ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਪਿੰਡ ਕਰੀਹਾ ਦੇ ਗੁਰਦੁਆਰਾ ਸਾਹਿਬ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ ਸਕੱਤਰ ਮਰਹੂਮ ਦੇਵ ਰਾਜ ਕਰੀਹਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਸੀ.ਪੀ.ਆਈ (ਐਮ. ਐਲ) ਨਿਊਡੈਮੋਕ੍ਰੇਸੀ ਪੰਜਾਬ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ ਅਤੇ ਕਾਮਰੇਡ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਕਾਮਰੇਡ ਦੇਵ ਰਾਜ ਕਰੀਹਾ ਉਮਰ ਭਰ ਉਹਨਾਂ ਦੀ ਪਾਰਟੀ ਨਾਲ ਜੁੜੇ ਰਹੇ।ਉਨ੍ਹਾਂ ਦੀ ਅਗਵਾਈ ਵਿੱਚ ਪਿੰਡ ਕਰੀਹਾ ਦੇ ਮਜ਼ਦੂਰਾਂ ਲਈ ਸਾਲ 1996 ਵਿੱਚ ਕਲੋਨੀਆਂ ਦਾ ਘੋਲ ਲੜਿਆ ਗਿਆ। ਜਿਸ ਵਿੱਚ ਕਰੀਹਾ ਦੇ ਮਜ਼ਦੂਰਾਂ ਦੀ ਜਿੱਤ ਹੋਈ ਅਤੇ ਕਲੋਨੀਆਂ ਸਾਲ 1999 ਵਿੱਚ ਮਜਦੂਰਾਂ ਨੂੰ ਮਿਲ ਗਈਆਂ। ਇਸ ਘੋਲ ਵਿੱਚ ਉਹ ਅਡੋਲ ਹੋਕੇ ਲੜੇ। ਇਹ ਘੋਲ ਪੂਰੇ ਤਿੰਨ ਸਾਲ ਚੱਲਿਆ। ਪਿੰਡ ਕਰੀਹਾ ਦੇ ਦਲਿਤਾਂ ਨੂੰ ਕਰੀਬ ਤਿੰਨ ਏਕੜ ਜਮੀਨ ਮਕਾਨ ਬਣਾਉਣ ਲਈ ਮਿਲੀ ਸੀ। 1996 ਵਿੱਚ ਪਿੰਡ ਦੇ ਧਨਾਢ ਚੌਧਰੀਆਂ ਨੇ ਮਜਦੂਰਾਂ ਕੋਲੋਂ ਇਹ ਜਮੀਨ ਵਾਪਸ ਲੈਣ ਦੀ ਕੋਸ਼ਿਸ਼ ਕੀਤੀ। ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਗਏ ਪਰ ਉਹ ਮਜਦੂਰਾਂ ਕੋਲੋਂ ਇਹ ਜਮੀਨ ਨਾ ਖੋਹ ਸਕੇ। ਇਸ ਘੋਲ ਦੀ ਮਜਬੂਤੀ ਅਤੇ ਮਜਦੂਰਾਂ ਦੀ ਏਕਤਾ ਸਦਕਾ ਧਨਾਢ ਚੌਧਰੀਆਂ ਨੂੰ ਮਜਦੂਰਾਂ ਅੱਗੇ ਹਥਿਆਰ ਸੁੱਟਣੇ ਪਏ। ਉਹਨਾਂ ਕਿਹਾ ਕਿ ਇਸ ਘੋਲ ਕਾਰਨ ਅਤੇ ਮਜਦੂਰਾਂ ਦੇ ਹਿੱਤਾਂ ਲਈ ਲੜੇ ਗਏ ਹੋਰ ਸੰਘਰਸ਼ਾਂ ਕਾਰਨ ਦੇਵ ਰਾਜ ਕਰੀਹਾ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਦੇਵ ਰਾਜ ਕਰੀਹਾ ਕਾਫੀ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜ੍ਹਤ ਸਨ ਅਤੇ 9 ਮਾਰਚ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਇਕਲੋਤੇ ਪੁੱਤਰ ਸਰਬਜੀਤ ਸਾਬੀ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ, ਜਿਸ ਦਾ ਉਨ੍ਹਾਂ ਦੇ ਮਨ ਵਿੱਚ ਵੱਡਾ ਦੁੱਖ ਸੀ। ਇਸ ਮੌਕੇ ਮੰਚ ਸੰਚਾਲਨ ਹਰੀ ਰਾਮ ਰਸੂਲਪੁਰੀ ਨੇ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj