HOME ਸਵ: ਚਰਨਜੀਤ ਅਹੂਜਾ ਜੀ ਦੀ ਇੱਕ ਯਾਦ

ਸਵ: ਚਰਨਜੀਤ ਅਹੂਜਾ ਜੀ ਦੀ ਇੱਕ ਯਾਦ

2
ਮਨਜੀਤ ਸਿੰਘ ਬੱਧਣ

  (ਸਮਾਜ ਵੀਕਲੀ)  ਉਸਤਾਦ ਸੰਗੀਤਕਾਰ ਸ੍ਰੀ ਚਰਨਜੀਤ ਅਹੂਜਾ ਜੀ ਦੇ ਆਕਾਲ ਚਲਾਣੇ ਨਾਲ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਘਾਟਾ ਪਿਆ ਹੈ। 1990 ਦੇ ਦਸ਼ਕ ਵਿੱਚ ਪੰਜਾਬੀ ਦੇ ਜ਼ਿਆਦਾਤਰ ਪ੍ਰਮੁੱਖ ਗਾਇਕਾਂ ਦੇ ਗੀਤਾਂ ਨੂੰ ਸਵ: ਚਰਨਜੀਤ ਅਹੂਜਾ ਵੱਲੋਂ ਸੰਗੀਤਬੱਧ ਕੀਤਾ ਗਿਆ ਸੀ। ਕਈ ਗਾਇਕਾਂ ਦੀਆਂ ਕੈਸਟਾਂ ‘ਤੇ ਉਹਨਾਂ ਗਾਇਕਾਂ ਦੀ ਫੋਟੋ ਦੇ ਨਾਲ-ਨਾਲ ‘ਪੇਸ਼ਕਸ਼’ ਜਾਂ ‘ਸੰਗੀਤ’ ਸਿਰਲੇਖ ਦੇ ਨਾਲ ਅਹੂਜਾ ਜੀ ਦੀ ਫੋਟੋ ਤੇ ਨਾਮ ਵੀ ਲਿਖਿਆ ਹੁੰਦਾ ਸੀ। 1994-95 ਦੀ ਗੱਲ ਹੈ। ਲੁਧਿਆਣਾ ਵਿੱਚ ਪੰਜਾਬੀ ਭਵਨ ਦੇ ਓਪਨ ਥੀਏਟਰ ਵਿੱਚ ਸ਼ਾਇਦ ਲੋਹੜੀ ਮੇਲੇ ਦਾ ਪ੍ਰੋਗਰਾਮ ਸੀ। ਕੁਝ ਗਾਇਕਾਂ ਦੇ ਨਾਲ ਜਨਾਬ ਚਰਨਜੀਤ ਅਹੂਜਾ ਸਾਹਿਬ ਵੀ ਆਏ ਹੋਏ ਸਨ। ਉਸ ਸਮੇਂ ਮੈਂ ਆਪਣੇ ਸ਼ਹਿਰ ਲੁਧਿਆਣਾ ਦੇ ਮੁੰਡਿਆਂ ਵਾਲੇ ਸਰਕਾਰੀ ਕਾਲਜ ਦਾ ਨਵਾਂ-ਨਵਾਂ ਕਾਲਜੀਏਟ ਬਣਿਆ ਸੀ। ਆਪਣੇ ਕੁਝ ਦੋਸਤਾਂ ਨਾਲ ਮੈਂ ਵੀ ਮੇਲਾ ਵੇਖਣ ਚਲਿਆ ਗਿਆ। ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਕੋਈ ‘ਆਟੋਗ੍ਰਾਫ ਡਾਇਰੀ’ ਵੀ ਹੁੰਦੀ ਹੈ ਜਿਸ ਵਿੱਚ ਮਸ਼ਹੂਰ ਹਸਤੀਆਂ ਦੇ ਸ਼ੌਂਕੀਆ ਤੌਰ ਹਸਤਾਖ਼ਰ ਕਰਵਾ ਕੇ ਰੱਖ ਲਾਏ ਜਾਂਦੇ ਹਨ। ਹੋਰਨਾਂ ਦੇ ਨਾਲ ਮੇਰੇ ਕੁਝ ਸਾਥੀਆਂ ਨੇ ਆਪਣੀਆਂ ਅਜਿਹੀਆਂ ਡਾਇਰੀਆਂ ਵਿੱਚ ਜਨਾਬ ਚਰਨਜੀਤ ਅਹੂਜਾ ਅਤੇ ਹੋਰ ਗਾਇਕਾਂ ਦੇ ਆਟੋਗ੍ਰਾਫ ਲੈ ਲਏ। ਮੇਰੇ ਕੋਲ ਕੋਈ ਅਜਿਹੀ ਡਾਇਰੀ ਹੈ ਨਹੀਂ ਸੀ। ਉਸ ਸਮੇਂ ਡਰਾਈਵਿੰਗ ਲਾਇਸੰਸ ਇਕ ਛੋਟੀ ਡਾਇਰੀ ਵਰਗਾ ਹੀ ਹੁੰਦਾ ਸੀ। ਇਸ ਵਿੱਚ ਅਗਲੇ ਪੰਨਿਆਂ ‘ਤੇ ਲਾਇਸੰਸ ਵਾਲੇ ਦੀ ਫੋਟੋ ਅਤੇ ਹੋਰ ਵੇਰਵੇ ਹੁੰਦੇ ਸਨ ਅਤੇ ਬਾਕੀ ਪੰਨੇ ਖਾਲੀ ਛੱਡੇ ਹੁੰਦੇ ਸਨ। ਮੈਂ ਆਪਣਾ ਲਾਇਸੰਸ ਹੀ ਅਹੂਜਾ ਸਾਹਿਬ ਦੇ ਸਾਹਮਣੇ ਇਸ ਤਰ੍ਹਾਂ ਕਰ ਦਿੱਤਾ ਕਿ ਉਹਨਾਂ ਵੱਲੋਂ ‘ਵਿਦ ਲਵ’ ਲਿਖ ਕੇ ਆਪਣੇ ਹਸਤਾਖਰ ਇੱਕ ਖਾਲੀ ਪੰਨੇ ‘ਤੇ ਕਰ ਦਿੱਤੇ ਗਏ। ਕੁਝ ਸਾਲਾਂ ਬਾਅਦ ਕਾਰਡਾਂ ਵਾਲੇ ਡਰਾਈਵਿੰਗ ਲਾਇਸੰਸ ਬਣਨ ਲੱਗ ਗਏ। ਮੈਂ ਵੀ ਨਵਾਂ ਲਾਇਸੰਸ ਬਣਵਾ ਲਿਆ ਅਤੇ ਆਟੋਗ੍ਰਾਫ ਵਾਲਾ ਲਾਇਸੰਸ ਕਿਸੇ ਅਣਜਾਣਤਾ ਜਾਂ ਬੇ-ਧਿਆਨੀ ਕਾਰਨ ਸੰਭਾਲਿਆ ਨਹੀਂ ਜਾ ਸਕਿਆ। ਅਲਵਿਦਾ ਉਸਤਾਦ ਚਰਨਜੀਤ ਅਹੂਜਾ ਜੀ। ਗੀਤਾਂ ਦੇ ਬੋਲ ਜੋ ਤੁਹਾਡੇ ਵੱਲੋਂ ਸ਼ਿੰਗਾਰੇ ਗਏ ਹਨ, ਸੰਗੀਤ-ਪ੍ਰੇਮੀਆਂ ਨੂੰ ਖ਼ੁਸ਼ੀਆਂ ਵੰਡਦੇ ਰਹਿਣਗੇ।

ਮਨਜੀਤ ਸਿੰਘ ਬੱਧਣ
9417635053

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੁੰਬਈ ਤੋਂ ਆਏ ਬਾਬਾ ਸਾਹਿਬ ਦੇ ਸ਼ਰਧਾਲੂ ਅੰਬੇਡਕਰ ਭਵਨ ਵਿਖੇ ਹੋਏ ਨਤਮਸਤਕ
Next articleਪੰਜਾਬ ਵਿੱਚ ਇੱਕ ਦੋਹਰੇ ਕਤਲ ਨੇ ਸਨਸਨੀ ਫੈਲਾ ਦਿੱਤੀ ਹੈ, ਕੈਨੇਡਾ ਤੋਂ ਆਏ ਇੱਕ ਐਨਆਰਆਈ ਅਤੇ ਇੱਕ ਦੇਖਭਾਲ ਕਰਨ ਵਾਲੇ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ ਹੈ।