(ਸਮਾਜ ਵੀਕਲੀ)
ਪਰਲੇ ਪਾਰ ਚੱਲੀਏ ਪਰਲੇ ਪਾਰ ਨੀ ਸਖ਼ੀਏ
ਚੱਲੀਏ ਪਰਲੇ ਪਾਰ
ਗਈ ਆਜਾਦੀ ਉੱਧਲ਼ ਅੜੀਏ
ਕਰਕੇ ਹਾਰ – ਸ਼ਿੰਗਾਰ
ਨੀ ਸਖ਼ੀਏ…
ਚੱਲੀਏ ਪਰਲੇ ਪਾਰ
ਪਰਲੇ ਪਾਰ ਬੇਗ਼ਾਨਾ ਕਿਹੜਾ?
ਏਥੇ ਹੋਰ ਯਾਰਾਨਾਂ ਕਿਹੜਾ?
ਜੋਗੀ ਉਹ ਮਸਤਾਨਾ ਕਿਹੜਾ?
ਵੰਝਲ਼ੀ ਦਾ ਫ਼ਨਕਾਰ
ਨੀ ਸਖ਼ੀਏ…
ਚੱਲੀਏ ਪਰਲੇ ਪਾਰ
ਦੀਦਿਆਂ ਵਿਚ ਹਨੇਰੇ ਛਾਏ
ਗੀਤਾਂ ਦੇ ਚੇਹਰੇ ਮੁਰਝਾਏ
ਪਰਲੇ ਪਾਰੋਂ ਖ਼ਤ ਨਾ ਆਏ
ਘੱਲੇ ਮੈਂ ਕਈ ਵਾਰ
ਨੀ ਸਖ਼ੀਏ….
ਚੱਲੀਏ ਪਰਲੇ ਪਾਰ
ਲੋਹੜੀ ਦੀ ਅੱਗ ਬਾਲ਼ੀ ਰਹਿ ਗਈ
ਪਰਲੇ ਪਾਰ ਦਿਵਾਲ਼ੀ ਰਹਿ ਗਈ
ਸਾਡੀ ਕ਼ਿਸਮਤ ਕਾਲ਼ੀ ਰਹਿ ਗਈ
ਰੁੱਸੇ ਰਹਿ ਗਏ ਯਾਰ
ਨੀ ਸਖ਼ੀਏ…..
ਚੱਲੀਏ ਪਰਲੇ ਪਾਰ
ਪਰਲੇ ਪਾਰ ਮਕੱਈ ਦੇ ਦਾਣੇ
ਗੁੜ ਦੇ ਨਾਲ਼ ਰਲ਼ਾ ਕੇ ਖਾਣੇ
ਹੁਣ ਨਹੀਂ ਸਾਥੋਂ ਚੱਬੇ ਜਾਣੇ
ਕਰਲੈ ਯਤਨ ਹਜ਼ਾਰ
ਨੀ ਸਖ਼ੀਏ….
ਚੱਲੀਏ ਪਰਲੇ ਪਾਰ
ਪਰਲੇ ਪਾਰ ਚਮਕਦੇ ਤਾਰੇ
ਉਰਲੇ ਬੈਠੇ ਲੈਣ ਨਜ਼ਾਰੇ
ਇੱਕ ਦੇ ਵਾਅਦੇ ਇਕ ਦੇ ਲਾਰੇ
ਬੁੱਲ੍ਹਾਂ ‘ਤੇ ਤਕਰਾਰ
ਨੀ ਸਖ਼ੀਏ….
ਚੱਲੀਏ ਪਰਲੇ ਪਾਰ
ਪਰਲੇ ਪਾਰ ਗਵਾ ਕੇ ਹਾਸੇ
ਭਰ ਕੇ ਹੰਝੂਆਂ ਵਾਲ਼ੇ ਕਾਸੇ
ਦੇ ਕੇ ਦਿਲ ਨੂੰ ਝੂਠ ਦਿਲਾਸੇ
ਲੈ ਆਏ ਇਸ ਪਾਰ
ਨੀ ਸਖ਼ੀਏ…
ਚੱਲੀਏ ਪਰਲੇ ਪਾਰ
ਪਰਲੇ ਪਾਰ ਹਜਾਰਾ ਵੱਸਿਆ
ਉੱਠਿਆ ਨਾ ਵੰਝਲ਼ੀ ਦਾ ਡੱਸਿਆ
ਚਾਕਰ ਹੋ ਕੇ ਫਿਰ ਨਾ ਹੱਸਿਆ
ਜੋਗੀ ਹੋ ਗਿਆ ਯਾਰ
ਨੀ ਸਖ਼ੀਏ….
ਚੱਲੀਏ ਪਰਲੇ ਪਾਰ
ਪਰਲੇ ਪਾਸੇ ਝੰਗ ਰਹਿ ਗਿਆ
ਇਸ਼ਕ ਦਾ ਗੂੜ੍ਹਾ ਰੰਗ ਰਹਿ ਗਿਆ
ਰੱਬ ਵੀ ਸੁਣ ਕੇ ਦੰਗ ਰਹਿ ਗਿਆ
ਮੱਚੀ ਹਾਹਾਕਾਰ
ਨੀ ਸਖ਼ੀਏ…
ਚੱਲੀਏ ਪਰਲੇ ਪਾਰ
ਪਰਲੇ ਪਾਰ ਰਹਿ ਗਿਆ ਬੁੱਲਾ
ਸਿਰ ‘ਤੇ ਪਗੜੀ ਕੁੜਤਾ ਖੁੱਲ੍ਹਾ
ਹੁਣ ਤੱਕ ਵੀ ਨਹੀਂ ਨਾ ਚੇਤਾ ਭੁੱਲਾ
ਰੂਹ ਖਿੜਿਆ ਕਿਰਦਾਰ
ਨੀ ਸਖ਼ੀਏ…
ਚੱਲੀਏ ਪਰਲੇ ਪਾਰ
ਪਰਲੇ ਪਾਰ ਤਾਂ ਨਜਮੀ ਲਿਖਦਾ
ਉਰਲੇ ਬੈਠਾ ਓਹਤੋਂ ਹੀ ਸਿਖਦਾ
ਕੋਈ ਨਾ ਉਸ ਦੇ ਮੂਹਰੇ ਟਿਕਦਾ
ਕਵੀਆਂ ਦਾ ਸਰਦਾਰ
ਨੀ ਸਖ਼ੀਏ..
ਚੱਲੀਏ ਪਰਲੇ ਪਾਰ
ਪਰਲੇ ਪਾਰ ਕਸੂਰ ਰਹਿ ਗਿਆ
ਹਾਏ ਨੀ! ਬਾਹਲ਼ਾ ਦੂਰ ਰਹਿ ਗਿਆ
ਅੱਲ੍ਹਾ ਹੋ ਮਜਬੂਰ ਰਹਿ ਗਿਆ
ਦਿਲਾਂ ‘ਚ ਚੁਭ ਗਏ ਖ਼ਾਰ
ਨੀ ਸਖ਼ੀਏ…
ਚੱਲੀਏ ਪਰਲੇ ਪਾਰ
ਪਰਲੇ ਪਾਰ ਲਹੌਰ ਗਵਾਚਾ
ਭੀਖ਼ੂ ਤਾਇਆ ਜਬਰੂ ਚਾਚਾ
ਹੋ ਗਏ ਰਿਸ਼ਤੇ ਘਾਚਾ-ਮਾਚਾ
ਆਪਾਂ ਖੱਜਲ਼ – ਖ਼ੁਆਰ
ਨੀ ਸਖ਼ੀਏ…
ਚੱਲੀਏ ਪਰਲੇ ਪਾਰ
ਆਪਾਂ ਪੱਤ ਮਜਹਬ ਦੀ ਰੋਲ਼ੀ
ਸੱਭਿਾਚਾਰਕ ਗੱਲ ਨਾ ਗੌਲ਼ੀ
ਭੁੱਲ ਗਏ ਸਾਡੇ ਜਾਏ ਬੋਲੀ
ਕਾਹਦੇ ਹਾਂ ਹੁਸ਼ਿਆਰ?
ਨੀ ਸਖ਼ੀਏ. .
ਚੱਲੀਏ ਪਰਲੇ ਪਾਰ
ਪਰਲੇ ਪਾਰ ਸਾਡਾ ਨਨਕਾਣਾ
ਹੁਣ ਨਹੀਂ ਮੰਨਿਆ ਜਾਂਦਾ ਭਾਣਾ
ਕੁਝ ਵੀ ਕਰ ਬਸ ਜਾਣਾ ਹੀ ਜਾਣਾ
ਮਿਹਰ ਕਰੂ ਕਰਤਾਰ
ਨੀ ਸਖ਼ੀਏ…
ਚੱਲੀਏ ਪਰਲੇ ਪਾਰ
~ ਰਿੱਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly