ਵਿਰੋਧੀ ਧਿਰ ਦੇ ਆਗੂਆਂ ਨੇ ਕਿਸਾਨ ਸੰਸਦ ’ਚ ਭਰੀ ਹਾਜ਼ਰੀ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤੀ ਸੰਸਦ ਦੇ ਬਰਾਬਰ ਇਥੇ ਜੰਤਰ-ਮੰਤਰ ’ਤੇ ਚੱਲ ਰਹੀ ‘ਕਿਸਾਨ ਸੰਸਦ’ ਦਾ ਅੱਜ ਦੁਪਹਿਰ ਸਮੇਂ ਨਜ਼ਾਰਾ ਕੁਝ ਹੋਰ ਹੀ ਸੀ। ਦੇਸ਼ ਦੀਆਂ 14 ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਕਿਸਾਨਾਂ ਦੀਆਂ ਮੰਗਾਂ ਲਈ ਉਨ੍ਹਾਂ ਨੂੰ ਹਮਾਇਤ ਦੇਣ ਇਥੇ ਪਹੁੰਚੇ। ਇਨ੍ਹਾਂ  ਨੂੰ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਮੰਚ ’ਤੇ ਨਾ ਤਾਂ ਬਿਠਾਇਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਗਈ। ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਸਾਰੇ ਆਗੂ ਪਿੱਛੇ ਕੁਰਸੀਆਂ ’ਤੇ ਬੈਠੇ ਰਹੇ। ਇਹ ਸਾਰੇ ਆਗੂ ਸੰਸਦ ਭਵਨ ਤੋਂ ਇੱਕ ਬੱਸ ਵਿੱਚ ਬੈਠ ਕੇ ਜੰਤਰ-ਮੰਤਰ ਪੁੱਜੇ ਸਨ ਜਿਥੇ ਉਨ੍ਹਾਂ ‘ਕਿਸਾਨ ਬਚਾਓ, ਭਾਰਤ ਬਚਾਓ’ ਦੇ ਨਾਅਰੇ ਵੀ ਲਾਏ।

ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਅੰਦੋਲਨਕਾਰੀ ਕਿਸਾਨਾਂ ਨੂੰ ਸਮਰਥਨ ਦੇਣ ਲਈ ਇਥੇ ਆਏ ਹਨ ਅਤੇ ਕਾਲੇ ਕਾਨੂੰਨ ਹਰ ਹਾਲਤ ਵਿੱਚ ਰੱਦ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨਾਂ ਉਪਰ ਚਰਚਾ ਦੀ ਕੋਈ ਲੋੜ ਨਹੀਂ ਹੈ ਅਤੇ ਇਹ ਤੁਰੰਤ ਵਾਪਿਸ ਹੋਣ। ਸ੍ਰੀ ਗਾਂਧੀ ਨੇ ਕਿਹਾ,‘‘ਸਾਡੀ ਮਹਾਨ ਧਰਤ ਦੇ ਇਤਿਹਾਸ ਵਿੱਚ ਇੱਕ ਗੱਲ ਲਾਜ਼ਮੀ ਹੈ ਕਿ ਕਿਸਾਨਾਂ ਦੀ ਜ਼ੁਲਮ, ਵਿਤਕਰੇ ਅਤੇ ਜਬਰ ’ਤੇ ਜਿੱਤ ਹੁੰਦੀ ਆਈ ਹੈ ਅਤੇ ਇਸ ਵਾਰ ਵੀ ਇਤਿਹਾਸ ਦੁਹਰਾਇਆ ਜਾਵੇਗਾ।’’

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਸੰਸਦ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਸਮੇਤ ਹੋਰ ਮੁੱਦੇ ਉਠਾਉਣ ਨਹੀਂ ਦਿੱਤੇ ਜਾ ਰਹੇ ਹਨ। ‘ਵਿਰੋਧੀ ਧਿਰ ਪੈਗਾਸਸ ’ਤੇ ਚਰਚਾ ਚਾਹੁੰਦੀ ਹੈ ਪਰ ਸਰਕਾਰ ਚਰਚਾ ਦੀ ਆਗਿਆ ਨਹੀਂ ਦੇ ਰਹੀ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਪੈਗਾਸਸ ਰਾਹੀਂ ਹਰ ਭਾਰਤੀ ਦੇ ਫੋਨ ’ਚ ਦਾਖ਼ਲ ਹੋ ਗਏ ਹਨ। ਇਸ ਮੌਕੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੈ ਰਾਊਤ, ਐੱਨਸੀ ਦੇ ਹਸਨੈਨ ਮਸੂਦੀ, ਸੀਪੀਐੱਮ ਦੇ ਇਮਲਾਰਾਮ ਕਰੀਮ, ਸੀਪੀਆਈ ਦੇ ਬਿਨੌਏ ਵਿਸ਼ਵਮ, ਆਰਐੱਸਪੀ ਦੇ ਐੱਨ ਕੇ ਪ੍ਰੇਮਚੰਦਰਨ, ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ, ਡੀਐੱਮਕੇ ਦੇ ਟੀ ਸ਼ਿਵਾ ਆਦਿ ਵੀ ਮੌਜੂਦ ਸਨ। ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਅੰਬਿਕਾ ਸੋਨੀ, ਮਨੀਸ਼ ਤਿਵਾੜੀ, ਗੁਰਜੀਤ ਔਜਲਾ, ਅਮਰ ਸਿੰਘ, ਪ੍ਰਤਾਪ ਸਿੰਘ ਬਾਜਵਾ ਅਤੇ ਹਰਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ, ਮਲਿਕਾਰਜੁਨ ਖੜਗੇ, ਗੌਰਵ ਗੋਗੋਈ, ਸੀਨੀਅਰ ਤਰਜਮਾਨ ਰਣਦੀਪ ਸੁਰਜੇਵਾਲਾ ਅਤੇ ਏਆਈਸੀਸੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੀ ਕਿਸਾਨਾਂ ਦਾ ਸਮਰਥਨ ਕਰਨ ਵਾਲਿਆਂ ਵਿੱਚ ਸ਼ਾਮਲ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪ, ਅਕਾਲੀ ਦਲ, ਬਸਪਾ ਅਤੇ ਟੀਐੱਮਸੀ ਨੇ ਕਿਸਾਨ ਸੰਸਦ ਤੋਂ ਦੂਰੀ ਬਣਾਈ
Next articleਕਿਸਾਨ ਸੰਸਦ ’ਚ ਮੋਦੀ ਸਰਕਾਰ ਖ਼ਿਲਾਫ਼ ਬੇਭਰੌਸਗੀ ਮਤਾ ਪੇਸ਼