ਬੜੀ ਖੂਬਸੂਰਤ ਗੱਲ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਪਣੇ ਪਿੰਡ ਦੇ ਬਜ਼ੁਰਗਾਂ ਕੋਲ ਪਹੁੰਚਦਾ ਹੈ 

ਪਿੰਡ ਦੀ ਸੱਥ ਵਿੱਚ ਉਨ੍ਹਾਂ ਨੇ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਵੀ ਜਾਣੀਆਂ 
 ਫਰੀਦਕੋਟ/ ਭਲੂਰ 31 ਜੁਲਾਈ (ਬੇਅੰਤ ਗਿੱਲ ਭਲੂਰ) ਜ਼ਰੁਰੀ ਕੰਮਾਂਕਾਜਾਂ ਦੇ ਨਾਲ ਨਾਲ ਹਰ ਕਿਸੇ ਦਾ ਫਰਜ਼ ਹੈ ਕਿ ਉਹ ਦੋ ਚਾਰ ਘੜੀਆਂ ਬਜ਼ੁਰਗਾਂ ਕੋਲ ਵੀ ਖੜ੍ਹੇ, ਗੱਲਾਂ ਕਰੇ। ਇੱਥੇ ਅੱਜ ਵਿਹਲੇ ਲੋਕ ਵੀ ਆਪਣੇ ਆਪ ਨੂੰ ਰੁੱਝੇ ਹੋਏ ਆਖ ਕੇ ਚੱਲ ਸੋ ਚੱਲ ਵਿਚ ਰਹਿੰਦੇ ਹਨ। ਸਾਡੇ ਲੀਡਰ ਲੋਕ ਤਾਂ ਉੱਕਾ ਹੀ ਬਜ਼ੁਰਗਾਂ ਵੱਲ ਤਾਂ ਕੀ ਹੋਰਾਂ ਵੱਲ ਵੀ ਧਿਆਨ ਨਹੀਂ ਦਿੰਦੇ ਪਰ ਮਾਣ ਵਾਲੀ ਗੱਲ ਹੈ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਸ ਗੱਲ ਵਿਚ ਨੰਬਰ ਲੈ ਕੇ ਜੇਤੂ ਰਹਿੰਦਾ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜਦ ਆਪਣੇ ਚੰਡੀਗੜ ਅਤੇ ਹੋਰ ਵੱਖ-ਵੱਖ ਥਾਵਾਂ ਦੇ ਰੁਝੇਵਿਆਂ ਤੋਂ ਬਾਅਦ ਖਾਸ ਕਰਕੇ ਸ਼ਨੀਵਾਰ ਅਤੇ ਐਤਵਾਰ ਆਪਣੇ ਗ੍ਰਹਿ ਸੰਧਵਾਂ ਵਿਖੇ ਆਉਂਦੇ ਹਨ ਤਾਂ ਉਸ ਸਮੇਂ ਵੀ ਉਹ ਆਪਣਾ ਜਿਆਦਾ ਸਮਾਂ ਘਰ ਆਰਾਮ ਕਰਕੇ ਗੁਜ਼ਾਰਨ ਦੀ ਬਜਾਇ ਆਪਣੇ ਪਿੰਡ ਸੰਧਵਾਂ ਦੇ ਵਸਨੀਕਾਂ ਨੂੰ ਮਿਲ ਕੇ ਉਨਾਂ ਦੀਆਂ ਮੁਸ਼ਕਿਲਾਂ ਜਾਨਣ ਅਤੇ ਹੋਰ ਯਾਦਾ ਸਾਂਝੀਆਂ ਕਰਨ ’ਚ ਬਿਤਾਉਂਦੇ ਹਨ। ਇਸੇ ਲੜੀ ਤਹਿਤ ਹੀ ਸਪੀਕਰ ਸੰਧਵਾਂ ਅੱਜ ਆਪਣੇ ਪਿੰਡ ਸੰਧਵਾਂ ਵਿਖੇ ਪਿੰਡ ਦੀ ਸੱਥ ਵਿਖੇ ਆਪਣੇ ਪੁਰਾਣੇ ਦੋਸਤਾਂ-ਮਿੱਤਰਾਂ ਅਤੇ ਬਜੁਰਗਾਂ ਨੂੰ ਮਿਲੇ ਅਤੇ ਉਨਾਂ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਹੀ ਗੱਲਾਂ-ਬਾਤਾਂ ਕਰਦਿਆਂ ਉਨਾਂ ਨੂੰ ਪਿੰਡ ਵਾਸੀਆਂ ਨੂੰ ਦਰਪੇਸ਼ ਕੁੱਝ ਸਮੱਸਿਆਵਾਂ ਬਾਰੇ ਪਤਾ ਲੱਗਾ, ਜਿੰਨਾਂ ’ਚੋਂ ਇੱਕ ਪੁਲੀ ਦੀ ਸਮੱਸਿਆ ਵੀ ਸੀ। ਉਨਾਂ ਤੁਰਤ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੌਕੇ ’ਤੇ ਬੁਲਾਇਆਂ ਅਤੇ ਹਾਦਸਿਆਂ ਦਾ ਕਾਰਨ ਬਣ ਰਹੀ ਇਸ ਪੁਲੀ ਨੂੰ ਆਪਣੀ ਨਿਗਰਾਨੀ ਹੇਠ ਠੀਕ ਕਰਵਾਇਆ। ਇਸ ਤੋਂ ਇਲਾਵਾ ਉਨਾਂ ਸੱਥ ’ਚ ਬੈਠੇ ਖਾਸ ਕਰਕੇ ਬਜੁਰਗਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਸਾਰੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਵਿੰਦਰ ਸਿੰਘ ਮਰਵਾਹਾ ਪੀ.ਏ. ਅਤੇ ਦੀਪਕ ਮੌਂਗਾ ਸਮੇਤ ਹੋਰ ਵੀ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਦਾ ਚੇਤਿਆਂ ‘ਚ ਰਹੇਗਾ ਭਾਸ਼ਾ ਵਿਭਾਗ ਫਰੀਦਕੋਟ  ਵੱਲੋਂ ਕਰਵਾਇਆ ਗਿਆ ਕਵੀ ਦਰਬਾਰ 
Next articleਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਸਲਾਨਾ ਤੀਸਰਾ ਤੀਆਂ ਦਾ ਮੇਲਾ ਬਹੁਤ ਧੂਮ ਧਾਮ ਮਨਾਇਆ