(ਸਮਾਜ ਵੀਕਲੀ) ਖ਼ਾਲਸਾਈ ਬਾਣੇ ‘ਚ ਵਿਚਰਨ ਵਾਲੇ ਬੜੇ ਹੀ ਨੌਜਵਾਨ ਮੇਰੇ ਸੰਪਰਕ ਵਿਚ ਹਨ। ਮੈਂ ਉਨ੍ਹਾਂ ਨੂੰ ਹਮੇਸ਼ਾ ਪੜ੍ਹਾਈ ਜਾਰੀ ਰੱਖਣ ਦੀ ਗੱਲ ਆਖਦਾ ਹਾਂ.. ਜੋ ਸਕੂਲ ਨਹੀਂ ਜਾ ਰਹੇ, ਉਨ੍ਹਾਂ ਨੂੰ ਪੜ੍ਹਨ ਲਈ ਬੇਨਤੀ ਕਰਦਾ ਹਾਂ..।ਕੁਝ ਵੀਰਾਂ ਨੇ (ਜੋ ਛੋਟੀ ਉਮਰ ਦੇ ਸਨ) ਪੜ੍ਹਨਾ ਸ਼ੁਰੂ ਵੀ ਕੀਤਾ..। ਸਾਡੇ ਪੱਲੇ ਆਪਣੇ ਇਤਿਹਾਸ, ਆਪਣੀ ਧਰਤੀ, ਆਪਣੇ ਸੱਭਿਆਚਾਰ ਤੇ ਰਾਜਨੀਤਕ ਸੋਝੀ ਦਾ ਹੋਣਾ ਬਹੁਤ ਜਰੂਰੀ ਹੈ… ਇਹ ਤਦ ਸੰਭਵ ਹੋ ਸਕਦਾ ਜੇ ਅਸੀਂ ਦੁਨਿਆਵੀ ਵਿੱਦਿਆ ਵੀ ਗ੍ਰਹਿਣ ਕੀਤੀ ਹੋਵੇਗੀ। ਸਿੱਖੀ ਵੀ ਫਿਰ ਹੀ ਪੜ੍ਹੀ ਜਾਵੇਗੀ। ਸਿੱਖੀ ਨੂੰ ਪੜ੍ਹਨ ਵਾਲੇ ਸਿਰ ਪਾੜ ਦੇ ਨਹੀਂ, ਸਿਰ ਜੋੜਦੇ ਹੁੰਦੇ ਆ। ਸਿੱਖੀ ‘ਚ ਪ੍ਰਨਾਏ ਲੋਕ.. ਲੋਕਾਂ ਨੂੰ ਪਰਾਂ ਨਹੀਂ ਕਰਦੇ, ਪ੍ਰੇਰਦੇ ਹੁੰਦੇ ਆ… ਪਿਆਰਦੇ ਹੁੰਦੇ ਆ….!!!!
ਸਿੱਖੀ ਮੁਹੱਬਤ ਤੋਂ ਵੀ ਮਿੱਠੀ ਹੈ.. ਮਿੱਠੀ ਉਹਦੇ ਲਈ ਜੀਹਨੇ ਪੜ੍ਹ ਲਈ..! ਸਿੱਖੀ ਦੇ ਮੋਹ ‘ਚ ਗੁੰਨ੍ਹੇ ਗਾਲ੍ਹਾਂ ਨਹੀਂ ਕੱਢਦੇ.. ਸਿੱਖੀ ਦੀਆਂ ਗੱਲਾਂ ਕਰਦੇ ਆ…। ਸਿੱਖੀ ਦੀ ਗੱਲ ਬਹੁਤ ਮਹਾਨ ਤੇ ਮਹੱਤਵਪੂਰਨ ਹੈ।
ਸਿੱਖੀ ਦਾ ਅੰਬਰ ਵਿਸ਼ਾਲ ਤੇ ਕਮਾਲ ਹੈ… ਇਸ ਅੰਬਰ ‘ਤੇ ਵੰਨ ਸੁਵੰਨੇ ਤਾਰੇ ਟਿਮਟਿਮਾਉਂਦੇ ਹਨ। ਸਿੱਖੀ ਪੱਗ ਦੇ ਆਸਰਾ ਨਾਲ ਹੋਰ ਚਮਕਣਾ ਤੇ ਫੈਲਣਾ ਚਾਹੁੰਦੀ ਹੈ… ਸਿੱਖੀ ਪੱਗ ਦੇ ਰੋਅਬ ਨੂੰ ਨਿਖਾਰਨਾ ਚਾਹੁੰਦੀ ਹੈ.. ਜ਼ੁਲਮ ਤੇ ਅਨਿਆਂ ਦੇ ਖਿਲਾਫ਼ ਉੱਠਿਆ ਰੋਅਬ ਕਸ਼ਮੀਰੀ ਪੰਡਿਤਾਂ ਨੂੰ ਜੀਣ ਜੋਗੇ ਕਰਦਾ ਹੈ। ਸਿੱਖੀ ਤੋੜਦੀ ਨਹੀਂ.. ਜੋੜਦੀ ਹੈ..!!!
ਪਿਛਲੇ ਦਿਨੀਂ ਕੁਝ ਵੀਰ ਸੰਗਤ ਦੇ ਸਿਰਾਂ ਤੋਂ ਟੋਪੀਆਂ ਉਤਾਰ ਕੇ ਸਿੱਖੀ ਦੇ ਸਿਰ ਚੜ੍ਹੇ ਹੋਏ ਸਨ। ਸਿੱਖੀ ਦੇ ਸਿਰ ਨਾ ਚੜੋ.. ਸਿੱਖੀ ਦੀ ਗੋਦ ‘ਚ ਬੈਠੋ..!! ਸਿੱਖੀ ਦੀ ਕਿਤਾਬ ਦੇ ਵਰਕਿਆਂ ਨੂੰ ਪਾੜੋ ਨਾ.. ਪੜ੍ਹਨ ਦੀ ਆਦਤ ਪਾਓ..। ਜਦੋਂ ਪੜੋਂਗੇ… ਫਿਰ ਵਿਚਾਰੋਂਗੇ। ਜਦੋਂ ਵਿਚਾਰਨਾ ਆ ਜਾਂਦਾ.. ਫਿਰ ਸਿੱਖੀ ਦੀ ਗੋਦ ਦਾ ਨਿੱਘ ਨਵੀਆਂ ਰਾਹਾਂ ‘ਤੇ ਤੁਰਨ ਦੀ ਸੋਝੀ ਵੀ ਦੇ ਦਿੰਦਾ। ਸਿੱਖੀ ਦੀਆਂ ਕਲਾਸਾਂ ਲਗਾਉਣ ਦੀ ਦਲੇਰੀ ਕਰੋ… ਸਿਰਾਂ ਤੋਂ ਟੋਪੀਆਂ ਲਾਹੁਣ ਦੀ ਗਲਤੀ ਨਾ ਕਰੋ…। ਸਿੱਖੀ ਸਿਆਣਿਆਂ ਨਾਲ ਤੇਹ ਰੱਖਦੀ ਹੈ.. ਕਮਲਿਆਂ ਤੋਂ ਕਿਨਾਰੇ ਕਰਦੀ ਹੈ। ਸਿਆਣੇ ਬਣੋ!!
ਭਲੂਰ ਤੋਂ ਬੇਅੰਤ ਗਿੱਲ
99143-81958
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



