ਲੀਡਰਾਂ ਨੇ ਖਤਮ ਕਰ ਦਿੱਤੀ ਬਹੁਜਨ ਸਮਾਜ ਪਾਰਟੀ

ਬਹੁਜਨ ਸਮਾਜ ਪਾਰਟੀ

ਨੋਟ :- (ਇਸ ਲੇਖ ਵਿੱਚ ਬਸਪਾ ਵਰਕਰਾਂ ਦੀ ਬੋਲ ਬਾਣੀ ਹੀ ਹੈ ਜੋ ਨਿੱਤ ਬਸਪਾ ਲਈ ਤੜਫਦੇ ਹਨ, ਫਿਰ ਵੀ ਕਿਸੇ ਦੇ ਮੰਨ ਨੂੰ ਠੇਸ ਪਹੁੰਚੇ ਤਾਂ ਮਾਫੀ ਚਾਹੁੰਦਾ ਹਾਂ)

ਸਤਨਾਮ ਸਿੰਘ ਸਹੂੰਗੜਾ

ਸਤਨਾਮ ਸਿੰਘ ਸਹੂੰਗੜਾ

(ਸਮਾਜ ਵੀਕਲੀ) ਸਾਹਿਬ ਕਾਂਸ਼ੀ ਰਾਮ ਜੀ ਅਕਸਰ ਹਰ ਸਟੇਜ ਤੇ ਆਖਿਆ ਕਰਦੇ ਸਨ ਕਿ “ਮੈਂ ਇਸ ਗਰੀਬ ਸਮਾਜ ਨੂੰ ਰਾਜ ਭਾਗ ਦੇ ਮਾਲਕ ਬਣਾਉਣ ਲਈ ਹੀ ਆਇਆ ਹਾਂ” ਤੇ ਇਹਨਾਂ ਲੋਕਾਂ ਨੂੰ ਰਾਜ ਕਰਦੇ ਵੇਖਣਾ, ਆਪਣੀ ਕਿਸਮਤ ਘੜਨ ਦੇ ਫੈਸਲੇ ਆਪ ਲਿਖਦੇ ਵੇਖਣਾ ਇਹੀ ਮੇਰੀ ਪਹਿਲੀ ਤੇ ਆਖਰੀ ਤਮੰਨਾ ਹੈ। ਐਸ਼ੋ-ਆਰਾਮ ਦੀ ਨੌਕਰੀ ਜਿਸ ਨਾਲ ਜਿੰਦਗੀ ਦੀ ਹਰ ਸਹੂਲਤ ਦਾ ਆਨੰਦ ਮਾਣਿਆ ਜਾ ਸਕਦਾ ਸੀ, ਨੂੰ ਠੋਕਰ ਮਾਰ ਦਿੱਤੀ ਸਿਰਫ ਬਹੁਜਨ ਸਮਾਜ ਨੂੰ ਰਾਜ-ਭਾਗ ਦੇ ਮਾਲਕ ਬਣਾਉਣ ਲਈ ਤੇ ਖੁੱਸਿਆ ਰਾਜ ਪ੍ਰਾਪਤ ਕਰਨ ਵਾਸਤੇ। ਜਿਸ ਘਟਨਾ ਸਾਹਿਬ ਕਾਂਸ਼ੀ ਰਾਮ ਜੀ ਐਸ਼ੋ-ਆਰਾਮ ਛੱਡ ਕੇ ਗਲੀਆਂ ਦੇ ਕੱਖ ਚੁਗਣ ਲਈ ਮਜਬੂਰ ਕੀਤਾ ਉਹ ਘਟਨਾ ਵਾਰੇ ਥੋੜੀ ਜਿਹੀ ਰੌਸ਼ਨੀ ਪਾਉਣੀ ਵੀ ਜਰੂਰੀ ਹੈ।
ਸਾਹਿਬ ਕਾਂਸ਼ੀ ਰਾਮ ਡਿਊਟੀ ਤੋਂ ਘਰ ਵਾਪਸ ਆ ਰਹੇ ਸੀ, ਡਰਾਈਵਰ ਨਵਾਂ ਸੀ ਉਹ ਰਾਹ ਭੁੱਲ ਗਿਆ। ਉਹ ਪੂਨੇ (ਮਹਾਂਰਾਸ਼ਟਰ) ਦੇ ਬੁੱਧਵਾਰ ਪੇਠ ਇਲਾਕੇ ਵਿੱਚ ਗਲਤੀ ਨਾਲ ਜਾ ਵੜਿਆ। ਬੁੱਧਵਾਰ ਪੇਠ ਵੇਸ਼ਵਾਵਾਂ ਦੇ ਨਾਮ ਨਾਲ ਬਦਨਾਮ ਇਲਾਕਾ ਹੈ। ਜਿਥੇ ਬੇਰੁਜ਼ਗਾਰ ਮਹਿਲਾਵਾਂ, ਔਰਤਾਂ, ਲੜਕੀਆਂ ਆਪਣੀ ਜਿੰਦਗੀ ਦੀਆਂ ਨਿੱਤ ਦੀਆਂ ਮੁਸ਼ਕਿਲਾਂ ਨਾਲ ਦੋ ਚਾਰ ਹੁੰਦੀਆਂ, ਅੱਤ ਦੀ ਗਰੀਬੀ ਦੀਆਂ ਮਾਰੀਆਂ, ਜਿੰਦਗੀ ਦਾ ਗੁਜਰ ਬਸਰ ਕਰਨ ਲਈ ਆਪਣਾ ਸ਼ਰੀਰ ਵੇਚਦੀਆਂ ਸਨ। ਉਸ ਇਲਾਕੇ ਸਾਹਿਬ ਜੀ ਦੀ ਗੱਡੀ ਜਾ ਵੜੀ, ਉਹ ਵੀ ਨਵਾਂ ਡਰਾਈਵਰ ਸੀ। ਜੋ ਰਾਹਾਂ ਤੋਂ ਅਣਜਾਣ ਸੀ, ਭੁਲੇਖੇ ਨਾਲ ਉਸ ਰਾਹ ਜਾ ਵੜਿਆ। ਭੁਲੇਖੇ ਨਾਲ ਜਾਣ ਤੇ ਉਹ ਰਾਹ ਸਾਹਿਬ ਕਾਂਸ਼ੀ ਰਾਮ ਜੀ ਨੂੰ ਜਿੰਦਗੀ ਦਾ ਸਭ ਤੋਂ ਕੀਮਤੀ ਤੇ ਮੁਫਤ ਦੇ ਭੁਲੇਖੇ ਵਿੱਚ ਹੀ ਅਹਿਮ ਸਬਕ ਸਿਖਾ ਗਿਆ।

ਸਾਹਿਬ ਕਾਂਸ਼ੀ ਰਾਮ ਜੀ ਦਾ ਮਨ ਟੁੱਟਣਾ
ਉਸ ਰਾਹ ਵਿੱਚ ਥਾਂ-ਥਾਂ ਤੇ ਨੌਜਵਾਨ ਲੜਕੀਆਂ ਆਪਣੇ ਹੱਥਾਂ ਵਿੱਚ ਮੂੰਹ ਦੇ ਕੋਲ ਨੂੰ ਮੋਮਬੱਤੀਆਂ ਜਗਾ ਕੇ ਖੜੀਆਂ ਸਨ। ਜਦੋਂ ਚੱਲਦਿਆਂ ਨੂੰ ਅਨੇਕਾਂ ਨੋਜਵਾਨ ਲੜਕੀਆਂ ਨੂੰ ਇਸ ਤਰ੍ਹਾਂ ਖੜੀਆਂ ਵੇਖਿਆ ਤਾਂ ਸਾਹਿਬ ਜੀ ਨੇ ਡਰਾਈਵਰ ਨੂੰ ਰੋਕਿਆ ਤੇ ਗੱਡੀ ਵਿੱਚੋਂ ਉੱਤਰ ਕੇ ਸੜਕ ਕਿਨਾਰੇ ਖੜੀ ਲੜਕੀ ਕੋਲ ਗਏ ਤੇ ਪੁੱਛਿਆ। ਕਿ ਬੀਬਾ ਤੂੰ ਰਾਤ ਦੇ ਹਨੇਰੇ ਵਿੱਚ ਮੋਮਬੱਤੀ ਲੈ ਕੇ ਕਿਉਂ ਖੜੀ ਹੈ, ਆਪਣੇ ਘਰ ਨੂੰ ਜਾਓ ਤੇ ਆਰਾਮ ਕਰੋ। ਤਾਂ ਉਸ ਨੋਜਵਾਨ ਲੜਕੀ ਨੇ ਕਿਹਾ ਕਿ ਸਾਹਿਬ ਜੀ ਅਜੇ ਕੁਝ ਕਮਾਈ ਨਹੀਂ ਹੋਈ। ਤੁਸੀਂ ਦੱਸੋ ਕਿੰਨੇ ਪੈਸੇ ਦਿੰਦੇ ਹੋ, ਮੇਰੇ ਨਾਲ ਮੌਜ ਮਸਤੀ ਕਰਨ ਦੇ ਮੈਂ ਤਿਆਰ ਹ ਪੈਸੇ ਦਿਓ, ਆਪਣਾ ਮੰਨ ਖੁਸ਼ ਕਰੋ ਤੇ ਆਪਣੇ ਘਰ ਜਾਓ। ਸਾਹਿਬ ਕਾਂਸ਼ੀ ਰਾਮ ਜੀ ਸਮਝ ਨਾ ਪਾਏ ਕਿ ਕੀ ਕਿਹਾ ਹੈ, ਤਾਂ ਉਹਨਾਂ ਫਿਰ ਲੜਕੀ ਨੂੰ ਉਹੀ ਸ਼ਬਦ ਜਾਣ ਵਾਰੇ ਬੋਲੇ, ਤਾਂ ਲੜਕੀ ਨੇ ਵੀ ਉਹੀ ਦਿਲ ਖੁਸ਼ ਕਰੋ ਤੇ ਜਾਓ ਵਾਲੇ ਸ਼ਬਦ ਦੁਹਰਾ ਦਿੱਤੇ। ਸਾਹਿਬ ਕਾਂਸ਼ੀ ਰਾਮ ਜੀ ਦੀ ਜਿੰਦਗੀ ਵਿੱਚ ਭੂਚਾਲ ਆ ਗਿਆ। ਉਸਦੀ ਜਾਤ ਬਿਰਾਦਰੀ ਦਾ ਨਾਮ ਸੁਣ ਕੇ ਤੇ ਹੋਰ ਕੋਈ ਕੰਮ ਧੰਦਾ ਨਾ ਹੋਣ ਕਰਕੇ ਸਾਹਿਬ ਜੀ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਉਹਨਾਂ ਉਥੇ ਖੜ ਕੇ ਲੜਕੀ ਤੇ ਉਸਦੀਆਂ ਸਹੇਲੀਆਂ ਤੋਂ ਸਾਰੀ ਜਾਣਕਾਰੀ ਲੈ ਕੇ ਆਖਿਆ ਕਿ “ਤੁਸੀਂ ਮੇਰਾ ਸਾਥ ਦਿਓ ਮੈਂ ਤੁਹਾਡੀ ਚੋਂ ਇਹ ਨਰਕ ਦੂਰ ਕਰ ਦਿਆਂਗਾ”। ਤੁਸੀਂ ਵੀ ਇੱਜਤ ਤੇ ਸਵੈਮਾਣ ਨਾਲ ਜਿਊਣ ਦੀਆਂ ਹੱਕਦਾਰ ਹੋ ਤੇ ਮੈਂ ਤੁਹਾਡੀ ਜਿੰਦਗੀ ਦੇ ਹਨੇਰੇ ਦੂਰ ਕਰਕੇ ਹੀ ਸਾਹ ਲਵਾਂਗਾ। ਫਿਰ ਉਹ ਅੱਗੇ ਆਪਣੀ ਮੰਜਿਲ ਵੱਲ ਚੱਲ ਪਏ ਤੇ ਘਰ ਜਾ ਕੇ ਸਾਰੀ ਰਾਤ ਬੇਅਰਾਮੀ ਵਿੱਚ ਗੁਜਾਰੀ। ਪੂਰੀ ਰਾਤ ਜਿੰਦਗੀ ਨੂੰ ਚਲਾਉਣ ਦੇ ਥਪੇੜਿਆਂ ਦੀ ਬਰਸਾਤ ਵਿੱਚ ਗੁਜਰ ਗਈ।

ਸਖਤ ਮਿਹਨਤ ਦਾ ਪ੍ਰਣ ਕਰਨਾ
ਅਜਿਹੇ ਹੋਰ ਵੀ ਬਿਰਤਾਂਤ ਉਹਨਾਂ ਦੀ ਜਿੰਦਗੀ ਵਿੱਚ ਗੁਜਰੇ, ਜਿਹਨਾਂ ਤੋਂ ਬਾਅਦ ਉਹਨਾਂ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਤੇ ਸਮਾਜ ਨੂੰ ਇਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਸੌਂਹ ਪਾ ਲਈ। ਮਨ ਵਿਚ ਇਹ ਕਸਮ ਵੀ ਖਾ ਲਈ ਕਿ “ਮੈਂ ਆਪਣੇ ਸਮਾਜ ਨੂੰ ਇਹਨਾਂ ਦੁੱਖਾਂ-ਤਟਲੀਫਾਂ ਤੋਂ ਛੁਟਕਾਰਾ ਦੁਆ ਕਿ ਇਹਨਾਂ ਨੂੰ ਰਾਜ-ਭਾਗ ਦੇ ਮਾਲਕ ਬਣਾਵਾਂਗਾ। ਬਸ ਫਿਰ ਕੀ ਸੀ ਮਰਦ ਅਗੰਮੜੇ ਦੀ ਖਾਧੀ ਕਸਮ ਨੇ ਉਸ ਨੂੰ ਸ਼ਾਹੀ ਨੌਕਰੀ ਛੱਡ ਕੇ ਗਲੀਆਂ ਦੇ ਕੱਖ ਚੁਗਣ ਲਾ ਦਿੱਤਾ। ਪੈਸੇ ਪੈਸੇ ਦਾ ਮੁਹਤਾਜ ਵੀ ਬਣਾਇਆ, ਮੁਰਦੇ ਦਾ ਉਤਾਰਿਆ ਸਵੈਟਰ ਵੀ 20 ਰੁਪਏ ਵਿੱਚ ਖਰੀਦ ਕੇ ਪਾਉਣ ਲਈ ਮਜਬੂਰ ਕਰ ਦਿੱਤਾ। ਸਾਇਕਲ ਲੈ ਕੇ ਜਾਂ ਪੈਦਲ ਚੱਲ ਚੱਲ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਜਿੰਮਾ ਲੈ ਲਿਆ। ਲਿਤਾੜੇ ਸਮਾਜ ਨੂੰ ਤੇ ਕੁੱਲੀਆਂ ‘ਚ ਵੱਸਦੇ ਲੋਕਾਂ ਨੂੰ ਰਾਜੇ ਬਣਾਉਣ ਦੀ ਖਾਧੀ ਕਸਮ ਨੇ ਦੁੱਖ, ਸੁੱਖ, ਪਰਿਵਾਰ, ਰਿਸ਼ਤੇਦਾਰ, ਮਾਂ, ਪਿਓ ਭੁਲਾ ਕੇ ਸਾਹਿਬ ਕਾਂਸ਼ੀ ਰਾਮ ਨੂੰ ਅਜਿਹਾ ਘੜਿਆ ਕਿ ਦੁਨੀਆਂ ਤੇ ਮਿਸਾਲ ਪੈਦਾ ਕਰ ਗਿਆ। ਹੁਣ ਉਸ ਵਰਗਾ ਕੋਈ ਹੋਰ ਨਹੀਂ ਜੰਮ ਸਕਦਾ, ਕਿਉਂਕਿ ਕੁਦਰਤ ਨੇ ਇਕ ਹੀ ਸ਼ਾਹੂ, ਫੂਲੇ, ਪੇਰਿਆਰ, ਫੂਲਨ ਦੇਵੀ, ਅੰਬੇਡਕਰ, ਮੰਗੂ ਰਾਮ, ਸਤਿਗੁਰੂ ਕਬੀਰ, ਨਾਨਕ, ਰਵਿਦਾਸ, ਗੋਬਿੰਦ ਸਿੰਘ ਇਹ ਸਾਰੇ ਇਕ ਹੀ ਬਣਾਏ ਸੀ। ਜੋ ਆਪਣਾ ਰਸਤਾ ਆਪ ਬਣਾ ਕੇ ਚੱਲੇ। ਸਮਾਜ ਨੂੰ ਉਸ ਰਾਹ ਚੱਲਣਾ ਪਿਆ। ਕਿਉਂਕਿ ਉਸ ਰਾਹ ਵਿੱਚੋਂ ਉਹ ਮਹਾਂਪੁਰਸ਼ ਕੰਡੇ ਪਹਿਲਾਂ ਹੀ ਚੁਗ ਗਏ, ਪੁੱਟੇ ਹੋਏ ਟੋਏ ਭਰ ਗਏ ਤੇ ਆਉਣ ਵਾਲੀਆਂ ਮੁਸੀਬਤਾਂ ਨੂੰ ਪਹਿਲਾਂ ਹੀ ਦੂਰ ਕਰ ਗਏ। ਫਿਰ ਉਹਨਾਂ ਵਰਗਾ ਹੋਰ ਕਿਉਂ ਭੇਜਿਆ ਜਾਵੇ।
ਸਾਹਿਬ ਕਾਂਸ਼ੀ ਰਾਮ ਜੀ ਨੇ ਦਿਨ ਰਾਤ ਇਕ ਕਰ ਦਿੱਤਾ, ਸਖਤ ਮਿਹਨਤ ਕੀਤੀ। ਭੁੱਖ – ਪਿਆਸ ਭੁੱਲ ਗਏ, ਬਸ ਇਕ ਹੀ ਜਨੂੰਨ ਸੀ, ਕਿ ਕੁੱਲੀਆਂ ‘ਚ ਵੱਸਣ ਵਾਲਿਆਂ ਨੂੰ ਰਾਜ ਦੇ ਮਾਲਕ ਬਣਾਉਣਾ ਹੈ। ਫਿਰ ਇਹ ਆਪਣੀ ਕਿਸਮਤ ਆਪ ਜਿਹੋ ਜਿਹੀ ਲੋੜ ਹੋਈ ਘੜ ਲੈਣਗੇ। ਇਸ ਵਿਕਾਸਮੁਖੀ ਸੋਚ ਨੂੰ ਮੁੱਖ ਰੱਖ ਕੇ ਰਾਜਨੀਤਕ ਪਾਰਟੀ ਬਣਾਉਣ ਵਾਰੇ ਸੋਚਿਆ। ਪਹਿਲਾਂ ਚੱਲ ਰਹੀਆਂ ਪਾਰਟੀਆਂ ਤੇ ਉਹਨਾਂ ਦੇ ਹੋਰ ਵਾਰੇ ਸੋਚ ਕੇ ਉਹਨਾਂ ਸਭ ਤੋਂ ਪਹਿਲਾਂ ਉਹਨਾਂ 6 ਦਸੰਬਰ 1978 ਨੂੰ ਬਾਮਸੇਫ਼ (ਬੈਕਵਰਡ ਐਂਡ ਮਾਇਨਾਰਿਟੀ ਕਮਿਊਨਿਟੀਜ ਇੰਪਲਾਈਜ਼ ਫੈਡਰੇਸ਼ਨ), 6 ਦਸੰਬਰ 1981 ਨੂੰ ਡੀ ਐਸ ਫੋਰ (ਦਲਿਤ ਸ਼ੋਸ਼ਿਤ ਸਮਾਜ ਸੰਘੰਰਸ਼ ਸੰਮਤੀ) ਫਿਰ ਇਸ ਤੋਂ ਬਾਅਦ ਡੀ ਐਸ ਫੋਰ ਦਾ ਹੀ ਨਾਮ ਬਦਲ ਕੇ ਵੱਡਾ ਸੰਗਠਨ ਵੱਡੀ ਰਾਜਨੀਤਕ ਪਾਰਟੀ ਦੇ ਰੂਪ ਵਿੱਚ 14 ਅਪ੍ਰੈਲ 1984 ਨੂੰ ਬਹੁਜਨ ਸਮਾਜ ਪਾਰਟੀ (ਬੀ ਐਸ ਪੀ) ਦਾ ਗਠਨ ਕਰ ਦਿੱਤਾ। ਬਹੁਜਨ ਸਮਾਜ ਪਾਰਟੀ ਨਾਮ ਦੇ ਰਾਜਨੀਤਕ ਪਲੇਟਫਾਰਮ ਨੂੰ ਦੁਨੀਆਂ ਦੀ ਸਕਰੀਨ ਤੇ ਪੇਸ਼ ਕਰਨ ਲਈ ਚੋਣ ਲੜਨੀ ਜਰੂਰੀ ਸੀ। ਉਹਨਾਂ ਅਜਿਹਾ ਸੋਚਿਆ ਕਿ ਪੈਸਾ ਤਾਂ ਹੈ ਨਹੀਂ ਜੋ ਹੈ ਉਸ ਨਾਲ ਗੱਲ ਨਹੀਂ ਬਣਨੀ। ਇਸ ਕਰਕੇ ਉਹਨਾਂ 1988 ਵਿੱਚ ਵੀ ਪੀ ਸਿੰਘ (ਸਾਬਕਾ ਪ੍ਰਧਾਨ ਮੰਤਰੀ) ਦੇ ਖਿਲਾਫ ਚੋਣ ਲੜੀ ਜਿਸ ਨਾਲ ਮੁਫਤ ਵਿੱਚ ਪ੍ਰਚਾਰ ਵੀ ਵਧੀਆ ਤਰੀਕੇ ਨਾਲ ਹੋ ਗਿਆ। ਇਸ ਤੋਂ ਬਾਅਦ ਉਹਨਾਂ ਰਾਜੀਵ ਗਾਂਧੀ ਦੇ ਖਿਲਾਫ ਵੀ ਇਸੇ ਤਰਜ ਤੇ ਚੋਣ ਲੜੀ, ਜਿਸ ਨਾਲ ਸਾਹਿਬ ਕਾਂਸ਼ੀ ਰਾਮ ਜੀ ਦਾ ਤੇ ਬਹੁਜਨ ਸਮਾਜ ਪਾਰਟੀ ਦਾ ਨਾਮ ਅਜਾਦ ਦੇਸ਼ ਦੀ ਗੁਲਾਮ ਫਿਜ਼ਾ ਦੇ ਗੁਲਾਮ ਲੋਕਾਂ ਵਿੱਚ ਵੀ ਗੂੰਜਣ ਲੱਗ ਪਿਆ। ਇਕ ਰੌਸ਼ਨੀ ਬਣਨ ਲੱਗ ਪਈ ਤੇ ਲੋਕ ਜੁੜਨ ਲੱਗ ਪਏ। ਸਾਹਿਬ ਕਾਂਸ਼ੀ ਰਾਮ ਜੀ ਪਹਿਲੀ ਵਾਰੀ 1992 ਵਿੱਚ ਉੱਤਰ ਪ੍ਰਦੇਸ਼ ਦੀ ਇਟਾਵਾ ਲੋਕ ਸਭਾ ਸੀਟ ਤੋਂ ਜਿੱਤ ਕੇ ਲੋਕ ਸਭਾ ਪਹੁੰਚ ਗਏ। ਸਾਹਿਬ ਕਾਂਸ਼ੀ ਰਾਮ ਜੀ ਦੇ ਜਿੱਤਣ ਨਾਲ ਮਨੂੰਵਾਦੀ ਸਿਸਟਮ ‘ਚ ਖਲਬਲੀ ਮਚਣ ਲੱਗ ਪਈ ਤੇ ਵਿਧਵਾ ਵਿਰਲਾਪ ਦੇ ਕੀਰਨੇ ਸ਼ੁਰੂ ਹੋ ਗਏ। ਸਾਹਿਬ ਕਾਂਸ਼ੀ ਰਾਮ ਜੀ ਦੂਸਰੀ ਵਾਰ ਲੋਕ ਸਭਾ ਲਈ ਆਪਣੀ ਜੰਮਣ ਭੂਮੀ ਪੰਜਾਬ ਆ ਗਏ ਤੇ 1996 ਵਿੱਚ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਜਿੱਤ ਗਏ।

ਮਿਹਨਤ ਦੇ ਨਤੀਜੇ ਮਿਲਣਾ
ਸਾਹਿਬ ਕਾਂਸ਼ੀ ਰਾਮ ਜੀ ਦੀ ਮਿਹਨਤ ਨੂੰ ਬੂਰ ਪੈਣ ਲੱਗ ਪਿਆ ਸੀ। ਜਿੱਤਣ ਦੀ ਲੜੀ ਸ਼ੁਰੂ ਹੋ ਗਈ ਸੀ। ਇਹ ਉਸ ਮਰਦ ਅਗੰਮੜੇ ਦੀ ਕੁੱਲੀਆਂ ਵਿੱਚ ਜਗਾਈ ਰੌਸ਼ਨੀ ਸੀ, ਜਿਸ ਨੇ ਕੁੱਲੀਆਂ ਦੇ ਨਾਲ-ਨਾਲ ਲਤਾੜੇ ਲੋਕਾਂ ਤੇ ਦਿਮਾਗ ਵੀ ਰੌਸ਼ਨ ਕਰ ਦਿੱਤੇ ਸਨ। ਜਿਹਨਾਂ ਨੂੰ ਰਾਜ ਭਾਗ ਦਾ ਚਸਕਾ ਪੈਣ ਲੱਗ ਪਿਆ ਸੀ। ਉਹਨਾਂ ਰੌਸ਼ਨ ਦਿਮਾਗਾਂ ਨੇ 1993 ਵਿੱਚ ਉੱਤਰ ਪ੍ਰਦੇਸ਼ ਵਿੱਚ ਇੰਨੇ ਕੁ ਐਮ ਐਲ ਏ ਜਿਤਾ ਦਿੱਤੇ ਕਿ ਸਮਾਜਵਾਦੀ ਪਾਰਟੀ ਨਾਲ ਰਲ ਕੇ ਪਹਿਲੀ ਸਰਕਾਰ ਬਣਾਈ ਤੇ ਮਨੂੰਵਾਦ ਦੀ ਜੜ੍ਹ ਵਿੱਚ ਟੋਪੀ ਵਾਲਾ ਕਿੱਲ ਠੋਕ ਦਿੱਤਾ। 25 ਜੂਨ 1995 ਵਿੱਚ ਭਾਜਪਾ ਨਾਲ ਮਿਲ ਕੇ ਫਿਰ ਸਰਕਾਰ ਬਣਾਈ। 1996 ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ। ਬਹੁਜਨ ਸਮਾਜ ਪਾਰਟੀ ਦੇ ਵਧਦੇ ਪ੍ਰਭਾਵ ਨੇ ਕਾਂਗਰਸ ਦੇ ਗੜ੍ਹ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 85 ਸੀਟਾਂ ਤੇ ਕਾਂਗਰਸ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਕਰਵਾ ਦਿੱਤੀਆਂ। ਕਾਂਗਰਸ ਸਾਹਿਬ ਕਾਂਸ਼ੀ ਰਾਮ ਜੀ ਮੂਹਰੇ ਗੋਡੇ ਟੇਕਣ ਲਈ ਮਜਬੂਰ ਹੋ ਗਈ। 1996 ਵਿੱਚ ਬਹੁਜਨ ਸਮਾਜ ਪਾਰਟੀ ਦੇਸ਼ ਦੀ ਰਾਸ਼ਟਰੀ ਪਾਰਟੀ ਬਣ ਗਈ। 21 ਮਾਰਚ 1997 ਨੂੰ ਸਾਹਿਬ ਕਾਂਸ਼ੀ ਰਾਮ ਜੀ ਦੀ ਬਦੌਲਤ ਭੈਣ ਮਾਇਆਵਤੀ ਦੂਸਰੀ ਵਾਰ ਮੁੱਖ ਮੰਤਰੀ ਬਣੀ। ਸਾਹਿਬ ਜੀ ਦੇ ਨਿਰਦੇਸ਼ਾਂ ਮੁਤਾਬਕ ਚੱਲ ਕੇ ਮਾਇਆਵਤੀ ਨੇ ਅਜਿਹਾ ਸ਼ਾਸ਼ਨ ਕਰ ਕੇ ਵਿਖਾਇਆ ਕਿ ਸਾਰੇ ਦੇਸ਼ ਵਿਚ ਧੁੰਮਾ ਪੈ ਗਈਆਂ। ਬੇਸ਼ਕ ਸਰਕਾਰ ਰਾਜਨੀਤਕ ਚਾਲਾਂ ਦੀ ਭੇਂਟ ਚੜ੍ਹ ਕੇ ਸਮਾਂ ਪੂਰਾ ਨਾ ਕਰ ਸਕੀ, ਛੇਤੀ ਹੀ ਡਿੱਗ ਗਈ। ਪਰ ਮਨੂੰਵਾਦੀ ਸ਼ਾਸਕਾਂ ਨੂੰ ਇਹ ਅਹਿਸਾਸ ਜਰੂਰ ਕਰਵਾ ਦਿੱਤਾ ਸੀ, ਕਿ ਬਹੁਜਨ ਸਮਾਜ ਇਕਮੁੱਠ ਹੋ ਰਿਹਾ, ਜੋ ਅੱਗੇ ਚੱਲ ਕੇ ਸਾਡੇ ਰਾਹ ਭੀੜੇ ਕਰ ਦੇਵੇਗਾ। ਸਾਹਿਬ ਕਾਂਸ਼ੀ ਰਾਮ ਦੀ ਕਾਬਲੇ ਤਾਰੀਫ ਹੁਸ਼ਿਆਰੀ ਤੇ ਚਲਾਕੀ ਨਾਲ ਸਮਾਜ ਪੈਰ ਪੈਰ ਤੇ ਅੱਗੇ ਵੱਧ ਰਿਹਾ ਸੀ। ਇਸੇ ਦੌੜ ਵਿਚ ਸਾਹਿਬ ਨੂੰ ਸਮਾਜ ਦੀ ਅਗਵਾਈ ਕਰਨ ਵਾਲੇ ਆਗੂਆਂ ਦੀ ਵੀ ਲੋੜ ਸੀ। ਜੋ ਕਿ ਪੂਰੀ ਤਰ੍ਹਾਂ ਸਮਰਪਿਤ ਭਾਵਨਾ ਵਾਲੇ ਚਾਹੀਦੇ ਸੀ। ਜਿਹਨਾਂ ਵਿੱਚ ਮਾਇਆਵਤੀ ਨੰਬਰ ਲੈ ਗਈ। ਜੋ ਅੱਗੇ ਜਾ ਕੇ ਬਹੁਜਨ ਸਮਾਜ ਪਾਰਟੀ ਦੀ ਰਹਿਨੁਮਾ ਆਗੂ ਬਣੀ ਤੇ ਅੱਜ ਤੱਕ ਉਸ ਮੁਕਾਮ ਤੇ ਜਰੂਰ ਬੈਠੀ ਹੈ। ਸਮੇਂ ਦੇ ਨਾਲ-ਨਾਲ ਸਾਹਿਬ ਕਾਂਸ਼ੀ ਰਾਮ ਜੀ ਸਿਹਤ ਦੇ ਪੱਖ ਤੋਂ ਕਮਜੋਰ ਰਹਿਣ ਲੱਗ ਪਏ ਸਨ। 2002 ਵਿੱਚ ਸਾਹਿਬ ਕਾਂਸ਼ੀ ਰਾਮ ਜੀ ਨੇ ਨਿਰਣਾ ਲਿਆ ਕਿ ਉਹ 14 ਅਕਤੂਬਰ 2006 ਨੂੰ ਆਪਣੇ 5 ਕਰੋੜ ਪੈਰੋਕਾਰਾਂ ਨਾਲ ਸਦਾ ਲਈ ਬੁੱਧ ਧਰਮ ਦੀ ਸ਼ਰਨ ਵਿਚ ਚਲੇ ਜਾਣਗੇ। ਪਰ ਅਫਸੋਸ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ। ਸਾਹਿਬ ਕਾਂਸ਼ੀ ਰਾਮ ਜੀ 9 ਅਕਤੂਬਰ 2006 ਨੂੰ ਸਾਰੇ ਬਹੁਜਨ ਸਮਾਜ ਅੰਦਰ ਜਿਊਣ ਦਾ ਜਜ਼ਬਾ ਤੇ ਰਾਜ ਭਾਗ ਦੇ ਮਾਲਕ ਬਣਨ ਦੀ ਇੱਛਾ ਪੈਦਾ ਕਰਕੇ ਆਪ ਕੁਦਰਤ ਦੇ ਪੰਜ ਤੱਤਾਂ ਵਿੱਚ ਛਿਪਣ ਹੋ ਗਏ।
ਸਾਹਿਬ ਕਾਂਸ਼ੀ ਰਾਮ ਜੀ ਦੇ ਜਿਊਂਦੇ ਜੀਅ ਬਹੁਜਨ ਸਮਾਜ ਪਾਰਟੀ ਮੰਜਿਲ ਦਰ ਮੰਜਿਲ ਤਹਿ ਕਰਦੀ ਗਈ। ਉਹਨਾਂ ਦੇ ਜਾਣ ਤੋਂ ਬਾਅਦ ਅੱਜ ਜੋ ਬਹੁਜਨ ਸਮਾਜ ਪਾਰਟੀ ਦੀ ਹਾਲਤ ਭੈਣ ਮਾਇਆਵਤੀ ਤੇ ਉਸਦੇ ਸਿਪਾਹੀਆਂ ਨੇ ਕਰ ਦਿੱਤੀ ਹੈ। ਉਹ ਕਿਸੇ ਤੋਂ ਵੀ ਲੁਕੀ ਛਿਪੀ ਨਹੀਂ ਰਹੀ। 1992 ਵਿੱਚ ਪੰਜਾਬ ਨੇ ਅਕਾਲੀਆਂ ਦੇ ਬਾਈਕਾਟ ਦੌਰਾਨ 9 ਐਮ ਐਲ ਏ ਜਿਤਾਏ, 1997 ਵਿੱਚ 8 ਹਾਰ ਗਏ, ਇਕ ਬਚਿਆ। ਉਸ ਤੋਂ ਬਾਅਦ 2022 ਵਿੱਚ ਨਵਾਂਸ਼ਹਿਰ ਤੋਂ ਕਾਂਗਰਸ ਪਾਰਟੀ ਦੇ ਆਪਸੀ ਕਾਟੋ ਕਲੇਸ਼ ਕਾਰਨ ਬਹੁਜਨ ਸਮਾਜ ਪਾਰਟੀ ਦਾ ਦਾਅ ਲੱਗ ਗਿਆ। ਇਕ ਐਮ ਐਲ ਏ ਜਿੱਤ ਗਿਆ। ਉਸ ਮੌਕੇ ਦੇ ਬਸਪਾ ਪ੍ਰਧਾਨ ਆਪਣੇ ਹਲਕੇ ਬਲਾਚੌਰ ਨੂੰ ਛੱਡ ਕੇ ਫਗਵਾੜੇ ਜਾ ਖੜਿਆ ਤੇ ਉਥੋਂ ਵੀ ਹਾਰ ਕੇ ਪਰਤਿਆ। ਆਪਣੇ ਆਪ ਨੂੰ ਬਹੁਤ ਵੱਡਾ ਮਿਸ਼ਨਰੀ ਤੇ ਪ੍ਰੋ ਗੁਰਨਾਮ ਸਿੰਘ ਮੁਕਤਸਰ ਤੋਂ ਉੱਪਰ ਸਮਝਣ ਦੀ ਨਾਸਮਝੀ ਬਹੁਜਨ ਸਮਾਜ ਪਾਰਟੀ ਦਾ ਬੇੜਾ ਗਰਕ ਕਰਨ ਵਿੱਚ ਬਹੁਤ ਸਹਾਈ ਹੋਈ। 2022 ਵਿੱਚ ਅਕਾਲੀ ਦਲ ਬਾਦਲ ਨਾਲ ਗਠਜੋੜ ਤਾਂ ਕਰ ਲਿਆ, ਪਰ ਪ੍ਰਧਾਨ ਦੀ ਨਾਸਮਝੀ ਨੇ ਸੀਟਾਂ ਉਹ ਲਈਆਂ ਜਿਥੋਂ ਅਕਾਲੀ ਦਲ ਖੁਦ ਜਿੱਤਣ ਦੀ ਸਮਰੱਥਾ ਵਿੱਚ ਨਹੀਂ ਸੀ, ਜੋ ਜ਼ਿਆਦਾਤਰ ਸੀਟਾਂ ਗਠਜੋੜ ਵਿਚ ਸ਼ਹਿਰੀ ਵੋਟ ਕਰਕੇ ਭਾਜਪਾ ਨੂੰ ਮਿਲਦੀਆਂ ਸਨ। ਅਖੀਰ ਡਾਕਟਰ ਨਛੱਤਰ ਪਾਲ ਹੀ ਜਿੱਤ ਸਕੇ। ਡਾਕਟਰ ਨਛੱਤਰ ਪਾਲ ਇਕ ਪੁਰਾਣਾ ਮਿਸ਼ਨਰੀ ਸਾਥੀ ਹੈ, ਜੋ ਪ੍ਰਧਾਨ ਨਾਲੋਂ ਪ੍ਰਧਾਨਗੀ ਵਿੱਚ ਵਧੀਆ ਸਾਬਤ ਹੋ ਸਕਦਾ ਸੀ। ਤਾਜੀਆਂ-ਤਾਜੀਆਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਸਿਰਫ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੇ ਹੀ ਨਜਰ ਮਾਰੀ ਜਾਵੇ ਤਾਂ ਪਤਾ ਲੱਗ ਜਾਵੇਗਾ ਕਿ ਮੌਜੂਦਾ ਪ੍ਰਧਾਨ ਆਪਣੇ ਜੱਦੀ ਬਲਾਚੌਰ ਹਲਕੇ ਤੋਂ ਵਿਧਾਇਕ ਜਿੱਤਣ ਦੀ ਸਮਰੱਥਾ ਵਿੱਚ ਵੀ ਨਹੀਂ ਹੈ।

ਲੋਕ ਸਭਾ ਦੇ ਨਤੀਜੇ !
ਮੌਜੂਦਾ ਲੋਕ ਸਭਾ ਚੋਣਾਂ ਵਿੱਚ ਗੜ੍ਹਸ਼ੰਕਰ ਤੋਂ 13,346, ਬੰਗਾ 16,935, ਨਵਾਂਸ਼ਹਿਰ 19,250, ਬਲਾਚੌਰ 20,616, ਸ਼੍ਰੀ ਆਨੰਦਪੁਰ ਸਾਹਿਬ 2,616, ਰੂਪਨਗਰ 8,641, ਚਮਕੌਰ ਸਾਹਿਬ 3,887, ਖਰੜ 2,681, ਐਸ ਏ ਐਸ ਨਗਰ 1,981 (ਕੁੱਲ 89,953) ਵੋਟਾਂ ਪੈਣ ਨਾਲ ਪ੍ਰਧਾਨ ਜੀ ਆਪਣੀ ਜਮਾਨਤ ਵੀ ਜਬਤ ਕਰਵਾ ਬੈਠੇ। ਇਸ ਤਰ੍ਹਾਂ ਪੰਜਾਬ ਦੀਆਂ ਬਾਕੀ ਸੀਟਾਂ ਤੇ ਨਜਰ ਮਾਰੀ ਜਾਵੇ ਤਾਂ ਸ਼੍ਰੀ ਆਨੰਦਪੁਰ ਸਾਹਿਬ 89,953 (ਪਿਛਲੀ ਵਾਰੀ ਇਕ ਲੱਖ ਤੋਂ ਜਿਆਦਾ ਸੀ), ਜਲੰਧਰ 64,841 (ਪਿਛਲੀ ਵਾਰ ਦੋ ਲੱਖ ਤੋਂ ਜਿਆਦਾ ਸੀ), ਹੁਸ਼ਿਆਰਪੁਰ 48,214(ਪਿਛਲੀ ਵਾਰ ਇਕ ਲੱਖ ਤੋਂ ਜਿਆਦਾ ਸੀ), ਸੰਗਰੂਰ 37,731, ਪਟਿਆਲਾ 22,400, ਫਤਿਹਗੜ੍ਹ ਸਾਹਿਬ 20,892, ਬਠਿੰਡਾ 13,039, ਲੁਧਿਆਣਾ 10,394, ਫਿਰੋਜਪੁਰ 8,433 (ਇਥੋਂ ਬਸਪਾ ਦੇ ਸਾਬਕਾ ਪ੍ਰਧਾਨ ਮੋਹਣ ਲਾਲ ਫਲੀਆਂਵਾਲਾ ਚਾਹੇ ਗਠਜੋੜ ਸੀ ਦੋ ਵਾਰ ਜਿੱਤੇ ਸਨ), ਫਰੀਦਕੋਟ 8,210, ਖਡੂਰ ਸਾਹਿਬ 5,066, ਗੁਰਦਾਸਪੁਰ 4,930 ਅਤੇ ਸ਼੍ਰੀ ਅਮ੍ਰਿਤਸਰ ਸਾਹਿਬ 2,733 ਸਮੇਤ ਪੂਰੇ ਪੰਜਾਬ ਵਿਚ ਮਹਾਂਬਲੀ ਸਾਹਿਬ ਕਾਂਸ਼ੀ ਰਾਮ ਜੀ ਦੀ ਖੂਨ ਪਸੀਨੇ ਨਾਲ ਤਿਆਰ ਕੀਤੀ ਬਹੁਜਨ ਸਮਾਜ ਪਾਰਟੀ ਦਾ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਮੌਜੂਦਾ ਲੀਡਰਸ਼ਿਪ ਵਲੋਂ ਸੱਤਿਆਨਾਸ਼ ਕਰਨ ਨਾਲ 3,37,140 ਵੋਟਾਂ ਦਾ ਪੂਰੇ ਪੰਜਾਬ ਵਿਚ ਮਿਲਣਾ ਬੇਸ਼ਰਮੀ ਤੋਂ ਪਰੇ ਕੁਝ ਨਹੀਂ ਕਿਹਾ ਜਾ ਸਕਦਾ। ਕਿਉਂਕਿ ਪੂਰੇ ਪੰਜਾਬ ਦੇ ਸਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਣਾ, ਕੋਈ ਛੋਟੀ ਗੱਲ ਨਹੀਂ ਹੈ। ਰਾਸ਼ਟਰੀ ਦਰਜੇ ਵਾਲੀ ਪਾਰਟੀ ਲਈ।

ਜਲੰਧਰ ਪੱਛਮੀ ਦੀ ਚੋਣ ਨੇ ਰਹਿੰਦਾ ਵੀ ਜਲੂਸ ਕੱਢ ਦਿੱਤਾ

ਜਲੰਧਰ ਪੱਛਮੀ ਦੀ ਸੀਟ 2022 ਵਿੱਚ ਭਾਜਪਾ ਤੋਂ ਆਪ ਵਿੱਚ ਆਏ ਨੋਜਵਾਨ ਸ਼ੀਤਲ ਅੰਗੁਰਾਲ ਨੇ ਜਿੱਤ ਦਰਜ ਕੀਤੀ। ਦੋ ਸਾਲ ਵਿੱਚ ਮੋਹ ਭੰਗ ਹੋਣ ਤੇ ਫਿਰ ਤੋਂ ਭਾਜਪਾ ‘ਚ ਚਲੇ ਗਿਆ ਤੇ ਜਲੰਧਰ ਦੇ ਲੋਕਾਂ ਨੂੰ ਜਿਮਨੀ ਚੋਣ ਵਿੱਚ ਧੱਕ ਦਿੱਤਾ ਗਿਆ। ਉਸ ਚੋਣ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਵਹਿਮ ਪੈ ਗਿਆ ਕਿ ਇਹ ਸਾਰਾ ਹਲਕਾ ਮਿਸ਼ਨਰੀ ਹੈ ਤੇ ਬਸਪਾ ਆਪਣੇ ਨਿਸ਼ਾਨ ਤੇ ਅਸਾਨੀ ਨਾਲ ਜਿੱਤ ਜਾਵੇਗੀ। ਪਰ ਅਫਸੋਸ ਮੌਜੂਦਾ ਪ੍ਰਧਾਨ ਦੀ ਨਲਾਇਕੀ ਤੇ ਨਕਾਰਾ ਲੀਡਰਸ਼ਿਪ ਲੋਕ ਸਭਾ ਚੋਣਾਂ ਤੋਂ ਬਾਅਦ ਫਿਰ ਜਮਾਨਤ ਬਚਾਉਣ ਤੋਂ ਅਸਮਰੱਥ ਹੋ ਗਈ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਿੰਦਰ ਲਾਖਾ ਨੂੰ 734 ਵੋਟਾਂ ਮਿਲੀਆਂ। ਜੋ ਬਸਪਾ ਦਾ ਅੱਤ ਮਾੜਾ ਪ੍ਰਦਰਸ਼ਨ ਮੰਨਿਆ ਜਾ ਸਕਦਾ ਹੈ। ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਅਜੇ ਵੀ ਨਾ ਸਮਝੀ ਤੇ ਹੰਕਾਰੀ ਫੈਸਲੇ ਲੈਣੇ ਜਾਰੀ ਰੱਖੇ ਤਾਂ ਆਉਣ ਵਾਲੀ ਕੋਈ ਵੀ ਚੋਣ ਬਸਪਾ ਨੂੰ ਖਤਮ ਕਰਨ ਵੱਲ ਹੀ ਲੈ ਕੇ ਜਾਏਗੀ।

ਕੀ ਕੀਤਾ ਜਾਵੇ ?
ਅੱਜ ਦੇ ਸਮੇਂ ਅੰਦਰ ਅਗਰ ਪਾਰਟੀ ਨੂੰ ਫਿਰ ਤੋਂ ਖੜੇ ਕਰਨਾ ਹੈ ਤਾਂ ਬਹੁਜਨ ਸਮਾਜ ਪਾਰਟੀ ਵਲੋਂ ਰਾਸ਼ਟਰੀ ਪ੍ਰਧਾਨ ਭੈਣ ਮਾਇਆਵਤੀ ਜੀ ਦੇ ਭਤੀਜੇ ਅਕਾਸ਼ ਨੂੰ ਬਣਾਇਆ ਜਾਵੇ ਤੇ ਪੂਰੇ ਪੰਜਾਬ ਦੀ ਲੀਡਰਸ਼ਿਪ ਨੂੰ ਅਹੁਦਾ ਰਹਿਤ ਕਰਕੇ ਕੇਡਰ ਕੈਂਪ ਲਗਾਉਣ ਦੀ ਜਿੰਮੇਵਾਰੀ ਦਿੱਤੀ ਜਾਵੇ। ਹਰ ਦਿਨ ਨਵਾਂ ਪਿੰਡ ਤੇ ਨਵੇਂ ਲੋਕਾਂ ਨਾਲ ਮੁਲਾਕਾਤ ਕਰਕੇ ਪਾਰਟੀ ਨਾਲ ਜੋੜਨ ਦੀ ਰਿਪੋਰਟ ਪ੍ਰਾਪਤ ਕੀਤੀ ਜਾਵੇ। ਮੌਜੂਦਾ ਸਾਰੀ ਲੀਡਰਸ਼ਿਪ ਜਦੋਂ ਤੋਂ ਅਹੁਦਿਆਂ ਤੇ ਬਿਰਾਜਮਾਨ ਹੋਈ ਹੈ, ਸਾਰਿਆਂ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ। ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਚਾਇਤਾ ਦੀਆਂ ਚੋਣਾਂ ਵਾਸਤੇ ਉਮੀਦਵਾਰ ਨਹੀਂ ਮਿਲਣਗੇ। ਪੰਜਾਬ ਪ੍ਰਧਾਨ ਦਾ ਅਹੁਦਾ ਡਾਕਟਰ ਮੱਖਣ ਸਿੰਘ ਜਾਂ ਕੁਲਦੀਪ ਸਿੰਘ ਸਰਦੂਲਗੜ੍ਹ ਵਰਗੇ ਸੂਝਵਾਨ ਤੇ ਮਿਹਨਤਕਸ਼ ਲੀਡਰ ਨੂੰ ਸੋਂਪਿਆ ਜਾਵੇ ਤੇ ਜਿੰਮੇਵਾਰੀ ਤਹਿ ਕਰ ਦਿੱਤੀ ਜਾਵੇ ਕਿ ਅਗਰ ਚੋਣਾਂ ਵਿੱਚ ਤੇ ਪੰਜਾਬ ਵਿਚ ਪਾਰਟੀ ਦਾ ਗ੍ਰਾਫ ਨਾ ਵਧਿਆ ਤਾਂ ਉਹਨਾਂ ਨਾਲ ਵੀ ਢਿੱਲ ਨਹੀਂ ਵਰਤੀ ਜਾਵੇਗੀ।

ਫੇਸਬੁੱਕ ਦੇ ਸ਼ੇਰਾਂ ਨੂੰ ਨੱਥ ਪਾਈ ਜਾਵੇ
ਬਾਕੀ ਅਖੀਰ ਵਿੱਚ ਇਹ ਵੀ ਜਰੂਰੀ ਹੈ ਕਿ ਫੇਸਬੁੱਕ ਤੇ ਬਾਕੀ ਪਾਰਟੀਆਂ ਵਾਂਗ ਬੇਲੋੜੀ ਬਹਿਸਬਾਜ਼ੀ ਬੰਦ ਕੀਤੀ ਜਾਵੇ। ਜਿਹੜਾ ਵਰਕਰ ਜਾਂ ਆਗੂ ਨਹੀਂ ਮੰਨਦਾ ਉਸਨੂੰ ਵੋਟਾਂ ਖਰਾਬ ਕਰਨ ਦੇ ਮੁੱਦੇ ਤਹਿਤ ਪਾਰਟੀ ‘ਚੋਂ ਖਾਰਜ ਕਰਨ ਨੂੰ ਪਹਿਲ ਦਿੱਤੀ ਜਾਵੇ। ਜਿਆਦਾਤਰ ਵੇਖਿਆ ਜਾਵੇ ਤਾਂ ਫੇਸਬੁੱਕ ਤੇ ਕੋਈ ਅਹੁਦਾ ਨੀ, ਕੋਈ ਲੀਡਰ ਨੀ ਇਕ ਆਮ ਵਰਕਰ ਕਿਸੇ ਸਵਾਲ ਦੇ ਜਵਾਬ ਦੇਣ ਵੇਲੇ ਬਹੁਤ ਵਾਰ ਅਗਲੇ ਨੂੰ ਜਲੀਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਫਿਰ ਸੋਚੋ ਕਿ ਜਿਸ ਨੂੰ ਤੁਹਾਡੇ ਵਰਕਰ ਫੇਸਬੁੱਕ ਤੇ ਜਲੀਲ ਕਰਨਗੇ, ਕੀ ਉਹ ਤੁਹਾਨੂੰ ਵੋਟ ਪਾਵੇਗਾ। ਬਾਕੀ ਪਾਰਟੀਆਂ ਵੱਲ ਵੇਖ ਲੈਣਾ ਚਾਹੀਦਾ ਹੈ, ਕਿ ਉਹਨਾਂ ਦੇ ਆਗੂ ਜਾਂ ਵਰਕਰ ਕਿੰਨੀ ਕੁ ਬੇਫਜੂਲੀ ਬਹਿਸ ਕਿਸੇ ਨਾਲ ਕਰਦੇ ਹਨ ਫੇਸਬੁੱਕ ਉਪਰ, ਤਾਂ ਕਿਉਂ ਨਾਂ ਪਹਿਲਾਂ ਇਹਨਾਂ ਨੂੰ ਹੀ ਨੱਥ ਪਾ ਕੇ ਬਹੁਜਨ ਸਮਾਜ ਪਾਰਟੀ ਦੇ ਭਲੇ ਲਈ ਕਦਮ ਚੁੱਕਿਆ ਜਾਵੇ।

ਲੇਖਕ – ਸਤਨਾਮ ਸਿੰਘ ਸਹੂੰਗੜਾ
[email protected]

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਤਹਿਤ ਖੇਡ ਟਰਾਇਲ 28 ਜੁਲਾਈ ਨੂੰ
Next articleਮੋਦੀ ਸਰਕਾਰ ਦੇ ਬਜਟ ‘ਚ ਬਿਹਾਰ ਲਈ ਕਈ ਵੱਡੇ ਐਲਾਨ, ਆਂਧਰਾ ਪ੍ਰਦੇਸ਼ ਨੂੰ ਮਿਲਿਆ ਵਿਸ਼ੇਸ਼ ਆਰਥਿਕ ਪੈਕੇਜ