ਹਿਮਾਚਲ ਵਿਚ ਢਿੱਗਾਂ ਡਿੱਗਣ- ਬੱਦਲ ਫਟਣ ਦਾ ਮੀਟ ਖਾਣ ਨਾਲ ਕੋਈ ਸੰਬੰਧ ਨਹੀਂ – ਤਰਕਸ਼ੀਲ਼ ਸੁਸਾਇਟੀ 

ਹਕੂਮਤਾਂ ਦੀਆਂ ਮੁਨਾਫ਼ਾਖੋਰ ਕਾਰਪੋਰੇਟ ਪੱਖੀ ਅਤੇ ਕੁਦਰਤ ਵਿਰੋਧੀ ਨੀਤੀਆਂ ਜ਼ਿੰਮੇਵਾਰ ਉੱਚ ਤਕਨੀਕੀ ਅਦਾਰੇ ਦੇ ਮੁਖੀ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ
 ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਨੇ ਆਈ ਆਈ ਟੀ ਮੰਡੀ ( ਹਿਮਾਚਲ ਪ੍ਰਦੇਸ਼) ਦੇ ਨਿਰਦੇਸ਼ਕ ਲਕਸ਼ਮੀਧਰ ਬਹੇੜਾ ਵਲੋਂ ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ,ਜ਼ਮੀਨ ਖਿਸਕਣ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਨੂੰ ਜਾਨਵਰਾਂ ਦੇ ਮਾਸ ਖਾਣ ਨਾਲ ਜੋੜ ਕੇ ਦਿੱਤੇ ਅੰਧ ਵਿਸ਼ਵਾਸੀ ਅਤੇ ਗੁੰਮਰਾਹਕੁੰਨ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਤੋਂ ਅਜਿਹੇ ਅੰਧ ਵਿਸ਼ਵਾਸ਼ੀ ਨਿਰਦੇਸ਼ਕ ਨੂੰ ਅਹੁਦੇ ਤੋਂ ਤੁਰੰਤ ਬਰਖ਼ਾਸਤ ਕਰਨ ਦੀ ਜੋਰਦਾਰ ਮੰਗ ਕੀਤੀ ਹੈ।ਇਸਦੇ ਨਾਲ ਹੀ ਸੁਸਾਇਟੀ ਨੇ ਲੋਕਾਂ ਨੂੰ ਅਜਿਹੇ ਅੰਧਵਿਸ਼ਵਾਸ਼ਾਂ ਦਾ ਡਟਵਾਂ ਵਿਰੋਧ ਕਰਨ ਅਤੇ ਜਿੰਦਗੀ ਵਿੱਚ ਵਿਗਿਆਨਕ ਸੋਚ ਅਪਣਾਉਣ ਦੀ ਅਪੀਲ ਵੀ ਕੀਤੀ ਹੈ।
            ਇਸ ਤਰਕਹੀਣ ਬਿਆਨ ਸਬੰਧੀ ਪ੍ਰਤੀਕਰਮ ਦਿੰਦਿਆਂ ਤਰਕਸ਼ੀਲ਼ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਗੁਰਦੀਪ ਸਿੰਘ ਲਹਿਰਾ,ਕ੍ਰਿਸ਼ਨ ਸਿੰਘ, ਸੀਤਾ ਰਾਮ,ਚਰਨ ਕਮਲ ਸਿੰਘ, ਲੈਕਚਰਾਰ ਜਸਦੇਵ ਸਿੰਘ ਸਿੰਘ  ਨੇ ਕਿਹਾ ਕਿ ਇਕ ਉੱਚ ਪੱਧਰੀ ਤਕਨੀਕੀ ਅਦਾਰੇ ਦੇ ਮੁਖੀ ਵਲੋਂ ਆਪਣੇ ਭਾਸ਼ਣ ਰਾਹੀਂ ਵਿਗਿਆਨਕ ਸੇਧ ਦੇਣ ਦੀ ਬਜਾਏ ਵਿਦਿਆਰਥੀਆਂ ਵਿੱਚ ਘੋਰ ਅੰਧ ਵਿਸ਼ਵਾਸ ਫੈਲਾਉਣ ਵਾਲੀ ਗੁੰਮਰਾਹਕੁੰਨ ਬਿਆਨਬਾਜੀ ਕਰਕੇ ਅਤੇ ਉਨ੍ਹਾਂ ਨੂੰ ਮਾਸ ਨਾ ਖਾਣ ਦੀ ਜ਼ਬਰਦਸਤੀ ਸੌਂਹ ਖਵਾ ਕੇ ਭਾਜਪਾ – ਸੰਘ ਦੀ ਫ਼ਿਰਕੂ ਅਤੇ ਰੂੜੀਵਾਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਗਿਆ ਹੈ ਜੋ ਕਿ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ ਅਤੇ ਮਾਨਸਿਕਤਾ ਉਤੇ ਵੱਡਾ ਹਮਲਾ ਹੈ।
                     ਤਰਕਸ਼ੀਲ਼ ਆਗੂਆਂ ਨੇ ਮੋਦੀ ਸਰਕਾਰ ਵਲੋਂ ਹਿੰਦੂਤਵ ਦੇ ਫ਼ਿਰਕੂ ਏਜੰਡੇ ਹੇਠ ਸਿੱਖਿਆ ਦਾ ਭਗਵਾਂਕਰਨ ਅਤੇ ਵਪਾਰੀਕਰਨ ਕੀਤੇ ਜਾਣ ਦਾ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਗੈਰ ਵਿਗਿਆਨਕ ਅਤੇ ਤੁਗਲਕੀ ਬਿਆਨ ਦੇ ਕੇ ਉੱਚ ਤਕਨੀਕੀ ਅਦਾਰੇ ਦੇ ਮੁਖੀ ਵਲੋਂ ਨਾ ਸਿਰਫ ਆਧੁਨਿਕ ਵਿਗਿਆਨ ਅਤੇ ਵਿਗਿਆਨੀਆਂ ਦਾ ਘੋਰ ਅਪਮਾਨ ਕੀਤਾ ਗਿਆ ਹੈ ਬਲਕਿ ਭਾਰਤੀ ਸੰਵਿਧਾਨ ਦੀ ਧਾਰਾ 51- ਏ (ਐੱਚ) ਤਹਿਤ ਲੋੜੀਂਦੇ ਵਿਗਿਆਨਕ ਵਿਚਾਰਧਾਰਾ ਦੇ ਫ਼ਰਜ਼ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ ਜਿਸ ਲਈ ਉਸਦੇ ਖਿਲਾਫ ਸਖਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
                         ਤਰਕਸ਼ੀਲ਼ ਆਗੂਆਂ ਨੇ ਸਪੱਸ਼ਟ ਕੀਤਾ ਕਿ ਪਿਛਲੇ ਮਹੀਨੇ ਹਿਮਾਚਲ ਵਿਚ ਜ਼ਮੀਨ ਖਿਸਕਣ ਅਤੇ ਢਿੱਗਾਂ ਡਿੱਗਣ ਕਾਰਨ ਹੋਈਆਂ ਮੌਤਾਂ ਲਈ ਸਿਰਫ ਤੇ ਸਿਰਫ ਹਕੂਮਤਾਂ ਦੀਆਂ ਮੁਨਾਫ਼ਾਖੋਰ ਕਾਰਪੋਰੇਟ ਘਰਾਣਿਆਂ ਪੱਖੀ ਤੇ ਕੁਦਰਤ ਵਿਰੋਧੀ ਨੀਤੀਆਂ ਹੇਠ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ, ਪਹਾੜਾਂ ਦੀ ਗੈਰ ਕਾਨੂੰਨੀ ਕੱਟ ਵੱਢ, ਇਮਾਰਤਾਂ ਅਤੇ ਸੜਕਾਂ ਦਾ ਅੰਨ੍ਹੇਵਾਹ ਤੇ ਅਨ ਅਧਿਕਾਰਤ ਨਿਰਮਾਣ , ਭਾਰੀ ਬਾਰਿਸ਼ਾਂ ਅਤੇ ਜਲਵਾਯੂ ਤਬਦੀਲੀ ਆਦਿ ਕਾਰਣ ਮੁੱਖ ਤੌਰ ਤੇ ਜ਼ਿੰਮੇਵਾਰ ਹਨ ਅਤੇ ਇਸ ਤਰਾਸਦੀ ਪਿੱਛੇ ਲੋਕਾਂ ਵਲੋਂ ਜਾਨਵਰ ਦਾ ਮਾਸ ਖਾਣ ਨਾਲ ਕੋਈ ਸੰਬੰਧ ਨਹੀਂ ਹੈ।
                  ਤਰਕਸ਼ੀਲ਼ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਵਿਚ ਜੰਤਰ ਮੰਤਰ,ਭੂਤ ਪ੍ਰੇਤ ,ਬੁਰੀਆਂ ਆਤਮਾਵਾਂ ,ਧਾਗੇ ਤਵੀਤ, ਜਨਮ ਟੇਵਿਆਂ, ਰਾਸ਼ੀ ਫਲ, ਸਵਰਗ ਨਰਕ ਆਦਿ ਦਾ ਘੋਰ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਅਤੇ ਉਨ੍ਹਾਂ ਦੇ ਆਜ਼ਾਦਾਨਾ ਖਾਣ ਪੀਣ, ਪਹਿਨਣ ਤੇ ਵਿਗਿਆਨਕ ਵਿਚਾਰਾਂ ਉਤੇ ਪਾਬੰਦੀ ਲਾਉਣ ਵਾਲੇ ਅਜਿਹੇ ਮੁਖੀਆਂ ਅਤੇ ਵਿਦਿਅਕ ਅਦਾਰਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਤਰਕਸ਼ੀਲ ਆਗੂ ਸੁਖਦੇਵ ਸਿੰਘ ਕਿਸ਼ਨਗੜ੍ਹ,ਪ੍ਰਗਟ ਸਿੰਘ ਬਾਲੀਆਂ, ਰਘਵੀਰ ਸਿੰਘ, ਧਰਮਵੀਰ ਸਿੰਘ ਤੇ ਨਛੱਤਰ ਸਿੰਘ ਵੀ ਹਾਜ਼ਰ ਸਨ
ਮਾਸਟਰ ਪਰਮਵੇਦ
9417422349

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਅਜ਼ੀਜ਼ ਸਰੋਏ ਦੇ ਨਾਵਲ ਆਪਣੇ ਲੋਕ ਉੱਪਰ ਕਰਵਾਈ ਗੋਸ਼ਟੀ। ਡਾ ਗਗਨਦੀਪ ਸਿੰਘ ਦੀ ਆਲੋਚਨਾ ਦੀ ਪੁਸਤਕ ਪਰਵਾਸੀ ਪੰਜਾਬੀ ਕਵਿਤਾ ਸੰਵਾਦ ਦਰ ਸੰਵਾਦ ਦਾ ਲੋਕ ਅਰਪਣ
Next articleਪੀਰ ਨਿਗਾਹਾ ਗੜੀ ਅਜੀਤ ਸਿੰਘ ਛਿੰਜ ਮੇਲੇ ਤੇ ਪੰਜਾਬ ਦੇ ਚੋਟੀ ਦੇ ਪਹਿਲਵਾਨ ਅਤੇ ਮਸ਼ਹੂਰ ਗਾਇਕ ਲਾਉਣਗੇ ਰੋਣਕਾਂ : ਰੂਪ ਲਾਲ ਧੀਰ