# ਮਹਿਤਾਬ ਉਦ ਦੀਨ *
(ਸਮਾਜ ਵੀਕਲੀ)- ਪੰਜਾਬ ਵਿਚ ਵਰ੍ਹਾ 2012 ਤੋਂ ਲੈ ਕੇ 2019 ਤੱਕ ਦੁੱਧ ਦੇ ਔਸਤ ਉਤਪਾਦਨ ਵਿੱਚ 50.14 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਹ ਅੰਕੜੇ ਲੰਘੇ ਵਰ੍ਹੇ 2019 ‘ਚ ਸੂਬੇ ਦੇ ਪਸ਼ੂ-ਪਾਲਣ ਵਿਭਾਗ ਵੱਲੋਂ ਕਰਵਾਈ ਗਈ ਪਸ਼ੂ-ਧਨ ਮਰਦਮਸ਼ੁਮਾਰੀ ਦੇ ਹਨ। ਦੇਸ਼ ਵਿਚ ਇਸ ਵੇਲੇ ਪੰਜਾਬ ਹੀ ਅਜਿਹਾ ਸੂਬਾ ਹੈ, ਜਿੱਥੇ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਸਭ ਤੋਂ ਵੱਧ 1,181 ਗ੍ਰਾਮ (1.18 ਕਿਲੋਗ੍ਰਾਮ) ਪ੍ਰਤੀ ਵਿਅਕਤੀ ਹੈ, ਜਦ ਕਿ ਇਸ ਮਾਮਲੇ ‘ਚ ਰਾਸ਼ਟਰੀ ਔਸਤ ਸਿਰਫ਼ 394 ਗ੍ਰਾਮ ਹੈ। ਪੰਜਾਬ ਨੇ ਇਹ ਅੰਕੜਾ ਸਿਰਫ਼ ਕਿਸਾਨਾਂ ਤੇ ਉਨ੍ਹਾਂ ਨਾਲ ਲੱਗਣ ਵਾਲੇ ਸਹਾਇਕ ਕਾਮਿਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਪੰਜਾਬ ਵਿੱਚ ਇਸ ਵੇਲੇ ਔਸਤਨ 3 ਕਰੋੜ 45 ਲੱਖ ਕਿਲੋ ਦੁੱਧ ਦਾ ਰੋਜ਼ਾਨਾ ਉਤਪਾਦਨ ਹੁੰਦਾ ਹੈ।
ਸੂਬੇ ਵਿਚ ਦੁੱਧ ਇਕੱਠਾ ਕਰਨ ਵਾਲੀ ਪੰਜਾਬ ਸਰਕਾਰ ਦੀ ਏਜੰਸੀ ‘ਮਿਲਕਫ਼ੈੱਡ’ ਹੈ ਤੇ ‘ਵੇਰਕਾ’ ਰਾਹੀ ਦੁੱਧ ਉਤਪਾਦਾਂ ਦੀ ਵਿਕਰੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਇਸ ਵੇਲੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੀ ਗਿਣਤੀ ਲਗਭਗ 6,500 ਹੈ। ਪਿੰਡ ਪੱਧਰ ਦੀਆਂ ਸਹਿਕਾਰੀ ਸਭਾਵਾਂ 11 ਜ਼ਿਲ੍ਹਾ ਦੁੱਧ ਉਤਪਾਦਕ ਯੂਨੀਅਨਾਂ ਅਧੀਨ ਕੰਮ ਕਰਦੀਆਂ ਹਨ ਤੇ ਰਾਜ ਵਿੱਚ 9 ਮਿਲਕ-ਪਲਾਂਟ ਹਨ; ਜਿੱਥੇ ਰੋਜ਼ਾਨਾ 20 ਲੱਖ ਲਿਟਰ ਦੁੱਧ ਤਿਆਰ ਹੁੰਦਾ ਹੈ।ਪੰਜਾਬ ਵਿੱਚ ਕਿਸਾਨਾਂ ਲਈ 1973 ਤੋਂ ਪਹਿਲਾਂ ਪਸ਼ੂ-ਧਨ ਰਾਹੀਂ ਇੰਨੀ ਆਮਦਨ ਸੰਭਵ ਨਹੀਂ ਸੀ ਕਿਉਂਕਿ ਉਨ੍ਹਾਂ ਤੋਂ ਦੁੱਧ ਲੈ ਕੇ ਜਨਤਾ ਤੱਕ ਪਹੁੰਚਾਉਣ ਵਾਲੇ ਵਿਚੋਲੇ ਹੀ ਸਾਰੀ ਮਲਾਈ ਲਾਹ ਕੇ ਲੈ ਜਾਂਦੇ ਸਨ ਤੇ ਕਿਸਾਨਾਂ ਦੇ ਹੱਥ-ਪੱਲੇ ਕੁਝ ਨਹੀਂ ਪੈਂਦਾ ਸੀ।
ਉਸੇ ਵਰ੍ਹੇ ਤੋਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੀ ਸਥਾਪਨਾ ਹੋਣੀ ਸ਼ੁਰੂ ਹੋਈ ਸੀ ਤੇ ਇਹ ਪ੍ਰਕਿਰਿਆ 1978 ਤੱਕ ਚੱਲਦੀ ਰਹੀ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਭ ਇੱਕਦਮ, ਪ੍ਰਣਾਲੀ ਅਧੀਨ ਨਹੀਂ ਆ ਗਿਆ ਸੀ। ਇਸ ਤੋਂ ਪਹਿਲਾਂ ਪਹਿਲਾਂ ਕੁਝ ਮੋਹਰੀਆਂ ਨੇ ਸਿਰ ਜੋੜ ਕੇ ਵਿਚਾਰ-ਵਟਾਂਦਰਾ ਕੀਤਾ ਸੀ; ਤਦ ਜਾ ਕੇ ਵਿਵਸਥਾ ਕਾਇਮ ਹੋ ਸਕੀ ਸੀ। ਜਿਵੇਂ ਜੇ ਇੱਕ ਟੀਵੀ ਦੇ ਸੈਂਕੜੇ ਪੁਰਜ਼ਿਆਂ ਨੂੰ ਮੇਜ਼ ਉੱਤੇ ਖਿਲਾਰ ਦੇਈਏ, ਤਾਂ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਪਰ ਜੇ ਉਨ੍ਹਾਂ ਨੂੰ ਨਿਸ਼ਚਤ ਵਿਗਿਆਨਕ ਲੜੀ ਵਿੱਚ ਪਿਰੋ ਕੇ ਇੱਕ ਖ਼ਾਸ ਕ੍ਰਮ ਵਿੱਚ ਸਜਾ ਦਿੱਤਾ ਜਾਵੇ, ਤਾਂ ਉਸ ਟੀਵੀ ਵਿੱਚ ਜਾਨ ਪੈ ਜਾਂਦੀ ਹੈ ਤੇ ਉਹ ਤੁਹਾਨੂੰ ਦੁਨੀਆ ਦੇ ਹਰ ਕੋਣੇ-ਕੋਣੇ ਦੀਆਂ ਖਬਰਾਂ, ਕਹਾਣੀਆਂ ਤੇ ਫ਼ੀਚਰ ਤੇ ਦਸਤਾਵੇਜ਼ੀ ਫ਼ਿਲਮਾਂ ਵਿਖਾਉਣ ਲੱਗ ਪੈਂਦਾ ਹੈ।ਇੰਝ ਹੀ ਦੇਸ਼ ਵਿੱਚ ਕਿਸਾਨ ਤੇ ਪਸ਼ੂ-ਧਨ ਤਾਂ ਪਹਿਲਾਂ ਵੀ ਸਨ ਪਰ ਉਨ੍ਹਾਂ ਤੋਂ ਦੇਸ਼ ਨੂੰ ਅੱਜ ਜਿੰਨਾ ਮੁਨਾਫ਼ਾ ਨਹੀਂ ਹੋ ਰਿਹਾ ਸੀ।
ਭਾਰਤ ਵਿਚ ਦੁੱਧ ਦਾ ‘ਚਿੱਟਾ ਇਨਕਲਾਬ’ ਲਿਆਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਡਾ. ਵਰਗੀਜ਼ ਕੁਰੀਅਨ ਦਾ ਰਿਹਾ ਹੈ, ਇਸੇ ਲਈ ਉਨ੍ਹਾਂ ਨੂੰ ‘ਮਿਲਕਮੈਨ ਔਫ ਇੰਡੀਆ’ (ਭਾਰਤ ਦਾ ਦੋਧੀ) ਆਖਿਆ ਜਾਂਦਾ ਹੈ।ਮਰਹੂਮ ਵਰਗੀਜ਼ ਕੁਰੀਅਨ ਦਾ ਜਨਮ ਕੇਰਲ ਸੂਬੇ ਦੇ ਕਾਲੀਕਟ (ਜਿਸ ਨੂੰ ਕੋਜ਼ੀਕੋਡ ਕਿਹਾ ਜਾਂਦਾ ਹੈ) ‘ਚ ਸੀਰੀਅਨ ਮਸੀਹੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੁਤੇਨਪਾਰੱਕਲ ਬ੍ਰਿਟਿਸ਼ ਕੋਚੀਨ ਵਿੱਚ ਸਿਵਲ ਸਰਜਨ ਸਨ ਤੇ ਉਨ੍ਹਾਂ ਦੀ ਮਾਂ ਉੱਚ-ਸਿੱਖਿਆ ਪ੍ਰਾਪਤ ਸੁਆਣੀ ਸਨ ਤੇ ਉਹ ਪਿਆਨੋ ਬਹੁਤ ਵਧੀਆ ਵਜਾ ਲੈਂਦੇ ਸਨ।ਸ੍ਰੀ ਕੁਰੀਅਨ ਦਾ ਨਾਂਅ ਉਨ੍ਹਾਂ ਦੇ ਤਾਇਆ ਰਾਓ ਸਾਹਿਬ ਪੀ.ਕੇ. ਵਰਗੀਜ਼ ਦੇ ਨਾਂ ‘ਤੇ ਰੱਖਿਆ ਗਿਆ ਸੀ। ਸ੍ਰੀ ਵਰਗੀਜ਼ ਨੇ ਮਦਰਾਸ ਦੇ ਲੋਯੋਲਾ ਕਾਲਜ ਤੋਂ ਫ਼ਿਜ਼ਿਕਸ ਵਿੱਚ ਬੀ.ਐੱਸਸੀ. ਦੀ ਡਿਗਰੀ ਹਾਸਲ ਕੀਤੀ ਸੀ। ਖੇਡਾਂ ਵਿੱਚ ਉਨ੍ਹਾਂ ਦੀ ਬਹੁਤ ਦਿਲਚਸਪੀ ਰਹੀ ਤੇ ਉਨ੍ਹਾਂ ਕ੍ਰਿਕੇਟ, ਬੈਡਮਿੰਟਨ, ਬਾਕਸਿੰਗ ਤੇ ਟੈਨਿਸ ਜਿਹੀਆਂ ਖੇਡਾਂ ਵਿੱਚ ਆਪਣੇ ਕਾਲਜ ਦੀ ਨੁਮਾਇੰਦਗੀ ਕੀਤੀ।ਪੜ੍ਹਨ ਵਿੱਚ ਹੋਣਹਾਰ ਹੋਣ ਸਦਕਾ ਉਹ ਸਰਕਾਰੀ ਵਜ਼ੀਫ਼ੇ ਉੱਤੇ ਉੱਚ-ਸਿੱਖਿਆ ਹਾਸਲ ਕਰਨ ਲਈ ਅਮਰੀਕਾ ਚਲੇ ਗਏ, ਜਿੱਥੇ ਉਨ੍ਹਾਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਵਿਲੱਖਣਤਾ ਨਾਲ ਐੱਮ.ਐੱਸਸੀ ਕੀਤੀ। ਪੜ੍ਹਾਈ ਮੁਕੰਮਲ ਕਰ ਕੇ ਉਹ 13 ਮਈ, 1949 ਨੂੰ ਭਾਰਤ ਪਰਤ ਆਏ। ਤਦ ਉਹ ਗੁਜਰਾਤ ਦੇ ਕਾਇਰਾ ਜ਼ਿਲ੍ਹੇ ਦੇ ਨਗਰ ਆਨੰਦ ਗਏ, ਜਿੱਥੇ ਉਨ੍ਹਾਂ ਸਰਕਾਰੀ ਵਜ਼ੀਫ਼ੇ ਦੀ ਅਗਾਊਂ ਤੈਅਸ਼ੁਦਾ ਸ਼ਰਤ ਮੁਤਾਬਕ ਉੱਥੋਂ ਦੇ ਡੇਅਰੀ ਡਿਵੀਜ਼ਨ ਵਿਚ ਅਫਸਰ ਵਜੋਂ ਪੰਜ ਸਾਲ ਬਤੀਤ ਕਰਨੇ ਸਨ।
ਆਣੰਦ ਪੁੱਜ ਕੇ ਵਰਗੀਜ਼ ਨੇ ਵੇਖਿਆ ਕਿ ਦੁੱਧ ਦੇ ਡਿਸਟ੍ਰੀਬਿਊਟਰ, ਉੱਥੇ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਸਨ ਤੇ ਉੱਥੋਂ ਦਾ ਸਾਰਾ ਕਾਰੋਬਾਰ ‘ਪੋਲਸਨ’ ਮੱਖਣ ਦੀ ਮਾਰਕੀਟਿੰਗ ਕਰਨ ਵਾਲਾ ‘ਪੈਸਤਨਜੀ ਐਡੁਲੀਜੀ’ ਨਾਂ ਦਾ ਵਪਾਰੀ ਚਲਾਉਂਦਾ ਸੀ, ਜੋ ਅਸਲ ਵਿਚ ਬਹੁਤ ਚਲਾਕ ਸੀ।ਆਣੰਦ ਦੇ ਕਿਸਾਨ ਤਦ ਆਪਣੇ ਹਿਸਾਬ ਨਾਲ ਜੀਵਨ ਜਿਊਣ ਲਈ ਸੰਘਰਸ਼ ਕਰ ਰਹੇ ਸਨ ਤੇ ਉਨ੍ਹਾਂ ਦੇ ਨੇਤਾ ਤ੍ਰਿਭੁਵਨਦਾਸ ਪਟੇਲ ਸਨ, ਜੋ ਉਨ੍ਹਾਂ ਕਿਸਾਨਾਂ ਨੂੰ ਇੱਕਜੁਟ ਕਰ ਕੇ ਰੱਖ ਰਹੇ ਸਨ। ਉਨ੍ਹਾਂ ਨੇ ਸ਼ੋਸਣ ਤੋਂ ਬਚਣ ਲਈ ਸਹਿਕਾਰਤਾ ਲਹਿਰ ਕਾਇਮ ਕੀਤੀ ਹੋਈ ਸੀ। ਇਹ ਸਭ ਵੇਖ ਕੇ ਡਾ. ਕੁਰੀਅਨ ਨੇ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਤ੍ਰਿਭੁਵਨਦਾਸ ਪਟੇਲ ਤੇ ਹੋਰ ਕਿਸਾਨਾਂ ਨਾਲ ਜੁੜ ਗਏ ਤੇ ਤਦ ਤੋਂ ਉਸ ਖੇਤਰ ਵਿੱਚ ‘ਦੁੱਧ ਸਹਿਕਾਰਤਾ’ ਮੁਹਿੰਮ ਸ਼ੁਰੂ ਹੋ ਗਈ ਉਨ੍ਹਾਂ ਦੀ ਸੰਸਥਾ ‘ਕਾਇਰਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਿਟੇਡ’ ਦੇ ਨਾਂ ਨਾਲ ਰਜਿਸਟਰਡ ਸੀ ਉਸ ਨੂੰ ਅਜੋਕੇ ਦੌਰ ਵਿਚ ਅਸੀਂ ‘ਅਮੁਲ’ ਦੇ ਨਾਂ ਨਾਲ ਜਾਣਦੇ ਹਾਂ।ਵਰਗੀਜ਼ ਦਾ ਵਿਆਹ ਉਸੇ ਦੌਰਾਨ 15 ਜੂਨ, 1953 ਨੂੰ ਸੁਜ਼ੈਨ ਮੌਲੀ ਪੀਟਰ ਨਾਲ ਹੋਇਆ। ਉਨ੍ਹਾਂ ਦੀ ਇੱਕ ਧੀ ਨਿਰਮਲਾ ਕੁਰੀਅਨ ਤੇ ਦੋਹਤਰਾ ਸਿਧਾਰਥ ਹਨ।ਤਦ ਸ੍ਰੀ ਵਰਗੀਜ਼ ਨੇ ਭਾਰਤ ਵਿਚ ਸਫ਼ੇਦ ਇਨਕਲਾਬ ਲਿਆਉਣ ਲਈ ਆਪਣੀ ਕਮਰ ਕੱਸ ਲਈ ਸੀ ਤੇ ‘ਆਪਰੇਸ਼ਨ ਫ਼ਲੱਡ’ ਚਲਾਇਆ।
ਉਨ੍ਹੀਂ ਦਿਨੀਂ ਭਾਰਤ ਵਿਚ ਦੁੱਧ ਦੀ ਕਮੀ ਮੰਨੀ ਜਾਂਦੀ ਸੀ ਪਰ ਹੁਣ ਸ੍ਰੀ ਵਰਗੀਜ਼ ਦੇ ਸੰਗਠਤ ਜਤਨਾਂ ਸਦਕਾ ਭਾਰਤ, ਕੁਲ ਦੁਨੀਆਂ ਵਿਚ ਸਭ ਤੋਂ ਵੱਧ ਦੁੱਧ ਦਾ ਉਤਪਾਦਨ ਕਰਨ ਵਾਲਾ ਮੁਲਕ ਹੈ। ਸ੍ਰੀ ਵਰਗੀਜ਼ ਦੀ ਅਗਵਾਈ ਹੇਠ ਹੀ ‘ਗੁਜਰਾਤ ਸਹਿਕਾਰੀ ਦੁੱਧ ਮਾਰਕਿਟਿੰਗ ਫ਼ੈਡਰੇਸ਼ਨ’ ਤੇ ‘ਕੌਮੀ ਡੇਅਰੀ ਵਿਕਾਸ ਬੋਰਡ’ ਜਿਹੇ ਸੰਗਠਨ ਕਾਇਮ ਹੋਏ ਅਤੇ ਦੇਸ਼ ਭਰ ਵਿਚ ਡੇਅਰੀ ਸਹਿਕਾਰੀ ਮੁਹਿੰਮ ਅਰੰਭ ਹੋ ਗਈ। ਸਮੁੱਚੇ ਦੇਸ਼ ਨੇ ਅਨੰਦ ਦੇ ਸਹਿਕਾਰੀ ਮਾੱਡਲ ਨੂੰ ਅਪਣਾਇਆ। ਦਰਅਸਲ, ਸ੍ਰੀ ਵਰਗੀਜ਼ ਦੀ ਪ੍ਰਣਾਲੀ ਨੇ ਵਿਚੋਲਿਆਂ ਦਾ ਖ਼ਾਤਮਾ ਕਰ ਦਿੱਤਾ ਸੀ।ਡਾ. ਕੁਰੀਅਨ ਖ਼ੁਦ ਨੂੰ ਸਦਾ ਕਿਸਾਨਾਂ ਦਾ ਅਜਿਹਾ ਕਤਮਾ ਆਖਦੇ ਹੁੰਦੇ ਸਨ, ਜੋ ਸਿਰਫ਼ ਉਨ੍ਹਾਂ ਦੀ ਖ਼ੁਸ਼ਹਾਲੀ ਪ੍ਰਤੀ ਸਮਰਪਤ ਹੈ। ਆਪਣੀ 50 ਸਾਲਾਂ ਦੀ ਸੇਵਾ ਦੌਰਾਨ ਉਨ੍ਹਾਂ ਨੂੰ ਅਨੇਕ ਸੰਗਠਨਾਂ ਤੋਂ 15 ਆਨਰੇਰੀ ਡਿਗਰੀਆਂ ਹਾਸਿਲ ਹੋਈਆਂ। ਉਨ੍ਹਾਂ ਨੂੰ ਸਮੂਹਕ ਲੀਡਰਸ਼ਿਪ ਲਈ ਮੈਗਸੇਸੇ ਐਵਾਰਡ, 1965 ਵਿੱਚ ਪਦਮਸ਼੍ਰੀ, 1966 ਵਿੱਚ ਪਦਮ ਭੂਸ਼ਣ, 1986 ਵਿਚ ਕ੍ਰਿਸ਼ੀ ਰਤਨ ਐਵਾਰਡ, 1989 ਵਿਚ ਵਰਲਡ ਫ਼ੂਡ ਪੁਰਸਕਾਰ, 1999 ਵਿਚ ਪਦਮ ਵਿਭੂਸ਼ਣ, 2001 ਵਿਚ ‘ਇਕਨੌਮਿਕ ਟਾਈਮਜ਼’ ਵੱਲੋਂ ‘ਕਾਰਪੋਰੇਟ ਐਕਸੇਲੈਂਸ’ ਐਵਾਰਡ ਤੇ ਹੋਰ ਕਈ ਇਨਾਮਾਂ ਨਾਲ ਨਵਾਜ਼ਿਆ ਗਿਆ।ਉਹ ਵੀ ਸ੍ਰੀ ਵਰਗੀਜ਼ ਕੁਰੀਅਨ ਹੀ ਸਨ, ਜਿਨ੍ਹਾਂ ਨੇ ਖ਼ੁਰਾਕੀ ਤੇਲਾਂ ਵਿੱਚ ਭਾਰਤ ਨੂੰ ਅਤਤਮ ਨਿਰਭਰ ਬਣਾਇਆ। ਇਸ ਲਈ ਉਹ ਅਖੌਤੀ ‘ਤੇਲ-ਸਮਰਾਟਾਂ’ ਨਾਲ ਭਿੜ ਗਏ ਸਨ ਕਿਉਂਕਿ ਅਜਿਹੇ ਲੋਕ ਤੇਲ-ਬੀਜਾਂ ਦੇ ਉਦਯੋਗ ਵਿਚ ਗ਼ਲਤ ਤਰੀਕੇ ਨਾਲ ਕਾਰੋਬਾਰ ਕਰ ਰਹੇ ਸਨ। ਸਾਲ 1979 ਵਿੱਚ ਸ੍ਰੀ ਕੁਰੀਅਨ ਨੂੰ ਰੂਸ ਦੇ ਪ੍ਰਧਾਨ ਮੰਤਰੀ ਅਲੈਕਸੇਈ ਕੋਸੀਜਿਨ ਨੇ ਸੋਵੀਅਤ ਯੂਨੀਅਨ ਵਿਚ ਡੇਅਰੀ ਸਹਿਕਾਰੀ ਸਭਾਵਾਂ ਸਥਾਪਤ ਕਰਨ ਵਿਚ ਮਦਦ ਕਰਨ ਲਈ ਸੱਦਿਆ ਸੀ। ਇਸੇ ਤਰ੍ਹਾਂ ਪਾਕਿਸਤਾਨ ਨੇ ਵੀ 1982 ‘ਚ ਅਜਿਹੀ ਮਦਦ ਉਨ੍ਹਾਂ ਤੋਂ ਮੰਗੀ ਸੀ। ਸਾਲ 1989 ‘ਚ ਚੀਨ ਨੇ ਵੀ ਸ੍ਰੀ ਕੁਰੀਅਨ ਦੀ ਮਦਦ ਨਾਲ ਹੀ ‘ਆਪਰੇਸ਼ਨ ਫ਼ਲੱਡ’ ਵਰਗਾ ਆਪਣਾ ਪ੍ਰੋਗਰਾਮ ਚਲਾਇਆ ਸੀ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਪੀਵੀ ਨਰਸਿਮਹਾ ਰਾਓ ਨੇ ਵੀ ਸ੍ਰੀ ਕੁਰੀਅਨ ਨੂੰ ਸ੍ਰੀਲੰਕਾ ਵਿਚ ਸਹਿਕਾਰੀ ਸੰਮਤੀਆਂ ਸਥਾਪਤ ਕਰਵਾਉਣ ਦੀ ਬੇਨਤੀ ਕੀਤੀ ਸੀ।ਫ਼ਿਲਮਸਾਜ਼ ਸ਼ਿਆਮ ਬੈਨੇਗਲ ਨੇ ਤਦ ‘ਅਮੁਲ’ ਦੀ ਕਾਮਯਾਬੀ ਉੱਤੇ ਫ਼ਿਲਮ ‘ਮੰਥਨ’ ਬਣਾਉਣ ਬਾਰੇ ਸੋਚਿਆ ਸੀ ਪਰ ਤਦ ਉਨ੍ਹਾਂ ਕੋਲ ਲੋੜੀਂਦਾ ਧਨ ਨਹੀਂ ਸੀ। ਸ੍ਰੀ ਕੁਰੀਅਨ ਨੇ ਆਪਣੇ 5 ਲੱਖ ਮੈਂਬਰ ਕਿਸਾਨਾਂ ਤੋ ਦੋ-ਦੋ ਰੁਪਏ ਇਕੱਠੇ ਕਰ ਕੇ ਸ਼ਿਆਮ ਬੈਨੇਗਲ ਨੂੰ ਦਿੱਤੇ ਸਨ। ਇਹ ਫ਼ਿਲਮ 1976 ‘ਚ ਰਿਲੀਜ਼ ਹੋਈ ਸੀ। ਬਹੁਤ ਸਾਰੇ ਕਿਸਾਨਾਂ ਨੇ ਇਸ ਫ਼ਿਲਮ ਨੂੰ ਵੇਖ ਕੇ ਸਫ਼ਲ ਬਣਾਇਆ ਸੀ।9 ਸਤੰਬਰ, 2012 ਨੂੰ ਡਾ. ਵਰਗੀਜ਼ ਕੁਰੀਅਨ ਦਾ ਸੰਖੇਪ ਬੀਮਾਰੀ ਤੋਂ ਬਾਅਦ ਆਣੰਦ ‘ਚ ਹੀ 90 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਸ੍ਰੀ ਕੁਰੀਅਨ ਭਾਵੇਂ ਮਸੀਹੀ ਪਰਿਵਾਰ ‘ਚ ਪੈਦਾ ਹੋਏ ਸਨ ਪਰ ਬਾਅਦ ਵਿਚ ਉਹ ਨਾਸਤਕ ਹੋ ਗਏ ਸਨ, ਇਸੇ ਕਾਰਨ ਉਨ੍ਹਾਂ ਨੂੰ ਦਫ਼ਨਾਇਆ ਨਹੀਂ ਗਿਆ ਸੀ, ਸਗੋਂ ਉਨ੍ਹਾਂ ਦਾ ਸਸਕਾਰ ਹੋਇਆ ਸੀ। ਡਾ. ਵਰਗੀਜ਼ ਕੁਰੀਅਨ ਨੂੰ ਸਾਡਾ ਭਾਰਤ ਕਦੇ ਭੁਲਾ ਨਹੀਂ ਸਕੇਗਾ।ਗੁਜਰਾਤ ਦੇ ਸ਼ਹਿਰ ਆਣੰਦ ਵਿਖੇ ਡਾ. ਕੁਰੀਅਨ ਨੇ ਜਿਹੜੀ ਪ੍ਰਣਾਲੀ ਲਾਗੂ ਕੀਤੀ ਸੀ, ਪੰਜਾਬ ਵਿੱਚ ਉਸ ਮੁਤਾਬਕ 1978 ‘ਚ ਜਾ ਕੇ ਕੰਮ ਸ਼ੁਰੂ ਹੋਇਆ ਸੀ। ‘ਮਿਲਕਫ਼ੈੱਡ, ਪੰਜਾਬ’ ਦੀ ਕਾਇਮੀ ਉਂਝ ਸਾਲ 1973 ‘ਚ ਹੋ ਗਈ ਸੀ। ਇਸ ਦਾ ਮਕਸਦ ਦੇਸ਼ ਅਤੇ ਦੁੱਧ ਉਤਪਾਦਕਾਂ ਦੇ ਵਿੱਤੀ ਵਿਕਾਸ ਲਈ ਦੁੱਧ ਦੇ ਉਤਪਾਦਨ, ਖਰੀਦ ਤੇ ਉਸ ਦੀ ਪ੍ਰੋਸੈਸਿੰਗ ਨੂੰ ਉਤਸ਼ਾਹਤ ਕਰਨਾ ਸੀ ਪਰ ਮਿਲਕਫ਼ੈੱਡ ਨੂੰ ਆਪਣਾ ਕੰਮ ਸਹੀ ਢੰਗ ਨਾਲ ਲੀਹ ਉੱਤੇ ਲਿਆਉਣ ‘ਚ 10 ਸਾਲ ਹੋਰ ਲੱਗ ਗਏ ਸਨ ਕਿਉਂਕਿ 1983 ‘ਚ ਜਾ ਕੇ 1966 ਤੋਂ ਪਹਿਲਾਂ ਦੇ ਮਹਾਂਪੰਜਾਬ ਦੇ ਸਾਰੇ ਦੁੱਧ ਪਲਾਂਟ ਸਹਿਕਾਰੀ ਖੇਤਰ ਦੇ ਹਵਾਲੇ ਕੀਤੇ ਗਏ ਸਨ।-
ਮੋਬਾਈਲ ਰਾਬਤਾ: +9198157 03226