ਅੱਪਰਾ, ਸਮਾਜ ਵੀਕਲੀ- ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਦੁਆਰਾ ਲਿਖਤ ਸੰਵਿਧਾਨ ਬਾਰੇ ਅਪਸ਼ਬਦ ਬੋਲਣ ਵਾਲੀ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਤੇ ਗਾਇਕਾ ਅਨਮੋਲ ਰਤਨ ਮਾਨ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਾ. ਜਸਵਿੰਦਰ ਚੀਮਾ ਸੀਨੀਅਰ ਆਗੂ ਐੱਸ. ਸੀ/ਬੀ.ਸੀ ਪੰਚ ਸਰਪੰਚ ਤੇ ਨੰਬਰਦਾਰ ਯੂਨੀਅਨ ਪੰਜਾਬ ਨੇ ਕਿਹਾ ਕਿ ਜੋ ਮਹਿਲਾ ਬਾਬਾ ਸਾਹਿਬ ਦੁਆਰਾ ਲਿਖਤ ਸੰਵਿਧਾਨ ਕਰਕੇ ਹੀ ਅੱਜ ਅਜ਼ਾਦੀ ਮਾਣ ਰਹੀ ਹੈ , ਉਹ ਹੀ ਸੰਵਿਧਾਨ ਦੇ ਖਿਲਾਫ਼ ਬੋਲ ਰਹੀ ਹੈ।
ਡਾ. ਚੀਮਾ ਨੇ ਅੱਗੇ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਨੂੰ ਲਾਗੂ ਕਰਨ ਸਮੇਂ ’ਚ ਸਮੇਂ ਸਮੇਂ ਸੋਧ ਕਰਨ ਦਾ ਵਿਕਲਪ ਵੀ ਰੱਖਿਆ ਤਾਂ ਕਿ ਆਉਣ ਵਾਲੇ ਸਮੇਂ ਤੇ ਹਾਲਾਤਾਂ ਅਨੁਸਾਰ ਸੋਧ ਕੀਤੀ ਜਾ ਸਕੇ। ਕਮੀ ਸੰਵਿਧਾਨ ’ਚ ਨਹੀਂ ਇਸ ਨੂੰ ਲਾਗੂ ਕਰਨ ਵਾਲਿਆ ’ਚ ਹੈ। ਹਰ ਇੱਕ ਰਾਜਸੀ ਪਾਰਟੀ ਨੇ ਆਪਣੇ ਨਿੱਜੀ ਹਿੱਤਾਂ ਲਈ ਹੀ ਸੋਧਾਂ ਕੀਤੀਆਂ ਹਨ। ਉਨਾਂ ਕਿਹਾ ਕਿ ਅਨਮੋਲ ਗਗਨ ਮਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬਾਬਾ ਸਾਹਿਬ ਨੇ ਕਿਹੜੇ ਹਾਲਾਤਾਂ ’ਚ ਉਸ ਸਮੇਂ ਪੜਾਈ ਕਰਕੇ ਸੰਵਿਧਾਨ ਰਚਿਆ ਤੇ ਮਹਿਲਾਵਾਂ ਨੂੰ ਹੱਕ ਹਕੂਕ ਦਵਾਏ। ਬਾਬਾ ਸਾਹਿਬ ਦੁਆਰਾ ਰਚਿਤ ਸੰਵਿਧਾਨ ਖਿਲਾਫ਼ ਬੋਲਣ ਤੋਂ ਪਹਿਲਾਂ ਗਗਨ ਮਾਨ ਨੂੰ ਸੰਵਿਧਾਨ ਤੇ ਬਾਬਾ ਸਾਹਿਬ ਬਾਰੇ ਚੰਗੀ ਤਰਾਂ ਪੜ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅਨਮੋਲ ਗਗਨ ਮਾਨ ਦੇ ਖਿਲਾਫ਼ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।