ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਰਨਾਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹੋਰ ਭਾਜਪਾ ਨੇਤਾਵਾਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੁਲੀਸ ਵੱਲੋਂ ਲਾਠੀਆਂ ਵਰ੍ਹਾਉਣ ਦੀ ਘਟਨਾ ਨੇ ਜੱਲ੍ਹਿਆਂਵਾਲਾ ਬਾਗ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੁਲੀਸ ਲਾਠੀਚਾਰਜ ਵਿੱਚ ਜ਼ਖ਼ਮੀ ਇਕ ਕਿਸਾਨ ਨੇ ਅੱਜ ਦਮ ਤੋੜ ਦਿੱਤਾ ਅਤੇ 40 ਤੋਂ ਵੱਧ ਕਿਸਾਨ ਜ਼ਖ਼ਮੀ ਹੋ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬਰਤਾਨਵੀ ਪੁਲੀਸ ਨੇ ਵੀ ਨਿਹੱਥੇ ਲੋਕਾਂ ’ਤੇ ਗੋਲੀਆਂ ਚਲਾਈਆਂ ਸਨ ਅਤੇ ਹੁਣ ਕਰਨਾਲ ਵਿੱਚ ਵੀ ਨਿਹੱਥੇ ਕਿਸਾਨਾਂ ’ਤੇ ਪਥਰਾਅ ਕੀਤਾ ਗਿਆ ਅਤੇ ਜਨਰਲ ਡਾਇਰ ਵਾਂਗ ਐੱਸਡੀਐੱਮ ਪੁਲੀਸ ਨੂੰ ਲੋਕਾਂ ਦੇ ਸਿਰ ਤੋੜਨ ਦੇ ਆਦੇਸ਼ ਦਿੰਦਿਆਂ ਦਿਖਾਈ ਦਿੱਤੇ। ਚੜੂਨੀ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਪੂਰੇ ਹਰਿਆਣਾ ਵਿੱਚ ਨਾਕਾਬੰਦੀ ਕਰਨ ਤੋਂ ਬਾਅਦ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਅੱਜ ਪੰਜਾਬ ਵਿੱਚ ਵੀ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ 2 ਘੰਟੇ ਤੱਕ ਸੜਕਾਂ ਜਾਮ ਕੀਤੀਆਂ ਗਈਆਂ ਪਰ ਇਸ ਅਣਮਨੁੱਖੀ ਕਾਰਵਾਈ ਲਈ ਦੋਸ਼ੀ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਵਿੱਖ ਦੀ ਰਣਨੀਤੀ ਤਿਆਰ ਕਰਨ ਲਈ, ਪੂਰੇ ਹਰਿਆਣਾ ਰਾਜ ਦੇ ਕਿਸਾਨ ਸੰਗਠਨਾਂ ਦੀ ਮੀਟਿੰਗ 30 ਅਗਸਤ ਨੂੰ ਕਰਨਾਲ ਦੇ ਘਰਦਾ ਸਥਿਤ ਨਵੀਂ ਅਨਾਜ ਮੰਡੀ ਵਿੱਚ ਸੱਦੀ ਗਈ ਹੈ ਜਿਸ ਵਿੱਚ ਕੋਈ ਵੱਡਾ ਫੈਸਲਾ ਲਿਆ ਜਾਵੇਗਾ। ਚੜੂਨੀ ਨੇ ਦੁਹਰਾਇਆ ਕਿ ਕਿਸਾਨਾਂ ਦਾ ਇਹ ਸ਼ਾਂਤਮਈ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਕਿਸਾਨਾਂ ’ਤੇ ਪਈ ਹਰ ਇੱਕ ਲਾਠੀ ਇਸ ਬੇਰਹਿਮ ਭਾਜਪਾ ਸਰਕਾਰ ਦੇ ਤਾਬੂਤ ਵਿੱਚ ਕਿੱਲ ਸਾਬਤ ਹੋਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly