ਸੰਤੁਸ਼ਟ ਰਹਿਣਾ ਸਿਖੀਏ ਤਾਂ ਕਿ ਖੁਸ਼ ਰਹਿ ਸਕੀਏ   

ਪ੍ਰਭਜੋਤ ਕੌਰ ਢਿੱਲੋਂ

 (ਸਮਾਜ ਵੀਕਲੀ)  – ਜ਼ਿੰਦਗੀ ਬਹੁਤ ਕੁੱਝ ਵਿਖਾਉਂਦੀ ਹੈ ਅਤੇ ਬਹੁਤ ਕੁੱਝ ਸਿਖਾਉਂਦੀ ਵੀ ਹੈ।ਕੁਦਰਤ ਨੇ ਸਾਨੂੰ ਹਰ ਤਰ੍ਹਾਂ ਦੇ ਹਾਲਾਤਾਂ ਬਾਰੇ ਸੋਚਣ ਅਤੇ ਸਮਝਣ ਦੀ ਸੋਝੀ ਦਿੱਤੀ ਹੈ।ਸਿਆਣੇ ਹਮੇਸ਼ਾਂ ਸਬਰ ਸੰਤੋਖ ਦੀ ਗੱਲ ਕਰਦੇ ਹਨ।ਸੰਤੁਸ਼ਟ ਰਹਿਣ ਦੀ ਸਿਖਿਆ ਦਿੰਦੇ ਹਨ।ਆਪਣੀ ਚਾਦਰ ਵੇਖਕੇ ਪੈਰ ਪਸਾਰਣ ਦੀ ਗੱਲ ਵੀ ਅਕਸਰ ਹੀ ਕਰਦੇ ਹਨ।ਇਸਦੇ ਨਾਲ ਹੀ ਮਿਹਨਤ ਅਤੇ ਕਿਰਤ ਕਰਨ ਦੀ ਗੱਲ ਕਰਨੀ ਵੀ ਨਹੀਂ ਭੁੱਲਦੇ।ਸਾਦਾ ਖਾਣ ਅਤੇ ਸਾਦਾ ਜ਼ਿੰਦਗੀ ਜਿਊਣ ਲਈ ਸਲਾਹ ਦਿੰਦੇ ਹਨ।ਪਰ ਇਸ ਪਦਾਰਥਵਾਦੀ ਯੁੱਗ ਤੇ ਸੋਚ ਨੇ ਸਿਆਣਿਆਂ ਦੀਆਂ ਗੱਲਾਂ ਫਾਲਤੂ ਲੱਗਣ ਲਗਾ ਦਿੱਤੀਆਂ।ਉਸਨੂੰ ਅਸੀਂ ਭੁਗਤ ਵੀ ਰਹੇ ਹਾਂ।ਹਕੀਕਤ ਇਹ ਹੈ ਕਿ ਹਰ ਚੀਜ਼ ਦਾ ਅਤੇ ਬਦਲਾਅ ਦਾ ਸਮਾਜ ਦੇ ਹਰ ਵਰਗ ਤੇ ਅਸਰ ਪੈਂਦਾ ਹੈ।   ਸੱਚ ਇਹ ਹੈ ਕਿ ਜਿਸਨੇ ਸੰਤੁਸ਼ਟ ਹੋਣਾ ਹੈ,ਉਹ ਹਰ ਹਾਲ ਵਿੱਚ ਸੰਤੁਸ਼ਟ ਰਹਿੰਦਾ ਹੈ।ਜਦੋਂ ਸੋਹਣੀ ਘਰ ਵਿੱਚ ਦੋ ਵੇਲੇ ਰੋਟੀ ਪੱਕਦੀ ਹੈ ਤਾਂ ਉਹ ਖੁਸ਼ ਨਸੀਬ ਹੈ।ਪੇਟ ਭਰਕੇ ਰੋਟੀ ਖਾਧੀ ਅਤੇ ਰੋਟੀ ਹਜ਼ਮ ਹੋ ਰਹੀ ਹੈ,ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ।ਜਿੰਨ੍ਹਾਂ ਨੇ ਸੰਤੁਸ਼ਟ ਨਹੀਂ ਹੋਣਾ ਉਹ ਕਈ ਤਰ੍ਹਾਂ ਦੇ ਪਕਵਾਨ ਵੇਖਕੇ ਅਤੇ ਖਾ ਕੇ ਵੀ ਸੰਤੁਸ਼ਟ ਨਹੀਂ ਹੋਏਗਾ।ਉਹ ਹਰ ਖਾਣ ਵਾਲੀ ਚੀਜ਼ ਵਿੱਚ ਨੁਕਸ ਕੱਢੇਗਾ।ਹਰ ਵੇਲਾ ਚਿੜਚਿੜ ਕਰੇਗਾ।ਅਜਿਹੇ ਲੋਕ ਨਾ ਸੰਤੁਸ਼ਟ ਹੁੰਦੇ ਹਨ ਅਤੇ ਨਾ ਮਾਹੌਲ ਸੁਖਾਵਾਂ ਰਹਿਣ ਦਿੰਦੇ ਹਨ।ਅਜਿਹੇ ਲੋਕ ਮਾਨਸਿਕ ਤੌਰ ਤੇ ਠੀਕ ਨਹੀਂ ਹੁੰਦੇ।ਜਦੋਂ ਹਰ ਵੇਲੇ ਦਿਮਾਗ਼ ਪ੍ਰੇਸ਼ਾਨ ਰਹੇਗਾ ਤਾਂ ਖੁਸ਼ੀ ਨੇੜੇ ਤੇੜੇ ਵੀ ਨਹੀਂ ਆਏਗੀ।ਬਹੁਤ ਵਾਰ ਅਜਿਹੇ ਲੋਕ ਆਪਣੀ ਪ੍ਰੇਸ਼ਾਨੀ ਦਾ ਭਾਂਡਾ ਦੂਸਰਿਆਂ ਦੇ ਸਿਰ ਤੋੜਦੇ ਹਨ।ਜਿਹੜੇ ਲੋਕ ਰੋਟੀ ਦੀ ਕਦਰ ਨਹੀਂ ਕਰਦੇ,ਉਹ ਕਦੇ ਸੰਤੁਸ਼ਟ ਅਤੇ ਖੁਸ਼ ਨਹੀਂ ਰਹਿ ਸਕਦੇ।ਸਿਆਣਿਆਂ ਨੇ ਠੀਕ ਹੀ ਕਿਹਾ ਹੈ,”ਜੈਸਾ ਅੰਨ ਵੈਸੇ ਮੰਨ”।ਹਮੇਸ਼ਾਂ ਸ਼ੁਕਰ ਕਰੋ ਕਿ ਸਾਨੂੰ ਪੇਟ ਭਰ ਰੋਟੀ ਮਿਲ ਰਹੀ ਹੈ।ਖਿਝਕੇ ਖਾਧਾ ਖਾਣਾ ਉਵੇਂ ਦਾ ਹੀ ਸਰੀਰ ਤੇ ਅਸਰ ਪਾਉਂਦਾ ਹੈ।

 ਸਾਡੇ ਕੋਲ ਘਰ ਹੈ ਤਾਂ ਰੱਬ ਦਾ ਲੱਖ ਲੱਖ ਸ਼ੁਕਰ ਕਰੋ।ਮੀਂਹ ਹਨੇਰੀ,ਗਰਮੀ ਸਰਦੀ ਤੋਂ ਅਸੀਂ ਬਚੇ ਹੋਏ ਹਾਂ। ਵੱਡੇ ਘਰ ਦਾ ਸੁਪਨਾ ਲੈਣਾ ਗਲਤ ਨਹੀਂ ਪਰ ਵਰਤਮਾਨ ਖਰਾਬ ਕਰਨਾ ਸਹੀ ਨਹੀਂ ਹੈ।ਦੂਸਰਿਆਂ ਦੇ ਮਹਿਲ ਵੇਖਕੇ ਆਪਣੀ ਝੁੱਗੀ ਨਾ ਤੋੜੇ।ਪ੍ਰੇਰਨਾ ਲੈਕੇ ਮਿਹਨਤ ਕਰਨ ਲੱਗ ਜਾਵੋ।ਬਹੁਤ ਵਾਰ ਮਾਪਿਆਂ ਵਿੱਚ ਨੁਕਸ ਤੇ ਗਲਤੀਆਂ ਕੱਢਣ ਲੱਗ ਜਾਂਦੇ ਹਨ।ਲੜਾਈ ਅਤੇ ਕਲੇਸ਼ ਘਰ ਵਿੱਚ ਰਹਿਣ ਲੱਗਦਾ ਹੈ।ਜੇਕਰ ਮਾਪਿਆਂ ਨਹੀਂ ਕੁੱਝ ਨਹੀਂ ਕੀਤਾ ਲੱਗਦਾ ਤਾਂ ਖੁਦ ਕਰ ਲਵੋ।ਜੇਕਰ ਸੰਤੁਸ਼ਟ ਰਹਿਕੇ ਖੁਸ਼ ਰਹਿਕੇ ਕੰਮ ਕਰੋਗੇ ਤਾਂ ਵਧੇਰੇ ਮਿਹਨਤ ਕਰ ਸਕੋਗੇ।ਸਿਆਣਿਆਂ ਨੇ ਕਿਹਾ ਹੈ,”ਕਲਹਾ ਕਲੇਸ਼ ਵੱਸੇ ਤੇ ਘੜਿਉਂ ਪਾਣੀ ਨੱਸੇ।”ਜਦੋਂ ਸੰਤੁਸ਼ਟ ਹੋਵੋਗੇ ਤਾਂ ਖੁਸ਼ ਵੀ ਰਹੋਗੇ।  ਮਹਿੰਗੇ ਅਤੇ ਬਰੈਂਡਿਡ ਕੱਪੜਿਆਂ ਦੀ ਦੌੜ ਨੇ ਲੋਕਾਂ ਨੂੰ ਦੁੱਖੀ ਕੀਤਾ ਹੋਇਆ ਹੈ।ਵਿਖਾਵਾ ਵਧੇਰੇ ਭਾਰੂ ਹੋ ਗਿਆ।ਸਾਫ ਸੁਥਰੇ ਅਤੇ ਸਲੀਕੇ ਨਾਲ ਪਾਏ ਕੱਪੜੇ ਹੋਣੇ ਚਾਹੀਦੇ ਹਨ।ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ।ਆਪਣੀ ਸ਼ਖਸੀਅਤ ਵਿੱਚ ਨਿਖਾਰ ਹੋਵੇ ਤਾਂ ਕੱਪੜੇ ਮਾਇਨੇ ਹੀ ਨਹੀਂ ਰੱਖਦੇ।ਜਦੋਂ ਸੰਤੁਸ਼ਟ ਨਹੀਂ ਹੁੰਦੇ ਤਾਂ ਚਿਹਰੇ ਵੀ ਬੁਝੇ ਹੋਏ ਹੁੰਦੇ ਹਨ।ਜੋ ਆਪਣੇ ਕੋਲ ਹੈ,ਉਸ ਵਿੱਚ ਖੁਸ਼ ਰਹਿਣਾ ਚਾਹੀਦਾ ਹੈ।ਅੱਗੇ ਵਧਣ ਲਈ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ।ਪਰ ਵਰਤਮਾਨ ਖਰਾਬ ਕਰਕੇ,ਵੱਡੇ ਸੁਪਨਿਆਂ ਪਿੱਛੇ ਭੱਜਣਾ ਸਿਆਣਪ ਨਹੀਂ।ਮਿਹਨਤ ਕਰੋ,ਸੰਤੁਸ਼ਟ ਰਹੋ ਤਾਂ ਕਿ ਖੁਸ਼ ਰਹੋ।ਇਹ ਗੱਲ ਵੀ ਸੱਚ ਹੈ ਕਿ ਸਮੇਂ ਤੋਂ ਪਹਿਲਾਂ ਅਤੇ ਕਿਸਮਤ ਤੋਂ ਜ਼ਿਆਦਾ ਨਹੀਂ ਮਿਲਦਾ।ਜੋ ਹੈ ਜਿੰਨਾਂ ਹੈ ਅਤੇ ਜਿਵੇਂ ਦਾ ਹੈ,ਉਸ ਵਿੱਚ ਸੰਤੁਸ਼ਟ ਰਹਿਣਾ ਸਿਖੀਏ ਤਾਂ ਕਿ ਖੁਸ਼ ਰਹਿ ਸਕੀਏ।ਜੇਕਰ ਸੰਤੁਸ਼ਟ ਹਾਂ ਤਾਂ ਖੁਸ਼ ਹਾਂ,ਜੇਕਰ ਖੁਸ਼ ਹਾਂ ਤਾਂ ਸਿਹਤਮੰਦ ਹਾਂ।ਜੇਕਰ ਸਿਹਤਮੰਦ ਹਾਂ ਤਾਂ ਮਿਹਨਤ ਕਰ ਸਕਦੇ ਹਾਂ। 
 
 
 ਪ੍ਰਭਜੋਤ ਕੌਰ ਢਿੱਲੋਂ
  ਮੁਹਾਲੀ
   ਮੋਬਾਈਲ ਨੰਬਰ 9815030221
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
Previous articleਚੱਕ ਸਾਹਬੂ ਵਿਖੇ ਸਮਾਜਿਕ ਕੰਮਾਂ ਲਈ ਲਹਿੰਬਰ ਰਾਮ ਕਲੇਰ ਨੂੰ ਕੀਤਾ ਸਨਮਾਨਿਤ 
Next article ਆਪਣਾ ਘਰ (ਕਹਾਣੀ)