HOME “ਆਵੇ ਸਾਡੇ ਨਾਲ ਜਾਵੇ ਕਿਸੇ ਹੋਰ ਨਾਲ, ਬੱਲੇ ਉਹ ਚਲਾਕ ਸੱਜਣਾ”

“ਆਵੇ ਸਾਡੇ ਨਾਲ ਜਾਵੇ ਕਿਸੇ ਹੋਰ ਨਾਲ, ਬੱਲੇ ਉਹ ਚਲਾਕ ਸੱਜਣਾ”

ਡਿਊਟੀ ਮਲੇਰੀਆ ਵਿੰਗ ਵਿੱਚ ਸਵਸਥ ਸਹਾਇਕ ਦੀ ਤੇ ਘੁੰਮਦਾ ਸੈਂਪਲ ਭਰਨ ਵਾਲੀ ਫੂਡ ਸੇਫਟੀ ਅਫਸਰਾਂ ਦੀ ਟੀਮ ਨਾਲ
• ਮੋਟਾ ਮਾਲ ਇਕੱਠਾ ਕਰਨ ‘ਚ ਮਾਹਿਰ ਹੋਣ ਕਾਰਣ ਲੰਮੇ ਸਮੇਂ ਤੋਂ ਇੱਕੋ ਸਟੇਸ਼ਨ ‘ਤੇ ਤਾਇਨਾਤ ਚਹੇਤਾ ਮੁਲਾਜ਼ਮ
ਹੁਸ਼ਿਆਰਪੁਰ,  (ਸਮਾਜ ਵੀਕਲੀ)  ( ਤਰਸੇਮ ਦੀਵਾਨਾ )  – ਭਾਵੇਂ ਪੰਜਾਬ ਦੀ ਮੌਜੂਦਾ ਆਪ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਸੇਵਾਵਾਂ ਨੂੰ ਆਪਣੀ ਪਹਿਲੀ ਤਵੱਜੋ  ਦੇਣ ਦਾ ਐਲਾਨ ਕੀਤਾ ਹੋਇਆ ਹੈ ਪਰ ਇਸ ਦੇ ਉਲਟ ਹੁਸ਼ਿਆਰਪੁਰ ਦੇ ਸਿਹਤ ਵਿਭਾਗ ਦਾ ਤਾ ਬਾਬਾ ਆਦਮ ਹੀ ਨਿਰਾਲਾ ਹੈ | ਇਸ ਵਿਭਾਗ ਵਿੱਚ ਸਰਕਾਰੀ ਹੁਕਮਾਂ ਦੇ ਉਲਟ ਚੱਲਣ  ਨੂੰ ਸ਼ਾਨ ਵਾਲੀ ਗੱਲ ਸਮਝੀ ਜਾਂਦੀ ਹੈ ਇਥੋਂ ਤੱਕ ਕਿ ਇਸ ਵਿਭਾਗ ਵਿੱਚ ਤਾਇਨਾਤ ਕੁੱਝ ਅਧਿਕਾਰੀ ਅਤੇ ਮੁਲਾਜ਼ਮ ਆਪਣੇ ਹੀ ਉੱਚ ਅਧਿਕਾਰੀਆ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਮਨਮਰਜ਼ੀ ਨਾਲ ਡਿਊਟੀਆਂ ਏਧਰੋਂ ਉਧਰ ਤੇ ਓਧਰੋਂ ਏਧਰ ਮਲਾਈ ਵਾਲੇ ਅਹੁਦਿਆਂ ਤੇ ਕਰੀ ਜਾਂਦੇ ਹਨ ਇਸ ਦੀ ਮਿਸਾਲ ਇੰਝ ਸਾਹਮਣੇ ਆਈ ਕਿ ਪਿਛਲੇ ਲੰਮੇ ਸਮੇਂ ਤੋਂ ਇੱਕੋ ਸਟੇਸ਼ਨ ਤੇ ਤਾਇਨਾਤ ਇੱਕ ਮੁਲਾਜ਼ਮ, ਜਿਸ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਮੋਟੀ ਮਲਾਈ ਵਾਲੇ ਸ਼ਿਕਾਰ ਇਸ ਦੀਆਂ ਉਂਗਲਾਂ ਦੇ ਪੋਟਿਆਂ ‘ਤੇ ਈ ਹੁੰਦੇ ਹਨ ਜਿਸ ਕਾਰਣ ਨਵੇਂ ਨਵੇਂ ਆਉਂਦੇ ਅਧਿਕਾਰੀਆਂ ਦਾ ਇਹ ਮੁਲਾਜ਼ਮ ਚਹੇਤਾ ਬਣ ਜਾਂਦਾ ਹੈ, ਇਸੇ ਮੁਲਾਜ਼ਮ ਵੱਲੋਂ ਮਲੇਰੀਆ ਵਿੰਗ ਵਿੱਚ ਸਵਸਥ ਸਹਾਇਕ ਵੱਜੋਂ ਤਾਇਨਾਤ ਹੋਣ ਦੇ ਹੁਕਮਾਂ ਨੂੰ ਅਣਦੇਖਿਆਂ ਕਰਦਿਆਂ ਫੂਡ ਸੇਫਟੀ ਦੇ ਅਫਸਰਾਂ ਦੀ ਟੀਮ ਨਾਲ ਡਿਊਟੀ ਕੀਤੀ ਜਾ ਰਹੀ ਹੈ ਜਿਸ ਦੀਆਂ ਫੂਡ ਸੇਫਟੀ ਅਫਸਰਾਂ ਵੱਲੋਂ ਕੀਤੇ ਜਾਂਦੇ ਰੇਡ ਦੀਆਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਮਾਸੀ ਮੀਡੀਆ ਵੱਲੋਂ ਭੇਜੀਆਂ ਜਾਂਦੀਆਂ ਖਬਰਾਂ ਵਿੱਚ ਫੂਡ ਸੇਫਟੀ ਅਫਸਰਾਂ ਦੇ ਨਾਲ ਰੇਡ ਕਰਨ ਸਮੇਂ ਦੀਆਂ ਫੋਟੋ ਆਮ ਦੇਖੀਆਂ ਜਾ ਸਕਦੀਆਂ ਹਨ  | ਭਰੋਸੇਯੋਗ ਸੂਤਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਸਿਵਲ ਸਰਜਨ ਦਫਤਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਇੱਕੋ ਸਟੇਸ਼ਨ ਤੇ ਨਰੇਸ਼ ਕੁਮਾਰ ਸਵਸਥ ਕਰਮੀ ਵੱਜੋਂ ਤਾਇਨਾਤ ਹੈ ਜਿਸ ਦੀ ਡਿਊਟੀ ਜ਼ਿਆਦਾਤਰ ਫੂਡ ਸੇਫਟੀ ਅਫ਼ਸਰ ਦੇ ਨਾਲ ਰਹੀ ਹੋਣ ਕਾਰਣ ਮਲਾਈਦਾਰ ਪਾਰਟੀਆਂ ਦਾ ਚੰਗਾ ਜਾਣੂ ਹੋ ਗਿਆ ਹੈ, ਪਰ ਸਿਵਲ ਸਰਜਨ ਵੱਲੋਂ ਇਸ ਦੀ ਡਿਊਟੀ ਅਧਿਕਾਰਿਤ ਤੌਰ ‘ਤੇ ਮਲੇਰੀਆ ਵਿੰਗ ਵਿੱਚ ਲਾਈ ਹੋਈ ਹੈ ਅਤੇ ਹੁਣ ਵੀ ਮਿਤੀ 10/10/2025 ਨੂੰ ਸਿਵਲ ਸਰਜਨ ਹੁਸ਼ਿਆਰਪੁਰ ਦਫਤਰ ਵੱਲੋਂ ਆਪਣੇ ਹੁਕਮ ਨੰਬਰ 3853 ਰਾਹੀਂ ਨਰੇਸ਼ ਕੁਮਾਰ ਦੀ ਡਿਊਟੀ ਜ਼ਿਲ੍ਹਾ ਮਲੇਰੀਆ ਲੈਬ ਵਿੱਚ ਸਵਸਥ ਸਹਾਇਕ ਵੱਜੋਂ ਲਗਾਈ ਗਈ ਹੈ ਪਰ ਇਨ੍ਹਾਂ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਉਕਤ ਮੁਲਾਜ਼ਮ ਹਾਲੇ ਵੀ ਫੂਡ ਸੇਫਟੀ ਅਫ਼ਸਰਾ ਦੀ ਟੀਮ ਵਿੱਚ ਡਿਊਟੀ ਕਰ ਰਿਹਾ ਨਜ਼ਰ ਆ ਰਿਹਾ ਹੈ, ਜਿਸ ਵੱਲੋਂ ਟਾਂਡੇ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਇਸ ਟੀਮ ਵਿੱਚ ਸ਼ਾਮਿਲ ਨਰੇਸ਼ ਦੀਆਂ ਤਸਵੀਰਾਂ ਆਮ ਦੇਖਣ ਨੂੰ ਮਿਲ ਰਹੀਆਂ ਹਨ | ਅਤਿ ਭਰੋਸੇ ਯੋਗ ਵਿਭਾਗ ਦੇ ਅੰਦਰਲੇ ਸੂਤਰਾਂ ਮੁਤਾਬਿਕ ਨਰੇਸ਼ ਪਿਛਲੇ ਲੰਮੇ ਸਮੇਂ ਤੋਂ ਇੱਕੋ ਸਟੇਸ਼ਨ ਤੇ ਤਾਇਨਾਤ ਹੋਣ ਕਾਰਨ ਮਲਾਈਦਾਰ ਪਾਰਟੀਆਂ ਦਾ ਚੰਗਾ ਜਾਣੂ ਹੈ ਜਿਸ ਕਾਰਣ ਹਰ ਨਵੇਂ ਫੂਡ ਸੇਫਟੀ ਅਫ਼ਸਰ ਦੇ ਚਹੇਤੇ ਟੀਮ ਮੈਂਬਰ ਵੱਜੋਂ ਸ਼ਾਮਿਲ ਹੁੰਦਾ ਆ ਰਿਹਾ ਹੈ ਜਿਨ੍ਹਾਂ ਦੀ ਹਾਲੀਆ ਤਿਉਹਾਰੀ ਸੀਜ਼ਨ ਹੋਣ ਕਾਰਨ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਇਹੀ ਕਾਰਨ ਹੈ ਕਿ ਮੋਟਾ ਮਾਲ ਇਕੱਠਾ ਕਰਨ ਵਿੱਚ ਮੁਹਾਰਤ ਰੱਖਦਾ ਹੋਣ ਕਾਰਨ ਇੱਕੋ ਸਟੇਸ਼ਨ ਤੇ ਤਾਇਨਾਤ ਹੋਣ ਵਿੱਚ ਕਾਮਯਾਬ ਰਿਹਾ ਹੈ | ਹੁਣ ਸਵਾਲ ਇਹ ਉੱਠਦਾ ਕਿ ਇਸ ਸਵਸਥ ਕਰਮੀ ਕੋਲ ਕਿਹੜਾ ਇਹੋ ਜਿਹਾ ਡਿਪਲੋਮਾ ਡਿਗਰੀ ਸਰਟੀਫਿਕੇਟ ਹੈ ਜੋ ਹਰ ਫੂਡ ਸੇਫਟੀ ਟੀਮ ਵਿੱਚ ਇਸ ਦੀ ਸਭ ਤੋਂ ਜ਼ਿਆਦਾ ਡਿਮਾਂਡ ਰਹਿੰਦੀ ਹੈ ? ਸ਼ਾਇਦ ਮੋਟਾ ਮਾਲ ਇਕੱਠਾ ਕਰਨ ਦੀ ਯੋਗਤਾ ਹੋਣਾ ਹੀ ਇਸ ਕੋਲ ਸਭ ਤੋਂ ਵੱਡੀ ਡਿਗਰੀ ਹੈ ਇਸੇ ਕਾਰਣ ਹੀ ਆਪ ਸਰਕਾਰ ਦੀ ਭ੍ਰਿਸ਼ਟਾਚਾਰ ਤੇ ਵਾਰ ਮੁਹਿੰਮ ਬਹੁਤੀ ਕਾਮਯਾਬ ਨਹੀਂ ਹੋ ਰਹੀ ਜਿਸ ਦੀ ਸਭ ਤੋਂ ਵੱਡੀ ਮਿਸਾਲ ਰੋਪੜ ਰੇਂਜ ਦੇ ਡੀਆਈਜੀ ਐੱਚਐੱਸ ਭੁੱਲਰ ਦੀ ਆਪ ਸਰਕਾਰ ਦੀ ਨੱਕ ਹੇਠੋ ਸੀਬੀਆਈ ਵੱਲੋਂ ਹਾਲ ਹੀ ਵਿੱਚ ਕੀਤੀ ਗ੍ਰਿਫਤਾਰੀ ਹੈ, ਜਿਸ ਨੇ ਕਥਿਤ ਬਦਲਾਅ ਵਾਲੀ ਸਰਕਾਰ ਦੇ ਪੈਰਾਂ ਹੇਠਿਓਂ ਜ਼ਮੀਨ ਕੱਢ ਕੇ ਰੱਖ ਦਿੱਤੀ ਹੈ |
ਕੀ ਕਹਿੰਦੇ ਨੇ ਜ਼ਿਲ੍ਹਾ ਮਲੇਰੀਆ ਅਫ਼ਸਰ :
ਇਸ ਮਾਮਲੇ ਵਿੱਚ ਸੰਪਰਕ ਕਰਨ ‘ਤੇ ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਅਫ਼ਸਰ ਜਤਿੰਦਰ ਭਾਟੀਆ ਦੀ ਜ਼ੁਬਾਨੀ ਬੇਨਤੀ ਤੇ ਨਰੇਸ਼ ਕੁਮਾਰ ਸਵਸਥ ਸਹਾਇਕ ਨੂੰ ਫੂਡ ਸੇਫਟੀ ਟੀਮ ਨਾਲ ਭੇਜਿਆ ਗਿਆ ਸੀ ਕਿਉਂਕਿ ਉਨ੍ਹਾਂ ਮੁਤਾਬਿਕ ਨਵੇਂ ਆਏ ਦਰਜਾ ਚਾਰ ਮੁਲਾਜ਼ਮ ਨੂੰ ਸੈਂਪਲ ਦੀ ਪੈਕਿੰਗ ਕਰਨੀ ਨਹੀਂ ਆਉਂਦੀ ਹੋਣ ਕਾਰਨ ਸਾਡੀ ਟੀਮ ਨੂੰ ਇਸ ਦੀ ਜਰੂਰਤ ਹੈ ਜਦਕਿ ਭਰੋਸੇਯੋਗ ਸੂਤਰਾਂ ਮੁਤਾਬਿਕ ਸੈਂਪਲ ਪੈਕਿੰਗ ਕਰਨ ਦਾ ਕੰਮ ਦਰਜਾ ਚਾਰ ਦਾ ਨਹੀਂ ਸਗੋਂ ਖੁਦ ਫੂਡ ਸੇਫਟੀ ਅਫ਼ਸਰ ਦਾ ਹੈ, ਦਰਜਾ ਚਾਰ ਤਾਂ ਕੇਵਲ ਇਸ ਵਿੱਚ ਸਹਾਇਤਾ ਹੀ ਕਰ ਸਕਦਾ ਹੈ |
ਫੂਡ ਸੇਫਟੀ ਅਫ਼ਸਰ ਨੇ ਨਹੀਂ ਚੁੱਕਿਆ ਫੋਨ :
ਇਸ ਮਾਮਲੇ ਵਿੱਚ ਫੂਡ ਸੇਫਟੀ ਅਫ਼ਸਰ ਡਾ. ਮਨੀਸ਼ ਕੁਮਾਰ ਨੂੰ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਵੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਜਿਸ ਕਾਰਨ ਉਨ੍ਹਾਂ ਦਾ ਪੱਖ ਨਹੀਂ ਲਿਆ ਜਾ ਸਕਿਆ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੀਵਾਲੀ ‘ਤੇ ਗਿਆਨ ਦਾ ਦੀਵਾ ਜਗਾਓ ਅਤੇ ਲੋੜਵੰਦਾਂ ਦੇ ਘਰਾਂ ਨੂੰ ਰੌਸ਼ਨ ਕਰੋ : ਤਲਵਾੜ
Next articleਮੁਰੇ ਬ੍ਰਿਜ ’ਚ ਸੱਭਿਆਚਾਰ ਦੀ ਮਹਿਕ ਨਾਲ ਰੋਸ਼ਨ ਹੋਇਆ 8ਵਾਂ ਪੰਜਾਬੀ ਵਿਰਾਸਤੀ ਮੇਲਾ