(ਸਮਾਜ ਵੀਕਲੀ)
ਆਓ ਇਕ ਦੂਜੇ ਲਈ ਦਿਲ ਵਿੱਚ ਅਹਿਸਾਸ ਜਗਾਈਏ ।
ਦੂਜਿਆਂ ਦੀ ਖ਼ੁਸ਼ੀ ਵਿੱਚ ਖ਼ੁਸ਼ ਰਹਿਣ ਦੀ ਆਦਤ ਪਾਈਏ।
ਹਾਸੇ ਬੀਜ ,ਖ਼ੁਸ਼ੀਆਂ ਉਗਾ, ਖ਼ੁਸ਼ੀਆਂ ਵੰਡ, ਖ਼ੁਸ਼ੀ ਮਨਾਈਏ।
ਪਿਆਰ ਮੁਹੱਬਤ ਨਿਮਰਤਾ ਮਿੱਠੇ ਬੋਲਾਂ ਦੀ ਸਾਂਝ ਪਾਈਏ।
ਇਕ ਦਮ ਦਾ ਭਰੋਸਾ ਨਹੀਂ ਕਦੋਂ ਦੁਨੀਆਂ ਕੂਚ ਕਰ ਜਾਈਏ।
ਬਸ ਚਾਰ ਦਿਨਾਂ ਜਿੰਦਗੀ ਹੱਸ ਖੇਡ ਕੇ ਉਮਰ ਲੰਘਾਈਏ।
ਉਮਰ ਦੇ ਸਾਲ ਭਾਵੇਂ ਹੋਣ ਥੋੜੇ ਪਰ ਕੰਮ ਵੱਡੇ ਕਰ ਜਾਈਏ।
ਮਰਨ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਜਾਈਏ।
ਮਾਰੂ ਹਥਿਆਰ ਚੁੱਕਣ ਨਾਲੋਂ ਕਲਮ ਦੀ ਤਾਕਤ ਅਜ਼ਮਾਈਏ
ਛੱਡ ਕੇ ਸਾਰੇ ਝਗੜੇ ਝਮੇਲੇ ਦਿਨ ਖ਼ੁਸ਼ੀਆਂ ਨਾਲ ਬਿਤਾਈਏ।
ਵਹਿਮ ਭਰਮ ਦੀਆਂ ਉਲਝਣਾਂ ਤੋਂ ਬਾਹਰ ਨਿੱਕਲ ਆਈਏ।
ਸ਼ਗਨ ਅਪਸ਼ਗਨ ਤੋਂ ਪਹਿਲਾਂ ਤਰਕਸ਼ੀਲ ਸੋਚ ਅਪਣਾਈਏ
ਦੁੱਖ ਰੋਗ ਫਿਕਰ ਸੰਸੇ ਬਿਖਮ ਪੈਂਡਿਆਂ ਤੋਂ ਨਾ ਘਬਰਾਈਏ।
ਹਿੰਮਤ ਆਤਮ ਵਿਸ਼ਵਾਸ਼ ਭਰੋਸੇ ਬਿਖਮ ਪੈਂਡਾ ਲੰਘ ਜਾਈਏ।
ਖ਼ੂਬ ਪੜ੍ਹਾਈ ਸਖ਼ਤ ਮਿਹਨਤਾਂ ਤੇ ਉੱਚ ਡਿਗਰੀਆਂ ਪਾਈਏ।
ਜ਼ਿੰਦਗੀ ਗੁਜ਼ਾਰਨ ਲਈ ਹੱਕ ਹਲਾਲ ਦੀ ਕਮਾਈ ਖਾਈਏ।
ਸਰੀਰਕ ਅਰੋਗਤਾ ਲਈ ਕਸਰਤ ਖੇਡਾਂ ਜੋਗ ਸੈਰ ਤੇ ਜਾਈਏ।
ਸਾਫ਼ ਤਾਜ਼ਾ ਸੰਤੁਲਿਤ ਭੋਜਨ ਖਾ ਖਾ ਰੋਗਾਂ ਨੂੰ ਦੂਰ ਭਜਾਈਏ।
ਮਾਪਿਆਂ ਨੇ ਦੁਨੀਆਂ ਦਿਖਾਈ ਉਹਨਾਂ ਤੇ ਪਿਆਰ ਲੁਟਾਈਏ।
ਅਕਾਲਪੁਰਖ ਜਿੰਦਗੀ ਬਖ਼ਸ਼ੀ ਸਦਾ ਗੁਣ ਰੱਬ ਦੇ ਗਾਈਏ।
ਕਰਮਾਂ ਰੂਪੀ ਧਰਤੀ ਤੇ ਸਦਾ ਸੱਚੇ ਨਾਮ ਦੇ ਬੀਜ ਉਗਾਈਏ।
ਔਗੁਣਾਂ ਦੇ ਨਦੀਨ ਪੁੱਟਕੇ ਸ਼ੁਭ ਗੁਣਾਂ ਵਾਲੇ ਪੌਦੇ ਉਗਾਈਏ।
ਪੌਣ ਗੁਰੂ ਪਾਣੀ ਪਿਤਾ ਧਰਤੀ ਮਾਂ ਪ੍ਰਦੂਸ਼ਿਤ ਹੋਣੋਂ ਬਚਾਈਏ।
ਪੁਰਾਣੇ ਰੁੱਖਾਂ ਦੀ ਸੰਭਾਲ ਕਰੀਏ ਤੇ ਨਵੇਂ ਫੁੱਲ ਬੂਟੇ ਉਗਾਈਏ।
ਰੱਬ ਤੋਂ ਮਿਲੀਆਂ ਦਾਤਾਂ ਨਾਲ ਦੁਨਿਆਵੀ ਖ਼ੁਸ਼ੀਆਂ ਮਨਾਈਏ।
ਦੁਨਿਆਵੀ ਦਾਤਾਂ ਵਿੱਚ ਉਲਝ ਕੇ ਦਾਤੇ ਨੂੰ ਭੁੱਲ ਨਾ ਜਾਈਏ।
ਇਕਬਾਲ ਸਿੰਘ ਪੁੜੈਣ
8872897500
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly