ਦਲਿਤ ਸਾਹਿਤ ਦੀ ਭਾਸ਼ਾ
– ਐਸ ਐਲ ਵਿਰਦੀ ਐਡਵੋਕੇਟ,
ਮੋ. 98145 17499
ਜੀ ਟੀ ਰੋਡ, ਸਿਵਲ ਕੋਰਟਸ, ਫਗਵਾੜਾ
(ਸਮਾਜ ਵੀਕਲੀ)- ਪੰਜਾਬੀ ਬੋਲੀ/ਭਾਸ਼ਾ ਲੋਕਾਂ ਦੀ ਬੋਲੀ/ਭਾਸ਼ਾ ਹੈ, ਜਿਹੜੀ ਪੰਜਾਬੀਆਂ ਨੇ ਸੰਘਰਸ਼ ਤੇ ਸ਼ੰਘਰਸ਼ ਕਰਕੇ ਮਾਨਤਾ ਪ੍ਰਪਤ ਬਣਾਈ ਹੈ। ਨਹੀ ਤਾਂ ਭਾਰਤ ਵਿਚੋਂ ਹੀ ਅਲੱਗ ਹੋਏ ਪਾਕਿਸਤਾਨ ਵਿੱਚ ਲਗਭਗ 70 ਪ੍ਰਤੀਸ਼ਤ ਪੰਜਾਬੀ ਹਨ। ਪਰ ਉਥੋਂ ਦੀ ਨੈਸ਼ਨਲ ਬੋਲੀ ਉਰਦੂ ਹੈ। ਜਦਕਿ ਹੱਕ ਬਹੁਗਿਣਤੀ ਪੰਜਾਬੀਆਂ ਦੀ ਪੰਜਾਬੀ ਦਾ ਸੀ। ਬਟਵਾਰੇ ਤੋਂ ਪਹਿਲੇ ਪੂਰਬੀ ਪੰਜਾਬ ਵਿਚੋਂ ਅਲੱਗ ਹੋਏ ਪਾਕਿਸਤਾਨੀ ਪੱਛਮੀ ਪੰਜਾਬ ਵਿੱਚ ਤਾਂ ਪੰਜਾਬੀਆਂ ਦੀ ਗਿਣਤੀ 100% ਦੇ ਨੇੜੇ ਹੈ। ਵਿਕੀਪੀਡੀਆ ਅਨੁਸਾਰ ਸੰਸਾਰ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲੱਗਭਗ 15 ਕਰੋੜ ਤੋਂ ਉਪਰ ਹੈ।
ਡਾ. ਅੰਬੇਡਕਰ ਲਿਖਦੇ,‘‘ਲੋਕ ਭਾਸ਼ਾ ਸੱਭਿਆਚਾਰ ਉਤੇ ਨਹੀਂ ਜਿਉਂਦੇ। ਲੋਕ ਉਹਨਾਂ ਸਾਧਨਾਂ ’ਤੇ ਜਿਉਂਦੇ ਹਨ, ਜੋ ਉਹਨਾਂ ਕੋਲ ਹੁੰਦੇ ਹਨ। ਦਲਿਤਾਂ ਦੇ ਭਾਸ਼ਾ ਸੱਭਿਆਚਾਰ ਤਾਂ ਹਨ ਪਰ ਉਹਨਾਂ ਨੂੰ ਸਾਧਨ ਕਿਉਂ ਨਹੀਂ ਦਿੱਤੇ? ਇਸ ਲਈ ਦਲਿਤ ਕਿਸੇ ਵੀ ਅਲੱਗ ਭਾਸ਼ਾਈ ਰਾਜ ਦਾ ਸੁੱਖ ਨਹੀਂ ਮਾਣ ਸਕਦੇ।’’
ਡਾ. ਅੰਬੇਡਕਰ ਇਸੇ ਕਰਕੇ ਭਾਰਤ ਨੂੰ ਭਾਸ਼ਾ ਦੇ ਆਧਾਰ ਉਤੇ ਸੂਬਿਆਂ ਵਿੱਚ ਵੰਡਣ ਦੇ ਖਿਲਾਫ ਸਨ। ਉਹਨਾਂ ਕਿਹਾ, ‘‘ਭਾਰਤ ਵਿੱਚ 676 ਦੇ ਲੱਗਭਗ ਭਾਸ਼ਾਵਾਂ ਹਨ? ਕੀ ਭਾਰਤ ਨੂੰ 676 ਭਾਸ਼ਾਵਾਂ, ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਵੰਡਿਆ ਜਾਵੇ? ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਪ੍ਰਦੇਸ਼ ਦੀ ਇੱਕ ਭਾਸ਼ਾ ਤਾਂ ਹੋ ਸਕਦੀ ਹੈ ਪਰ ਇੱਕ ਭਾਸ਼ਾ ’ਤੇ ਇਕ ਪ੍ਰਦੇਸ਼ ਜਾਂ ਸੂਬਾ ਬਣਾਉਣਾ ਸੰਭਵ ਨਹੀਂ ਹੈ ਕਿਉਕਿ ਕਈ ਸੂਬਿਆਂ ਦੀ ਇਕ ਹੀ ਭਾਸ਼ਾ ਹੈ। ਪਰ ਇੱਕ ਪ੍ਰਦੇਸ਼ ਦੀ ਇੱਕ ਭਾਸ਼ਾ ਰਹਿਣੀ ਚਾਹੀਦੀ ਹੈ। ਪਰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸੰਸਕ੍ਰਿਤ ਭਾਸ਼ਾ ਨੂੰ ਸਰਕਾਰੀ ਭਾਸ਼ਾ ਬਣਾਉਣਾ ਠੀਕ ਨਹੀਂ ਹੈ।
ਉਹ ਹਿੰਦੀ ਨੂੰ ਸਰਕਾਰੀ ਭਾਸ਼ਾ ਬਣਾਉਣ ਦੇ ਹੱਕ ਵਿੱਚ ਸਨ। ਪਰ ਜਦੋਂ ਤੱਕ ਇਹ ਭਾਸ਼ਾ ਆਪਣੀ ਜਗ੍ਹਾ ਨਹੀਂ ਬਣਾ ਲੈਂਦੀ ਉਦੋਂ ਤੱਕ ਅੰਗ੍ਰੇਜ਼ੀ ਸਰਕਾਰੀ-ਭਾਸ਼ਾ ਰਹਿਣੀ ਚਾਹੀਦੀ ਹੈ। ਉਹਨਾਂ ਕਿਹਾ, ਹਿੰਦੀ ਭਾਸ਼ੀ ਸੂਬੇ, ਸੰਸਕਿ੍ਰਤੀ ਅਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਪਿਛੜੇ ਹਨ, ਪਰ ਇਹ ਤੱਥ ਵੀ ਲੁਕਿਆ ਨਹੀਂ ਕਿ ਇਹ ਸਾਰੇ ਪਿਛੜੇ ਸੂਬੇ ਸਮੁੱਚੇ ਭਾਰਤ ਨੂੰ ਆਪਣੇ ਕਾਬੂ ਵਿੱਚ ਰੱਖਣਾ ਚਾਹੁੰਦੇ ਹਨ। ਇਸ ਤਰਾਂ ਹਿੰਦੀ ਦੇ ਮਾਧਿਅਮ ਨਾਲ ਉਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਤੇ ਰਾਜਸਥਾਨ ਦਾ ਪਿੱਛੜਾਪਣ ਸਮੁੱਚੇ ਭਾਰਤ ’ਤੇ ਲੱਦਿਆ ਜਾਣ ਦਾ ਡਰ ਵੀ ਹੈ।
ਉਹਨਾਂ ਕਿਹਾ, ‘‘ਅੰਗ੍ਰੇਜ਼ੀ ਭਾਵੇਂ ਹੀ ਵਿਦੇਸ਼ੀ ਭਾਸ਼ਾ ਹੋਵੇ ਪ੍ਰੰਤੂ ਭਾਰਤ ’ਚ ਜਿਹੜੇ ਸੰਗਠਤ ਵਿਕਾਸ, ਪ੍ਰਗਤੀ ਤੇ ਰਾਸ਼ਟਰੀਅਤਾ ਦੇ ਨਿਸ਼ਾਨ ਦੇਖਣ ਨੂੰ ਮਿਲਦੇ ਹਨ, ਉਨ੍ਹਾਂ ਵਿੱਚ ਅੰਗ੍ਰੇਜ਼ੀ ਦਾ ਬਹੁਤ ਵੱਡਾ ਯੋਗਦਾਨ ਹੈ। ਹਿੰਦੀ ਦੇਸ਼ ਦੀ ਭਾਸ਼ਾ ਹੈ ਪਰ ਇਹ ਭਾਸ਼ਾ, ਸਭ ਸੂਬਿਆਂ ਦੀ ਭਾਸ਼ਾ ਨਹੀ ਬਣ ਸਕਦੀ ਹੈ। ਇਹ ਠੀਕ ਹੈ ਕਿ ਇੱਕ ਭਾਸ਼ਾ, ਲੋਕਾਂ ਨੂੰ ਏਕੇ ਵਿੱਚ ਬੰਨ੍ਹ ਸਕਦੀ ਹੈ। ਦੋ ਭਾਸ਼ਾਵਾਂ ਯਕੀਨਨ, ਲੋਕਾਂ ਨੂੰ ਵੀ ਵੰਡ ਦੇਣਗੀਆਂ। ਇਹ ਅਟੱਲ ਨਿਯਮ ਹੈ ਕਿ ਸੱਭਿਆਚਾਰ ਨੂੰ ਭਾਸ਼ਾ ਹੀ ਸੰਭਾਲਦੀ ਹੈ।’’ 1
ਉਹਨਾਂ ਕਿਹਾ, ‘‘ਸਵਿਟਜਰਲੈਂਡ ਦੇ ਬਹੁ-ਭਾਸ਼ਾਈ ਮੁਲਕ ਹੋਣ ਦੇ ਬਾਵਜੂਦ ਵੀ, ਇਸ ਵਿੱਚ ਪ੍ਰਾਂਤ ਕਿਉਂ ਨਹੀਂ ਹਨ? ਸਵਿਟਜਰਲੈਂਡ ਵਿੱਚ ਭਾਸ਼ਾਵਾਦ ਉਤੇ, ਸੰਪਰਦਾਇਕਤਾ ਭਾਰੂ ਨਹੀਂ ਹੈ। ਪਰ ਸਾਡੇ ਦੇਸ਼ ਵਿੱਚ ਭਾਸ਼ਾਵਾਦ ਵੀ ਫ਼ਿਰਕੂਵਾਦ ਦਾ ਹੀ ਦੂਜਾ ਨਾਂ ਹੈ। ਜਦੋਂ ਤੁਸੀਂ ਭਾਸ਼ਾਈ ਸੂਬੇ ਦਾ ਨਿਰਮਾਣ ਕਰਦੇ ਹੋ ਤਾਂ ਹੁੰਦਾ ਇਹ ਹੈ ਕਿ ਸਾਰਾ ਪ੍ਰਸ਼ਾਸਨ ਇੱਕੋ ਸਮੁਦਾਇ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ। ਉਹਨਾਂ ਹੱਥਾਂ ਵਿੱਚ ਜਿਹੜਾ ਸਮੁਦਾਇ, ਬਹੁਗਿਣਤੀ ਵਿੱਚ ਹੁੰਦਾ ਹੈ। ਮੈਂ ਕਈ ਸੂਬੇ ਦੱਸ ਸਕਦਾ ਹਾਂ, ਜਿਹਨਾਂ ਵਿੱਚ ਇਉਂ ਹੋ ਰਿਹਾ ਹੈ।’’
ਡਾ. ਅੰਬੇਡਕਰ ਕਹਿੰਦੇ, ‘‘ਰਲੀਆਂ ਮਿਲੀਆਂ ਭਾਸ਼ਾਵਾਂ ਬੋਲਣ ਵਾਲੇ ਸੂਬਿਆਂ ਦੇ ਮੁਕਾਬਲੇ, ਭਾਸ਼ਾਵਾਂ ਦੇ ਆਧਾਰ ’ਤੇ ਗਠਿਤ ਪ੍ਰਾਂਤਾਂ ਵਿੱਚ ਲੋਕਤੰਤਰ ਬਿਹਤਰ ਕੰਮ ਕਰੇਗਾ। ਭਾਸ਼ਾ ’ਤੇ ਆਧਾਰਤ ਪ੍ਰਾਂਤ ਵਿੱਚ ਸਮਾਜਿਕ ਇੱਕਜੁੱਟਤਾ ਪੈਦਾ ਹੁੰਦੀ ਹੈ, ਜੋ ਕਿ ਲੋਕਤੰਤਰ ਨੂੰ ਲੋੜ ਹੈ। ਪਰ ਇਹ ਲੋਕਾਂ ਦੀ ਇੱਕਜੁੱਟਤਾ ’ਤੇ ਨਿਰਭਰ ਕਰਦਾ ਹੈ ਕਿ ਉਹਨਾਂ ਸੂਬਿਆਂ ਦੇ ਲੋਕਾਂ ਦਾ ਮੂਲ ਮੁੱਢ ਇੱਕੋ ਹੈ, ਉਹਨਾਂ ਦੀ ਇੱਕ ਸਾਂਝੀ ਭਾਸ਼ਾ ਅਤੇ ਸੱਭਿਆਚਾਰ ਹੈ, ਉਹਨਾਂ ਨੂੰ ਆਪਣੀਆਂ ਸਾਂਝੀਆਂ ਰਿਵਾਇਤਾਂ ਉਤੇ ਮਾਣ ਹੈ, ਸਮਾਜਿਕ ਰਸਮਾਂ ਦੇ ਤੌਰ ’ਤੇ ਉਹ ਇੱਕ ਭਾਈਚਾਰਕ ਸਮੁਦਾਇ ਹਨ? ਪਰ ਜੇ ਕਿਸੇ ਰਾਜ ’ਚ ਸਮਾਜਿਕ ਇੱਕਜੁੱਟਤਾ ਦੀ ਕਮੀ ਹੈ ਤਾਂ ਹਾਲਾਤ ਬੜੇ ਖ਼ਤਰਨਾਕ ਹੋ ਸਕਦੇ ਹਨ, ਖਾਸ ਕਰਕੇ ਉਥੇ ਜਿੱਥੇ ਰਾਜ ਲੋਕਤੰਤਰਕ ਢਾਂਚੇ ’ਤੇ ਬਣਿਆ ਹੋਵੇ। ਇਤਿਹਾਸ ਗਵਾਹ ਹੈ ਕਿ ਜਿਸ ਰਾਜ ਦੇ ਲੋਕ ਇੱਕ ਭਾਈਚਾਰੇ ’ਚ ਨਹੀਂ ਹੁੰਦੇ, ਉਥੇ ਲੋਕਤੰਤਰ ਅਸਫ਼ਲ ਹੋ ਜਾਂਦਾ ਹੈ।’’ 2
ਉਹਨਾਂ ਕਿਹਾ, ‘‘ਭਾਸ਼ਾ ਦੇ ਆਧਾਰ ਉਤੇ ਰਾਜਾਂ ਦੇ ਨਿਰਮਾਣ ਵਿੱਚ ਕੁਝ ਵੀ ਖ਼ਤਰਨਾਕ ਨਹੀਂ ਹੈ। ਖ਼ਤਰਾ ਤਦ ਹੈ ਜੇ ਭਾਸ਼ਾ ’ਤੇ ਆਧਾਰਤ ਬਣਾਏ ਸੂਬੇ ਦੇ ਨਾਲ ਹੀ ਹਰ ਰਾਜ ਦੀ ਭਾਸ਼ਾ ਨੂੰ ਵੀ ਉਥੇ ਦੀ ਰਾਜ ਭਾਸ਼ਾ ਬਣਾ ਦਿੱਤਾ ਗਿਆ ਤਾਂ ਇਸ ਤਰ੍ਹਾਂ ਸੂਬੇ ਇੱਕ ਤਰ੍ਹਾਂ ਨਾਲ ਸੂਬਾਈ-ਰਾਸ਼ਟਰ ਬਣ ਜਾਣਗੇ।’’ 3
‘‘ਸੂਬਾਈ ਭਾਸ਼ਾ ਦੀ ਸਰਕਾਰੀ ਭਾਸ਼ਾ ਵੱਜੋਂ ਵਰਤੋਂ, ਸੂਬਾਈ ਸੱਭਿਆਚਾਰਾਂ ਨੂੰ ਵੱਖ-ਵੱਖ ਕਰ ਦੇਵੇਗੀ, ਉਹਨਾਂ ਵਿੱਚ ਸਖ਼ਤੀ ਤੇ ਠੋਸਤਾ ਝਲਕੇਗੀ। ਇਉਂ ਹੋਣਾ, ਵਿਨਾਸ਼ਕਾਰੀ ਸਾਬਤ ਹੋਵੇਗਾ। ਇਸ ਨਾਲ ਸੂਬੇ, ਸੁਤੰਤਰ ਰਾਸ਼ਟਰ ਬਣ ਜਾਣਗੇ, ਜੋ ਹਰ ਗੱਲ ਵਿੱਚ ਵੱਖ-ਵੱਖ ਹੋਣਗੇ ਅਤੇ ਇਸ ਤਰਾਂ ਇੱਕ ਸੰਗਠਿਤ ਭਾਰਤ ਦੀ ਤਬਾਹੀ ਲਈ ਰਸਤਾ ਖੁੱਲ ਜਾਵੇਗਾ।’’ 4
ਉਹਨਾਂ ਕਿਹਾ, ‘‘ਭਾਸ਼ਾ ਆਧਾਰਤ ਸੂਬਿਆਂ ਦੇ ਸਿਧਾਂਤ ਨੂੰ ਸਵੀਕਾਰ ਕਰਦਿਆਂ ਇਹ ਦੇਖਣਾ ਹੋਵੇਗਾ ਕਿ ਭਾਰਤ ਦੀ ਏਕਤਾ ਬਣੀ ਰਹੇ। ਭਾਸ਼ਾ ਦੇ ਆਧਾਰ ਤੇ ਸੂਬਿਆਂ ਦੇ ਪੁਨਰਗਠਨ ਦੀ ਮੰਗ ਸਵੀਕਾਰ ਕਰਦਿਆਂ, ਦੇਸ਼ ਦੀ ਏਕਤਾ ਨੂੰ ਮੱਦੇ ਨਜ਼ਰ ਰੱਖਦਿਆ, ਸੰਵਿਧਾਨਿਕ ਵਿਵਸਥਾ ਇਉਂ ਕੀਤੀ ਜਾਵੇ ਕਿ ਹਰ ਪ੍ਰਾਂਤ ਦੀ ਸਰਕਾਰੀ ਭਾਸ਼ਾ ਉਹ ਹੋਵੇ ਜਿਹੜੀ ਕੇਂਦਰੀ ਸਰਕਾਰ ਦੀ ਭਾਸ਼ਾ ਹੋਵੇ। ਭਾਵ ਕੇਂਦਰ ਤੇ ਪ੍ਰਾਂਤਾਂ ਦੀ ਸਰਕਾਰੀ ਭਾਸ਼ਾ ਇੱਕ ਹੋਵੇ।’’ 5
ਉਹਨਾਂ ਕਿਹਾ, ‘‘ਨਹੀਂ ਤਾਂ ਉਹ ਸ਼ੱਤ ਪ੍ਰਤੀਸ਼ਤ ਮਹਾਂਰਾਸ਼ਟਰੀ, ਸ਼ੱਤ ਪ੍ਰਤੀਸ਼ਤ ਤਾਮਿਲ ਜਾਂ ਸ਼ੱਤ ਪ੍ਰਤੀਸ਼ਤ ਗੁਜਰਾਤੀ ਤਾਂ ਹੋ ਸਕਦਾ ਹੈ ਪਰ ਸ਼ਬਦ ਦੇ ਅਸਲੀ ਅਰਥਾਂ ਵਿੱਚ ਉਹ ਇੱਕ ਭਾਰਤੀ ਨਹੀਂ ਹੋ ਸਕਦਾ? ਸਿਵਾਇ ਇਸ ਦੇ ਕਿ ਉਹ ਭਾਰਤ ਵਿੱਚ ਰਹਿੰਦਾ ਹੈ, ਪਰ ਭਾਰਤੀ ਨਹੀਂ ਰਹੇਗਾ। ਤਦ ਇਹ ਭਾਰਤ ਵੱਖ-ਵੱਖ ਇੱਕ ਦੂਜੇ ਦੇ ਵਿਰੋਧੀ ਅਤੇ ਆਪਸ ਵਿੱਚ ਲੜਦੇ ਰਾਸ਼ਟਰਾਂ ਦਾ ਇੱਕ ਸਮੂਹ ਜਿਹਾ ਬਣਕੇ ਰਹਿ ਜਾਵੇਗਾ।’’ 6
ਉਹਨਾਂ ਕਿਹਾ, ਭਾਰਤ, ਮੌਜੂਦਾ ਭਾਰਤ ਨਹੀਂ ਹੋਵੇਗਾ ਅਤੇ ਮੱਧ ਯੁੱਗ ਵਰਗਾ ਭਾਰਤ ਹੋ ਜਾਵੇਗਾ, ਜਿਸ ਦੇ ਵੱਖ-ਵੱਖ ਸੂਬੇ ਵਿਰੋਧਾਂ ਅਤੇ ਜੰਗਾਂ ਵਿੱਚ ਲੱਗੇ ਰਹਿਣਗੇ।’’ 7
ਭਾਰਤ ਇੱਕ ਬਹੁਭਾਸ਼ੀ ਅਤੇ ਬਹੁ-ਸੱਭਿਆਚਾਰੀ ਦੇਸ਼ ਹੈ। ਦੂਜੇ ਖਿੱਤੇ ਵਿੱਚ ਉਸ ਸਮੇਂ ਹੀ ਪਤਾ ਲੱਗਦਾ ਹੈ ਜਦੋਂ ਉਸ ਦੀ ਸੂਚਨਾ ਦੂਜੇ ਖਿੱਤੇ ਦੀ ਭਾਸ਼ਾ ਵਿੱਚ ਤਬਦੀਲ ਹੁੰਦੀ ਹੈ। ਦੇਸ਼ ਦੇ ਸਾਰੇ ਖਿੱਤਿਆਂ ਦੇ ਦਲਿਤ ਭਾਸ਼ਾਵਾਂ ਤੇ ਸੱਭਿਆਚਾਰਾਂ ਦੇ ਤੁਲਨਾਤਮਕ ਅਧਿਐਨ ਤੋਂ ਬਾਅਦ ਹੀ ਸਰਬ ਭਾਰਤੀ ਪਰਿਪੇਖ ਤਿਆਰ ਹੋ ਸਕਦਾ ਹੈ, ਜੋ ਅਤਿਅੰਤ ਜ਼ਰੂਰੀ ਹੈ, ਕਿਉਂਕਿ ਦਲਿਤ ਸਮੱਸਿਆ ਨਾ ਤਾਂ ਇੱਕ ਖਿੱਤੇ ਦੀ ਹੈ ਤੇ ਨਾ ਹੀ ਇੱਕ ਭਾਸ਼ਾ ਬੋਲਣ ਵਾਲਿਆਂ ਦੀ।
ਐਸ ਐਲ ਵਿਰਦੀ ਲਿੱਖਦਾ, ‘‘ਸਾਡਾ ਇੱਕ ਲੱਭਾ ਨਾਮ ਦਾ ਦਲਿਤ ਕਲਾਸ ਫੈਲੋ ਸੀ। ਜਦ ਵੀ ਉਹ ਕੋਈ ਗੱਲ ਕਰਦਾ ਤਾਂ ਸਾਡੇ ਜਮਾਤੀ ਜ਼ਿੰਮੀਦਾਰਾਂ ਦੇ ਮੁੰਡੇ ਯਕ ਦਮ ਉਸ ਨੂੰ ਚਿਤਾਰ ਕੇ ਕਹਿੰਦੇ, ‘ਸਾਲੇ ਚ…ਨੂੰ ਬੋਲਣਾ ਨਹੀਂ ਆਉਂਦਾ।’ ਉਹ ਚੁੱਪ ਹੋ ਜਾਂਦਾ। ਉਸ ਦਾ ਗਿਆਨ ਗੰਦ ਹੋ ਜਾਂਦਾ। ਜਦ ਮੈਂ ਬੀ.ਏ ਵਿੱਚ ਸਿੱਖ ਇਤਿਹਾਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੜਿ੍ਹਆ ਤਾਂ ਮੈਨੂੰ ਪਤਾ ਲੱਗਾ ਕਿ ਲੱਭਾ ਠੀਕ ਬੋਲਦਾ ਹੁੰਦਾ ਸੀ ਕਿਉਂਕਿ ਜੋ ਭਾਸ਼ਾ ਸ਼ਬਦ ਉਹ ਬੋਲਦਾ ਸੀ, ਉਹੀ ਭਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ। ਫਿਰ ਮੇਰੇ ਹੱਥ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗਈ ਕਿਤਾਬ, ‘ਪੰਜਾਬੀ ਸ਼ਬਦ-ਜੋੜਾਂ ਦੇ ਕੁੱਝ ਚੋਣਵੇਂ ਨਿਯਮ’ ਆਈ ਤਾਂ ਪਤਾ ਲੱਗਾ ਕਿ ਲੱਭਾ ਠੀਕ ਬੋਲਦਾ ਸੀ। ਅਸਲੀ ਪੰਜਾਬੀ ਭਾਸ਼ਾ ਉਹ ਹੀ ਹੈ, ਜੋ ਪਿੰਡਾਂ ਦੇ ਵਿਹੜੇ ਤੇ ਦਲਿਤ ਬਸਤੀਆਂ ਵਿੱਚ ਵੱਸਦੇ ਲੋਕ ਬੋਲਦੇ ਹਨ। ਗੁਰੂ ਸਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਉਨ੍ਹਾਂ ਦੀ ਭਾਸ਼ਾ ਵਿੱਚ ਲਿਖਿਆ। ਮਨੂੰਵਾਦੀ ਜਾਂ ਉਚ ਜਾਤੀ ਜ਼ਿੰਮੀਦਾਰ ਆਪਣੇ ਆਪ ਨੂੰ ਅਖੌਤੀ ਸਵਰਨ ਸਮਝਣ ਵਾਲੇ ਲੋਕ ਜੋ ਬੋਲੀ/ਭਾਸ਼ਾ ਬੋਲਦੇ ਹਨ, ਉਹ ਬ੍ਰਾਹਮਣਵਾਦੀ ਭਾਸ਼ਾ (ਸੰਸਕਿ੍ਰਤ) ਤੋਂ ਪ੍ਰਭਾਵਿਤ ਲੋਕ ਹਨ।’’ 8
ਦਲਿਤ ਲੇਖਕ/ਸਾਹਿਤਕਾਰਾਂ ਦੀ ਭਾਸ਼ਾ ਵਿੱਚ ਉਸ ਜ਼ਿੰਦਗੀ ਦਾ ਯਥਾਰਥ ਛੁਪਿਆ ਹੋਇਆ ਹੈ, ਜਿਹੜੀ ਜ਼ਿੰਦਗੀ ਜਾਤਪਾਤੀ ਪ੍ਰਬੰਧ ਨੇ ਖਾਮੋਸ਼ ਕਰ ਦਿੱਤੇ ਦਲਿਤ ਮਨੁੱਖ ਨੂੰ ਦਿੱਤੀ ਹੈ। ਭਾਰਤੀ ਸਮਾਜ ਵਿੱਚ ਜਾਤ ਦਾ ਪ੍ਰਕੋਪ ਸਦੀਆਂ ਤੋਂ ਜਾਰੀ ਹੈ ਤੇ ਇਹ ਹਰ ਯੁੱਗ ਵਿੱਚ ਨਵੇਂ ਪੈਂਤੜੇ ਰਾਹੀਂ ਪੇਸ਼ ਹੁੰਦਾ ਹੈ। ਸ਼ੁਰੂਆਤੀ ਦੌਰ ’ਚ ਇਹ ਵਿਭਿੰਨ ਨਸਲੀ, ਪੂਜਾ-ਪੱਧਤੀਆਂ, ਭਾਸ਼ਾਈ ਵਿਰੋਧਾਂ ਵਿੱਚ ਵਿਅਕਤੀ ਦੀ ਵੰਡ ਕਰਦੀ ਰਹੀ ਤੇ ਫਿਰ ਇਸ ਨੂੰ ਪਿਤਾ ਪੁਰਖੀ ਕਰਦਿਆਂ ਕੰਮ ਦੀ ਸ਼ੁਧਤਾ ਤੇ ਅਸ਼ੁੱਧਤਾ ਨੂੰ ਪਰਿਭਾਸ਼ਤ ਕਰਕੇ ਮਨੁੱਖ ਨੂੰ ਵੀ ਸ਼ੁੱਧ ਤੇ ਅਸ਼ੁੱਧ ਬਣਾ ਦਿੱਤਾ, ਜੋ ਸਮੁੱਚੀ ਦੁਨੀਆਂ ਦੇ ਸਮਾਜਿਕ ਇਤਿਹਾਸ ’ਚ ਵਿਲੱਖਣ ਹੈ।
ਸਥਾਪਿਤ ਸਾਹਿਤਕਾਰਾਂ, ਕਮਿਊਨਿਸਟਾਂ ਅਤੇ ਬੁੱਧੀਜੀਵੀਆਂ ਨੇ ਵੀ ਉਸੇ ਭਾਸ਼ਾ ਵਿੱਚ ਲਿਖਿਆ ਜਿਸ ਭਾਸ਼ਾ ਵਿੱਚ ਪ੍ਰੋਹਿਤ ਲਿਖਦੇ ਰਹੇ ਹਨ। ਅਸਲ ਵਿੱਚ ਮੁੱਢਲੇ ਰੂਪ ਵਿੱਚ ਹੀ ਉਹਨਾਂ ਦਾ ਭਾਸ਼ਾ-ਸੱਭਿਆਚਾਰ ਜ਼ਗੀਰੂ ਧਨਾਢ ਜ਼ਿਮੀਦਾਰ ਪੱਖੀ ਹੈ, ਜਿਸ ਵਿਚ ਦਲਿਤ ਭਾਸ਼ਾ-ਸੱਭਿਆਚਾਰ ਨੂੰ ਕੋਈ ਥਾਂ ਹੀ ਨਹੀਂ ਹੈ। ਚੰਗੇ ਜਾਂ ਬੁਰੇ ਕਿਸੇ ਵੀ ਰੂਪ ਵਿੱਚ ਕਿਸੇ ਨੇ ਵੀ ਦਲਿਤਾਂ ਬਾਰੇ ਗੱਲ ਬਾਤ ਨਹੀਂ ਕੀਤੀ ਹੈ। ਕਿਸੇ ਨੇ ਵੀ ਇਹ ਨਹੀਂ ਮਹਿਸੂਸ ਕੀਤਾ ਕਿ ਦਲਿਤਾਂ ਦੀ ਵੀ ਕੋਈ ਭਾਸ਼ਾ ਹੈ, ਜਿਸ ਨੂੰ ਸਾਰੇ ਦਲਿਤ ਲੋਕ ਸਮਝਦੇ ਹਨ। ਇਸ ਤੱਥ ਨੂੰ ਵੀ ਭੁਲਾ ਦਿੱਤਾ ਜਾਂਦਾ ਹੈ ਕਿ ਦਲਿਤ ਨਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਜਦੋਂ ਕਿ ਉੱਚ-ਜਾਤਾਂ ਦੇ ਲੋਕ ਗਿਣਤੀ ਵਿੱਚ ਦਲਿਤਾਂ ਤੋਂ ਬਹੁਤ ਹੀ ਥੋੜੇ ਹਨ। ਪਰ ਇਸ ਚੇਤਨਾ ਨੂੰ ਹੀ ਦਬਾ ਦਿੱਤਾ ਗਿਆ। ਦਲਿਤ ਭਾਸ਼ਾ-ਸੱਭਿਆਚਾਰ ਚੇਤਨਾ ਨੂੰ ਦਲਿਤਾਂ ਦੇ ਦਿਮਾਗਾਂ ਵਿੱਚ ਕਦੇ ਵੀ ਪੈਦਾ ਹੀ ਨਹੀ ਹੋਣ ਦਿੱਤਾ।
ਡਾ. ਦਰਸ਼ਨ ਸਿੰਘ ਲਿੱਖਦੇ, ‘‘ਬਾਬਾ ਫ਼ਰੀਦ ਤੋਂ ਬਾਅਦ ਪੰਜਾਬ ਦੇ ਸਿਰਮੌਰ ਕਵੀ ਗੁਰੂ ਨਾਨਕ ਹਨ। ਉਨ੍ਹਾਂ ਨੇ ਪੰਜਾਬੀ ਮਾਨਸਿਕਤਾ ਦੇ ਸਮੁੱਚੇ ਰੂਪ ਵਿੱਚ ਪ੍ਰਗਟਾਓ ਲਈ ਪੰਜਾਬੀ ਨੂੰ ਮਾਧਿਅਮ ਬਣਾਇਆ। ਇੰਜ ਪੰਜਾਬੀ ਕੇਵਲ ਸਾਹਿਤਕ ਭਾਸ਼ਾ ਹੀ ਨਹੀਂ ਰਹੀ, ਇਸ ਦੇ ਨਾਲ ਸੱਭਿਆਚਾਰਕ ਭਾਸ਼ਾ ਵੀ ਬਣ ਗਈ। ਪੰਜਵੇ ਗੁਰੂ ਅਰਜਨ ਦੇਵ ਜੀ ਨੇ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤਕ ਦੇ ਸਾਹਿਤ ਦੇ ਕਾਫ਼ੀ ਵੱਡੇ ਹਿੱਸੇ ਨੂੰ ਇਕ ਪ੍ਰਤੀਨਿਧ ਸੰਗ੍ਰਹਿ ਵਜੋਂ ਤਿਆਰ ਕੀਤਾ। ਇਸ ਵਿੱਚ ਸਾਰੇ ਧਰਮਾਂ, ਵਰਣਾਂ, ਨਸਲਾਂ ਅਤੇ ਜਾਤੀਆਂ ਦੇ ਸੰਤ ਮਹਾਂਪੁਰਸ਼ਾਂ ਤੇ ਵਿਦਵਾਨਾਂ ਦੇ ਵਿਚਾਰ ਸ਼ਾਮਿਲ ਕਰਕੇ, ਇਸ ਨੂੰ ਸਰਬ ਸਾਂਝਾ ਧਰਮ ਗ੍ਰੰਥ ਐਲਾਨਣਾ ਮੱਧਕਾਲ ’ਚ ਦਲਿਤ ਸਾਹਿਤ ਦਾ ਮੁੱਢ ਹੀ ਹੈ।’’ 9
ਸਾਰੇ ਦਲਿਤ ਸਾਹਿਤ ਦੀ ਇੱਕ ਭਾਸਾ ਨਹੀਂ ਹੋ ਸਕਦੀ ਕਿਉਂਕਿ ਦਲਿਤ ਦੇਸ਼ ਦੇ ਕਸ਼ਮੀਰ ਤੋਂ ਕੰਨਿਆਂ ਕੁਮਾਰੀ ਤਕ, ਗੁਜਰਾਤ ਤੋਂ ਉੜੀਸਾ ਤਕ, ਕਸ਼ ਤੋਂ ਕੋਹਿਮਾ ਤਕ ਸਾਰੇ ਰਾਜਾਂ ਵਿੱਚ ਰਹਿੰਦੇ ਹਨ। ਉਹ ਵੱਖ ਵੱਖ ਰਾਜਾਂ ਵਿੱਚ ਉਥੋਂ ਦੀ ਵੱਖ ਵੱਖ ਭਾਸ਼ਾ ਬੋਲਦੇ ਹਨ। ਪਰ ਦੇਸ਼ ਦੇ ਸਾਰੇ ਦਲਿਤਾਂ ’ਤੇ ਅੱਤਿਆਚਾਰ ਕਰਨ ਵਾਲੇ ਮਨੂੰਵਾਦੀ ਲੋਕ ਅਤੇ ਉਨ੍ਹਾਂ ਦੀ ਵਰਣ ਵਿਵਸਥਾ ਦੇ ਅਧਾਰ ਉਤੇ ਹੋ ਰਿਹਾ ਅੱਤਿਆਚਾਰ ਇੱਕੋ ਜਿਹਾ ਹੈ। ਦਲਿਤਾਂ ’ਤੇ ਜੋ ਅੱਤਿਆਚਾਰ ਯੂ.ਪੀ, ਮੱਧ ਪ੍ਰਦੇਸ਼ ਜਾਂ ਬਿਹਾਰ ਵਿੱਚ ਹੁੰਦਾ ਹੈ, ਉਹ ਹੀ ਅੱਤਿਆਚਾਰ ਮਦਰਾਸ, ਕੇਰਲ, ਜੰਮੂ ਤੇ ਅਸਾਮ ਵਿੱਚ ਹੁੰਦਾ ਹੈ। ਇਸ ਲਈ ਇਹ ਪੀੜਤ ਦਲਿਤ ਲੋਕ ਅਤੇ ਉਨ੍ਹਾਂ ਨੂੰ ਪੜਤਾੜਤ ਕਰਨ ਵਾਲੇ ਸਾਰੇ ਮਨੂੰਵਾਦੀ ਹਨ। ਜਦ ਭੇਦਭਾਵ ਕਰਨ ਵਾਲਿਆਂ ਦੀ ਇੱਕ ਭਾਸ਼ਾ ਨਹੀਂ ਤਾਂ ਪੀੜਤ ਦਲਿਤਾਂ ਦੀ ਇੱਕ ਭਾਸ਼ਾ ਬਣਾਉਣਾ ਸੰਭਵ ਨਹੀਂ। ਇਸੇ ਕਰਕੇ ਦਲਿਤ ਸਾਹਿਤ ਦੀ ਕੋਈ ਭਾਸ਼ਾ ਨਹੀਂ ਹੈ।
ਜਿੱਥੋਂ ਤੱਕ ਇੱਕ ਭਾਸ਼ਾ ਦੇ ਆਪਸ ਵਿੱਚ ਪ੍ਰੇਮ, ਪਿਆਰ, ਭਾਈਚਾਰੇ ਤੇ ਸੱਭਿਆਚਾਰ ਦੀ ਗੱਲ ਹੈ, ਉਹ ਵੀ ਯਥਾਰਥ ਨਹੀਂ ਹੈ। ਆਜ਼ਾਦੀ ਤੋਂ ਪਹਿਲਾਂ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਦੋਹਾਂ ਦੀ ਭਾਸ਼ਾ ਪੰਜਾਬੀ ਸੀ। ਸਦੀਆਂ ਭਰ ਉਹ ਇਕੱਠੇ ਵੀ ਰਹੇ, ਪਰ ਵੀਹਵੀਂ ਸਦੀ ਦੇ ਚੌਥੇ-ਪੰਜਵੇਂ ਦਹਾਕੇ ਵਿਚ ਮਜ਼੍ਹਬ ਨੇ ਐਸਾ ਤਾਂਡਵ ਮਚਾਇਆ ਕਿ ਇੱਕ ਹੀ ਭਾਸ਼ਾ ਬੋਲਣ ਵਾਲੇ ਪੰਜਾਬੀਆਂ ਨੇ ਇਕ-ਦੂਜੇ ਦੀਆਂ ਦੁਕਾਨਾ ਸਾੜੀਆਂ, ਇਕ ਦੂਜੇ ਦੀਆਂ ਮਾਵਾਂ-ਭੈਣਾ ਦੀਆਂ ਇੱਜ਼ਤਾਂ ਲੁੱਟੀਆਂ। ਇਕ ਦੂਜੇ ਦੇ ਮਸੂਮ ਬੱਚਿਆਂ ਦੇ ਗਾਜਰਾਂ-ਮੂਲੀਆਂ ਵਾਂਗ ਹੱਥ ਪੈਰ ਕੱਟੇ। ਦੋਹਾਂ ਨੇ ਆਪਸ ਵਿਚ ਲੜਕੇ ਲੱਖਾਂ ਪੰਜਾਬੀ ਮਾਰੇ। ਬਾਘਾ ਬਾਰਡਰ ਹੀ 10 ਲੱਖ ਦੀ ਗਵਾਹੀ ਦਿੰਦਾ ਹੈ। ਰਿਪੋਰਟ ਅਨੁਸਾਰ ਇੱਕ ਕਰੋੜ 30 ਲੱਖ ਲੋਕਾਂ ਨੂੰ ਆਪਣੇ ਘਰਾਂ ਤੋਂ ਉਜੜਣਾ ਪਿਆ। ਦੋਹਾਂ ਪਾਸਿਓਂ ਤੋਂ ਇੱਕ ਲੱਖ ਲੜਕੀਆਂ ਉਧਾਲੀਆਂ ਗਈਆਂ। ਜੋਰ ਜਬਰਦਸਤੀ ਉਨ੍ਹਾਂ ਦਾ ਧਰਮ ਬਦਲਿਆਂ ਗਿਆ, ਉਹਨਾਂ ਦੀ ਇੱਜ਼ਤ ਲੁੱਟੀ ਗਈ ਅਤੇ ਉਨ੍ਹਾਂ ਨੂੰ ਸ਼ਰੇਆਮ ਵੇਚਿਆ ਗਿਆ।
1951 ਦੀ ਮਰਦਮਸ਼ੁਮਾਰੀ ਮੌਕੇ, 1967 ਵਾਲੇ ਤੋਂ ਪਹਿਲੇ ਪੰਜਾਬ ਦੇ ਖੇਤਰ ਦੁਆਬੇ ਤੇ ਮਾਝੇ ਵਿੱਚ ਰਾਜਪੂਤਾਂ ਦੇ ਖੇਤਾਂ ਤੇ ਦੁਕਾਨਾਂ ਵਿੱਚ ਜੋ ਦਲਿਤ ਕੰਮ ਕਰਦੇ ਸੀ ਤੇ ਉਨ੍ਹਾਂ ਦਾ ਜੀਵਨ ਨਿਰਬਾਹ ਇਨ੍ਹਾਂ ਸਵਰਨਾ ਉਤੇ ਨਿਰਭਰ ਸੀ। ਉਨ੍ਹਾਂ ਦਲਿਤਾਂ ਨੂੰ ਵਰਗਲਾ ਕੇ ਕਈ ਪਿੰਡਾਂ ਵਿੱਚ ਦਲਿਤਾਂ ਵੱਲੋਂ ਮਾਤ ਭਾਸ਼ਾ ਹਿੰਦੀ ਲਿਖਵਾ ਦਿੱਤੀ। ਸਿੱਖ ਜ਼ਿੰਮੀਦਾਰਾਂ ਨੇ ਉਨ੍ਹਾਂ ਪਿੰਡਾਂ ਵਿੱਚ ਦਲਿਤਾਂ ਦੇ ਸਮਾਜਿਕ ਬਾਈਕਾਟ ਕਰਕੇ ਉਨ੍ਹਾਂ ਉਤੇ ਅਸਹਿ ਅੱਤਿਆਚਾਰ ਕੀਤੇ। ਦੂਜੇ ਪਾਸੇ 1967 ਤੋਂ ਪਹਿਲਾਂ ਵਾਲੇ ਪੰਜਾਬ (ਮੌਜੂਦਾ ਹਰਿਆਣਾ-ਹਿਮਾਚਲ) ਦੇ ਇਲਾਕਿਆਂ ਵਿੱਚ ਮਰਦਮਸ਼ੁਮਾਰੀ ਮੌਕੇ ਜਿਹਨਾਂ ਜ਼ਿਮੀਦਾਰ ਸਿੱਖਾਂ ਉਤੇ ਨਿਰਭਰ ਸੀ ਦਲਿਤਾਂ ਨੇ ਉਹਨਾਂ ਦੇ ਕਹਿਣ ’ਤੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾਈ ਤਾਂ ਹਿੰਦੂ ਜਾਟਾਂ ਤੇ ਰਾਜਪੂਤਾਂ ਨੇ ਦਲਿਤਾਂ ਦੇ ਬਾਈਕਾਟ ਕਰਕੇ ਉਨ੍ਹਾਂ ’ਤੇ ਬਰਬਰ ਅੱਤਿਆਚਾਰ ਕੀਤੇ। ਗੱਲ ਡਾ. ਅੰਬੇਡਕਰ ਰਾਹੀਂ ਉਸ ਸਮੇਂ ਦੇ ਪ੍ਰਧਾਨ ਮੰਤਰੀ, ਜਵਾਹਰ ਲਾਲ ਨਹਿਰੂ ਕੋਲ ਪੁੱਜੀ ਤਾਂ ਜਾ ਕੇ ਦਲਿਤਾਂ ਦੇ ਬਾਈਕਾਟ ਕੁਝ ਢਿੱਲੇ ਪਏ। ਇਸ ਲਈ ਭਾਸ਼ਾ ਕੋਈ ਭਾਈਚਾਰਾ ਪੈਦਾ ਨਹੀਂ ਕਰਦੀ। ਇੱਕੋ ਭਾਸ਼ਾ ਬੋਲਣ ਵਾਲੇ ਕਿੰਨੇ ਮੁਸਲਮ ਦੇਸ਼ ਇੱਕ ਦੂਜੇ ਦੇ ਜਾਨੀ ਦੁਸਮਣ ਹਨ। ਕਿੰਨੇ ਹਿੰਦੀ ਬੋਲਣ ਵਾਲੇ ਯੂ.ਪੀ ਬਿਹਾਰ ਦੇ ਹਿੰਦੂਆਂ ਨੂੰ ਮਹਾਂਰਾਸ਼ਟਰ, ਬੰਬੇ ਗੁਜਰਾਤ ਵਿੱਚੋਂ ਕੁੱਟ ਕੁੱਟ ਕੇ ਭਜਾਇਆ ਜਾਂਦਾ ਹੈ।
ਆਜ਼ਾਦੀ ਤੋਂ ਬਾਅਦ ਪੂਰਬੀ ਪੰਜਾਬ ਪੰਜਾਬੀ ਸੂਬਾ ਬਣ ਗਿਆ ਤੇ ਪੰਜਾਬੀ ਉਸ ਦੀ ਭਾਸ਼ਾ ਬਣ ਗਈ। ਪਰ ਇੱਕੋ ਬੋਲੀ ਪੰਜਾਬੀ, ਇੱਕੋ ਧਰਮ, ਇੱਕੋ ਦੇਸ਼ ਦੇ ਨੌਜਵਾਨ/ਮੁਟਿਆਰਾਂ ਜਦੋਂ ਜਾਤਾਂ ਦੇ ਬੰਧਨ ਤੋੜ ਕੇ ਆਪਸ ਵਿੱਚ ਜੀਵਨ ਸਾਥੀ ਬਣਦੇ ਹਨ ਤਾਂ ਉਨ੍ਹਾਂ ਦੇ ਇੱਕੋ ਭਾਸ਼ਾ ਬੋਲਣ ਵਾਲੇ ਮਾਪੇ , ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ ਅਤੇ ਪ੍ਰੇਮ ਵਿਆਹ ਕਰਨ ਵਾਲੇ ਨੌਜਵਾਨ ਮਟਿਆਰਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਭਾਸ਼ਾ ਦੇ ਪਿਆਰ ਤੇ ਭਾਈਚਾਰੇ ਤੋਂ ਉਨ੍ਹਾਂ ਨੂੰ ਕੋਈ ਭੈਅ ਨਹੀਂ ਆਉਂਦਾ।
ਡਾਕਟਰ ਅੰਬੇਡਕਰ ਲਿਖਦੇ, ‘‘ਭੇਦਭਾਵ ਤੇ ਵਿਤਕਰਾ, ਅਨਿਆਂ ਨੂੰ ਜਨਮ ਦਿੰਦਾ ਹੈ ਅਤੇ ਅਨਿਆਂ ਬੁਰੀਆਂ ਭਾਵਨਾਵਾਂ ਤੇ ਬੁਰੇ ਵਿਚਾਰ ਪੈਦਾ ਕਰਦਾ ਹੈ। ਜੇ ਸਾਡਾ ਭਾਸ਼ਾਵਾਦ, ਫ਼ਿਰਕੂਵਾਦ ਤੋਂ ਪ੍ਰੇਰਤ ਨਾ ਹੋਵੇ ਤਾਂ ਸਾਡਾ ਭਾਸ਼ਾਵਾਦ ਵੀ ਖ਼ਤਰਨਾਕ ਨਹੀਂ ਹੋਵੇਗਾ। ਪਰ ਸਚਾਈ ਇਹ ਹੈ ਕਿ ਬਹੁਗਿਣਤੀ ਦੁਆਰਾ ਸੰਪ੍ਰਦਾਇਕਤਾ ਦਾ ਜੋ ਵਤੀਰਾ ਅਖ਼ਤਿਆਰ ਕੀਤਾ ਜਾ ਰਿਹਾ ਹੈ, ਉਸ ਨੂੰ ਦੂਰ ਕਰਨਾ ਹੋਵੇਗਾ।’’ 10
ਗਿਆਨੀ ਨਾਜਰ ਸਿੰਘ ਪੰਜਾਬੀ ਜਗਤ ਦੀ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਆਪਣੀ ਉਮਰ ਦੇ 52 ਸਾਲ ਪੰਜਾਬੀ ਬੋਲੀ ਅਤੇ ਭਾਸ਼ਾ ਵਿਗਿਆਨ ਦੀ ਖੋਜ ’ਚ ਲਾਏ। ਉਹ ਲਿਖਦੇ,‘‘ਜੇ ਸਿੱਖ ਰਾਜੇ ਗੁਰਮੁਖੀ ਅਤੇ ਪੰਜਾਬੀ ਦੀ ਬਾਂਹ ਫੜਦੇ ਤਾਂ ਇਹ ਪੂਰੇ ਭਾਰਤ ਦੀ ਬੋਲੀ ਹੋਣੀ ਸੀ। ਕਾਮਰੇਡ ਸੋਹਣ ਸਿੰਘ ਜੋਸ਼ ਨੇ ਆਪਣੀ ਕਿਤਾਬ ਵਿੱਚ ਮਿਹਣਾ ਮਾਰਦਿਆਂ ਕਿਹਾ ਹੈ ਕਿ ਜੇ ਮੁਸਲਮਾਨ ਨਵਾਬਾਂ ਨੇ ਉਰਦੂ ਦੀ ਬਾਂਹ ਫੜੀ ਹੈ ਤਾਂ ਸਿੱਖ ਰਾਜਿਆਂ ਨੇ ਪੰਜਾਬੀ ਦੀ ਬਾਂਹ ਕਿਉਂ ਨਹੀਂ ਫੜੀ?। ਜੇਕਰ ਸਿੱਖ ਰਾਜਿਆਂ ਨੇ ਪੰਜਾਬੀ ਦੀ ਬਾਂਹ ਫੜੀ ਹੁੰਦੀ ਤਾ ਇਹ ਦੂਰ ਤੱਕ ਫੈਲੀ ਹੋਣੀ ਸੀ। 11
1964 ਵਿੱਚ ਪੰਡਤਿ ਜਵਾਹਰ ਲਾਲ ਨਹਿਰੂ ਦੀ ਮੌਤ ਪਿੱਛੋਂ ਲਾਲ ਬਹਾਦਰ ਸ਼ਾਸਤਰੀ ਦੇਸ ਦਾ ਪ੍ਰਧਾਨ ਮੰਤਰੀ ਬਣਿਆ। ਇਸ ਦੀ ਕੈਬਨਟ ਵਿੱਚ ਇੰਦਰਾ ਗਾਂਧੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਬਣੀ। ਉਸ ਨੇ ਜਲੰਧਰ ਰੇਡੀਓ ਤੋਂ ਹਿੰਦੀ ਦੀ ਥਾਂ ਪੰਜਾਬੀ ਵਿਚ ਪ੍ਰਸਾਰਨ ਸ਼ੁਰੂ ਕਰਵਾਇਆ। 12
ਉਹ ਲਿੱਖਦਾ, ਪੰਜਾਬੀ ਦੇ ਸਾਹਿਤ ਦੇ ਇਤਿਹਾਸ ਵਿੱਚ ਲਿਖਿਆ ਹੈ (ਜੋ ਭਾਸ਼ਾ ਵਿਭਾਗ ਪੰਜਾਬ ਨੇ ਛਾਪਿਆ ਹੈ),ਕਿ ਪੰਜਾਬੀ ਦਾ ਪਹਿਲਾ ਲਿਖਾਰੀ ਅਬਦੁੱਲ ਰਹਿਮਾਨ ਹੋਇਆ ਹੈ। ਇਹ ਘਟਨਾ ਮਹਿਮੂਦ ਗਜ਼ਨਵੀ ਦੇ ਵੇਲੇ ਦੀ ਹੈ। 13
ਕੇ. ਐਸ. ਥਿੰਦ, ‘‘ਪੰਜਾਬੀ ‘ਸਾਹਿਤ ’ਚ ਜਾਤ ਬਰਾਦਰੀ ਦਾ ਯਥਾਰਥ’ ਵਿੱਚ ਲਿੱਖਦੇ, ‘‘ਗੈਰ ਜੱਟ ਸਿੱਖਾਂ ਦਾ ਕਹਿਣਾ ਹੈ ਕਿ ਜੱਟ ਸਿੱਖ ਇਹ ਤਾਂ ਚਾਹੁੰਦਾ ਹੈ ਕਿ ਹਰ ਕੋਈ ਪੰਜਾਬੀ ਦੀ ਗੱਲ ਕਰੇ, ਪਰ ਪੰਜਾਬੀ ਦੇ ਨਾਂ ਉਤੇ ਮਿਲਣ ਵਾਲੇ ਅਹੁਦੇ ਕੇਵਲ ਉਹੋ ਹੀ ਲਵੇਗਾ ਕਿਉਂਕਿ ਉਹ ਸਿੱਖਾਂ ਵਿਚ 50 ਪ੍ਰਤੀਸ਼ਤ ਹੈ। ਪਰ ਭਵਿੱਖ ਵਿਚ ਇਹ ਸੰਤੁਲਨ ਨਹੀਂ ਰਹਿਣਾ। ਜਿਮੀਦਾਰ ਤਾਂ ਅੰਗਰੇਜ਼ੀ ਨੂੰ ਅਪਣਾ ਰਹੇ ਨੇ, ਇਸ ਲਈ ਪੰਜਾਬੀ ਦਲਿਤਾਂ ਦੀ ਭਾਸ਼ਾ ਰਹਿ ਗਈ ਹੈ।’’14
ਸ਼ੇਦਰਿਨ ਲਿੱਖਦਾ, ‘‘ਇੱਕ ਲੇਖਕ ਦੀ ਖੁਸ਼ੀ ਉਸ ਵੇਲੇ ਪੂਰਨਤਾ ਪ੍ਰਾਪਤ ਕਰਦੀ ਹੈ, ਜਦ ਉਸ ਨੂੰ ਯਕੀਨ ਹੋ ਜਾਏ ਕਿ ਉਸ ਦੀ ਆਪਣੀ ਜ਼ਮੀਰ ਉਸ ਦੇ ਸਾਥੀਆਂ ਦੀ ਜ਼ਮੀਰ ਨਾਲ ਇੱਕਸੁਰ ਬਣੀ ਹੋਈ ਹੈ।’’ 15
ਕੋਈ ਵੀ ਨਵਾਂ ਸਾਹਿਤ ਜਿਸ ਸੀਮਾਂ ਤੱਕ ਪੂਰਬਲੀ ਵਿਚਾਰ ਪ੍ਰੰਪਰਾ ਤੋਂ ਵਿਦਰੋਹ ਕਰਦਾ ਹੈ, ਉਨੀ ਹੀ ਸੀਮਾ ਤੱਕ ਪ੍ਰੰਪਰਾ ਦੇ ਸੁਹਜ ਗਿਆਨ ਸੰਬੰਧੀ ਮੁੱਲਾਂ ਨੂੰ ਵੀ ਤੋੜਦਾ ਹੈ। ਉਹ ਆਪਣੀ ਭਾਸ਼ਾ, ਅਲੰਕਾਰ, ਸ਼ਾਸਤਰ ਤੇ ਛੰਦ ਤੰਤਰ ਬਣਾਉਂਦਾ ਹੈ। ਤਥਾਗਤ ਬੁੱਧ, ਸੰਤ ਰਵਿਦਾਸ, ਸੰਤ ਕਬੀਰ ਨੇ ਇਹੋ ਕੀਤਾ ਸੀ। ਉਹਨਾਂ ਨੇ ਸੰਸਕ੍ਰਿਤ ਦੀ ਵਰਤੋਂ ਨਹੀਂ ਸੀ ਕੀਤੀ ਤੇ ਸਮਕਾਲੀ ਸਵਰਨ ਸਾਹਿਤ ਦੇ ਪ੍ਰੰਪਰਾ ਤੇ ਭਾਸ਼ਾ ਨੂੰ ਵੀ ਸਵੀਕਾਰ ਨਹੀਂ ਸੀ ਕੀਤਾ। ਉਹਨਾਂ ਨੇ ਜਿਸ ਭਾਸ਼ਾ ਦੀ ਖੋਜ ਕੀਤੀ, ਉਹ ਦੇਸ਼ ਦੀ ਬਹੁ ਗਿਣਤੀ ਗ਼ੈਰ-ਸਾਹਿਤਕ ਸਮਾਜ ਦੇ ਗਿਆਨ ਦੀ ਭਾਸ਼ਾ ਸੀ। ਇਸ ਲਈ ਲੋੜੀਂਦੇ ਛੰਦਾਂ ਦੀ ਬਣਤਰ ਵੀ ਉਹਨਾਂ ਦੀ ਆਪਣੀ ਸੀ।16
ਪ੍ਰੋ. ਅਨੁਪਮਾ, ‘ਭਰਤੀ ਭਾਸ਼ਾ ਵਿੱਚ ਦਲਿਤ ਅਸਲੀਅਤ ਤੋਂ ਦੂਰ’ ਵਿਚ ਲਿਖਦੀ, ‘‘ਭਾਰਤ ਦੀਆਂ ਖੇਤਰੀ ਭਾਸ਼ਾਵਾਂ ਦਾ ਸਦੀਆਂ ਭਰ ਆਪਣਾ ਅਲੱਗ-ਅਲੱਗ ਵਿਕਾਸ ਹੁੰਦਾ ਰਿਹਾ ਹੈ ਤੇ ਉਹ ਸੰਸਕਿ੍ਰਤ, ਪ੍ਰਾਕਿਰਤ, ਫ਼ਾਰਸੀ, ਅਰਬੀ ਅਤੇ ਇੰਗਲਿਸ਼ ਵਿੱਚੋਂ, ਜੋ ਉਨ੍ਹਾਂ ਨੂੰ ਭਾਉਂਦਾ, ਆਪਣੇ ਵਿੱਚ ਸਮੋ ਲੈਂਦੀਆਂ ਰਹੀਆਂ ਹਨ। ਪਰ ਉਨ੍ਹਾਂ ਵਿੱਚ ਜੇ ਡੂੰਘਾਈ ਨਾਲ ਵਿਸ਼ਲੇਸ਼ਣ ਕਰਕੇ ਦੇਖਿਆ ਜਾਵੇ ਤਾਂ ਇੱਕ ਪ੍ਰਕਾਰ ਦੀ ਏਕਤਾ ਅਤੇ ਇੱਕੋ ਜਿਹੀ ਵਿਸ਼ਾ ਵਸਤੂ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਬਹੁਤ ਸਾਰੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਸਿਆਸੀ ਲਹਿਰਾਂ ਪ੍ਰਤੀ ਜੋ ਸਾਰੇ ਭਾਰਤ ਵਿੱਚ ਉਠਦੀਆਂ ਰਹੀਆਂ ਹਨ, ਇੱਕੋ ਜਿਹਾ ਹੀ ਹੁੰਗਾਰਾ ਭਰਿਆ ਹੈ। ਭਾਰਤ ਦੇ ਹਰ ਇੱਕ ਭਾਗ ਵਿਚ ਚਾਹੇ ਉਹ ਪ੍ਰਾਂਤ ਹੋਵੇ, ਚਾਹੇ ਭਾਸ਼ਾ ਸੱਭਿਆਚਾਰ ਹੋਵੇ, ਕੇਵਲ ਉਚ ਜਾਤੀਆਂ ਕੋਲ ਹੀ ਸਾਹਿਤਕ ਰਵਾਇਤ ਹੁੰਦੀ ਸੀ ਅਤੇ ਭਾਰਤ ਦੀ ਬਹੁਤ ਵੱਡੀ ਗਿਣਤੀ ਕੋਲ ਐਸਾ ਕੁਝ ਨਹੀਂ ਸੀ ਹੁੰਦਾ? 17
ਵਿਦਿਵਾਨ ਭੰਤੇ ਨਾਗਸੈਨ ਰਾਜਾ ਮਲਿੰਦ ਨਾਲ ਹੋਏ ਵਿਚਾਰ-ਵਿਟਾਂਦਰੇ ’ਚ ਕਹਿੰਦੇ, ‘‘ਤਥਾਗਤ ਬੁੱਧ ਭਾਸ਼ਾ ਦਾ ਕਮਾਲ ਉਸਤਾਦ ਸੀ ਮਹਾਰਾਜ। ਭਾਸ਼ਾ ਦੇ ਅਰਥ ਜਿਵੇਂ ਤੁਸੀਂ ਸਮਝ ਰਹੇ ਹੈ, ਹਮੇਸ਼ਾਂ ਉਸ ਪ੍ਰਕਾਰ ਨਹੀਂ ਹੁੰਦੇ। ਅਸੀਂ ਅਕਸਰ ਆਖ ਦਿੰਦੇ ਹਾਂ, ‘‘ਗੁੜ ਦਾ ਗੱਡਾ ਜਾ ਰਿਹਾ ਹੈ।’’ ਗੱਡਾ ਗੁੜ ਦਾ ਬਣਿਆ ਹੋਇਆ ਨਹੀਂ ਹੁੰਦਾ। ਗੱਡਾ ਲੱਕੜ ਦਾ ਹੈ। ਗੁੜ ਉਸ ਵਿੱਚ ਭਰਿਆ ਹੋਇਆ ਹੈ। ਇਵੇਂ ਹੀ ਆਖਦੇ ਹਾਂ, ‘‘ਉਹ ਆਟਾ ਪੀਹ ਰਹੀ ਹੈ। ਉਹ ਦੁੱਧ ਰਿੜਕ ਰਹੀ ਹੈ।’’ ਆਟਾ ਨਹੀਂ ਪੀਹ ਰਹੀ, ਔਰਤ ਦਾਣੇ ਪੀਸਦੀ ਹੈ ਤੇ ਦੁੱਧ ਕੋਈ ਨਹੀਂ ਰਿੜਕਦਾ ਹੁੰਦਾ, ਦਹੀ ਰਿੜਕਦੀ ਹੈ। ਇਹ ਕਈ ਪ੍ਰਕਾਰ ਦੇ ਭਾਸ਼ਾ ਅਲੰਕਾਰ ਹਨ, ਮਹਾਰਾਜ, ਜਿਹਨਾਂ ਨੂੰ ਸਾਦੇ ਅਰਥਾਂ ਵਿੱਚ ਨਹੀਂ ਸਮਝਿਆ ਜਾ ਸਕਦਾ। ਭਾਸ਼ਾ ਦੇ ਅਰਥ ਅਨੇਕ ਦ੍ਰਿਸ਼ਟੀਕੋਣਾਂ ਤੋਂ ਹੁੰਦੇ ਹਨ। ਤਥਾਗਤ ਨਵੀਨ ਅਲੰਕਾਰਾਂ ਦਾ ਸਿਰਜਣਹਾਰ ਸੀ ਮਹਾਰਾਜ। ( ਮਲਿੰਦ ਪਨਹੋ ) 18
ਡਾਕਟਰ ਅੰਬੇਡਕਰ ਦਾ ਤੀਜਾ ਨੇਤਰ ਬੁੱਧ ਹੈ। ਬੁੱਧ ਹੋ ਜਾਣ ਤੋਂ ਵੱਡੀ ਕੋਈ ਕ੍ਰਾਂਤੀ ਨਹੀਂ। ਇਸ ਤੋਂ ਵੱਡਾ ਕੋਈ ਵਿਕਾਸ ਨਹੀਂ। ਇਸ ਤੋਂ ਵੱਡਾ ਕੋਈ ਮਾਨ ਨਹੀ, ਇਸ ਤੋਂ ਵੱਡਾ ਕੋਈ ਸਨਮਾਨ ਨਹੀ। ਬੁੱਧ ਕਹਿੰਦੇ, ਜਿਸ ਵੀ ਜਗਾ ਤੁਸੀ ਹੋ, ਤੁਹਾਨੂੰ ਉਥੇ ਉਥੋਂ ਦੇ ਲੋਕਾਂ ਦੀ ਭਾਸ਼ਾ ਵਿਚ ਹੀ ਗੱਲ ਕਰਨੀ ਚਾਹੀਦੀ ਹੈ ਤਾਂ ਹੀ ਉਹ ਤੁਹਾਡੀ ਗੱਲ ਬਾਤ ਸਮਝ ਸਕਣਗੇ। ਇਸ ਲਈ ਦਲਿਤਾਂ ਦੇ ਉਥਾਨ ਲਈ ਕਿਸੇ ਇਕ ਭਾਸ਼ਾ ਨੂੰ ਅਧਾਰ ਨਹੀਂ ਬਣਾਇਆ ਜਾ ਸਕਦਾ। ਭਾਸ਼ਾ ਦੇ ਅਧਾਰ ’ਤੇ ਉਨ੍ਹਾਂ ਦਾ ਕੋਈ ਸੰਗਠਨ ਨਹੀਂ ਬਣ ਸਕਦਾ। ਇਸ ਲਈ ਦਲਿਤਾਂ ਦੀ ਕੋਈ ਇਕ ਭਾਸ਼ਾ ਨਹੀ ਹੋ ਸਕਦੀ। ਦਲਿਤ ਸਾਹਿਤ ਦੀ ਭਾਸ਼ਾ ਦਲਿਤ-ਜੀਵਨ ਦੀ ਭਾਸ਼ਾ ਹੀ ਹੈ।
ਹਵਾਲੇ ਅਤੇ ਟਿੱਪਣੀਆ-
1. ਭਗਵਾਨ ਦਾਸ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਇੱਕ ਪਰਿਚੈ-ਇੱਕ ਸੰਦੇਸ਼ ਉਹੀ, ਸਫਾ 73
2. 4r. 1mbedkar, Writing 1nd Speeches, Vol. 1, Page 103
3. 9bid Page 104
4. 9bid Page 105
5.4hananjay Keer, 4r. 1mbedkar Life and Mission, Page 406
6. 4r. 1mbedkar, Writing 1nd Speeches, Vol. 1, Page 145
7. 9bid Page 146
8. ਐਸ ਐਲ ਵਿਰਦੀ, ਪੰਜਾਬ ਦਾ ਦਲਿਤ ਇਤਿਹਾਸ ਸਫਾ 79-83 ’ਚੋਂ
9. ਡਾ. ਦਰਸ਼ਨ ਸਿੰਘ ਸੰਪਾਦਕ, ਸਤਾਰ੍ਹਵੀ ਸਦੀ ਦਾ ਚੋਣਵਾਂ ਪੰਜਾਬੀ ਸਾਹਿਤ, ਸਫ਼ਾ-3
10 4r. 1mbedkar, Writing 1nd Speeches, Vol. 1, Page 270
11. ਨਾਜਰ ਸਿੰਘ, ਪੰਜਾਬੀ ਦਾ ਮੁੱਢ, ਸਫਾ 17
12. ਉਹੀ ਸਫਾ45
13. ਉਹੀ ਸਫਾ 73
14. 20 ਜੂਨ 1999, ਅੱਜ ਦੀ ਅਵਾਜ, ਜਲੰਧਰ
15. ਸੰਪਾਦਕ, ਅਤਰਜੀਤ, ਸੁਰਿੰਦਰ ਹੇਮ ਜਯੋਤੀ, ਸਫਾ 56
16. ਐਸ ਐਲ ਵਿਰਦੀ, ਦਲਿਤ ਸਾਹਿਤ ਅਤੇ ਸੱਭਿਅਤਾ, ਸਫਾ 36
17. ਅਨੁਪਮਾ, ਸਮਕਾਲੀ ਭਾਰਤੀ ਗਲਪ ਵਿੱਚ ਦਲਿਤ ਚੇਤਨਾ-52
18. 4r. 2hikhu Sanbagi Medhkar, 7reat 5mperor of 1sia, Page-25, 26