਲਾਂਕਿ ਕਈ ਭਾਸ਼ਾ ਵਿਗਿਆਨੀ ਮੰਨਦੇ ਹਨ ਕਿ ਸਾਮਾਨਾਰਥੀ ਨਾਮ ਦੀ ਕੋਈ ਟਰਮ ਹੋ ਹੀ ਨਹੀਂ ਸਕਦੀ।) ਉਦਾਹਰਨ ਵਜੋਂ : ਔਰਤ, ਜਨਾਨੀ, ਤ੍ਰੀਮਤ, ਲੇਡੀ, ਤੀਵੀਂ ਆਦਿ ਨੂੰ ਸਾਮਾਨਾਰਥੀ ਸ਼ਬਦ ਕਹਿ ਲਿਆ ਜਾਂਦਾ ਹੈ। ਹੁਣ ਜ਼ੋਰ ਅਤੇ ਤਰਕ ਇਹ ਦਿੱਤਾ ਜਾਵੇਗਾ ਕਿ ਔਰਤ, ਜਨਾਨੀ, ਤ੍ਰੀਮਤ, ਲੇਡੀ ਆਦਿ ਗ਼ੈਰ–ਭਾਸ਼ੀ ਸ਼ਬਦ ਹਨ, ਇਨ੍ਹਾਂ ਨੂੰ ਪੰਜਾਬੀ ਵਿੱਚ ਨਹੀਂ ਵਰਤਣਾ, ਅਸੀਂ ਤੀਵੀਂ ਹੀ ਵਰਤਣਾ ਹੈ।
ਤੁਸੀਂ ਆਪ ਹੀ ਸੋਚੋ ਕਿ ਉਹ ਕਿੰਨੇ ਕੁ ਸ਼ਬਦ ਹੋਣਗੇ ਜਿਨ੍ਹਾਂ ਦਾ ਸਾਮਾਨਾਅਰਥੀ ਸ਼ਬਦ ਮੂਲ ਪੰਜਾਬੀ ਵਿੱਚੋਂ ਲੱਭ ਪੈਂਦਾ ਹੈ। ਜਿਹੜੇ ਵਿਅਕਤੀ, ਵਸਤ, ਵਰਤਾਰੇ ਸਾਡੇ ਸੱਭਿਆਚਾਰ ਦਾ ਹਿੱਸਾ ਹੀ ਨਹੀਂ, ਅਸੀਂ ਉਨ੍ਹਾਂ ਵਾਸਤੇ ਸ਼ਬਦ ਘੜ੍ਹੇ ਹੀ ਨਹੀਂ, ਫੇਰ ਅਸੀਂ ਉਨ੍ਹਾਂ ਵਿਅਕਤੀਆਂ, ਵਸਤ, ਵਰਤਾਰਿਆਂ ਲਈ ਕਿਵੇਂ ਕੋਈ ਢੁਕਵਾਂ ਪੰਜਾਬੀ ਸ਼ਬਦ ਵਰਤ ਸਕਦੇ ਹਾਂ ? ਜੇ ਇੰਝ ਕਰਨ ਲੱਗਪੇ ਤਾਂ ਸ਼ਾਇਦ ਸਾਡੀ ਬੋਲਤੀ ਹੀ ਬੰਦ ਹੋ ਜਾਵੇ। ਸਾਨੂੰ ਬੋਲਣ, ਲਿਖਣ, ਪੜ੍ਹਨ ਲਈ ਮੂਲ ਪੰਜਾਬੀ ਸ਼ਬਦ ਹੀ ਨਹੀਂ ਥਿਆਣੇ।
ਮੈਂ ਇਸ ਗੱਲ ਦਾ ਹਮਾਇਤੀ ਹਾਂ ਕਿ ਜਦੋਂ ਸਾਡੇ ਕੋਲ਼ ਕਿਸੇ ਹੋਰ ਭਾਸ਼ਾ ਦੇ ਤਤਸਮੀ ਸ਼ਬਦ–ਰੂਪ ਦਾ ਤਦਭਵੀ ਸ਼ਬਦ ਰੂਪ ਮੌਜੂਦ ਹੈ, ਉਹਨੂੰ ਲੋਕ–ਪ੍ਰਵਾਨਗੀ ਵੀ ਮਿਲੀ ਹੋਈ ਹੈ, ਉਹ ਸੌਖਿਆਂ ਜ਼ੁਬਾਨ ਉੱਤੇ ਵੀ ਚੜ੍ਹਦਾ ਹੈ ਤਾਂ ਉਹ ਤਦਭਵੀ ਸ਼ਬਦ ਵਰਤਣਾ ਚਾਹੀਦਾ ਹੈ ਪਰ ਜੇ ਨਹੀਂ ਹੈ ਤਾਂ ਤਦਭਵੀ ਸ਼ਬਦ ਵਰਤਣ ਜਾਂ ਘੜ੍ਹਨ ਲਈ ਤੀਂਘੜਨਾ ਨਹੀਂ ਚਾਹੀਦਾ। ਉਦਾਹਰਨ ਵਜੋਂ ਹਿੰਦੀ ਦੇ ਪਹਿਚਾਨ ਸ਼ਬਦ ਤੋਂ ਅਸੀਂ ਪਹਿਚਾਣ ਸ਼ਬਦ ਬਣਾ ਲਿਆ ਅਤੇ ਹੋਰ ਘਾੜ੍ਹਤ ਕਰ ਕੇ ”ਪਛਾਣ” ਸ਼ਬਦ ਬਣਾ ਲਿਆ। ਮੈਂ ”ਪਛਾਣ” ਸ਼ਬਦ ਵਰਤਣ ਦੀ ਹਮਾਇਤ ਕਰਾਂਗਾ ਪਰ ਇਹ ਵੀ ਨਹੀਂ ਕਿ ਮੈਂ ਇਹ ਅੜੀਅਲ ਰਵੱਈਆ ਅਪਣਾ ਲਵਾਂ ਕਿ ਮੈਂ ਤਾਂ ਪਹਿਚਾਣ ਸ਼ਬਦ ਕਦੇ ਵਰਤਣਾ ਹੀ ਨਹੀਂ।
ਭਾਸ਼ਾ/ਬੋਲੀ ਦੀ ਵਰਤੋਂ ਸਬੰਧੀ ਇੱਕ ਨੁਕਤਾ ਇਹ ਵੀ ਹੈ ਕਿ ਤੁਸੀਂ ਭਾਸ਼ਾ/ਬੋਲੀ ਵਰਤ ਕਿੱਥੇ ਰਹੇ ਓਂ ? ਵਰਤ ਕਾਹਦੇ ਲਈ ਰਹੇ ਓਂ ? ਅਸੀਂ ਆਮ ਬੋਲਚਾਲ ਵਿੱਚ ”ਜਿਆਦਾ” ਸ਼ਬਦ ਉਚਾਰਦੇ ਹਾਂ ਪਰ ਲਿਖਤ ਦੌਰਾਨ (ਜਿਸ ਵਿੱਚ ਉਪਭਾਸ਼ਾਈ ਰਲ਼ੇਵਾਂ ਨਹੀਂ ਹੈ) ਜਾਂ ਕਿਸੇ ਫਾਰਮਲ ਐਕਟੀਵਿਟੀ ਦੌਰਾਨ ਸਾਨੂੰ ਤਤਸਮ ਸ਼ਬਦ ”ਜ਼ਿਆਦਾ” ਵਰਤਣਾ ਚਾਹੀਦਾ ਹੈ।
ਸਾਨੂੰ ਖੁਲ੍ਹਦਿਲੀ ਨਾਲ਼ ਹੋਰਨਾਂ ਭਾਸ਼ਾਵਾਂ ਦੇ ਸ਼ਬਦ ਜਿਹੜੇ ਕਿ ਹੁਣ ਸਾਡੀ ਪੰਜਾਬੀ ਬੋਲੀ ਦਾ ਹਿੱਸਾ ਬਣ ਗਏ ਹਨ, ਜਿਹੜੇ ਕਿ ਓਪਰੇ ਵੀ ਨਹੀਂ ਹਨ, ਉਹ ਵਰਤ ਲੈਣੇ ਚਾਹੀਦੇ ਹਨ। ਵੱਖ–ਵੱਖ ਭਾਸ਼ਾਵਾਂ/ਬੋਲੀਆਂ ਦੇ ਸ਼ਬਦਾਂ ਨੇ ਪੰਜਾਬੀ ਵਿੱਚ ਆ ਕੇ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਨੂੰ ਅਮੀਰ ਹੀ ਕੀਤਾ ਹੈ।
ਸਾਡੇ ਲਈ ਮਾਣ ਵਾਲ਼ੀ ਗੱਲ ਹੈ ਕਿ ਸਾਡੀ ਪੰਜਾਬੀ ਭਾਸ਼ਾ/ਬੋਲੀ ਵਿੱਚ ਹਿੰਦੀ, ਸੰਸਕ੍ਰਿਤ, ਅਰਬੀ–ਫ਼ਾਰਸੀ, ਉਰਦੂ, ਅੰਗਰੇਜ਼ੀ, ਲਾਤੀਨੀ, ਫ਼ਰਾਂਸੀਸੀ, ਤੁਰਕੀ, ਪੁਰਤਗਾਲੀ, ਜਾਪਾਨੀ ਆਦਿ ਹੋਰ ਕਿੰਨੀਆਂ ਹੀ ਭਾਸ਼ਾਵਾਂ/ਬੋਲੀਆਂ ਦੇ ਸ਼ਬਦ ਸ਼ਾਮਿਲ ਹਨ ਜਿਹੜੇ ਕਿ ਸਾਡੇ ਲਈ ਬਿਲਕੁਲ ਵੀ ਓਪਰੇ ਨਹੀਂ ਹੁਣ ਤੁਸੀਂ ਦੇਖੋ ਕਿ
*ਮੋਬਾਇਲ, ਕੰਪਿਊਟਰ, ਮਾਊਸ, ਕੀ–ਬੋਰਡ, ਚਾਰਜਰ, ਬੈਗ, ਬੈੱਡ, ਪਲੱਗ, ਵਾਇਰਿੰਗ, ਏ.ਸੀ., ਪੈਂਟ, ਸ਼ਰਟ, ਟੀ–ਸ਼ਰਟ, ਬੈਲਟ, ਮੈਟ ਆਦਿ ਅੰਗਰੇਜ਼ੀ ਦੇ ਸ਼ਬਦ ਹਨ ਪਰ ਸਾਨੂੰ ਬੋਲਦਿਆਂ ਬਿਲਕੁਲ ਵੀ ਓਪਰੇ ਨਹੀਂ ਜਾਪਦੇ। ਇਸੇ ਤਰ੍ਹਾਂ :
*ਲਾਤੀਨੀ ਤੋਂ : ਏਜੰਟ, ਸਰਕਸ, ਕਾਂਗਰਸ, ਪਰਮਿਟ, ਪਲੇਗ ਆਦਿ ਸ਼ਬਦ
*ਫ਼ਰਾਂਸੀਸੀ ਤੋਂ : ਆਰਮੀ, ਚਿਮਨੀ, ਪਤਲੂਨ, ਟੇਬਲ ਆਦਿ ਸ਼ਬਦ
*ਪੁਰਤਗਾਲੀ ਤੋਂ : ਪੈਸਾ, ਅਲਮਾਰੀ, ਸੰਤਰਾ, ਕਮਰਾ, ਅਚਾਰ, ਗੋਭੀ, ਚਾਬੀ, ਪੀਪਾ, ਫੀਤਾ, ਮਿਸਤਰੀ, ਤੋਲੀਆ, ਬਿਸਕੁਟ, ਬੋਤਲ, ਕਾਰਤੂਸ ਆਦਿ
*ਤੁਰਕੀ ਤੋਂ : ਚਮਚਾ, ਬਹਾਦਰ, ਕੁਰਕੀ, ਚਿਲਮ, ਨੌਕਰ, ਕੈਂਚੀ, ਚਾਕੂ, ਤੋਪ, ਬੋਤਾ, ਲੰਗਰ, ਚੁਗਲੀ, ਚਾਦਰ, ਲੱਛਾ, ਬੇਬੇ, ਬਾਬਾ, ਸੁੱਥਣ ਆਦਿ ਸ਼ਬਦ
*ਫ਼ਾਰਸੀ ਤੋਂ : ਔਰਤ, ਗੀਦੀ, ਦੁਸ਼ਮਣ, ਦਰਬਾਰ, ਦਲਾਨ, ਦਰਦ, ਦੰਗਾ, ਸ਼ਹਿਰ, ਸਲਵਾਰ, ਰਿਸ਼ਤਾ, ਦਿਲਾਸਾ, ਆਰਾਮ, ਜਵਾਨ, ਜਾਨ, ਪਤੀਲਾ, ਦਰਿਆ ਅਸਮਾਨ, ਨਹਿਰ ਆਦਿ ਕਿੰਨੇ ਹੀ ਸ਼ਬਦ ਹਨ ਜਿਹੜੇ ਕਿ ਸਾਨੂੰ ਇਉਂ ਲਗਦਾ ਹੈ ਜਿਵੇਂ ਇਹ ਸ਼ਬਦ ਪੰਜਾਬੀ ਦੇ ਹੀ ਹੋਣ (ਵੈਸੇ ਹੁਣ ਇਹ ਪੰਜਾਬੀ ਦੇ ਹੀ ਹਨ।)
ਜੇ ਅਸੀਂ ਖੁਲ੍ਹਦਿਲੀ ਨਾ ਦਿਖਾਉਦੇ ਤਾਂ ਸ਼ਾਇਦ ਸਾਡੀ ਲਿਪੀ 35 ਅੱਖਰੀ ਹੀ ਰਹਿਣੀ ਸੀ, ਉਸ ਵਿੱਚ ਨਵੇਂ 6 ਨਵੇਂ ਅੱਖਰ (ਸ਼, ਖ਼, ਗ਼, ਜ਼, ਫ਼, ਲ਼) ਸ਼ਾਮਿਲ ਹੀ ਨਹੀਂ ਸਨ ਹੋਣੇ।
ਸੋ ਖੁਲ੍ਹਦਿਲੀ ਦਿਖਾਓ ਅਤੇ ਪੰਜਾਬੀ ਭਾਸ਼ਾ ਦੇ ਖੇਤਰ ਨੂੰ ਵਧਾਓ।
ਅਖ਼ੀਰ ਉੱਤੇ : ਭਾਸ਼ਾ ਦੇ ਨਾਮ ‘ਤੇ ਹੁੰਦੀ ਸਿਆਸਤ ਤੋਂ ਬਚੋ।
ਸ਼ੁਕਰਾਨਾ
ਡਾ. ਸਵਾਮੀ ਸਰਬਜੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly