ਸਦਾ ਚੇਤਿਆਂ ‘ਚ ਰਹੇਗਾ ਭਾਸ਼ਾ ਵਿਭਾਗ ਫਰੀਦਕੋਟ  ਵੱਲੋਂ ਕਰਵਾਇਆ ਗਿਆ ਕਵੀ ਦਰਬਾਰ 

ਮਾਣਮੱਤੇ ਸ਼ਾਇਰਾਂ ਨੇ ਆਪਣੀ ਸ਼ਾਇਰੀ ਨਾਲ ਬੰਨ੍ਹਿਆ ਖੂਬ ਰੰਗ
ਫ਼ਰੀਦਕੋਟ/ਭਲੂਰ 31 ਜੁਲਾਈ (ਬੇਅੰਤ ਗਿੱਲ ਭਲੂਰ )-ਭਾਸ਼ਾ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ ਸਦਾ ਚੇਤਿਆਂ ਵਿਚ ਰਹੇਗਾ।ਅੱਜ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਖੂਬਸੂਰਤ ਹਾਲ ’ਚ ਇਹ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦੀ ਪ੍ਰਧਾਨਗੀ  ਪੰਜਾਬੀਆਂ ਦੇ ਹਰਮਨ ਪਿਆਰੇ ਸ਼ਾਇਰ ਪਦਮਸ਼੍ਰੀ ਡਾ.ਸੁਰਜੀਤ ਪਾਤਰ  ਨੇ ਕੀਤੀ। ਪ੍ਰਧਾਨਗੀ ਮੰਡਲ ’ਚ ਉਨ੍ਹਾਂ ਦੇ ਨਾਲ ਨੌਜਵਾਨ ਸਾਹਿਤਕਾਰ ਨਿੰਦਰ ਘੁਗਿਆਣਵੀ ਮੁਖੀ ਰਾਈਟਰ ਇਨ ਰੈਜੀਡੈਂਟ ਚੇਅਰ ਮਹਾਤਮਾ ਗਾਂਧੀ ਕੇਂਦਰੀ ਯੂਨੀਵਰਸਿਟੀ (ਵਰਧਾ) ਮਹਾਂਰਾਸ਼ਟਰ, ਪੰਜਾਬ ਦੇ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਫ਼ਰੀਦਕੋਟ, ਜੈਤੋ ਦੇ ਉੱਘੇ ਸਮਾਜ ਸੇਵੀ ਸ਼੍ਰੀ ਸੁਰਿੰਦਰ ਮਹੇਸ਼ਵਰੀ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ.ਸਾਧੂ ਸਿੰਘ, ਸੇਵਾ ਮੁਕਤ ਪ੍ਰਿੰ.ਸੁਖਜਿੰਦਰ ਸਿੰਘ ਬਰਾੜ ਅਤੇ ਸਿੱਖਿਆ ਸ਼ਾਸ਼ਤਰੀ ਪ੍ਰਿੰ. ਸੇਵਾ ਸਿੰਘ ਚਾਵਲਾ ਹਾਜ਼ਰ ਸਨ। ਪ੍ਰਧਾਨਗੀ ਮੰਡਲ ਅਤੇ ਪੰਜਾਬ ਦੇ ਨਾਮੀ ਸ਼ਾਇਰਾਂ ਨੂੰ ਉਨ੍ਹਾਂ ਦੀਆਂ ਸੀਟਾਂ ਤੇ ਤਾੜੀਆਂ ਦੀ ਗੂੰਜ ’ਚ ਬਿਠਾਇਆ ਗਿਆ। ਫ਼ਿਰ ਭਾਸ਼ਾ ਵਿਭਾਗ ਦੀ ਧੁਨੀ ਨਾਲ ਪ੍ਰੋਗਰਾਮ ਦਾ ਮੁੱਢ ਬੰਨ੍ਹਿਆ ਗਿਆ। ਇਸ ਮੌਕੇ ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਆਨਲਾਈਨ ਸ਼ੁਰੂ ਕੀਤੇ ਮੈਗਜ਼ੀਨ ਦਾ ਪਲੇਠਾ ਅੰਕ ਪ੍ਰਧਾਨਗੀ ਮੰਡਲ ’ਚ ਹਾਜ਼ਰ ਹਸਤੀਆਂ ਨੇ ਲੋਕ ਅਰਪਣ ਕੀਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਭਾਸ਼ਾ ਵਿਭਾਗ ਪੰਜਾਬ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਵਿਭਾਗ ਵਲੋਂ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਲਗਾਤਰ ਕੀਤੇ ਜਾਣਗੇ।
ਇਸ ਮੌਕੇ ਕਵੀ ਦਰਬਾਰ ਦੀ ਸ਼ੁਰੂਆਤ ਸ਼ਾਇਰ ਸੱਚਦੇਵ ਗਿੱਲ ਨੇ ਆਪਣੀ ਮਿੱਠੀ ਆਵਾਜ਼’ਚ ਤਰੰਨਮ ’ਚ ਰਚਨਾ ਪੇਸ਼ ਕਰਦਿਆਂ ਕੀਤੀ। ਫ਼ਿਰ ਸ਼ਾਇਰਾ ਵਿਰਕ ਪੁਸ਼ਪਿੰਦਰ ਨੇ ਔਰਤਾਂ ਤੇ ਹੱਕ ’ਚ ਆਵਾਜ਼ ਬੁਲੰਦ ਕੀਤੀ। ਫ਼ਰੀਦਕੋਟੀਏ ਸ਼ਾਇਰ ਕੁਲਵਿੰਦਰ ਵਿਰਕ ਨੇ ਆਪਣੀ ਦਮਦਾਰ ਤਿੰਨ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆ। ਪਹਿਲੀ ਵਾਰ ਮੰਚ ‘ਤੇ ਆਏ ਸ਼ਾਇਰ ਕੰਵਰਜੀਤ ਸਿੰਘ ਸਿੱਧੂ ਨੇ ਆਪਣੀ ਰਚਨਾ ‘ਪੱਗ’ ਦੀ ਦਮਦਾਰ ਪੇਸ਼ਕਾਰੀ ਨਾਲ ਪ੍ਰਭਾਵਿਤ ਕੀਤਾ। ਫ਼ਿਰ ਸ਼ਾਇਰ ਸੰਦੀਪ ਸ਼ਰਮਾ ਨੇ ਭਰਵੀ ਹਾਜ਼ਰੀ ਲਗਵਾਈ। ਪਿਛਲੇ 30 ਸਾਲਾਂ ਤੋਂ ਨਿਰੰਤਰ ਮਿਆਰੀ ਲਿਖਣ ਵਾਲੇ ਸ਼ਾਇਰ ਜਗੀਰ ਸੱਧਰ ਨੇ ਆਪਣੀਆਂ ਦੋ ਰਚਨਾਵਾਂ ਪੇਸ਼ ਕਰਦਿਆਂ ਖੂਬ ਰੰਗ ਬੰਨ੍ਹਿਆ। ਪ੍ਰਿੰਸੀਪਲ ਕੁਮਾਰ ਜਗਦੇਵ ਨੇ ਘਰ-ਪ੍ਰੀਵਾਰ, ਜ਼ਿੰਮੇਵਾਰੀਆਂ,ਰਿਸ਼ਤਿਆਂ ਦੇ ਅਹਿਸਾਸਾਂ ਨੂੰ ਪੇਸ਼ ਕਰਦਿਆਂ ਪ੍ਰਭਾਵਿਤ ਕੀਤਾ। ਫ਼ਿਰ ਵਾਰੀ ਆਈ ਡਾ.ਅਜੀਤਪਾਲ ਸਿੰਘ ਜ਼ਿਲਾ ਭਾਸ਼ਾ ਅਫ਼ਸਰ ਮੋਗਾ ਉਰਫ਼ ਅਜੀਤਪਾਲ ਜਟਾਣਾ ਦੀ, ਜਿਨ੍ਹਾਂ ਨੇ ਪਾਏਦਾਰੀ ਸ਼ਾਇਰੀ ਨੂੰ ਸੰਗੀਤ ਸੂਝ ਦੀ ਚਾਸ਼ਨੀ ’ਚ ਡੋਬ ਕੇ ਹਾਜ਼ਰੀ ਦਾ ਮਨ ਮੋਹ ਲਿਆ। ਸ਼ਾਇਰ ਗੁਰਪ੍ਰੀਤ ਅਜੋਕੇ ਦੌਰ ਦੀ ਤੇਜ਼ ਰਫ਼ਤਾਰੀ ’ਚ ਘਰਾਂ ਅਤੇ ਰਿਸ਼ਤਿਆਂ ਨੂੰ ਸਫ਼ਲਤਾ ਨਾਲ ਬਿਆਨ ਕਰ ਗਏ। ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਸ਼ਾਇਰ ਦੇ ਰੂਪ ’ਚ ਸਧਾਰਣ ਲੋਕਾਂ ਦੇ ਜਜ਼ਬਿਆਂ ਨੂੰ ਵਿਅੰਗਆਤਮਿਕ ਅੰਦਾਜ਼ ’ਚ ਪੇਸ਼ ਕਰਕੇ ਸਾਬਤ ਕੀਤਾ ਕਿ ਉਹ ਸਫ਼ਲ ਕਹਾਣੀਕਾਰ ਦੇ ਨਾਲ ਸਫ਼ਲ ਸ਼ਾਇਰ ਵੀ ਹੈ। ਪ੍ਰਵਾਸੀ ਸ਼ਾਇਰਾ ਪਰਮਜੀਤ ਕੌਰ ਦਿਓਲ ਨੇ ਕੂੰਜਾਂ ਦੇ ਰੂਬਰੂ ਕਾਵਿ ਸੰਗ੍ਰਹਿ ’ਚ ਚੋਣਵੀਆਂ ਰਚਨਾਵਾਂ ਨਾਲ ਸਭ ਦਾ ਧਿਆਨ ਖਿੱਚਿਆ। ਸ਼ਾਇਰ ਰਮਨ ਸੰਧੂ ਦੀ ਬਾਕਮਾਲ ਸ਼ਾਇਰੀ ਨੂੰ ਹਾਜ਼ਰੀਨ ਨੇ ਦਿਲੋਂ ਮਾਣਿਆ। ਪੰਜਾਬ ਦੇ ਉੱਚਕੋਟੀ ਦੇ ਸ਼ਾਇਰ ਵਿਜੇ ਵਿਵੇਕ ਨੇ ਆਪਣੀ ਰਚਨਾ ‘ਜੀਅ ਕਰਦਾ ਸੀ ਆਪਣੇ ਦੁੱਖ ਮੈਂ ਤੇਰੇ ਮੂੰਹੋਂ ਸੁਣਦਾ’ ਤੇ ਕੁਝ ਹੋਰ ਸ਼ਾਇਰੀ ਦੇ ਉੱਤਮ ਨਮੂਨਿਆ ਨਾਲ ਇਸ ਕਵੀ ਦਰਬਾਰ ਨੂੰ ਸਿਖ਼ਰਾਂ ‘ਤੇ ਪਹੁੰਚਾ ਦਿੱਤਾ।
ਇਸ ਮੌਕੇ ਪੰਜਾਬ ਦੇ ਮਕਬੂਲ ਸ਼ਾਇਰ ਗੁਰਤੇਜ ਕੋਹਾਰਵਾਲਾ ਨੇ ਗਹਿਰੀ, ਡੂੰਘੀ ਸੋਚ ਦੇ ਪ੍ਰਗਟਾਵੇ ਨਾਲ ਹਾਜ਼ਰ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਇਸ ਮੌਕੇ ਪੰਜਾਬ ਦੇ ਨਾਮੀ ਸਾਹਿਤਕਾਰ ਨਿੰਦਰ ਘੁਗਿਆਣਵੀ ਨੇ ਭਾਸ਼ਾ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮਿੱਠੀ, ਸੁਰੀਲੀ ਆਵਾਜ਼ ’ਚ ਦੇਸ਼ ਦੇ ਰਾਖੇ ਦੀ ਜੀਵਨ ਸਾਥਣ ਦੇ ਜ਼ਜਬਾਤਾਂ ਨੂੰ ਗਾਉਂਦਿਆਂ ਸਵ.ਲਾਲ ਚੰਦ ਯਮਲਾ ਜੱਟ ਦੀ ਯਾਦ ਤਾਜ਼ਾ ਕਰਦਿਆਂ ਮਣਾਂਮੂੰਹੀ ਪਿਆਰ ਹਾਸਲ ਕੀਤਾ। ਇਸ ਮੌਕੇ ਪ੍ਰੋ.ਸਾਧੂ ਸਿੰਘ ਨੇ ਵੀ ਖੂਬ ਵਾਹ-ਵਾਹ ਖੱਟੀ। ਸਮਾਜ ਸੇਵੀ ਸੁਰਿੰਦਰ ਮਹਸ਼ੇਵਰੀ ਨੇ ਕਿਹਾ ਉਹ ਅਜਿਹੇ ਸਾਹਿਤਕ ਸਮਾਗਮਾਂ ਲਈ ਹਰ ਸੰਭਵ ਯੋਗਦਾਨ ਦੇਣ ਲਈ ਹਮੇਸ਼ਾ ਤਿਆਰ ਹਨ। ਪ੍ਰੋ.ਸੁਖਜਿੰਦਰ ਸਿੰਘ ਬਰਾੜ ਨੇ ਅੱਜ ਨਵੀਂ ਪੀੜ੍ਹੀ ਅਤੇ ਤਜਰਬੇਕਾਰ ਸ਼ਾਇਰੀ ਦੇ ਸਮੁੇਲ ਨੇ ਜੋ ਰੰਗ ਬੰਨ੍ਹਿਆ ਹੈ। ਉਸ ਲਈ ਨਿਰਸੰਦੇਹ ਭਾਸ਼ਾ ਵਿਭਾਗ ਫ਼ਰੀਦਕੋਟ ਤੇ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ। ਇਸ ਮੌਕੇ ਪੰਜਾਬ ਦੇ ਹਰਮਨ ਪਿਆਰੇ, ਸਤਿਕਾਰੇ ਸ਼ਾਇਰ ਪਦਮ ਸ਼੍ਰੀ ਡਾ.ਸੁਰਜੀਤ ਪਾਤਰ ਨੇ ਕਿਹਾ ਅੱਜ ਖਾਸ ਕਰਕੇ ਨਵੇਂ ਸ਼ਾਇਰਾਂ ਦੀ ਸ਼ਾਇਰੀ ਸੁਣ ਕੇ ਮਨ ਨੂੰ ਬੇਹੱਦ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਵਿਤਾ ਹਰ ਥਾਂ ਹਾਜ਼ਰ ਰਹਿੰਦੀ ਹੈ। ਕਿਤੇ-ਕਿਤੇ ਕਵੀ ਆਪਣੇ ਰੁਝੇਵਿਆਂ ’ਚ ਮਸ਼ਰੂਫ਼ ਹੋ ਜਾਂਦਾ ਹੈ। ਉਨ੍ਹਾਂ ਦੋ ਰਚਨਾਵਾਂ ਪੇਸ਼ ਕਰਕੇ ਹਾਜ਼ਰੀਨ ਨੂੰ ਵਾਰ-ਵਾਰ ਦਾਦ ਦੇਣ ਲਈ ਮਜ਼ਬੂਰ ਕੀਤਾ ਤੇ ਫ਼ਿਰ ਇੱਕ ਰਚਨਾ ਗਾ ਕੇ ਉਨ੍ਹਾਂ ਇਸ ਕਵੀ ਦਰਬਾਰ ਨੂੰ ਸਫ਼ਲ ਬਣਾ ਦਿੱਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਅਤੇ ਅਮਨਦੀਪ ਕੌਰ ਖੀਵਾ ਨੇ ਨਿਭਾਈ। ਇਸ ਮੌਕੇ ਜ਼ਿਲਾ ਭਾਸ਼ਾ ਵਿਭਾਗ ਵੱਲੋਂ ਪਹੁੰਚੇ ਮਹਿਮਾਨਾਂ, ਸ਼ਾਇਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਪਿ੍ਰੰਸੀਪਲ ਸੇਵਾ ਸਿੰਘ ਚਾਵਲਾ ਨੇ ਧੰਨਵਾਦ ਕੀਤਾ। ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਸੀਨੀਅਰ ਸਹਾਇਕ ਰਣਜੀਤ ਸਿੰਘ ਨੇ ਅਹਿਮ ਯੋਗਦਾਨ ਦਿੱਤਾ। ਇਸ ਮੌਕੇ ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ, ਐਮ.ਸੀ. ਕਮਲਜੀਤ ਸਿੰਘ, ਆਗੂ ਆਗੂ ਗੁਰਜੰਟ ਸਿੰਘ ਚੀਮਾ, ਸਾਹਿਤਕਾਰ ਹਰਮੰਦਰ ਕੋਹਾਰਵਾਲਾ, ਸੇਵ ਸੁਸਾਇਟੀ ਦੇ ਆਗੂ ਸ਼ਿਵਜੀਤ ਸਿੰਘ ਸੰਘਾ, ਜਸਪ੍ਰੀਤ ਸਿੰਘ, ਸੰਗੀਤਕਾਰ/ਗਾਇਕ ਕੁਲਵਿੰਦਰ ਕੰਵਲ, ਗੁਰਚਰਨ ਸਿੰਘ ਅੰਤਰ ਰਾਸ਼ਟਰੀ ਭੰਗੜਾ ਕੋਚ, ਪ੍ਰਸਿੱਧ ਲੇਖਿਕਾ ਪਰਮਜੀਤ ਕੌਰ ਸਰਾਂ, ਪ੍ਰਸਿੱਧ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ, ਵਿਕਾਸ ਅਰੋੜਾ ਸੀਰ ਆਗੂ,ਡਾ.ਸ਼ਵਿੰਦਰ ਨਵੀਂ ਦਿੱਲੀ, ਸੇਵਾ ਮੁਕਤ ਸੁਪਰਡੈਂਟ ਅਸ਼ੋਕ ਚਾਵਲਾ, ਸੰਗੀਤਕਾਰ ਸੁਖਚੈਨ ਬਿੱਟਾ, ਨਰਿੰਦਰ ਸਿੰਘ ਗਿੱਲ, ਡਾ.ਮੁਕੇਸ਼ ਭੰਡਾਰੀ, ਗੁਰਦਾਸ ਸਿੰਘ ਚੇਅਰਮੈਨ ਬਾਲ ਭਲਾਈ ਕਮੇਟੀ, ਕੁਲਵਿੰਦਰ ਸਿੰਘ ਕੋਟਕਪੂਰਾ,ਸਵਰਨ ਸਿੰਘ ਵੰਗੜ, ਪ੍ਰਗਟ ਸਿੰਘ ਪੱਖੀ ਕਲਾਂ,ਸੁਰੀਲੇ ਗਾਇਕ ਵਿਜੇ ਦੇਵਗਣ, ਕਲਮਾਂ ਦੇ ਰੰਗ ਸਾਹਿਤ ਸਭਾ ਦੇ ਚੇਅਰਮੈਨ ਪੋ੍ਰ ਬਰਿੰਦਰਜੀਤ ਸਿੰਘ ਸਰਾਂ,ਸੇਵਾ ਮੁਕਤ ਸੁਪਰਡੈਂਟ ਸੁਰਜੀਤ ਸਿੰਘ, ਸਮਾਜ ਸੇਵੀ ਦਵਿੰਦਰ ਸਿੰਘ ਪੰਜਾਬ ਮੋਟਰਜ਼, ਸੇਵਾ ਮੁਕਤ ਪ੍ਰਿੰਸੀਪਲ ਗੁਰਮੇਲ ਕੌਰ, ਪ੍ਰਿੰਸੀਪਲ ਤੇਜਿੰਦਰ ਸਿੰਘ ਕੋਹਾਰਵਾਲਾ, ਸਾਗਰ ਸ਼ਰਮਾ,ਅਧਿਆਪਕ ਆਗੂ ਸਦੇਸ਼ ਭੂੰਦੜ, ਤਰਕਸ਼ੀਲ ਆਗੂ ਜਸਵੰਤ ਜੱਸ, ਪ੍ਰਸਿੱਧ ਲੇਖਕ ਬਲਵਿੰਦਰ ਹਾਲੀ, ਮੁੱਖ ਅਧਿਆਪਕ ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖੁਰਦ ਸੁਰਿੰਦਰ ਪੁਰੀ, ਲੋਕ ਗਾਇਕ ਰਾਜ ਗਿੱਲ ਭਾਣਾ, ਮੰਚ ਸੰਚਾਲਕ ਰਿਸ਼ੀ ਦੇਸ ਰਾਜ ਸ਼ਰਮਾ, ਸਾਹਿਤਕਾਰ ਲਾਲ ਸਿੰਘ ਕਲਸੀ ਅਤੇ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਿਆਨਕ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਮੁਆਵਜ਼ੇ ਅਤੇ ਰਾਹਤ  ਲਈ ਮੁੱਖ ਮੰਤਰੀ ਦੇ ਨਾਮ ਸੌਂਪਿਆ ਮੰਗ ਪੱਤਰ
Next articleਬੜੀ ਖੂਬਸੂਰਤ ਗੱਲ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਪਣੇ ਪਿੰਡ ਦੇ ਬਜ਼ੁਰਗਾਂ ਕੋਲ ਪਹੁੰਚਦਾ ਹੈ