ਭਾਸ਼ਾ (ਪੰਜਾਬੀ) ਨੂੰ ਗ੍ਰਹਿਣ! 

ਰੋਮੀ ਘੜਾਮੇਂ ਵਾਲਾ
(ਸਮਾਜ ਵੀਕਲੀ)
ਨਵੀਂ ਇੱਕ ਚੱਲ ਪਈ ਬੀਮਾਰੀ ਮਿੱਤਰੋ!
ਬਣ ਜਏ ਨਾ ਕਿਤੇ ਮਹਾਂਮਾਰੀ ਮਿੱਤਰੋ।
ਅੱਖਰਾਂ ਦੀ ਹੌਂਦ ਕਿਉਂ ਮਿਟਾਈ ਜਾਨੇ ਉਂ ?
ਭਾਸ਼ਾ ਨੂੰ ਗ੍ਰਹਿਣ ਜਿਆ ਕਿਉਂ ਲਾਈ ਜਾਨੇ ਉਂ ?
ਘੱਗੇ ਤਾਈਂ ਕੱਕਾ ਕਿਤੇ ਗੱਗਾ ਆਖਦੇ।
ਝੱਜੇ ਨੂੰ ਕਿਉਂ ਚੱਚਾ ਕਿਤੇ ਜੱਜਾ ਆਖਦੇ।
‘ਚੰਮ ਦੀਆਂ’ ਕਾਸਤੋਂ ਚਲਾਈ ਚਲਾਈ ਜਾਨੇ ਉਂ ?
ਭਾਸ਼ਾ ਨੂੰ ਗ੍ਰਹਿਣ ਜਿਆ ਕਿਉਂ ਲਾਈ ਜਾਨੇ ਉਂ ?
ਰਹਿਣ ਦਿਉ ਢੱਡਾ ਟੈਂਕਾ, ਡੱਡਾ ਨਾ ਕਰੋ।
ਧੱਦੇ ਨੂੰ ਵੀ ਤੱਤਾ ਕਿਤੇ ਦੱਦਾ ਨਾ ਕਰੋ।
‘ਜੜ੍ਹਾਂ ਵਿੱਚ ਤੇਲ’ ਕਾਹਨੂੰ ਪਾਈ ਜਾਨੇ ਉਂ ?
ਭਾਸ਼ਾ ਨੂੰ ਗ੍ਰਹਿਣ ਜਿਆ ਕਿਉਂ ਲਾਈ ਜਾਨੇ ਉਂ ?
ਭੱਬੇ ਦੀ ਥਾਂ ਬੱਬਾ ਕਿਤੇ ਪੱਪਾ ਜੜੋ ਨਾ।
ਚੰਗੇ ਭਲੇ ਨਾਣੇ ਤਾਈਂ ਨੱਨਾ ਕਰੋ ਨਾ।
‘ਲਾੜੀ ਦਾ ਸ਼ਿੰਗਾਰ’ ਕਿਉਂ ਘਟਾਈ ਜਾਨੇ ਉਂ ?
ਭਾਸ਼ਾ ਨੂੰ ਗ੍ਰਹਿਣ ਜਿਆ ਕਿਉਂ ਲਾਈ ਜਾਨੇ ਉਂ।
ਸੱਭੇ ਅੱਖਰਾਂ ਦਾ ਆਪਣਾ ਈ ਰੰਗ ਜੀ।
ਪੰਜਾਬੀ ਕੱਦਾਵਰ ਕਰੋ ਨਾ ਅਪੰਗ ਜੀ।
ਰੋਮੀ ਜਏ ਘੜਾਮੇਂ ਕਿਉਂ ਮਚਾਈ ਜਾਨੇ ਉਂ ?
ਭਾਸ਼ਾ ਨੂੰ ਗ੍ਰਹਿਣ ਜਿਆ ਕਿਉਂ ਲਾਈ ਜਾਨੇ ਉਂ ?
ਰੱਖਦੇ ਜੋ ਖਿਆਲ ਬੜਾ ਧੰਨਵਾਦ ਹੈ।
ਕਰੋ ਪ੍ਰਚਾਰ ਅੱਗੇ ਫਰਿਯਾਦ ਹੈ।
ਬੀਬੇ ਹੋ ਜੇ ਫਰਜ਼ ਨਿਭਾਈ ਜਾਨੇ ਉਂ।
ਖਜ਼ਾਨੇ ਅਨਮੋਲ ਨੂੰ ਬਚਾਈ ਜਾਨੇ ਉਂ।
ਖਜ਼ਾਨੇ ਅਨਮੋਲ ਨੂੰ ਬਚਾਈ ਜਾਨੇ ਉਂ। – 2
‘ਰੋਮੀ ਘੜਾਮੇਂ ਵਾਲਾ’।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕਵਿਤਾ
Next articleਬਾਰੂਦ ਵਰਸਦੇ ਪਲਾਂ ਚ( ਕਵਿਤਾ)