(ਸਮਾਜ ਵੀਕਲੀ)
ਲਾਰੇ ਲਾ ਕੇ ਨੌਜਵਾਨਾਂ ਨੂੰ ਨੌਕਰੀਆਂ ਦੇ,
ਉਨ੍ਹਾਂ ਦੀਆਂ ਜੇਬਾਂ ‘ਚੋਂ ਪੈਸੇ ਕਢਾਉਣ ਨੇਤਾ।
ਇਕ ਪਾਸੇ ਕਹਿੰਦੇ,”ਰਿਸ਼ਵਤ ਨੂੰ ਠੱਲ੍ਹ ਪਾਉਣੀ,”
ਦੂਜੇ ਪਾਸੇ ਆਪੇ ਰਿਸ਼ਵਤ ਵਧਾਉਣ ਨੇਤਾ।
ਪਹਿਲਾਂ ਲਾ ਕੇ ਨਸ਼ਿਆਂ ਨੂੰ ਮੁੰਡੇ, ਕੁੜੀਆਂ,
ਫਿਰ ” ਫੜੋ ਓਏ, ਫੜੋ” ਦਾ ਰੌਲਾ ਪਾਉਣ ਨੇਤਾ।
ਲੋਕਾਂ ਸਾਮ੍ਹਣੇ ਡਟ ਕੇ ਬੋਲਣ ਇਕ, ਦੂਜੇ ਖਿਲਾਫ,
ਅੰਦਰ ਵੜ ਕੇ ਘੁੱਟ ਕੇ ਜੱਫੀਆਂ ਪਾਉਣ ਨੇਤਾ।
ਵੱਖ, ਵੱਖ ਜ਼ਾਤਾਂ ਦੇ ਲੋਕਾਂ ਨੂੰ ਆਪਸ ‘ਚ ਲੜਾ ਕੇ,
ਦੂਰ ਖੜ੍ਹੇ ਹੋ ਕੇ ਆਪ ਮੁਸਕਰਾਉਣ ਨੇਤਾ।
ਸੰਸਦ ਵਿੱਚ ਇਕ, ਦੂਜੇ ਨਾਲ ਬਾਹਾਂ ਕੱਢ ਲੜ ਕੇ,
ਲੋਕਾਂ ਦੇ ਬੜੇ ਖੈਰ-ਖੁਆਹ ਕਹਾਉਣ ਨੇਤਾ।
ਆਪਣੇ ਪੁੱਤਰਾਂ ਨੂੰ ਗੱਦੀ ‘ਤੇ ਬਿਠਾਉਣ ਖਾਤਰ,
ਵੱਡਿਆਂ, ਵੱਡਿਆਂ ਨੂੰ ਖੂੰਜੇ ਲਾਉਣ ਨੇਤਾ।
‘ਮਾਨ’ ਉਨ੍ਹਾਂ ਦਾ ਇਕ ਦਿਨ ਕਾਮ ਤਮਾਮ ਹੋਣਾ,
ਜਿਹੜੇ ਕਿਰਤੀਆਂ ਨੂੰ ਦਿਨ-ਰਾਤ ਸਤਾਉਣ ਨੇਤਾ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554