ਮਾਨਸਾ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਦੌਰਾਨ ਮਾਨਸਾ ਸਮਾਗਮ ਦੌਰਾਨ ਅੱਜ ਪੰਜਾਬ ਸਰਕਾਰ ਦੀ ਮੁਰਦਾਬਾਦ ਹੋ ਗਈ ਤੇ ਪੁਲੀਸ ਨੇ ਲਾਠੀਚਾਰਜ ਕੀਤਾ। ਪ੍ਰਸ਼ਾਸਨ ਦੇ ਸਖਤ ਪ੍ਰਬੰਧ ਉਸ ਵੇਲੇ ਧਰੇ ਧਰਾਏ ਰਹਿ ਗਏ ਜਦੋਂ ਬੀਐੱਡ ਟੈੱਟ ਪਾਸ ਕੁੜੀਆਂ ਨੇ ਚੰਨੀ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਪੰਡਾਲ ਗੂੰਜਣ ਲਾ ਦਿੱਤਾ। ਬੇਸ਼ੱਕ ਸਟੇਜ ਤੋਂ ਬਥੇਰੀਆਂ ਅਪੀਲਾਂ ਦਲੀਲਾਂ ਹੋਈਆਂ ਪਰ ਟੈੱਟ ਪਾਸ ਬੇਰਜ਼ਗਾਰ ਕਈ ਮਿੰਟ ਗਰਜਦੀਆਂ ਰਹੀਆਂ।
ਇਸ ਤੋਂ ਬਾਅਦ ਭਾਰੀ ਮਹਿਲਾ ਫੋਰਸ ਨੇ ਉਨ੍ਹਾਂ ਦੀ ਧੂਹ ਘੜੀਸ ਕਰਦਿਆਂ ਪੰਡਾਲ ਤੋਂ ਬਾਹਰ ਕੱਢਿਆ। ਬੇਸ਼ੱਕ ਵੱਡੀ ਗਿਣਤੀ ਵਿੱਚ ਕੱਚੇ ਕਾਮਿਆਂ, ਸਿਹਤ ਕਾਮਿਆਂ ਤੇ ਹੋਰ ਮੁਲਾਜ਼ਮ ਧਿਰਾਂ ਨੂੰ ਮਾਨਸਾ ਪ੍ਰਸ਼ਾਸਨ ਵੱਲ੍ਹੋਂ ਮੁੱਖ ਮੰਤਰੀ ਨਾਲ ਹੈਲੀਪੈਡ ’ਤੇ ਉਤਰਦਿਆਂ ਨੂੰ ਮਿਲਾ ਦਿੱਤਾ ਗਿਆ ਸੀ ਪਰ ਕਈ ਧਿਰਾਂ ਦਾ ਕਹਿਣਾ ਸੀ ਕਿ ਅਜਿਹੀਆਂ ਮਿਲਣੀਆਂ ਤਾਂ ਬਹੁਤ ਵਾਰ ਹੋ ਚੁੱਕੀਆਂ ਹਨ। ਹੁਣ ਉਹ ਚੰਨੀ ਨੂੰ ਹਰ ਮੈਦਾਨ ’ਚ ਘੇਰਨਗੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅੱਜ ਇਥੇ ਮਾਨਸਾ ਜ਼ਿਲ੍ਹੇ ਦੀ ਸਬ ਤਹਿਸੀਲ ਭੀਖੀ ਨੂੰ ਸਬ ਡਵੀਜ਼ਨ ਬਣਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਸਰਦੂਲਗੜ੍ਹ ਅਤੇ ਬੁਢਲਾਡਾ ਹਲਕੇ ਦੀ ਤਰੱਕੀ ਲਈ ਹੋਰ 15-15 ਕਰੋੜ ਦੇਣ ਦਾ ਵੀ ਵਾਅਦਾ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly