
(ਸਮਾਜ ਵੀਕਲੀ) ਅੱਜ ਡਿਊਟੀ ਤੇ ਜਾਣ ਦੇ ਸਫ਼ਰ ਦੌਰਾਨ ਮੇਰੇ ਨਾਲ ਇੱਕ ਐਸੀ ਘਟਨਾ ਵਾਪਰੀ, ਜਿਸ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਅਸੀਂ ਹਰ ਰੋਜ਼ ਇੱਕ ਹੀ ਬੱਸ ਵਿੱਚ ਡਿਊਟੀ ਤੇ ਜਾਂਦੇ ਹਾਂ, ਪਰ ਅੱਜ ਪੰਜ ਮਿੰਟ ਲੇਟ ਹੋ ਜਾਣ ਕਾਰਨ ਉਹ ਬੱਸ ਛੁੱਟ ਗਈ। ਫਿਰ ਅਸੀਂ ਇਕ ਹੋਰ ਬੱਸ ਵਿੱਚ ਬੈਠ ਗਏ, ਜਿਸ ਵਿੱਚ ਪਹਿਲਾਂ ਕਦੇ ਨਹੀਂ ਗਏ ਸੀ। ਉਸ ਬੱਸ ਦਾ ਡਰਾਈਵਰ ਇੱਕ ਨੌਜਵਾਨ ਲੜਕਾ ਸੀ। ਉਹ ਬੜਾ ਦੋਸਤਾਨਾ ਸੁਭਾਅ ਵਾਲਾ ਲੱਗਿਆਂ ਪਰ ਉਸ ਦੀਆਂ ਗੱਲਾਂ ਵਿੱਚ ਡਰਾਈਵਿੰਗ ਦੀ ਕਲਾ ਦਾ ਥੋੜਾ ਹੰਕਾਰ ਵੀ ਝਲਕ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਉਸਨੇ ਕਈ ਵੱਡੇ ਸ਼ਹਿਰਾਂ ਵਿੱਚ ਬੱਸ ਚਲਾਈ ਹੈ ਅਤੇ ਹੁਣ ਇਹ ਨਵੀਂ ਬੱਸ ਚਲਾਉਣੀ ਸ਼ੁਰੂ ਕੀਤੀ ਹੈ। ਬੱਸ ਕਾਫ਼ੀ ਤੇਜ਼ ਚੱਲ ਰਹੀ ਸੀ। ਅਸੀਂ ਤਿੰਨ ਜਣੇ ਡਰਾਈਵਰ ਦੇ ਨੇੜੇ ਸੀਟ ਤੇ ਬੈਠੇ ਸੀ। ਉਸਦੇ ਚਿਹਰੇ ਤੋਂ ਲੱਗਦਾ ਸੀ ਕਿ ਉਸਨੂੰ ਬਹੁਤ ਜਲਦੀ ਹੈ — ਸ਼ਾਇਦ ਕਿਸੇ ਨੇ ਫ਼ੋਨ ਤੇ ਕਿਹਾ ਸੀ ਕਿ ਅਗਲੇ ਸਟਾਪ ਤੇ ਸਵਾਰੀਆਂ ਉਡੀਕ ਰਹੀਆਂ ਹਨ। ਉਹ ਚਾਹੁੰਦਾ ਸੀ ਕਿ ਉਹ ਸਵਾਰੀਆਂ ਉਸਦੀ ਬੱਸ ਵਿੱਚ ਹੀ ਬੈਠਣ। ਰਸਤੇ ਵਿੱਚ ਅੱਗੇ ਇੱਕ ਟਰੱਕ ਅਤੇ ਸਾਈਡ ਤੇ ਇੱਕ ਬਾਈਕ ਤੇ ਤਿੰਨ ਮੁੰਡੇ ਜਾ ਰਹੇ ਸਨ। ਡਰਾਈਵਰ ਨੇ ਹਾਰਨ ਵਜਾਇਆ ਪਰ ਟਰੱਕ ਵਾਲੇ ਨੇ ਸਾਈਡ ਨਹੀਂ ਦਿੱਤੀ। ਫਿਰ ਡਰਾਈਵਰ ਨੇ ਜੋਖਮ ਲੈ ਕੇ ਬਾਈਕ ਵਾਲੀ ਸਾਈਡ ਤੋਂ ਬੱਸ ਬਿਲਕੁਲ ਨਜਦੀਕ ਤੋਂ ਕੱਢ ਲਈ। ਮੈਨੂੰ ਲੱਗਾ ਕਿ ਬੱਸ ਬਾਈਕ ਨਾਲ ਟਕਰਾ ਜਾਵੇਗੀ। ਸਿਰਫ਼ ਦੋ ਇੰਚ ਦਾ ਫਰਕ ਹੋਵੇਗਾ। ਮੇਰਾ ਦਿਲ ਡਰ ਨਾਲ ਧੜਕਣ ਲੱਗ ਪਿਆ, ਪਰ ਵਾਹਿਗੁਰੂ ਦੀ ਮੇਹਰ ਨਾਲ ਬੱਸ ਬਾਈਕ ਨਾਲ ਨਹੀਂ ਟਕਰਾਈ। ਡਰਾਈਵਰ ਨੇ ਫਿਰ ਸ਼ੇਖੀ ਮਾਰੀ ਕਿ ਮੈਨੂੰ ਡਰਾਈਵਿੰਗ ਦਾ ਬਹੁਤ ਤਜਰਬਾ ਹੈ। ਪਰ ਬੱਸ ਅਗਲੇ ਸਟਾਪੇਜ ਤੇ ਪਹੁੰਚਦਿਆਂ ਹੀ ਉਹੀ ਬਾਈਕ ਵਾਲੇ ਮੁੰਡੇ ਬੱਸ ਦੇ ਅੱਗੇ ਆ ਖੜੇ ਹੋਏ। ਉਹ ਗੁੱਸੇ ਵਿੱਚ ਸਨ ਅਤੇ ਡਰਾਈਵਰ ਨੂੰ ਗਾਲਾਂ ਕੱਢਣ ਲੱਗ ਪਏ। ਕੁਝ ਬਹਿਸ ਹੋਈ, ਪਰ ਆਖ਼ਰਕਾਰ ਡਰਾਈਵਰ ਨੇ ਆਪਣੀ ਗਲਤੀ ਮੰਨ ਲਈ ਤੇ ਮਾਫ਼ੀ ਮੰਗ ਲਈ। ਉਸ ਵੇਲੇ ਉਸਦੇ ਚਿਹਰੇ ’ਤੇ ਸ਼ਰਮ ਅਤੇ ਪਛਤਾਵਾ ਸਾਫ਼ ਦਿਖਾਈ ਦੇ ਰਿਹਾ ਸੀ। ਉਹ ਘਟਨਾ ਦੇਖ ਕੇ ਮੈਨੂੰ ਇੱਕ ਗੱਲ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ — ਕਈ ਵਾਰ ਅਸੀਂ ਆਪਣੇ ਆਪ ’ਤੇ ਇੰਨਾ ਵਿਸ਼ਵਾਸ ਕਰ ਲੈਂਦੇ ਹਾਂ ਕਿ ਉਹ ਓਵਰ ਕਾਨਫੀਡੈਂਸ ਬਣ ਜਾਂਦਾ ਹੈ। ਜਦੋਂ ਤੱਕ ਸਾਨੂੰ ਕੋਈ ਝਟਕਾ ਨਹੀਂ ਲੱਗਦਾ, ਅਸੀਂ ਆਪਣੀ ਗਲਤੀ ਨਹੀਂ ਮੰਨਦੇ। ਪਰ ਜਦੋਂ ਰੱਬ ਸਾਨੂੰ ਸਮੇਂ ’ਤੇ ਸਬਕ ਸਿਖਾ ਦਿੰਦਾ ਹੈ, ਤਾਂ ਉਹ ਸਾਡੀ ਕਿਸਮਤ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਅੱਜ ਉਹ ਡਰਾਈਵਰ ਸਮਝ ਗਿਆ ਹੋਵੇਗਾ ਕਿ ਸੜਕ ’ਤੇ ਜਲਦੀ ਤੇ ਹੰਕਾਰ ਦੋਵੇਂ ਖ਼ਤਰਨਾਕ ਹੁੰਦੇ ਹਨ।



