(ਸਮਾਜ ਵੀਕਲੀ) ਇੱਕ ਸਮਾਂ ਸੀ ਜਦੋਂ ਪੀਣ ਵਾਲੀ ਪਾਣੀ ਵੀ ਥੋੜੀ ਦੂਰੀ ਤੇ ਮਿਲ ਜਾਂਦਾ ਸੀ, ਸਾਡੀ ਹਵਾ ਵੀ ਸਾਫ਼ ਸੀ। ਇਸ ਤੋਂ ਇਲਾਵਾ ਗਰਮੀ ਜਾਂ ਸਰਦੀ ਵੀ ਸਹੀ ਤਾਪਮਾਨ ਤੇ ਸੀ। ਕਹਿਣ ਦਾ ਮਤਲਵ ਵਾਤਾਵਰਣ ਸਾਰਾ ਹੀ ਅਨੁਕੂਲ ਸੀ। ਪਰ ਅੱਜ ਸਭ ਕੁੱਝ ਹੀ ਗੰਧਲਾ ਹੋ ਚੁੱਕਾ ਹੈ। ਇਹਨਾਂ ਸਭ ਦੇ ਲਈ ਮਨੁੱਖ ਹੀ ਜ਼ਿੰਮੇਵਾਰ ਹੈ, ਜਿਸ ਨੇ ਉਪਰੋਕਤ ਕੁਦਰਤੀ ਸਰੋਤਾਂ ਦਾ ਆਪਣੇ ਮੁਨਾਫੇ ਲਈ ਰੱਜ ਕੇ ਘਾਣ ਕੀਤਾ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਪੈਸੇ ਦੀ ਅੰਨੀ ਦੌੜ ਹੈ, ਜਿਸ ਦੇ ਕਾਰਨ ਇਨਸਾਨ ਨੇ ਕੁਦਰਤੀ ਸਰੋਤਾਂ ਨੂੰ ਰੱਜ ਕੇ ਨੁਕਸਾਨ ਪਹੁੰਚਾਇਆ ਹੈ। ਕੁੱਝ ਕੁ ਗੱਲਾਂ ਪਿੱਛੇ ਸਰਕਾਰਾਂ ਵੀ ਜ਼ਿੰਮੇਵਾਰ ਹਨ, ਕਿਉਂਕਿ ਜ਼ਿਆਦਾਤਰ ਫੈਕਟਰੀਆਂ ਜੋ ਕਿ ਸ਼ਹਿਰਾਂ ਦੇ ਨੇੜੇ ਹਨ, ਉਹਨਾਂ ਦੇ ਧਨਾਢ ਮਾਲਕਾਂ ਦੇ ਸਿੱਧੇ ਸਰਕਾਰਾਂ ਨਾਲ ਸੰਬੰਧ ਹਨ ਜਾਂ ਕੁੱਝ ਕੁ ਤਾਂ ਫੈਕਟਰੀਆਂ ਹੀ ਵੱਡੇ ਨੇਤਾਵਾਂ ਦੀਆਂ ਹੁੰਦੀਆਂ ਹਨ, ਜਿਹਨਾਂ ਦਾ ਕਿ ਸਾਫ਼ ਪਾਣੀ ਨੂੰ ਗੰਧਲਾ ਕਰਨ ਦੇ ਵਿੱਚ ਪੂਰਾ ਪੂਰਾ ਹੱਥ ਹੈ। ਅਜੌਕੇ ਮਨੁੱਖ ਨੇ ਆਪਣੇ ਮੁਨਾਫੇ ਦੇ ਲਈ ਜੰਗਲਾਂ ਦੀ ਕਟਾਈ ਵੀ ਰੱਜ ਕੇ ਕੀਤੀ ਹੈ, ਜਿਸ ਦੇ ਕਾਰਨ ਤਾਪਮਾਨ ਦਾ ਪੱਧਰ ਦਿਨੋਂ ਦਿਨ ਵੱਧ ਰਿਹਾ ਹੈ, ਇਸ ਤੋਂ ਇਲਾਵਾ ਤਰੱਕੀ ਦੇ ਨਾਮ ਤੇ ਬਣਾਏ ਜਾਣ ਵਾਲੇ ਨਵੇਂ ਰਸਤਿਆਂ ਕਾਰਨ ਵੀ ਕਈ ਹਜ਼ਾਰਾਂ ਦਰੱਖਤਾਂ ਦੀ ਕਟਾਈ ਅੰਨ੍ਹੇਵਾਹ ਕਰ ਦਿੱਤੀ ਜਾਂਦੀ ਹੈ। ਨਵੇਂ ਰਸਤੇ ਬਣਾਏ ਜਾਣ ਕੋਈ ਹਰਜ ਨਹੀਂ ਹੈ, ਪਰ ਰਸਤਾਂ ਬਨਣ ਦੇ ਕਾਰਨ ਜਿੰਨੇ ਵੀ ਦਰੱਖਤ ਕੱਟੇ ਗਏ ਹਨ, ਉਹਨਾਂ ਦੀ ਥਾਂ ਨਵੇਂ ਰੁੱਖ ਦੁੱਗਣੇ ਜਾਂ ਤਿੱਗਣੇ ਲੱਗਣੇ ਜ਼ਰੂਰੀ ਹਨ ਤਾਂ ਹੀ ਕੱਟੇ ਹੋਏ ਦਰੱਖਤਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ। ਸ਼ਹਿਰਾਂ ਦੇ ਨੇੜੇ ਚੱਲਣ ਵਾਲੀਆਂ ਫੈਕਟਰੀਆਂ ਦਾ ਗੰਦਾ ਪਾਣੀ ਸ਼ਰੇਆਮ ਦਰਿਆਵਾਂ ਅਤੇ ਨਹਿਰਾਂ ਦੇ ਚੰਗੇ ਪਾਣੀ ਵਿੱਚ ਪਾਇਆ ਜਾਂਦਾ ਹੈ ਜਾਂ ਇਸ ਪਾਣੀ ਨੂੰ ਸਿੱਧਾ ਬੋਰਵੈੱਲਾਂ ਦੇ ਰਾਹੀਂ ਸਿੱਧਾ ਧਰਤੀ ਵਿੱਚ ਪਾਇਆ ਜਾਂਦਾ ਹੈ, ਜਿਸਦੇ ਕਾਰਨ ਜ਼ਮੀਨ ਵਿਚਲੇ ਪੀਣ ਵਾਲੀ ਪਾਣੀ ਦਾ ਪੱਧਰ ਦਿਨੋਂ ਦਿਨ ਨੀਵਾਂ ਹੋ ਰਿਹਾ ਹੈ ਜਾਂ ਪੀਣ ਵਾਲੇ ਪਾਣੀ ਦੇ ਵਿੱਚ ਕਈ ਤਰ੍ਹਾਂ ਦੇ ਹਾਨੀਕਾਰਕ ਤੱਤ ਪਾਏ ਜਾਂਦੇ ਹਨ। ਪਲਾਸਟਿਕ ਦੀ ਵੱਡੀ ਤਾਦਾਤ ਵਿੱਚ ਕੀਤੀ ਜਾ ਰਹੀ ਵਰਤੋਂ ਵੀ ਕੁਦਰਤੀ ਸਰੋਤਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ, ਸਾਨੂੰ ਪਲਾਸਟਿਕ ਦੀ ਥਾਂ ਤੇ ਹੋਰ ਕੁਦਰਤੀ ਪਦਾਰਥਾਂ ਤੋਂ ਬਣੇ ਉਤਪਾਦ ਵਰਤਣੇ ਚਾਹੀਦੇ ਹਨ, ਜੋ ਕਿ ਆਸਾਨੀ ਨਾਲ ਗਲ੍ਹ ਸਕਣ ਤਾਂ ਜੋ ਕੁਦਰਤੀ ਸਰੋਤਾਂ ਦੀ ਰੱਖਿਆ ਕੀਤੀ ਜਾ ਸਕੇ। ਇਹਨਾਂ ਸਭ ਦੇ ਕਾਰਨ ਮਨੁੱਖ ਨੂੰ ਲਾਇਲਾਜ ਬਿਮਾਰੀਆਂ ਲੱਗ ਰਹੀਆਂ ਹਨ। ਸੋ ਸਮੇਂ ਦੀ ਲੋੜ ਹੈ ਕਿ ਇਹਨਾਂ ਕੁਦਰਤੀ ਸਰੋਤਾਂ ਦੀ ਰੱਖਿਆ ਲਈ ਸਭ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤ ਬਚਾ ਸਕੀਏ।
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ।
ਮੋ. ਨੰ. 9465405597
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj